ਕਿਮ ਜੋਂਗ ਉਨ ਇਸ ਟਰੇਨ 'ਚ ਹੀ ਕਿਉਂ ਸਫ਼ਰ ਕਰਦੇ ਹਨ

ਉੱਤਰ ਕੋਰੀਆ

ਤਸਵੀਰ ਸਰੋਤ, Reuters

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣ ਲਈ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਆਪਣੀ ਖਾਸ ਟਰੇਨ ਵਿੱਚ ਸਫਰ ਕਰਕੇ ਪਹੁੰਚੇ।

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਿਮ 10 ਜਨਵਰੀ ਤੱਕ ਚੀਨ ਵਿੱਚ ਰਹਿਣਗੇ।

ਖਬਰਾਂ ਹਨ ਕਿ ਇਹ ਦੌਰਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕਿਮ ਦੇ ਦੂਜੇ ਸਮਿਟ ਹੋਏ ਜਾਣ ਬਾਰੇ ਗੱਲਾਂ ਨਾਲ ਜੁੜਿਆ ਲਗਦਾ ਹੈ।

ਇਸ ਗੱਲ 'ਤੇ ਹੈਰਾਨੀ ਹੋ ਸਕਦੀ ਹੈ ਕਿ ਸਮਾਂ ਬਚਾਉਣ ਲਈ ਦੁਨੀਆਂ ਦੇ ਵਧੇਰੇ ਨੇਤਾ ਜਦੋਂ ਜਹਾਜ਼ ਅਤੇ ਹੈਲੀਕਾਪਟਰ ਵਿੱਚ ਸਫ਼ਰ ਕਰਦੇ ਹਨ ਤਾਂ ਫਿਰ ਉੱਤਰੀ ਕੋਰੀਆ ਵਿੱਚ ਉਲਟੀ ਗੰਗਾ ਕਿਉਂ ਵਹਿ ਰਹੀ ਹੈ।

ਹਵਾਈ ਸਫ਼ਰ ਵਿੱਚ ਡਰ ਕਿਉਂ?

ਕਿਮ ਜੋਂਗ ਦੇ ਪਿਤਾ ਕਿਮ ਜੋਂਗ ਇਲ ਨੂੰ ਵੀ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਤੋਂ ਨਫ਼ਰਤ ਸੀ। ਜਦੋਂ ਉਹ ਸਾਲ 2002 ਵਿੱਚ ਤਿੰਨ ਹਫ਼ਤੇ ਦੇ ਰੂਸ ਦੌਰੇ 'ਤੇ ਗਏ ਸੀ, ਤਾਂ ਉਨ੍ਹਾਂ ਨਾਲ ਸਫ਼ਰ ਕਰਨ ਵਾਲੇ ਇੱਕ ਰੂਸੀ ਅਫ਼ਸਰ ਨੇ ਇਸ ਟਰੇਨ ਬਾਰੇ ਦੱਸਿਆ ਸੀ।

ਤਸਵੀਰ ਸਰੋਤ, Reuters

ਇਸ ਰੇਲ ਗੱਡੀ ਵਿੱਚ ਦੁਨੀਆਂ ਦੀ ਸਭ ਤੋਂ ਮਹਿੰਗੀ ਵਾਈਨ ਹੁੰਦੀ ਸੀ ਅਤੇ ਬਾਰਬੇਕਿਊ ਦਾ ਇੰਤਜ਼ਾਮ ਵੀ ਹੁੰਦਾ ਹੈ।

ਟਰੇਨ ਵਿੱਚ ਸ਼ਾਨਦਾਰ ਪਾਰਟੀ ਹੁੰਦੀ ਸੀ। ਕਿਮ ਜੋਂਗ ਦੂਜੇ ਨੇ ਇਸ ਰੇਲ ਗੱਡੀ ਰਾਹੀਂ ਕਰੀਬ 10-12 ਦੌਰੇ ਕੀਤੇ ਜਿਨ੍ਹਾਂ ਵਿੱਚੋਂ ਵਧੇਰੇ ਚੀਨ ਦੇ ਸਨ।

ਸੀਨੀਅਰ ਕਿਮ ਜੋਂਗ ਦੂਰ ਦੇ ਸਫ਼ਰ ਲਈ ਟਰੇਨ ਦੀ ਵਰਤੋਂ ਕਰਦੇ ਸੀ। ਇੱਥੋਂ ਤੱਕ ਕਿ ਸਾਲ 1984 ਵਿੱਚ ਉਹ ਰੇਲ ਗੱਡੀ ਰਾਹੀਂ ਪੂਰਬੀ ਯੂਰਪ ਗਏ ਸੀ। ਉਨ੍ਹਾਂ ਦੀ ਮੌਤ ਵੀ ਟਰੇਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

ਜਿਹੜੀ ਟਰੇਨ ਵਿੱਚ ਕਿਮ ਜੋਂਗ ਉਨ ਜਾਂ ਉਨ੍ਹਾਂ ਦੇ ਪਿਤਾ ਸਵਾਰ ਹੁੰਦੇ ਹਨ, ਉਹ ਕੋਈ ਸਾਧਾਰਨ ਟਰੇਨ ਨਹੀਂ ਹੈ।

ਕਿਉਂ ਖਾਸ ਹੈ ਇਹ ਰੇਲਗੱਡੀ?

ਨਿਊਯਾਰਕ ਟਾਈਮਜ਼ ਮੁਤਾਬਕ ਬੀਜਿੰਗ ਵਿੱਚ ਦਿਖੀ ਇਸ ਰੇਲਗੱਡੀ ਵਿੱਚ 21 ਕੋਚ ਸੀ ਅਤੇ ਸਾਰਿਆਂ ਦਾ ਰੰਗ ਹਰਾ ਸੀ। ਉਨ੍ਹਾਂ ਦੀਆਂ ਖਿੜਕੀਆਂ 'ਤੇ ਟਿੰਟਿਡ ਗਲਾਸ ਸੀ ਤਾਂਕਿ ਕੋਈ ਬਾਹਰੋਂ ਇਹ ਨਾ ਦੇਖ ਸਕੇ ਕਿ ਅੰਦਰ ਕੌਣ ਹੈ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਕਿਮ ਜੋਂਗ ਇਲ

ਇਸ ਰੇਲ ਗੱਡੀ ਬਾਰੇ ਜੋ ਵੀ ਜਾਣਕਾਰੀ ਹੈ ਉਹ ਖ਼ੁਫ਼ੀਆ ਰਿਪੋਰਟ, ਇਸ ਟਰੇਨ ਵਿੱਚ ਸਵਾਰ ਹੋ ਚੁੱਕੇ ਅਧਿਕਾਰੀਆਂ ਦੇ ਬਿਆਨਾਂ ਅਤੇ ਮੀਡੀਆ ਦੀ ਕਵਰੇਜ 'ਤੇ ਆਧਾਰਿਤ ਹੈ।

ਦੱਖਣੀ ਕੋਰੀਆ ਦੀ ਸਾਲ 2009 ਦੀ ਨਿਊਜ਼ ਰਿਪੋਰਟ ਦੇ ਮੁਤਾਬਕ ਕਿਮ ਜੋਂਗ ਦੇ ਲਈ ਸਖ਼ਤ ਸੁਰੱਖਿਆ ਵਾਲੇ ਘੱਟੋ ਘੱਟ 90 ਕੋਚ ਤਿਆਰ ਰਹਿੰਦੇ ਹਨ।

ਇਸ ਦੇ ਮੁਤਾਬਕ ਕਿਮ ਦੇ ਪਿਤਾ ਕਿਮ ਜੋਂਗ-ਇਲ ਦੇ ਦੌਰ ਵਿੱਚ ਜਦੋਂ ਵੀ ਸਫ਼ਰ ਕਰਦੇ ਸੀ ਤਾਂ ਤਿੰਨ ਟਰੇਨਾਂ ਚੱਲਦੀਆਂ ਸਨ। ਇਨ੍ਹਾਂ ਵਿੱਚ ਇੱਕ ਐਡਵਾਂਸਡ ਸਕਿਊਰਟੀ ਟਰੇਨ, ਕਿਮ ਦੀ ਟਰੇਨ ਅਤੇ ਤੀਜੀ ਟਰੇਨ ਵਿੱਚ ਵਧੇਰੇ ਬਾਡੀਗਾਰਡ ਅਤੇ ਸਪਲਾਈ ਹੁੰਦੀ ਸੀ।

ਸੁਰੱਖਿਆ ਲਈ ਬੁਲੇਟਪਰੂਫ਼ ਕੋਚ

ਇਨ੍ਹਾਂ ਵਿੱਚ ਹਰ ਇੱਕ ਡੱਬਾ ਬੁਲੇਟਪਰੂਫ਼ ਹੁੰਦਾ ਹੈ, ਜੋ ਆਮ ਰੇਲ ਕੋਚ ਦੇ ਮੁਕਾਬਲੇ ਕਿਤੇ ਵੱਧ ਭਾਰੀ ਹੁੰਦਾ ਹੈ। ਵੱਧ ਭਾਰ ਹੋਣ ਕਰਕੇ ਇਸਦੀ ਰਫ਼ਤਾਰ ਘੱਟ ਹੁੰਦੀ ਹੈ। ਅਨੁਮਾਨ ਮੁਤਾਬਿਕ ਇਸਦੀ ਵਧੇਰੇ ਸਪੀਡ 37 ਮੀਲ ਪ੍ਰਤੀ ਘੰਟੇ ਤੱਕ ਜਾਂਦੀ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਚੀਨੀ ਪੁਲਿਸ ਕਰਮੀ ਕਿਸੇ ਖਾਸ ਕਾਫ਼ਲੇ ਲਈ ਸੜਕ ਨੂੰ ਬਲਾਕ ਕੀਤੇ ਹੋਏ, ਮੰਨਿਆ ਜਾ ਰਿਹਾ ਹੈ ਕਿ ਇਹ ਉੱਤਰ ਕੋਰੀਆਈ ਅਧਿਕਾਰੀਆਂ ਲਈ ਕੀਤਾ ਗਿਆ ਸੀ

2009 ਦੀ ਰਿਪੋਰਟ ਮੁਤਾਬਕ ਕਿਮ ਜੋਂਗ ਇਲ ਦੇ ਦੌਰ ਵਿੱਚ 100 ਸੁਰੱਖਿਆ ਅਧਿਕਾਰੀ ਐਡਵਾਂਸਡ ਟਰੇਨ ਵਿੱਚ ਹੁੰਦੇ ਸੀ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਸਟੇਸ਼ਨ ਦੀ ਜਾਂਚ ਪੜਤਾਲ ਕਰਨੀ। ਇਸ ਤੋਂ ਇਲਾਵਾ ਵੱਧ ਸੁਰੱਖਿਆ ਮੁਹੱਈਆ ਕਰਵਾਉਣ ਲਈ ਟਰੇਨ ਦੇ ਉੱਪਰ ਫੌਜ ਦੇ ਹੈਲੀਕਾਪਟਰ ਅਤੇ ਏਅਰਪਲੇਨ ਵੀ ਉਡਾਨ ਭਰਦੇ ਸੀ।

ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉੱਤਰੀ ਕੋਰੀਆ ਵਿੱਚ ਵੱਖੋ-ਵੱਖ ਥਾਵਾਂ 'ਤੇ ਅਜਿਹੇ 22 ਰੇਲਵੇ ਸਟੇਸ਼ਨ ਬਣਾਏ ਗਏ ਹਨ ਜਿਹੜੇ ਕਿਮ ਜੋਂਗ ਦੇ ਵਿਅਕਤੀਗਤ ਇਸਤੇਮਾਲ ਦੇ ਲਈ ਹੈ।

ਉੱਤਰੀ ਕੋਰੀਆ ਦੀ ਸਰਕਾਰੀ ਮੀਡੀਆ ਨੇ ਕਦੇ-ਕਦੇ ਟਰੇਨ ਦੇ ਅੰਦਰ ਸਵਾਰ ਆਪਣੇ ਸਭ ਤੋਂ ਵੱਡੇ ਨੇਤਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਜਾਰੀ ਕੀਤੀਆਂ ਹਨ।

ਸਾਲ 2015 ਵਿੱਚ ਇਸੇ ਟਰੇਨ ਦੇ ਇੱਕ ਕੋਚ ਵਿੱਚ ਕਿਮ ਜੋਂਗ ਉਨ ਇੱਕ ਲੰਬੇ ਸਫ਼ੇਦ ਟੇਬਲ ਉੱਪਰ ਬੈਠੇ ਨਜ਼ਰ ਆਏ ਸੀ ਜਿਹੜਾ ਇੱਕ ਕਾਨਫਰੰਸ ਰੂਮ ਦੀ ਤਰ੍ਹਾਂ ਦਿਖ ਰਿਹਾ ਸੀ।

ਤਸਵੀਰ ਸਰੋਤ, Youtube

ਕਿਮ ਜੋਂਗ ਉਨ ਨੂੰ ਲੈ ਕੇ 13 ਨਵੰਬਰ 2015 ਨੂੰ ਬ੍ਰਿਟਿਸ਼ ਅਖ਼ਬਾਰ 'ਦਿ ਗਾਰਡੀਅਨ' ਵਿੱਚ ਰਿਪੋਰਟ ਛਪੀ ਸੀ ਕਿ ਜਦੋਂ ਉਹ ਦੇਸ ਦੇ ਅੰਦਰ ਵੀ ਦੌਰੇ 'ਤੇ ਹੁੰਦੇ ਹਨ ਤਾਂ ਕਾਫ਼ਲੇ ਵਿੱਚ ਇੱਕ ਮੋਬਾਈਲ ਟਾਇਲਟ ਹੁੰਦਾ ਹੈ।

ਡਰ ਕਿਉਂ ਰਹਿੰਦਾ ਹੈ?

ਕੀ ਕਿਮ ਆਪਣੀ ਜਾਨ ਨੂੰ ਲੈ ਕੇ ਡਰਦੇ ਹਨ? ਉੱਤਰੀ ਕੋਰੀਆ ਵਿੱਚ 1997 ਤੋਂ 1999 ਤੱਕ ਭਾਰਤ ਦੇ ਰਾਜਦੂਤ ਰਹੇ ਜਗਜੀਤ ਸਿੰਘ ਸਪਰਾ ਨੇ ਇਸਦਾ ਜਵਾਬ ਦਿੱਤਾ ਸੀ,''ਡਰ ਤਾਂ ਹੈ। ਕਿਮ ਹੀ ਨਹੀਂ ਬਲਕਿ ਉਨ੍ਹਾਂ ਦੇ ਪੁਰਖੇ ਵੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਚੌਕਸ ਰਹਿੰਦੇ ਸੀ।''

ਤਸਵੀਰ ਸਰੋਤ, Getty Images

ਸਪਰਾ ਨੇ ਕਿਹਾ,''ਕਿਸੇ ਵੀ ਦੇਸ ਦਾ ਸ਼ਾਸਕ ਜਹਾਜ਼ ਦੇ ਬਦਲੇ ਟਰੇਨ ਰਾਹੀਂ ਵਿਦੇਸ਼ ਦੌਰਾ ਕਰੇ, ਇਸ ਨੂੰ ਦੇਖ ਕੇ ਹੀ ਸਮਝਿਆ ਜਾ ਸਕਦਾ ਹੈ ਕਿ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਕਿੰਨੇ ਫ਼ਿਕਰਮੰਦ ਹਨ।''

ਸਪਰਾ ਨੇ ਕਿਹਾ ਕਿ ਕਿਮ ਜੋਂਗ ਉਨ ਦੇ ਦਾਦਾ ਕਿਮ ਇਲ-ਸੁੰਗ ਨੇ ਇੱਕ ਵਾਰ ਸਿਰਫ਼ ਜਹਾਜ਼ ਰਾਹੀਂ ਇੰਡੋਨੇਸ਼ੀਆ ਦਾ ਦੌਰਾ ਕੀਤਾ ਸੀ।

ਉਨ੍ਹਾਂ ਨੇ ਕਿਹਾ,''ਪੂਰਾ ਦੇਸ ਤਾਂ ਅਲਰਟ 'ਤੇ ਰਹਿੰਦਾ ਹੈ। ਇਨ੍ਹਾਂ ਦਾ ਕਿਸੇ ਦੇਸ ਨਾਲ ਪੀਸ ਐਗਰੀਮੈਂਟ ਨਹੀਂ ਹੈ। ਅਜਿਹੇ ਵਿੱਚ ਇਹ ਆਪਣੀ ਸੁਰੱਖਿਆ ਨੂੰ ਲੈ ਕੇ ਹੀ ਡਰੇ ਰਹਿੰਦੇ ਹਨ। ਅਜੇ ਉਸ ਦੇਸ ਵਿੱਚ ਜਿੰਨਾ ਰੌਲਾ ਹੈ, ਉਸਦਾ ਸਿੱਧਾ ਸਬੰਧ ਅਸੁਰੱਖਿਆ ਨਾਲ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)