ਨਜ਼ਰੀਆ : 'ਤੀਜੇ ਪੰਜਾਬ' ਦੇ ਮੁੱਢਲੇ ਨੈਣ-ਨਕਸ਼

  • ਸ਼ਮੀਲ
  • ਸੀਨੀਅਰ ਪੱਤਰਕਾਰ, ਕੈਨੇਡਾ ਤੋਂ ਬੀਬੀਸੀ ਪੰਜਾਬੀ ਦੇ ਲਈ

ਸੁਖਿੰਦਰ ਅਤੇ ਸਲੀਮ ਪਾਸ਼ਾ ਪੰਜਾਬੀ ਸ਼ਾਇਰ ਹਨ। ਦੋਵੇਂ ਕੈਨੇਡਾ ਦੇ ਟੋਰਾਂਟੋ ਖ਼ੇਤਰ ਵਿੱਚ ਰਹਿੰਦੇ ਹਨ। ਸੁਖਿੰਦਰ ਦਾ ਪਿਛੋਕੜ ਭਾਰਤੀ ਪੰਜਾਬ ਦਾ ਹੈ ਅਤੇ ਸਲੀਮ ਪਾਸ਼ਾ ਪਾਕਿਸਤਾਨ ਤੋਂ ਹਨ।

ਦੋਵੇਂ ਅਗਾਂਹ-ਵਧੂ ਖਿਆਲਾਂ ਵਾਲੇ ਸ਼ਾਇਰ ਹਨ। ਸੁਖਿੰਦਰ ਗੁਰਮੁਖੀ-ਪੰਜਾਬੀ ਵਿੱਚ ਕਵਿਤਾ ਲਿਖਦੇ ਹਨ ਅਤੇ ਸਲੀਮ ਪਾਸ਼ਾ ਸ਼ਾਹਮੁਖੀ-ਪੰਜਾਬੀ ਵਿੱਚ। ਇਹ ਦੋਵੇਂ ਪੰਜਾਬੀ ਸ਼ਾਇਰ ਦੋਸਤ ਹਨ, ਪਰ ਇੱਕ ਦੂਜੇ ਦੀ ਕਵਿਤਾ ਨਹੀਂ ਪੜ੍ਹ ਸਕਦੇ।

ਇਨ੍ਹਾਂ ਦੀ ਦੋਸਤੀ ਨੇ ਇੱਕ ਰਸਤਾ ਲੱਭਿਆ। ਦੋਵਾਂ ਨੇ ਕੁੱਝ ਦੇਰ ਪਹਿਲਾਂ ਇੱਕ ਸਾਂਝੀ ਕਿਤਾਬ ਛਪਵਾਈ।

ਸੁਖਿੰਦਰ ਨੇ ਆਪਣੀਆਂ ਗੁਰਮੁਖੀ ਵਿੱਚ ਲਿਖੀਆਂ ਕਵਿਤਾਵਾਂ ਦਾ ਸ਼ਾਹਮੁਖੀ ਵਿੱਚ ਲਿਪੀਆਂਤਰ ਕਰਵਾਇਆ ਅਤੇ ਸਲੀਮ ਪਾਸ਼ਾ ਨੇ ਆਪਣੀਆਂ ਸ਼ਾਹਮੁਖੀ ਵਿੱਚ ਲਿਖੀਆਂ ਕਵਿਤਾਵਾਂ ਦਾ ਗੁਰਮੁਖੀ ਵਿੱਚ।

ਇਨ੍ਹਾਂ ਦੀ ਸਾਂਝੀ ਕਿਤਾਬ 'ਲਹੂ ਦਾ ਰੰਗ' ਵਿੱਚ ਇਨ੍ਹਾਂ ਸ਼ਾਇਰਾਂ ਦੀਆਂ ਕਵਿਤਾਵਾਂ ਗੁਰਮੁਖੀ ਅਤੇ ਸ਼ਾਹਮੁਖੀ ਦੋਵੇਂ ਲਿੱਪੀਆਂ ਵਿੱਚ ਹਨ।

ਤੀਜੇ ਪੰਜਾਬ ਦੀ ਸੰਭਾਵਨਾ

ਇਹ ਕਿਤਾਬ ਖੱਬੇ ਤੋਂ ਸੱਜੇ ਗੁਰਮੁਖੀ ਵਿੱਚ ਪੜ੍ਹੀ ਜਾ ਸਕਦੀ ਹੈ ਅਤੇ ਸੱਜੇ ਤੋਂ ਖੱਬੇ ਸ਼ਾਹਮੁਖੀ ਵਿੱਚ। ਉਹ ਉਸ ਤੀਜੇ ਪੰਜਾਬ ਦੀ ਸੰਭਾਵਨਾ ਦਾ ਇੱਕ ਚਿੰਨ੍ਹ ਹੈ, ਜਿਸ ਦੇ ਕੁੱਝ ਲੱਛਣ ਪ੍ਰਗਟ ਹੋਣੇ ਸ਼ੁਰੂ ਹੋ ਗਏ ਹਨ।

ਇਹ ਤੀਸਰਾ ਪੰਜਾਬ ਇੰਡੀਅਨ ਜਾਂ ਪਾਕਿਸਤਾਨੀ ਪੰਜਾਬ ਦੀਆਂ ਭੂਗੋਲਿਕ ਸਰਹੱਦਾਂ ਤੋਂ ਮੁਕਤ ਹੈ ਅਤੇ ਇਸ ਅੰਦਰ ਲਿੱਪੀ ਦੀ ਦੀਵਾਰ ਤੋਂ ਪਾਰ ਜਾਣ ਦੀ ਵੀ ਸੰਭਾਵਨਾ ਹੈ। ਇਸ ਨੂੰ ਅਸੀਂ ਨਵਾਂ ਗਲੋਬਲ ਪੰਜਾਬ ਵੀ ਕਹਿ ਸਕਦੇ ਹਾਂ।

ਸੰਤਾਲੀ ਦੀ ਵੰਡ ਨੇ ਰਾਜਨੀਤਕ/ਭੂਗੋਲਿਕ ਤੌਰ 'ਤੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਤੇ ਦੋਵੇਂ ਪਾਸਿਆਂ ਦੇ ਪੰਜਾਬ ਦਾ ਵਿਕਾਸ ਦੋ ਵੱਖਰੀਆਂ ਦਿਸ਼ਾਵਾਂ ਵਿੱਚ ਹੋਣ ਲੱਗਾ।

ਹੋਰ ਚੀਜ਼ਾਂ ਦੇ ਨਾਲ-ਨਾਲ ਭਾਸ਼ਾ ਵੀ ਬਦਲਣ ਲੱਗੀ। ਭਾਰਤੀ ਪੰਜਾਬ ਨੇ ਮੀਡੀਆ, ਅਕੈਡਮਿਕਸ ਅਤੇ ਸਾਹਿਤ ਦੇ ਖੇਤਰ ਵਿੱਚ ਅਜਿਹੀ ਪੰਜਾਬੀ ਭਾਸ਼ਾ ਵਿਕਸਤ ਕੀਤੀ, ਜਿਸ 'ਤੇ ਹਿੰਦੀ/ਸੰਸਕ੍ਰਿਤ ਪਿਛੋਕੜ ਦਾ ਪ੍ਰਭਾਵ ਸੀ।

ਅੱਜ ਗੁਰਮੁਖੀ ਵਿੱਚ ਜੋ ਵੀ ਪੰਜਾਬੀ ਅਸੀਂ ਲਿਖ ਰਹੇ ਹਾਂ, ਉਸ 'ਤੇ ਇਹ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਹੈ।

ਦੂਜੇ ਪਾਸੇ ਪਾਕਿਸਤਾਨੀ ਪੰਜਾਬ ਦੀ ਜ਼ਬਾਨ 'ਤੇ ਉਰਦੂ-ਫਾਰਸੀ ਤਹਿਜ਼ੀਬ ਦਾ ਰੰਗ ਚੜ੍ਹਨ ਲੱਗਾ ਅਤੇ ਸਾਹਿਤ ਜਾਂ ਥੋੜ੍ਹਾ ਬਹੁਤ ਮੀਡੀਆ ਵਿੱਚ ਉਸ ਪਾਸੇ ਜੋ ਵੀ ਪੰਜਾਬੀ ਵਰਤੀ ਜਾਂਦੀ ਹੈ ਉਹ ਉਰਦੂ ਅਸਰ ਵਾਲੀ ਪੰਜਾਬੀ ਹੈ।

ਇਹ ਫ਼ਰਕ ਰਹਿਣ-ਸਹਿਣ, ਰੀਤੀ-ਰਿਵਾਜ਼ਾਂ ਅਤੇ ਜ਼ਿੰਦਗੀ ਦੇ ਹੋਰ ਸਭ ਪਹਿਲੂਆਂ 'ਚੋਂ ਝਲਕਣ ਲੱਗਾ ਹੈ।

ਕਈ ਭਾਸ਼ਾਵਾਂ ਵਿੱਚ ਪਈ ਵੰਡ

ਇਹ ਸਹੀ ਹੈ ਕਿ ਅਸੀਂ ਇੱਕ ਦੂਜੇ ਦਾ ਸੰਗੀਤ ਜਾਂ ਫਿਲਮਾਂ ਦੇਖ ਲੈਂਦੇ ਹਾਂ ਪਰ ਦੋਵੇਂ ਪਾਸੇ ਅਜਿਹਾ ਪੰਜਾਬੀ ਕਲਚਰ ਵਿਕਸਤ ਹੋ ਰਿਹਾ ਹੈ, ਜਿਸ ਦਾ ਰੁਖ ਦੋ ਵੱਖ ਦਿਸ਼ਾਵਾਂ ਵੱਲ ਹੈ। ਇਸ ਵਿੱਚ ਕੁਝ ਵੀ ਅਣਹੋਣਾ ਨਹੀਂ ਹੈ।

ਹਰ ਉਸ ਕਲਚਰ ਨਾਲ ਇਸ ਤਰ੍ਹਾਂ ਹੋਇਆ ਹੈ, ਜਿਹੜਾ ਇਸ ਤਰ੍ਹਾਂ ਵੱਖ - ਵੱਖ ਦਿਸ਼ਾਵਾਂ ਵਿੱਚ ਫੈਲਿਆ। ਇਹੀ ਚੀਜ਼ ਵੱਖ ਵੱਖ ਭਾਸ਼ਾਵਾਂ ਦੇ ਵਿਕਾਸ ਵਿੱਚ ਵੀ ਦੇਖੀ ਜਾ ਸਕਦੀ ਹੈ।

ਇੰਗਲਿਸ਼ ਸਮੇਤ ਦੁਨੀਆਂ ਦੀਆਂ ਹੋਰ ਭਾਸ਼ਾਵਾਂ 'ਤੇ ਵੀ ਇਸ ਤਰ੍ਹਾਂ ਦੇ ਪ੍ਰਭਾਵ ਦੇਖੇ ਜਾ ਸਕਦੇ ਹਨ। ਫਰਾਂਸ ਦੀ ਫਰੈਂਚ ਜ਼ਬਾਨ ਅਤੇ ਕੈਨੇਡੀਅਨ ਸੂਬੇ ਕਿਊਬੈਕ ਦੀ ਫਰੈਂਚ ਦੋ ਅਲੱਗ ਦਿਸ਼ਾਵਾਂ ਵਿੱਚ ਵਿਕਸਤ ਹੋਈਆਂ ਹਨ।

ਪੁਰਤਗਾਲ ਦੀ ਪੁਰਤਗਾਲੀ ਭਾਸ਼ਾ ਅਤੇ ਬਰਾਜ਼ੀਲ ਦੀ ਪੁਰਤਗਾਲੀ ਭਾਸ਼ਾ ਨੇ ਅਲੱਗ ਮੁਹਾਂਦਰੇ ਗ੍ਰਹਿਣ ਕਰ ਲਏ ਹਨ। ਇਸੇ ਤਰ੍ਹਾਂ ਦੀ ਸਥਿਤੀ ਸਪੇਨ ਦੀ ਸਪੈਨਿਸ਼ ਅਤੇ ਲੈਟਿਕ ਅਮਰੀਕੀ ਮੁਲਕਾਂ ਦੀ ਸਪੈਨਿਸ਼ ਦੀ ਹੈ।

ਪੰਜਾਬੀ ਦੇ ਮਾਮਲੇ ਵਿੱਚ ਅਨੋਖੀ ਅਤੇ ਅਣਹੋਣੀ ਗੱਲ ਇੱਕ ਹੀ ਹੈ। ਅਸੀਂ ਪੰਜਾਬੀ ਹੀ ਦੋ ਬਿਲਕੁਲ ਵੱਖਰੀਆਂ ਲਿੱਪੀਆਂ ਵਿੱਚ ਲਿਖਦੇ ਹਾਂ, ਐਨੀਆਂ ਵੱਖਰੀਆਂ ਕਿ ਜਿਹੜੀਆਂ ਲਿਖੀਆਂ ਵੀ ਉਲਟ ਪਾਸੇ ਤੋਂ ਜਾਂਦੀਆਂ ਹਨ।

ਪੰਜਾਬੀ 'ਚ ਵੰਡ ਦੀ ਖੱਡ ਵਧੇਰੇ ਡੂੰਘੀ

ਵੰਡ ਦਾ ਇਹ ਪਹਿਲੂ ਜ਼ਿਆਦਾ ਖ਼ਤਰਨਾਕ ਹੋ ਗਿਆ। ਇਸ ਨਾਲ ਵੰਡ ਹੋਰ ਗਹਿਰੀ ਵੀ ਗਈ । ਇਹ ਵੰਡ ਹੁਣ ਰਾਜਨੀਤਕ ਸਰਹੱਦ ਜਾਂ ਧਰਮ ਦੀ ਨਹੀਂ ਰਹੀ।

ਇਹ ਲਿੱਪੀ ਦੀ ਵੰਡ ਹੋ ਗਈ ਹੈ। ਲਿੱਪੀ ਦੀ ਵੰਡ ਦੂਜੀਆਂ ਦੋ ਵੰਡਾਂ ਨਾਲੋਂ ਵੀ ਡੂੰਘੀ ਹੋ ਸਕਦੀ ਹੈ, ਇਸ ਨੂੰ ਅਸੀਂ ਪੰਜਾਬੀ ਦੇ ਮਾਮਲੇ ਵਿੱਚ ਦੇਖ ਰਹੇ ਹਾਂ।

ਇਹ ਸਮੱਸਿਆ ਨਾ ਫਰੈਂਚ ਨੂੰ ਕਿਤੇ ਹੈ ਅਤੇ ਨਾ ਹੀ ਪੁਰਤਗਾਲੀ ਜਾਂ ਸਪੈਨਿਸ਼ ਨੂੰ। ਲਗਦਾ ਸੀ ਕਿ ਹੌਲੀ - ਹੌਲੀ ਲਿੱਪੀ ਦੀ ਦੀਵਾਰ ਵਾਹਗੇ ਦੀ ਤਾਰ ਤੋਂ ਵੀ ਉੱਚੀ ਹੋ ਜਾਵੇਗੀ।

ਭਾਰਤੀ ਪੰਜਾਬੀ ਅਤੇ ਪਾਕਿਸਤਾਨੀ ਪੰਜਾਬੀ ਐਨੀਆਂ ਵੱਖਰੀਆਂ ਹੋ ਜਾਣਗੀਆਂ, ਜਿੰਨੀਆਂ ਵੱਖਰੀਆਂ ਉਰਦੂ ਅਤੇ ਹਿੰਦੀ ਭਾਸ਼ਾਵਾਂ ਹਨ ਪਰ ਗਲੋਬਲ ਪੱਧਰ 'ਤੇ ਪੰਜਾਬੀਆਂ ਦੇ ਪਸਾਰ ਅਤੇ ਟੈਕਨੌਲੋਜੀ ਦੇ ਵਿਕਾਸ ਨੇ ਅਜਿਹੇ ਰਸਤੇ ਅਤੇ ਸੰਭਾਵਨਾਵਾਂ ਬਣਾ ਦਿੱਤੀਆਂ ਹਨ, ਜਿਨ੍ਹਾਂ ਦੀ ਕੁੱਝ ਦਹਾਕੇ ਪਹਿਲਾਂ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਸੀ।

ਇਨ੍ਹਾਂ ਸੰਭਾਵਨਾਵਾਂ ਨਾਲ ਜੋ ਤਸਵੀਰ ਬਣਨ ਲੱਗੀ ਹੈ, ਮੈਂ ਉਸੇ ਨੂੰ ਤੀਸਰਾ ਪੰਜਾਬ ਕਹਿ ਰਿਹਾ ਹਾਂ। ਇਸ ਦੇ ਕਈ ਪੱਖ ਹਨ।

ਇਸ ਤੀਸਰੇ ਪੰਜਾਬ ਦੇ ਪਹਿਲੇ ਚਿੰਨ੍ਹ ਕੈਨੇਡੀਅਨ ਜਾਂ ਅਮਰੀਕੀ ਪੰਜਾਬੀਆਂ ਦੀ ਜ਼ਬਾਨ ਵਿੱਚ ਪ੍ਰਗਟ ਹੋਣ ਲੱਗੇ ਹਨ।

ਜਿਵੇਂ ਇੰਡੀਅਨ ਪੰਜਾਬ ਵਿੱਚ ਪੰਜਾਬੀ ਭਾਸ਼ਾ ਤੇ ਹਿੰਦੀ-ਸੰਸਕ੍ਰਿਤ ਵਾਲਾ ਰੰਗ ਚੜ੍ਹ ਗਿਆ ਹੈ ਅਤੇ ਪਾਕਿਸਤਾਨੀ ਪੰਜਾਬ ਦੀ ਗਰੀਬੜੀ ਪੰਜਾਬੀ ਜ਼ਬਾਨ 'ਤੇ ਅਰਬੀ-ਫਾਰਸੀ ਦਾ ਰੰਗ ਚੜ੍ਹਿਆ ਹੋਇਆ ਹੈ, ਉਸੇ ਤਰ੍ਹਾਂ ਕੈਨੇਡਾ ਦੀ ਪੰਜਾਬੀ ਨੇ ਇੰਗਲਿਸ਼ ਪ੍ਰਭਾਵ ਵਾਲਾ ਕੈਨੇਡੀਅਨ ਫਲੇਵਰ ਗ੍ਰਹਿਣ ਕਰ ਲਿਆ ਹੈ।

ਪੰਜਾਬੀ 'ਤੇ ਅੰਗਰੇਜ਼ੀ ਦਾ ਵੀ ਅਸਰ

ਲਗਾਤਾਰ ਇੰਗਲਿਸ਼ ਸ਼ਬਦ, ਗੱਲ ਕਹਿਣ ਦੇ ਤਰੀਕੇ ਪੰਜਾਬੀ ਦਾ ਅੰਗ ਬਣ ਰਹੇ ਹਨ। ਰਹਿਣ-ਸਹਿਣ, ਖਾਣ-ਪੀਣ, ਐਜੂਕੇਸ਼ਨ, ਬਿਜ਼ਨਸ, ਪਾਲਿਟਿਕਸ ਆਦਿ ਹਰ ਖੇਤਰ ਦੇ ਸ਼ਬਦ ਇਨ੍ਹਾਂ ਥਾਵਾਂ ਦੀ ਪੰਜਾਬੀ ਦਾ ਹਿੱਸਾ ਬਣਨ ਲੱਗੇ ਹਨ ਅਤੇ ਇਥੋਂ ਦੇ ਪੰਜਾਬੀ ਮੀਡੀਆ ਦੀ ਭਾਸ਼ਾ ਵਿੱਚ ਦੇਖੇ ਜਾ ਸਕਦੇ ਹਨ।

ਇਹ ਹੁਣ ਦੂਰ ਦੀ ਗੱਲ ਨਹੀਂ ਹੈ ਕਿ ਜਿਵੇਂ ਇੰਡੀਅਨ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੀ ਪੰਜਾਬੀ ਵੱਖਰੀ ਪਛਾਣ ਬਣਾ ਚੁੱਕੀ ਹੈ, ਉਸੇ ਤਰ੍ਹਾਂ ਕੈਨੇਡੀਅਨ ਪੰਜਾਬੀ ਦਾ ਇੱਕ ਆਪਣਾ ਅੰਦਾਜ਼ ਅਤੇ ਮੁਹਾਂਦਰਾ ਹੋਵੇਗਾ।

ਵੈਸੇ ਇਹ ਅਜੇ ਵੀ ਇੱਕ ਹਕੀਕਤ ਹੈ ਕਿ ਇੱਕ ਜ਼ਬਾਨ ਹੋਣ ਦੇ ਬਾਵਜੂਦ ਪੱਛਮੀ ਮੁਲਕਾਂ ਵਿਚ ਵੀ ਇੰਡੀਅਨ ਅਤੇ ਪਾਕਿਸਤਾਨੀ ਪੰਜਾਬੀ ਲੋਕ ਅਜੇ ਵੀ ਦੂਰ-ਦੂਰ ਹਨ।

ਇਹ ਵੀ ਸੰਭਵ ਹੈ ਕਿ ਕੁਝ ਖਾਸ ਕਾਰਨਾਂ ਕਰਕੇ ਦੋਵੇਂ ਤਰਫ਼ ਦੇ ਲੋਕ ਇੱਥੇ ਵੀ ਉਸ ਤਰਾਂ ਨਾ ਘੁਲ-ਮਿਲ ਸਕਣ, ਜਿਸ ਤਰਾਂ ਕੁਝ ਪੰਜਾਬੀ ਸ਼ੁਭ-ਚਿੰਤਕਾਂ ਦੀ ਇੱਛਾ ਹੈ ਪਰ ਇੱਥੇ ਇੱਕ ਸੰਭਾਵਨਾ ਹੈ, ਜਿਹੜੀ ਸਮੁੰਦਰ ਚੋਂ ਉੱਭਰ ਰਹੇ ਕਿਸੇ ਨਵੇਂ ਟਾਪੂ ਦੀ ਤਰ੍ਹਾਂ ਹੌਲੀ-ਹੌਲੀ ਪ੍ਰਗਟ ਹੋ ਸਕਦੀ ਹੈ।

ਕੈਨੇਡਾ 'ਚ ਤੀਜੇ ਪੰਜਾਬ ਦੀ ਵਾਧੂ ਸੰਭਾਵਨਾ

ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਕੈਨੇਡਾ ਵਰਗੀਆਂ ਥਾਵਾਂ 'ਤੇ ਇੱਕ ਅਜਿਹੀ ਪੰਜਾਬੀ ਕਮਿਊਨਿਟੀ, ਅਤੇ ਪੰਜਾਬੀ ਕਲਚਰ ਵਿਕਸਤ ਹੋ ਰਿਹਾ ਹੈ, ਜਿਹੜਾ ਨਿਸ਼ਚਿਤ ਤੌਰ 'ਤੇ ਇੱਕ ਵੱਖਰੀ ਪਛਾਣ ਅਖਤਿਆਰ ਕਰੇਗਾ।

ਇਹ ਪੰਜਾਬੀ ਕਲਚਰ ਅਤੇ ਭਾਸ਼ਾ ਦੀ ਇੱਕ ਤੀਸਰੀ ਪਛਾਣ ਹੋਵੇਗੀ।

ਇਸ ਦਾ ਇੱਕ ਮਜ਼ਬੂਤ ਆਧਾਰ ਕੈਨੇਡਾ ਦੇ ਮਲਟੀਕਲਚਰਲ ਸਿਸਟਮ ਵਿੱਚ ਹੈ ਅਤੇ ਇਸੇ ਵਜ੍ਹਾ ਕਰਕੇ ਤੀਸਰੀ ਪੰਜਾਬੀ ਪਛਾਣ ਉਭਰਨ ਦੀ ਸਭ ਤੋਂ ਵੱਧ ਸੰਭਾਵਨਾ ਕੈਨੇਡਾ ਵਿੱਚ ਹੈ।

ਕੈਨੇਡਾ ਵਿੱਚ ਉਨ੍ਹਾਂ ਥਾਵਾਂ 'ਤੇ ਜਿੱਥੇ ਪੰਜਾਬੀ ਕਮਿਊਨਿਟੀ ਕਾਫੀ ਵੱਡੀ ਗਿਣਤੀ ਵਿੱਚ ਇਕੱਠੀ ਹੋ ਗਈ, ਉਨ੍ਹਾਂ ਥਾਵਾਂ 'ਤੇ ਨਵੀਂ ਤਰ੍ਹਾਂ ਦਾ ਪੰਜਾਬੀ ਕਲਚਰ ਵਿਕਸਤ ਹੋ ਰਿਹਾ ਹੈ।

ਇਸ ਦੇ ਕੁੱਝ ਲੱਛਣ ਸਪਸ਼ਟ ਰੂਪ ਵਿੱਚ ਪ੍ਰਗਟ ਹੋ ਚੁੱਕੇ ਹਨ। ਇਹ ਰਹਿਣ-ਸਹਿਣ, ਖਾਣ-ਪੀਣ, ਕਲਚਰਲ ਫੈਸਟੀਵਲਜ਼, ਰਾਜਨੀਤੀ ਅਤੇ ਭਾਸ਼ਾ ਵਿੱਚ ਦੇਖਿਆ ਜਾ ਸਕਦਾ ਹੈ।

ਤਿਹਾਰ ਤੋਂ ਖਾਣੇ ਤੱਕ ਪੰਜਾਬੀ ਅਸਰ

ਇਹ ਲੰਬਾ-ਚੌੜਾ ਵਿਸ਼ਾ ਹੈ ਪਰ ਕੁੱਝ ਕੁ ਉਦਾਹਰਣਾਂ ਇੱਥੇ ਦਿੱਤੀਆਂ ਜਾ ਸਕਦੀਆਂ ਹਨ। ਵਿਸਾਖੀ ਨਗਰ ਕੀਰਤਨ ਜਾਂ ਸਿੱਖ ਪਰੇਡਾਂ ਦੀ ਕੋਈ ਉਸ ਤਰਾਂ ਦੀ ਪਰੰਪਰਾ ਪੰਜਾਬ ਵਿੱਚ ਨਹੀਂ ਰਹੀ, ਜੋ ਪੱਛਮੀ ਮੁਲਕਾਂ ਵਿੱਚ ਅੱਜ ਇੱਕ ਰੈਗੂਲਰ ਸਾਲਾਨਾ ਰਸਮ ਬਣ ਚੁੱਕੀ ਹੈ।

ਅੱਸੀਵਿਆਂ ਦੇ ਦੌਰ ਦੌਰਾਨ ਕੁਝ ਖਾਸ ਤਰ੍ਹਾਂ ਦੇ ਹਾਲਾਤ ਵਿੱਚ ਇਹ ਸ਼ੁਰੂ ਹੋਏ, ਅਤੇ ਅੱਜ ਇਹ ਪੱਛਮੀ ਮੁਲਕਾਂ ਵਿੱਚ ਸਿੱਖਾਂ ਜਾਂ ਪੰਜਾਬੀਆਂ ਦੇ ਇੱਕ ਨਵੀਂ ਤਰਾਂ ਦੇ ਕਲਚਰਲ-ਡੇ ਬਣ ਚੁੱਕੇ ਹਨ।

ਇੰਡੀਆ ਵਿੱਚ ਸਮੋਸਾ ਇਕ ਰੇਹੜੀਆਂ 'ਤੇ ਮਿਲਣ ਵਾਲੀ ਚੀਜ਼ ਸੀ ਪਰ ਕੈਨੇਡਾ ਵਰਗੀਆਂ ਥਾਂਵਾਂ 'ਤੇ ਇਹ ਇੱਕ ਪਾਰਟੀ ਸਨੈਕ ਬਣ ਚੁੱਕਾ ਹੈ।

ਸਮੌਸੇ ਦੀ ਮਸ਼ੀਨ ਨਾਲ ਅਤੇ ਫੂਡ ਰੈਗੂਲੇਸ਼ਨਜ਼ ਦੇ ਤਹਿਤ ਪ੍ਰੋਫੈਸ਼ਨਲ ਪ੍ਰੋਡੱਕਸ਼ਨ ਕੈਨੇਡੀਆਂ ਪੰਜਾਬੀਆਂ ਦੀ ਦੇਣ ਹੈ। ਇਸੇ ਤਰਾਂ ਦੇ ਪ੍ਰਯੋਗ ਵੱਖ ਵੱਖ ਤਰਾਂ ਦੀਆਂ ਮਿਠਾਈਆਂ ਅਤੇ ਗੋਲ-ਗੱਪਿਆਂ ਦੀ ਪ੍ਰੋਡੱਕਸ਼ਨ ਵਿੱਚ ਵੀ ਹੋ ਰਹੇ ਹਨ।

ਪੱਗਾਂ ਤੋਂ ਖੇਡਾਂ ਤੱਕ ਪੱਛਮੀ ਪੰਜਾਬੀਆਂ ਦਾ ਅਸਰ

ਜਗਮੀਤ-ਸਟਾਈਲ ਗੋਲ-ਪੱਗ ਇਕ ਯੂਥ-ਰੁਝਾਨ ਪੱਖੋਂ ਸਿਰਫ ਪੱਛਮੀ ਮੁਲਕਾਂ ਵਿੱਚ ਹੀ ਪੈਦਾ ਹੋਇਆ ਹੈ। ਜਿਸ ਤਰਾਂ ਦਾ ਪੰਜਾਬੀ ਮਿਊਜ਼ਕ ਅੱਜ ਇੱਕ ਗਲੋਬਲ ਰੁਝਾਨ ਬਣ ਚੁੱਕਾ ਹੈ, ਇਸ ਦੀ ਸ਼ੁਰੂਆਤ ਵੀ ਪੱਛਮੀ ਪੰਜਾਬੀਆਂ ਤੋਂ ਹੋਈ।

ਕਬੱਡੀ ਨੂੰ ਇੱਕ ਮੌਡਰਨ ਅਤੇ ਪ੍ਰੋਫੈਸ਼ਨਲ ਖੇਡ ਬਣਾਉਣ ਦੀਆਂ ਸੰਭਾਵਨਾਵਾਂ ਵੀ ਪੱਛਮੀ ਮੁਲਕਾਂ ਵਿੱਚ ਹੋਈਆਂ।

ਹਾਕੀ ਨਾਈਟ ਇਨ ਕੈਨੇਡਾ: ਪੰਜਾਬੀ ਐਡੀਸ਼ਨ, ਕੈਨੇਡਾ ਦੇ ਮਲਟੀਕਲਚਰਲ ਨੈਟਵਰਕ ਔਮਨੀ ਤੇ ਪ੍ਰਸਾਰਤ ਹੁੰਦਾ ਹਾਕੀ (ਆਈਸ ਹਾਕੀ) ਦਾ ਪੰਜਾਬੀ ਪ੍ਰਸਾਰਨ ਹੈ।

ਇੰਗਲਿਸ਼ ਅਤੇ ਫਰੈਂਚ ਤੋਂ ਬਾਅਦ ਪੰਜਾਬੀ ਤੀਜੀ ਭਾਸ਼ਾ ਹੈ, ਜਿਸ ਵਿੱਚ ਇਹ ਪ੍ਰਸਾਰਨ ਹੁੰਦਾ ਹੈ। ਆਈਸ ਹਾਕੀ ਨੂੰ ਪੰਜਾਬੀ ਕਲਚਰ ਦਾ ਹਿੱਸਾ ਬਣਾਉਣਾ ਵੀ ਕੈਨੇਡੀਅਨ ਪੰਜਾਬੀਆਂ ਦੀ ਦੇਣ ਹੈ।

ਪੰਜਾਬੀਆਂ ਦੇ ਬਹੁਤ ਸਾਰੇ ਕਲਚਰਲ ਰੁਝਾਨ ਜਿਹੜੇ ਪੱਛਮੀ ਮੁਲਕਾਂ ਵਿੱਚ ਪੈਦਾ ਹੋਏ, ਉਹ ਵਾਪਿਸ ਪੰਜਾਬ ਵਿੱਚ ਆ ਕੇ ਪੰਜਾਬ ਦੇ ਕਲਚਰ 'ਤੇ ਅਸਰ ਪਾਉਣ ਲੱਗੇ ਹਨ।

ਇਸ ਰੁਝਾਨ ਦਾ ਸਭ ਤੋਂ ਵੱਧ ਗੰਭੀਰ ਪ੍ਰਗਟਾਵਾ ਕੈਨੇਡਾ ਦੀ ਪੰਜਾਬੀ ਰਾਜਨੀਤੀ ਵਿੱਚ ਹੋ ਰਿਹਾ ਹੈ।

ਕੈਨੇਡਾ ਵਿੱਚ ਰਾਜਨੀਤਕ ਤੌਰ 'ਤੇ ਪੰਜਾਬੀਆਂ ਨੇ ਕਾਫੀ ਅਹਿਮ ਸਥਾਨ ਬਣਾ ਲਿਆ ਹੈ। ਪਰ ਕੈਨੇਡਾ ਦੇ ਪੰਜਾਬੀ ਸਿਆਸਤਦਾਨਾਂ ਅੰਦਰ, ਖਾਸ ਕਰਕੇ ਨਵੀਂ ਪੀੜ੍ਹੀ ਦੇ ਸਿਆਸਤਦਾਨਾਂ ਅੰਦਰ ਇਹ ਬਹੁਤ ਮਜ਼ਬੂਤ ਰੁਝਾਨ ਹੈ ਕਿ ਉਹ ਆਪਣੇ ਆਪ ਨੂੰ ਇੱਕ ਕੈਨੇਡੀਅਨ ਸਿਆਸਤਦਾਨ ਸਮਝਦੇ ਹਨ।

ਨਵੀਂ ਸਿਆਸੀ ਪਨੀਰੀ ਦਾ ਕੈਨੇਡਾ ਵੱਲ ਝੁਕਾਅ

ਇਸ ਨਵੀਂ ਪੀੜ੍ਹੀ ਦੇ ਸਿਆਸੀ, ਸਮਾਜਕ ਅਤੇ ਰਾਜਨੀਤਕ ਸਰੋਕਾਰ ਪੂਰੀ ਤਰਾਂ ਕੈਨੇਡੀਅਨ ਹਨ। ਉਹ ਕਲਚਰਲ ਤੌਰ 'ਤੇ ਪੰਜਾਬੀ ਹਨ ਪਰ ਇੱਕ ਸ਼ਹਿਰੀ ਦੇ ਤੌਰ 'ਤੇ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਪੂਰੀ ਤਰ੍ਹਾਂ ਕੈਨੇਡੀਅਨ ਹਨ।

ਇਸ ਪੀੜ੍ਹੀ ਦੇ ਲੋਕ ਆਪਣੇ ਕਲਚਰ ਨੂੰ ਕੈਨੇਡੀਅਨ ਪੰਜਾਬੀ ਕਲਚਰ ਸਮਝਦੇ ਹਨ।

ਉਨ੍ਹਾਂ ਲਈ ਇੰਡੀਅਨ ਪੰਜਾਬੀ ਕਲਚਰ ਜਾਂ ਪਾਕਿਸਤਾਨੀ ਪੰਜਾਬੀ ਕਲਚਰ ਉਸੇ ਤਰਾਂ ਵੱਖਰੇ ਹਨ, ਜਿਵੇਂ ਕਿਉਬੈਕ ਦੇ ਵਾਸੀ ਲਈ ਉਸਦਾ ਫਰੈਂਚ ਕਲਚਰ ਫਰਾਂਸ ਦੇ ਕਲਚਰ ਨਾਲੋਂ ਵੱਖਰਾ ਹੈ।

ਇਸ ਨਵੇਂ ਪੰਜਾਬੀ ਕਲਚਰ ਨੇ ਆਪਣੇ ਆਪ ਨੂੰ ਇੱਕ ਨਵੀਂ ਤਰ੍ਹਾਂ ਦੇ ਕੈਨੇਡੀਅਨ ਕਲਚਰ ਜਾਂ ਸਬ-ਕਲਚਰ ਵਜੋਂ ਪਰਿਭਾਸ਼ਤ ਕਰ ਲਿਆ ਹੈ।

ਇਹ ਨੌਜਵਾਨ ਇਹ ਸਮਝਦੇ ਹਨ ਕਿ ਅਸੀਂ ਪੰਜਾਬੀ ਹਾਂ ਪਰ ਅਸੀਂ ਕੈਨੇਡੀਅਨ ਪੰਜਾਬੀ ਹਾਂ। ਜਿਵੇਂ ਇੰਡੀਆ ਵਿੱਚ ਪੰਜਾਬੀ ਕਲਚਰ ਵਿਸ਼ਾਲ ਇੰਡੀਅਨ ਕਲਚਰ ਦਾ ਇੱਕ ਹਿੱਸਾ ਹੈ, ਉਸੇ ਤਰ੍ਹਾਂ ਕੈਨੇਡਾ ਦੇ ਪੰਜਾਬੀਆਂ ਦਾ ਕਲਚਰ ਕੈਨੇਡੀਅਨ ਮਲਟੀਕਲਚਰਲ ਸਮਾਜ ਦਾ ਇੱਕ ਹਿੱਸਾ ਹੈ।

'ਕੈਨੇਡੀਅਨ ਪੰਜਾਬ' ਦੀ ਸਿਰਜਨਾ ਹੋਈ

ਇਹ ਇਕ ਕੈਨੇਡੀਅਨ ਪੰਜਾਬ ਹੈ, ਜਿਸ ਦੀਆਂ ਜੜ੍ਹਾਂ ਭਾਵੇਂ ਇੰਡੀਆ ਦੀ ਪੁਰਾਤਨ ਭੂਮੀ ਵਿੱਚ ਹਨ, ਪਰ ਇਸ ਦਾ ਭਵਿੱਖ ਕੈਨੇਡੀਅਨ ਹੈ। ਇਹ ਪੰਜਾਬ ਆਪਣੀ ਇੱਕ ਵੱਖਰੀ ਪਛਾਣ ਲੈ ਕੇ ਉਭਰ ਰਿਹਾ ਹੈ।

ਇਹ ਪੰਜਾਬ ਕੋਈ ਭੂਗੋਲਿਕ ਪੰਜਾਬ ਨਹੀਂ ਹੈ। ਇਹ ਇੱਕ ਕਲਚਰ ਵਰਤਾਰਾ ਹੈ ਅਤੇ ਇਹ ਆਪਣੇ ਆਪ ਨੂੰ ਪੰਜਾਬ ਦੇ ਕਲਚਰ ਦੀ ਐਕਸਟੈਂਸ਼ਨ ਨਹੀਂ ਸਮਝਦਾ।

ਚੁਰਾਸੀ ਦੀ ਰਾਜਨੀਤੀ ਜਾਂ ਖਾਲਿਸਤਾਨ ਦੀਆਂ ਗੱਲਾਂ ਉਸ ਪੀੜ੍ਹੀ ਦੇ ਮਨ ਦੇ ਵਲਵਲੇ ਹਨ, ਜਿਨ੍ਹਾਂ ਦਾ ਮਨ ਅਜੇ ਵੀ ਪੰਜਾਬ ਵਿੱਚ ਹੈ।

ਕੈਨੇਡੀਅਨ ਪੰਜਾਬੀਆਂ ਅੰਦਰ ਵੀ ਇਹ ਭਾਵਨਾ ਜ਼ੋਰ ਫੜ ਰਹੀ ਹੈ ਕਿ ਕੈਨੇਡੀਅਨ ਨਾਗਰਿਕਾਂ ਦੇ ਤੌਰ 'ਤੇ ਪੰਜਾਬੀ ਲੋਕਾਂ ਨੂੰ ਆਪਣੇ ਆਪ ਨੂੰ ਪੰਜਾਬ ਦੇ ਪਰਵਾਸੀ ਸਮਝਣ ਵਾਲੀ ਮਾਨਸਿਕਤਾ ਚੋਂ ਨਿਕਲਣਾ ਚਾਹੀਦਾ ਹੈ ਅਤੇ ਇਹ ਵੀ ਹਕੀਕਤ ਹੈ ਕਿ ਸਾਡੀ ਇੱਥੇ ਜੰਮੀ-ਪਲੀ ਪੀੜ੍ਹੀ ਪਰਵਾਸੀ ਨਹੀਂ ਹੈ।

ਉਹ ਵੀ ਬਰਾਬਰ ਦੇ ਕੈਨੇਡੀਅਨ ਹਨ ਅਤੇ ਉਨ੍ਹਾਂ ਦਾ ਭਵਿੱਖ ਕੈਨੇਡੀਅਨ ਹੈ।

ਵਕਤ ਨਾਲ ਬਦਲੀ ਸੋਚ

ਇਸ ਤਰ੍ਹਾਂ ਪੈਦਾ ਹੋ ਰਹੇ ਗਲੋਬਲ ਪੰਜਾਬੀ ਕਲਚਰ ਬਾਰੇ ਹੁਣ ਤੱਕ ਚਲੀ ਆ ਰਹੀ ਪੰਜਾਬ-ਕੇਂਦਰਤ ਸੋਚ ਬਦਲ ਰਹੀ ਹੈ।

ਇਹ ਪੰਜਾਬ-ਕੇਂਦਰਤ ਸੋਚ ਮੀਡੀਆ, ਸਾਹਿਤ, ਰਾਜਨੀਤੀ ਅਤੇ ਕਲਚਰ ਦੇ ਹਰ ਖੇਤਰ ਚੋਂ ਚੈਲੰਜ ਹੋਣ ਲੱਗੀ ਹੈ ਜਾਂ ਆਪਣੇ ਆਪ ਖਤਮ ਹੋਣ ਲੱਗੀ ਹੈ।

ਆਮ ਕਰਕੇ ਪੰਜਾਬੀ ਜ਼ੁਬਾਨ ਅਤੇ ਪੰਜਾਬ ਨੂੰ ਇੱਕੋ ਸਮਝਿਆ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਕੈਨੇਡਾ ਵਿੱਚ ਵੀ ਦੇਰ ਤੱਕ ਇਹ ਸੋਚ ਹਾਵੀ ਰਹੀ ਹੈ ਕਿ ਪੰਜਾਬੀ ਮੀਡੀਆ ਜਾਂ ਪੰਜਾਬੀ ਖਬਰਾਂ ਦਾ ਮਤਲਬ ਪੰਜਾਬ ਦੀਆਂ ਖਬਰਾਂ ਸਨ ਪਰ ਅੱਜ ਇਹ ਸੋਚ ਖਤਮ ਹੋ ਰਹੀ ਹੈ।

ਕੈਨੇਡੀਅਨ ਪੰਜਾਬੀ ਮੀਡੀਆ ਵਿੱਚ ਇਹ ਰੁਝਾਨ ਇਸ ਵੇਲੇ ਕਾਫੀ ਮਜ਼ਬੂਤ ਹੋ ਚੁੱਕਾ ਹੈ ਕਿ ਅਸੀਂ ਪੰਜਾਬੀ ਜ਼ਬਾਨ ਵਿੱਚ ਕੈਨੇਡਾ ਦੀਆਂ ਖਬਰਾਂ, ਇਥੋਂ ਦੇ ਮੁੱਦਿਆਂ ਅਤੇ ਮਸਲਿਆਂ ਦੀ ਗੱਲ ਕਰਨੀ ਹੈ।

ਗਲੋਬਲ ਪੰਜਾਬੀ ਕਲਚਰ ਹੁਣ ਹੋਂਦ ਵਿੱਚ

ਕੈਨੇਡਾ ਦੇ ਕੁੱਝ ਲੇਖਕ/ਗਲਪਕਾਰ ਆਪਣੇ ਕੈਨੇਡੀਅਨ ਜੀਵਨ ਦੇ ਅਨੁਭਵ ਨੂੰ ਆਪਣੇ ਨਾਵਲਾਂ, ਕਹਾਣੀਆਂ ਦਾ ਵਿਸ਼ਾ ਬਣਾਉਣ ਲੱਗੇ ਹਨ। ਕੈਨੇਡੀਅਨ ਜੀਵਨ ਇਥੋਂ ਦੇ ਪੰਜਾਬੀ ਗਾਣਿਆਂ ਦਾ ਵਿਸ਼ਾ ਬਣਨ ਲੱਗਾ ਹੈ।

ਇਸ ਸਮੁੱਚੀ ਗੱਲ ਨੂੰ ਹੋਰ ਸਰਲ ਕਰਨਾ ਹੋਵੇ ਤਾਂ ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਦੀ ਮਿਸਾਲ ਲਈ ਜਾ ਸਕਦੀ ਹੈ।

ਇੰਗਲੈਂਡ, ਅਮਰੀਕਾ, ਕੈਨੇਡਾ, ਆਸਟਰੇਲੀਆ ਸਾਰੇ ਹੀ ਇੰਗਲਿਸ਼ ਬੋਲਣ ਵਾਲੇ ਮੁਲਕ ਹਨ। ਇਨ੍ਹਾਂ ਦਾ ਰਹਿਣ-ਸਹਿਣ ਵੀ ਲਗਭੱਗ ਇੱਕੋ ਜਿਹਾ ਹੈ। ਪਰ ਇਨ੍ਹਾਂ ਮੁਲਕਾਂ ਦੀ ਇੰਗਲਿਸ਼ ਦਾ ਆਪੋ-ਆਪਣਾ ਫਲੇਵਰ ਹੈ ਅਤੇ ਇਕ ਕਲਚਰ, ਅਤੇ ਕਮਿਊਨਿਟੀ ਦੇ ਤੌਰ 'ਤੇ ਇਨ੍ਹਾਂ ਦੀ ਵੱਖੋ-ਵੱਖਰੀ ਪਛਾਣ ਹੈ।

ਇਸੇ ਮਿਸਾਲ ਨਾਲ ਨਵੇਂ ਉਭਰ ਰਹੇ ਗਲੋਬਲ ਪੰਜਾਬੀ ਕਲਚਰ ਨੂੰ ਸਮਝਣ ਦੀ ਲੋੜ ਹੈ। ਜੋ ਕਲਚਰਲ ਪੰਜਾਬ ਕੈਨੇਡਾ ਵਿੱਚ ਉਸਰ ਰਿਹਾ ਹੈ, ਉਹ ਇੱਕ ਵੱਖਰਾ ਪੰਜਾਬ ਹੈ।

ਹੁਣ ਸਮਾਂ ਆ ਗਿਆ ਹੈ ਕਿ ਅਸੀਂ ਦੀ ਵੱਖਰੀ ਪਛਾਣ ਨੂੰ ਸਵੀਕਾਰੀਏ ਅਤੇ ਮਾਨਤਾ ਦਈਏ।

(ਲੇਖਕ ਕੈਨੇਡੀਅਨ ਮਲਟੀਕਲਚਰਲ ਟੀਵੀ ਚੈਨਲ ਔਮਨੀ ਨਾਲ ਕੰਮ ਕਰਦੇ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)