ਕੀ ਤੁਹਾਡੇ ਬੌਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ?

  • ਜੋਸ ਲੁਇਸ ਪੇਨਰ੍ਰੇਡੋਂਡਾ
  • ਬੀਬੀਸੀ ਕੈਪਿਟਲ

ਭਾਰਤ ਤੋਂ ਲੈ ਕੇ ਬ੍ਰਿਟੇਨ ਤੇ ਅਮਰੀਕਾ ਤੱਕ ਅੱਜ-ਕੱਲ ਡਾਟਾ ਚੋਰੀ ਦਾ ਹੰਗਾਮਾ ਖ਼ੂਬ ਸਰਗਰਮ ਹੈ।

ਸੋਸ਼ਲ ਨੈਟਵਰਕਿੰਗ ਸਾਈਟ ਫ਼ੇਸਬੁੱਕ 'ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਯੂਜ਼ਰਜ਼ ਨਾਲ ਜੁੜੀ ਜਾਣਕਾਰੀ ਬਗੈਰ ਉਨ੍ਹਾਂ ਦੀ ਇਜਾਜ਼ਤ ਦੇ ਇੱਕ ਤੀਜੀ ਕੰਪਨੀ ਨੂੰ ਦੇ ਦਿੱਤੀ।

ਇਸ ਕੰਪਨੀ ਨੇ ਫ਼ੇਸਬੁੱਕ ਯੂਜ਼ਰਜ਼ ਨਾਲ ਜੁੜੀ ਜਾਣਕਾਰੀ ਦਾ ਕਾਰੋਬਾਰੀ ਇਸਤੇਮਾਲ ਕੀਤਾ।

ਇਸ ਨਾਲ ਉਨ੍ਹਾਂ ਦੀ ਸਿਆਸੀ ਸੋਚ 'ਤੇ ਵੋਟਿੰਗ ਦੇ ਫ਼ੈਸਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।

ਭਾਰਤ 'ਚ ਵਿਰੋਧੀ ਧਿਰ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਬੀਜੇਪੀ ਸਰਕਾਰ ਲੋਕਾਂ 'ਤੇ 'ਬਿਗ ਬੌਸ' ਵਰਗੀ ਨਜ਼ਰ ਰੱਖਦੀ ਹੈ। ਉਨ੍ਹਾਂ ਦੀਆਂ ਜਾਣਕਾਰੀਆਂ ਦੀ ਸਿਆਸੀ ਤੇ ਕਾਰੋਬਾਰੀ ਵਰਤੋਂ ਹੋ ਰਹੀ ਹੈ।

ਇਹ ਤਾਂ ਹੋਈ ਸਿਆਸੀ ਗੱਲ, ਪਰ ਅੱਜ ਦੀ ਡਿਜਿਟਲ ਦੁਨੀਆਂ 'ਚ ਅਸੀਂ ਜਾਣੇ-ਅਣਜਾਣੇ ਬਹੁਤ ਅਜਿਹੇ ਕੰਮ ਕਰ ਰਹੇ ਹਾਂ, ਜਿਸ ਨਾਲ ਸਾਡੀ ਜਾਸੂਸੀ ਹੋ ਸਕਦੀ ਹੈ।

ਸਾਡੀ ਪਸੰਦ-ਨਾਪੰਸਦ ਦੂਜੇ ਲੋਕਾਂ ਨੂੰ ਪਤਾ ਹੋ ਸਕਦੀ ਹੈ। ਸਾਡੇ ਆਉਣ-ਜਾਣ ਤੋਂ ਲੈ ਕੇ ਛੁੱਟੀਆਂ 'ਤੇ ਜਾਣ ਅਤੇ ਸਿਹਤ ਨਾਲ ਜੁੜੀਆਂ ਗੱਲਾਂ ਦੂਜੇ ਲੋਕਾਂ ਨੂੰ ਪਤਾ ਚੱਲ ਰਹੀਆਂ ਹਨ।

ਤੁਹਾਡਾ ਡਾਟਾ ਕੀ ਕਰ ਸਕਦਾ ਹੈ?

ਅੱਜ ਦੀ ਤਰੀਕ 'ਚ ਇਨਸਾਨ, ਇਨਸਾਨ ਘੱਟ ਤੇ ਡਾਟਾ ਵੱਧ ਹੋ ਗਿਆ ਹੈ।

ਇਸ ਡਾਟਾ ਦਾ ਚੰਗਾ ਤੇ ਬੁਰਾ ਇਸਤੇਮਾਲ ਹੋ ਸਕਦਾ ਹੈ।

ਅਜਿਹੇ 'ਚ ਤਮਾਮ ਕੰਪਨੀਆਂ ਵੀ ਆਪਣੇ ਕਰਮਚਾਰੀਆਂ ਨਾਲ ਜੁੜੀਆਂ ਗੱਲਾਂ, ਉਨ੍ਹਾਂ ਦੀ ਜਾਣਕਾਰੀ ਕਈ ਵਾਰ ਉਨ੍ਹਾਂ ਤੋਂ ਲੁਕੋ ਕੇ ਹਾਸਿਲ ਕਰ ਰਹੀਆਂ ਹਨ।

ਤੁਸੀਂ ਆਪਣੇ ਦਫ਼ਤਰ 'ਚ ਜਿਸ ਕੰਪਿਊਟਰ 'ਤੇ ਕੰਮ ਕਰਦੇ ਹੋ, ਉਹ ਤੁਹਾਡੀ ਆਦਤਾਂ ਦੀ ਜਾਸੂਸੀ ਕਰਦਾ ਹੈ।

ਤੁਹਾਡਾ ਈ-ਮੇਲ, ਤੁਹਾਡਾ ਅਧਿਕਾਰਿਤ ਫ਼ੋਨ ਤੇ ਸੋਸ਼ਲ ਨੈਟਵਰਕਿੰਗ ਅਕਾਊਂਟ, ਤੁਹਾਡੇ ਬਾਰੇ ਤਮਾਮ ਗੱਲਾਂ ਲੋਕਾਂ ਨੂੰ ਦੱਸ ਦਿੰਦਾ ਹੈ।

ਜਾਣਕਾਰ ਕਹਿੰਦੇ ਹਨ ਕਿ ਅੱਜ ਦੀ ਤਰੀਕ 'ਚ ਮੁਲਾਜ਼ਿਮ, ਕੰਪਨੀਆਂ ਦੇ ਲਈ ਡਾਟਾ ਬਣ ਗਏ ਹਨ।

ਮੁਲਾਜ਼ਿਮਾਂ ਨੂੰ ਇਸ ਪੈਮਾਨੇ 'ਤੇ ਕੱਸਿਆ ਜਾਂਦਾ ਹੈ ਕਿ ਉਹ ਕੰਪਨੀਆਂ ਲਈ ਕਿੰਨੇ ਕਾਰਗਰ ਜਾਂ ਨੁਕਸਾਨਦਾਇਕ ਹਨ।

ਜਾਸੂਸੀ ਨਹੀਂ ਵੀ ਹੋ ਰਹੀ ਹੈ, ਤਾਂ ਸਾਡੇ-ਤੁਹਾਡੇ ਬੌਸ, ਮਾਲਿਕ ਤੇ ਐੱਚਆਰ ਵਿਭਾਗ ਇਹ ਜਾਣਨਾ ਚਾਹੁੰਦੇ ਹਨ ਕਿ ਅਸੀਂ ਕਿੰਨਾ ਕੰਮ ਕਰਦੇ ਹਾਂ? ਦਫ਼ਤਰ 'ਚ ਕਿੰਨਾ ਸਮਾਂ ਗੁਜ਼ਾਰਦੇ ਹਾਂ? ਕਿੰਨਾ ਲੰਮਾ ਬ੍ਰੇਕ ਲੈਂਦੇ ਹਾਂ? ਛੁੱਟੀਆਂ ਕਿੰਨੀਆਂ ਲੈਂਦੇ ਹਾਂ? ਤੁਹਾਡੀ ਸਿਹਤ ਠੀਕ ਰਹਿੰਦੀ ਹੈ ਜਾਂ ਨਹੀਂ?

ਤੁਹਾਡੀ ਕੰਪਨੀ ਦੀ ਤੁਹਾਡੇ 'ਤੇ ਨਜ਼ਰ

ਵੈਸੇ, ਇਹ ਕੋਈ ਨਵੀਂ ਗੱਲ ਨਹੀਂ ਹੈ। ਕੰਪਨੀਆਂ, ਪਿਛਲੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣੇ ਕਰਮਚਾਰੀਆਂ ਦੀ ਜਾਸੂਸੀ ਕਰਦੀਆਂ ਆਈਆਂ ਹਨ।

ਜਿਵੇਂ ਕਿ 20ਵੀਂ ਸਦੀ ਦੀ ਸ਼ੁਰੂਆਤ 'ਚ ਅਮਰੀਕਾ ਦੀ ਫੋਰਡ ਮੋਟਰ ਕੰਪਨੀ ਨੇ ਆਪਣੇ ਕਰਮਚਾਰੀਆਂ ਦੀ ਜਾਸੂਸੀ ਦੇ ਲਈ ਬਾਕਾਇਦਾ ਇੱਕ ਮਹਿਕਮਾ ਬਣਾ ਰੱਖਿਆ ਸੀ।

ਇਸ ਵਿਭਾਗ ਦਾ ਨਾਂ ਸੀ, ਫੋਰਡ ਸੋਸ਼ਿਯੋਲਾਜਿਕਲ ਡਿਪਾਰਟਮੈਂਟ। ਇਸ ਵਿਭਾਗ ਦੇ ਲੋਕ ਕਦੇ ਵੀ ਫੋਰਡ ਕੰਪਨੀ ਦੇ ਕਰਮਚਾਰੀਆਂ ਦੇ ਘਰ ਪਹੁੰਚ ਜਾਂਦੇ ਸਨ।

ਉਹ ਇਹ ਦੇਖਦੇ ਸਨ ਕਿ ਕਰਮਚਾਰੀ ਆਪਣਾ ਘਰ ਕਿੰਨਾ ਸਾਫ਼-ਸੁਥਰਾ ਰੱਖਦੇ ਹਨ। ਉਹ ਆਪਣੇ ਜੀਵਨਸਾਥੀ ਨਾਲ ਲੜਾਈ ਤਾਂ ਨਹੀਂ ਕਰਦੇ। ਸ਼ਰਾਬ ਪੀਕੇ ਹੰਗਾਮਾ ਤਾਂ ਨਹੀਂ ਕਰਦੇ।

ਕਰਮਚਾਰੀਆਂ ਦੇ ਬੱਚੇ ਰੈਗੂਲੇਰ ਤੌਰ 'ਤੇ ਸਕੂਲ ਜਾਂਦੇ ਹਨ ਜਾਂ ਨਹੀਂ। ਉਨ੍ਹਾਂ ਦੇ ਖਾਤੇ 'ਚ ਠੀਕ-ਠਾਕ ਪੈਸੇ ਹੁੰਦੇ ਹਨ ਜਾਂ ਨਹੀਂ।

ਫ਼ੋਰਡ ਨੂੰ ਬੰਦ ਕਰਨੀ ਪਈ ਜਾਸੂਸੀ

ਫ਼ੋਰਡ ਕੰਪਨੀ, ਉਸ ਦੌਰ 'ਚ ਆਪਣੇ ਕਰਮਚਾਰੀਆਂ ਨੂੰ ਦੂਜੀ ਕੰਪਨੀਆਂ ਦੇ ਮੁਕਾਬਲੇ ਦੁੱਗਣੀ ਤਨਖ਼ਾਹ ਦਿੰਦੀ ਸੀ। ਅਜਿਹੇ 'ਚ ਉਹ ਚਾਹੁੰਦੀ ਸੀ ਕਿ ਉਸਦੇ ਕਰਮਚਾਰੀ ਚੰਗਾ ਵਰਤਾਅ ਕਰਨ, ਚੰਗਾ ਕੰਮ ਕਰਨ।

ਜਿਸ ਕਰਮਚਾਰੀ ਦੇ ਰਹਿਣ-ਸਹਿਣ ਬਾਰੇ ਸ਼ਿਕਾਇਤ ਪਾਈ ਜਾਂਦੀ ਸੀ, ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਸੀ।

ਫ਼ੋਰਡ ਦੀ ਇਹ ਜਾਸੂਸੀ ਕਰੀਬ ਅੱਠ ਸਾਲ ਚੱਲੀ। ਕਰਮਚਾਰੀ ਆਪਣੀ ਜ਼ਿੰਦਗੀ 'ਚ ਕੰਪਨੀ ਦੀ ਦਖਲਅੰਦਾਜ਼ੀ ਤੋਂ ਬਹੁਤ ਨਾਰਾਜ਼ ਹੁੰਦੇ ਸਨ।

ਆਖ਼ਿਰ 'ਚ ਕੰਪਨੀ ਨੂੰ ਇਹ ਜਾਸੂਸੀ ਬੰਦ ਕਰਨੀ ਪਈ। ਇਹ ਤਾਂ ਹੋਈ ਅੱਜ ਤੋਂ ਇੱਕ ਸਦੀ ਪਹਿਲਾਂ ਦੀ ਗੱਲ।

ਅੱਜ ਦੀ ਤਰੀਕ 'ਚ ਜੇਕਰ ਕੋਈ ਕੰਪਨੀ ਅਜਿਹਾ ਕਰੇਗੀ, ਤਾਂ ਬਗਾਵਤ ਹੋ ਜਾਵੇਗੀ।

ਅੱਜ ਤਾਂ ਅਸੀਂ ਖ਼ੁਦ ਹੀ ਆਪਣੀ ਜਾਣਕਾਰੀਆਂ ਕੰਪਨੀ ਨੂੰ ਆਸਾਨੀ ਨਾਲ ਮੁਹੱਈਆ ਕਰਵਾ ਦਿੰਦੇ ਹਾਂ।

ਸਮਾਰਟਫੋਨਸ ਨਾਲ, ਆਪਣੇ ਲੈਪਟੌਪ ਜਾਂ ਕੰਪਿਊਟਰ ਨਾਲ ਅਤੇ ਆਪਣੇ ਈ-ਮੇਲ, ਸੋਸ਼ਲ ਨੈਟਵਰਕਿੰਗ ਅਕਾਊਂਟ ਨਾਲ।

ਸਾਡੀ ਹਰ ਗਤੀਵਿਧੀ ਦਾ ਲੌਗ ਬਣਦਾ ਹੈ। ਇਸ ਨਾਲ ਸਾਡੇ ਕੰਮ ਕਰਨ ਦੇ ਤਰੀਕੇ, ਸਾਡੀ ਆਦਤਾਂ ਦੀ ਖ਼ਬਰ ਕੰਪਨੀਆਂ ਨੂੰ ਹੋ ਜਾਂਦੀ ਹੈ।

ਰੋਜ਼ ਪੈਮਾਨੇ 'ਤੇ ਕੱਸਿਆ ਜਾਂਦਾ ਹੈ ਕਰਮਚਾਰੀ

ਅੱਜ ਕੰਮਕਾਜੀ ਥਾਂ 'ਤੇ ਕਰਮਚਾਰੀ ਦੀ ਹਰ ਹਰਕਤ 'ਤੇ ਨਜ਼ਰ ਰਹਿੰਦੀ ਹੈ। ਸਿਰਫ਼ ਸੀਸੀਟੀਵੀ ਕੈਮਰੇ ਹੀ ਨਿਗਰਾਨੀ ਨਹੀਂ ਕਰਦੇ।

ਅਸੀਂ ਜਿਹੜੀ ਛੁੱਟੀਆਂ 'ਤੇ ਜਾਣ ਲਈ ਟਿਕਟ ਖਰੀਦਦੇ ਹਾਂ, ਜਾਂ ਜਿਹੜੀ ਈ-ਮੇਲ ਲਿਖਦੇ ਹਾਂ ਤੇ ਜਿਸ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਲੌਗ-ਇਨ ਕਰਦੇ ਹਾਂ, ਉਸ ਨਾਲ ਸਾਡੇ ਬਾਰੇ ਬਹੁਤ ਜਾਣਕਾਰੀਆਂ ਮਿਲ ਸਕਦੀਆਂ ਹਨ।

ਫ਼ੇਸਬੁੱਕ ਦੇ ਰਾਹੀਂ ਲੋਕਾਂ ਨੂੰ ਤੁਹਾਡੀ ਪਸੰਦ-ਨਾਪਸੰਦ ਦਾ ਅੰਦਾਜ਼ਾ ਹੋ ਸਕਦਾ ਹੈ। ਇਸ ਤਰ੍ਹਾਂ ਟਵਿੱਟਰ ਦੇ ਜ਼ਰੀਏ ਤੁਹਾਡੀ ਲੋਕੇਸ਼ਨ ਤੋਂ ਲੈ ਕੇ ਤੁਹਾਡੇ ਸਿਆਸੀ ਵਿਚਾਰਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਬਹੁਤ ਸਾਰੀਆਂ ਕੰਪਨੀਆਂ 'ਚ ਤੁਸੀਂ ਆਪਣੇ ਆਈਡੀ ਕਾਰਡ ਨਾਲ ਹੀ ਕੌਫ਼ੀ ਮਸ਼ੀਨ ਤੋਂ ਕੌਫ਼ੀ ਕੱਢ ਸਕਦੇ ਹੋ। ਇਸ ਤਰ੍ਹਾਂ ਕਈ ਥਾਵਾਂ 'ਤੇ, ਮਸ਼ੀਨਾਂ ਤੋਂ ਹੋ ਕੇ ਹੀ ਦਫ਼ਤਰ ਤੋਂ ਬਾਹਰ ਆ ਤੇ ਜਾ ਸਕਦੇ ਹਨ।

ਇਸ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਕਿੰਨਾ ਸਮਾਂ ਦਫ਼ਤਰ 'ਚ, ਕਿੰਨਾ ਖਾਣ-ਪੀਣ 'ਚ ਅਤੇ ਕਿੰਨਾ ਦਫ਼ਤਰ ਤੋਂ ਬਾਹਰ ਗੁਜ਼ਾਰਦੇ ਹੋ।

ਇਹ ਡਾਟਾ ਹੀ ਤੁਹਾਡਾ ਪ੍ਰੋਫ਼ਾਈਲ ਬਣਾਉਂਦਾ ਹੈ। ਤੁਹਾਡੀ ਛਵੀ ਚਮਕਾਉਂਦਾ ਜਾਂ ਵਿਗਾੜਦਾ ਹੈ। ਕੁਝ ਜਾਣਕਾਰ ਮੰਨਦੇ ਹਨ ਕਿ ਕਰਮਚਾਰੀਆਂ ਦੇ ਬਾਰੇ ਅੰਕੜੇ ਜਮ੍ਹਾਂ ਕਰਨ ਦਾ ਇਹ ਕਾਰੋਬਾਰ ਹੀ ਇੱਕ ਅਰਬ ਡਾਲਰ ਤੋਂ ਵੱਧ ਦਾ ਹੈ।

ਇਨਾਂ ਅੰਕੜਿਆ ਦੀ ਮਦਦ ਨਾਲ ਕੰਪਨੀਆਂ ਅੰਦਾਜ਼ਾ ਲਗਾਉਂਦੀਆਂ ਹਨ ਕਿ ਕੋਈ ਸ਼ਖ਼ਸ ਕਿੰਨੀ ਦੇਰ ਤੱਕ ਕੰਮ ਕਰੇਗਾ।

ਕੰਮ 'ਤੇ ਕਿੰਨਾ ਧਿਆਨ ਦੇਵੇਗਾ। ਇਸੇ ਆਧਾਰ 'ਤੇ ਕਿਸੇ ਨੂੰ ਨੌਕਰੀ 'ਤੇ ਰੱਖਿਆ ਜਾ ਸਕਦਾ ਹੈ ਜਾਂ ਕੱਢਿਆ ਸਕਦਾ ਹੈ।

ਕਈ ਥਾਵਾਂ 'ਤੇ ਤਾਂ ਇਸ ਆਧਾਰ 'ਤੇ ਪ੍ਰਮੋਸ਼ਨ ਮਿਲਦੀ ਹੈ, ਜਾਂ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ।

ਬ੍ਰਿਟੇਨ ਦੀ ਲੀਸੇਸਟਰ ਯੂਨੀਵਰਸਿਟੀ 'ਚ ਪੜ੍ਹਾਉਣ ਵਾਲੀ ਫੀਬੇ ਨੂਰ ਕਹਿੰਦੇ ਹਨ, ''ਅੱਜ ਡਾਟਾ ਜਮ੍ਹਾਂ ਕਰਨ ਕਰਕੇ ਕੰਮਕਾਜੀ ਥਾਵਾਂ 'ਤੇ ਮੁਲਾਜ਼ਿਮਾਂ ਨਾਲ ਰਿਸ਼ਤੇ ਨਵੇਂ ਸਿਰੇ ਤੋਂ ਤੈਅ ਹੋ ਰਹੇ ਹਨ, ਹਾਲਾਂਕਿ ਅੰਕੜਿਆਂ ਦਾ ਢੇਰ ਵੀ ਕਿਸੇ ਇਨਸਾਨ ਦਾ ਸਹੀ ਮੁਲਾਂਕਨ ਨਹੀਂ ਕਰ ਸਕਦਾ। ਪਰ, ਕੰਪਨੀਆਂ ਨੂੰ ਬਹੁਤ ਸਾਰੀਆਂ ਗੱਲਾਂ ਤਾਂ ਪਤਾ ਚੱਲ ਹੀ ਜਾਂਦੀਆਂ ਹਨ।''

ਡਾਟਾ ਇਸਤੇਮਾਲ ਦੀ ਦੁਵਿਧਾ

ਕੋਈ ਵੀ ਸਿਹਤਮੰਦ ਅਤੇ ਸਰਗਰਮ ਇਨਸਾਨ, ਕੰਮ ਵੀ ਚੰਗਾ ਹੀ ਕਰੇਗਾ। ਉਹ ਛੁੱਟੀਆਂ ਘੱਟ ਲਵੇਗਾ, ਇਸ ਲਈ ਅਕਸਰ ਕੰਪਨੀਆਂ, ਆਪਣੇ ਕਰਮਚਾਰੀਆਂ ਦੀ ਸਿਹਤ ਬਿਹਤਰ ਕਰਨ ਦੇ ਪ੍ਰੋਗਰਾਮ ਕਰਵਾਉਂਦੀਆਂ ਰਹਿੰਦੀਆਂ ਹਨ।

ਇਹ ਪ੍ਰੋਗਰਾਮ ਅਕਸਰ ਠੇਕੇ 'ਤੇ ਹੁੰਦੇ ਹਨ, ਜਿਸ 'ਚ ਕੋਈ ਤੀਜੀ ਕੰਪਨੀ ਕਰਮਚਾਰੀ ਦੀ ਸਿਹਤ ਦੀ ਪੜਤਾਲ ਕਰਦੀ ਹੈ।

ਇਹ ਅੰਕੜੇ ਉਂਝ ਤਾਂ ਕੰਪਨੀ ਨੂੰ ਨਹੀਂ ਦਿੱਤੇ ਜਾਂਦੇ। ਪਰ, ਕਈ ਵਾਰ ਕੰਪਨੀਆਂ ਜਾਣਨਾ ਚਾਹੁੰਦੀਆਂ ਹਨ ਕਿ ਕਿਹੜਾ ਕਰਮਚਾਰੀ ਸਿਹਤ ਦੇ ਪੈਮਾਨੇ 'ਤੇ ਖਰਾ ਉੱਤਰਿਆ।

ਇਹ ਸਾਡੀ ਜਾਸੂਸੀ ਹੀ ਹੈ। ਯੂਰਪੀ ਦੇਸ਼ਾਂ 'ਚ ਤਾਂ ਅਜਿਹੇ ਡਾਟਾ ਦੇ ਇਸ ਤਰ੍ਹਾਂ ਇਸਤੇਮਾਲ ਦੇ ਰੋਕ 'ਤੇ ਕਾਨੂੰਨ ਹੈ।

ਪਰ ਅਮਰੀਕਾ 'ਚ ਹਾਲੇ ਵੀ ਆਮ ਲੋਕਾਂ ਨੂੰ ਅਜਿਹੀ ਜਾਸੂਸੀ ਤੋਂ ਬਚਾਉਣ ਵਾਲਾ ਸਖ਼ਤ ਕਾਨੂੰਨ ਨਹੀਂ ਹੈ ਅਤੇ ਜਦੋਂ ਅਮਰੀਕਾ ਦਾ ਇਹ ਹਾਲ ਹੈ ਤਾਂ ਭਾਰਤ ਵਰਗੇ ਦੇਸ਼ਾਂ ਬਾਰੇ ਤਾਂ ਅੰਦਾਜ਼ਾ ਲਗਾਇਆ ਹੀ ਜਾ ਸਕਦਾ ਹੈ।

ਅੱਜ ਤੀਜੀ ਪਾਰਟੀ ਤੋਂ ਮਿਲੇ ਅਜਿਹੇ ਅੰਕੜਿਆਂ ਦੀ ਮਦਦ ਨਾਲ ਸਿਹਤ ਨਾਲ ਜੁੜੇ ਕਾਰੋਬਾਰ ਚਮਕ ਰਹੇ ਹਨ, ਯਾਨਿ ਸਾਡੀ ਸਿਹਤ ਨਾਲ ਜੁੜਿਆ ਡਾਟਾ ਸਾਡੀ ਜਾਣਕਾਰੀ ਤੋਂ ਬਗੈਰ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ।

ਡਾਟਾ ਦੀ ਸੁਰੱਖਿਆ 'ਤੇ ਸਵਾਲ

ਡਾਟਾ ਜਮ੍ਹਾਂ ਕਰਨ ਦੇ ਤਰੀਕੇ ਤੇ ਇਸ ਦੀ ਸੁਰੱਖਿਆ ਨੂੰ ਲੈਕੇ ਸਵਾਲ ਉੱਠ ਰਹੇ ਹਨ।

ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਕਿਸੇ ਫਾਇਦੇ ਦੀ ਸੂਰਤ 'ਚ ਆਪਣੀ ਜਾਣਕਾਰੀ ਦੇਣ ਨੂੰ ਰਾਜ਼ੀ ਹਨ।

2015 'ਚ ਪ੍ਰਾਈਸਵਾਟਰ ਹਾਊਸ ਕੂਪਰ ਨੇ ਅਮਰੀਕਾ 'ਚ ਇੱਕ ਸਰਵੇਖਣ ਕੀਤਾ ਸੀ। ਇਸ 'ਚ 56 ਫੀਸਦੀ ਲੋਕਾਂ ਨੇ ਕਿਹਾ ਕਿ ਜੇਕਰ ਦਫ਼ਤਰ 'ਚ ਮਾਹੌਲ ਬਿਹਤਰ ਹੋਵੇ, ਉਨ੍ਹਾਂ ਦੀ ਸਿਹਤ ਚੰਗੀ ਹੋ ਜਾਵੇ ਤੇ ਪੈਸੇ ਦਾ ਫਾਇਦਾ ਹੋਵੇ, ਤਾਂ ਉਹ ਕੋਈ ਵੀ ਚੀਜ਼ ਹੱਥ 'ਚ ਪਾਉਣ ਨੂੰ ਤਿਆਰ ਹਨ।

ਪ੍ਰਾਈਸਵਾਟਰ ਹਾਊਸ ਕੂਪਰ ਦੇ ਸਰਵੇਖਣ ਨਾਲ ਜੁੜੇ ਰਾਜ ਮੋਦੀ ਦੱਸਦੇ ਹਨ ਕਿ ਅਕਸਰ ਕਰਮਚਾਰੀ ਅਜਿਹੀ ਉਮੀਦ 'ਚ ਆਪਣੀ ਜਾਣਕਾਰੀ ਸਾਂਝੀ ਕਰਨ ਨੂੰ ਰਾਜ਼ੀ ਹੋ ਜਾਂਦੇ ਹਨ।

ਪਰ, ਜੇਕਰ ਤੁਹਾਡੀ ਸਿਹਤ ਦੀ ਜਾਸੂਸੀ ਕਰਕੇ ਤੁਹਾਨੂੰ ਨੌਕਰੀ ਤੋਂ ਕੱਢਣ ਦਾ ਫ਼ੈਸਲਾ ਕਰ ਲਿਆ ਜਾਵੇ ਤਾਂ?

2010 'ਚ ਅਮਰੀਕਾ 'ਚ ਅਜਿਹਾ ਹੀ ਹੋਇਆ ਸੀ। ਪਾਮੇਲਾ ਫਿੰਕ ਨਾਂ ਦੀ ਇੱਕ ਔਰਤ ਨੇ ਆਪਣੀ ਕੰਪਨੀ 'ਤੇ ਮੁੱਕਦਮਾ ਠੋਕ ਦਿੱਤਾ ਗਿਆ ਸੀ।

ਉਸ ਔਰਤ ਦਾ ਇਲਜ਼ਾਮ ਸੀ ਕਿ ਉਸ ਦੀ ਕੰਪਨੀ ਨੇ ਉਸਦੇ ਬੀਮੇ ਦਾ ਬਿੱਲ ਦੇਖ ਕੇ ਇਹ ਅੰਦਾਜ਼ਾ ਲਗਾਇਆ ਕਿ ਉਸ ਨੂੰ ਕੋਈ ਗੰਭੀਰ ਬਿਮਾਰੀ ਹੈ।

ਇਸ ਲਈ ਕਿਸੇ ਜਵਾਬਦੇਹੀ ਤੋਂ ਬਚਣ ਲਈ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਬਾਅਦ 'ਚ ਪਾਮੇਲਾ ਦਾ ਕੰਪਨੀ ਨਾਲ ਅਦਾਲਤ ਦੇ ਬਾਹਰ ਸਮਝੌਤਾ ਹੋਇਆ।

ਪਰ ਇਸ ਨਾਲ ਇੱਕ ਗੱਲ ਸਾਫ਼ ਹੋ ਗਈ, ਤੁਹਾਡੀ ਸਿਹਤ ਦੀ ਫਿਕਰ ਦਿਖਾਉਣ ਵਾਲੀ ਕੰਪਨੀਆਂ ਅਸਲ ਵਿੱਚ ਆਪਣੀ ਵਿੱਤੀ ਜਿੰਮੇਵਾਰੀ ਨੂੰ ਲੈ ਕੇ ਸੁਚੇਤ ਰਹਿਣਾ ਚਾਹੁੰਦੀਆਂ ਹਨ।

ਇਸ ਲਈ ਉਹ ਤੁਹਾਡੀ ਸਿਹਤ ਨਾਲ ਜੁੜੀ ਜਾਣਕਾਰੀ ਦੀ ਜਾਸੂਸੀ ਕਰਦੀਆਂ ਹਨ। ਪਰ, ਹਰ ਕੰਪਨੀ ਅਜਿਹਾ ਕਰਦੀ ਹੀ ਹੋਵੇ, ਇਹ ਜ਼ਰੂਰੀ ਨਹੀਂ।

ਡਿਜਿਟਲ ਜ਼ਿੰਦਗੀ ਦੇ ਆਦੀ

ਹਾਂ, ਇਹ ਜ਼ਰੂਰ ਹੈ ਕਿ ਸਾਡੇ ਨਾਲ ਜੁੜੀਆਂ ਜਾਣਕਾਰੀਆਂ ਦੇ ਆਧਾਰ 'ਤੇ ਕੰਪਨੀਆਂ ਇਹ ਤੈਅ ਕਰਦੀਆਂ ਹਨ ਕਿ ਅਸੀਂ ਉਸ ਲਈ ਕਿੰਨੇ ਕੰਮ ਦੇ ਹਾਂ ਜਾਂ ਕਿੰਨਾ ਵੱਡਾ ਬੋਝ ਹਾਂ।

ਅੱਜ ਦੀ ਤਰੀਕ 'ਚ ਸਾਨੂੰ ਡਾਟਾ ਨੂੰ ਲੈ ਕੇ ਬੜੇ ਹੀ ਸੰਤੁਲਿਤ ਰਵੱਈਆ ਬਣਾਉਣ ਦੀ ਲੋੜ ਹੈ।

ਅਸੀਂ ਜਿਹੜੀ ਡਿਜਿਟਲ ਜ਼ਿੰਦਗੀ ਜੀਉਣ ਦੇ ਆਦੀ ਹੋ ਗਏ ਹਾਂ, ਉਸ ਨਾਲ ਇੱਕ ਦਮ ਤਾਂ ਵੱਖਰੇ ਨਹੀਂ ਹੋ ਸਕਦੇ ਅਤੇ ਇਹ ਵੀ ਤੈਅ ਹੈ ਕਿ ਸਾਡੀ ਗਤੀਵਿਧੀਆਂ ਨਾਲ ਦਰਜ ਡਾਟਾ ਦਾ ਇਸਤੇਮਾਲ ਵੀ ਹੋਵੇਗਾ।

ਅਜਿਹੇ 'ਚ ਸਾਨੂੰ ਹੀ ਇਹ ਤੈਅ ਕਰਨਾ ਪਵੇਗਾ ਕਿ ਅਸੀਂ ਡਿਜਿਟਲ ਦੁਨੀਆਂ 'ਚ ਕਿੰਨੇ ਸਰਗਰਮ ਰਹਿੰਦੇ ਹਾਂ। ਆਪਣੀ ਕਿੰਨੀ ਜਾਣਕਾਰੀ ਸਾਂਝੀ ਕਰਦੇ ਹਾਂ, ਆਪਣੀ ਕਿਹੜੀਆਂ ਆਦਤਾਂ ਬਿਆਨ ਕਰਦੇ ਹਾਂ।

ਭਾਰਤ 'ਚ ਆਧਾਰ ਤਾਂ ਚੀਨ ਵਿੱਚ ਡਿਜਿਟਲ ਸਕੋਰ

ਵੈਸੇ, ਕਈ ਦੇਸ਼ਾਂ ਵਿੱਚ ਤਾਂ ਤੁਹਾਨੂੰ ਆਪਣੀ ਜਾਣਕਾਰੀ ਦੇਣਾ ਜ਼ਰੂਰੀ ਬਣਾ ਦਿੱਤਾ ਗਿਆ ਹੈ।

ਭਾਰਤ ਵਿੱਚ ਹੀ ਸਰਕਾਰ ਨੇ ਆਧਾਰ ਨੂੰ ਤੁਹਾਡੇ ਬੈਂਕ, ਫ਼ੋਨ, ਬੀਮਾ, ਫੰਡ ਤੇ ਹੋਰ ਪਤਾ ਨਹੀਂ ਕਿੰਨੀਆਂ ਸੇਵਾਵਾਂ ਨਾਲ ਜੋੜਨਾ ਜ਼ਰੂਰੀ ਬਣਾ ਦਿੱਤਾ ਹੈ।

ਇਸ ਤਰ੍ਹਾਂ ਹੀ ਚੀਨ 'ਚ 2020 ਤੱਕ ਹਰ ਨਾਗਰਿਕ ਦਾ ਡਿਜਿਟਲ ਸਕੋਰ ਹੋਵੇਗਾ।

ਇਹ ਸਕੋਰ ਉਸਦੀ ਖ਼ਰੀਦਦਾਰੀ ਤੋਂ ਲੈ ਕੇ ਇਸ ਗੱਲ 'ਤੇ ਤੈਅ ਹੋਵੇਗਾ ਕਿ ਉਹ ਕਿਹੜੀ ਕਿਤਾਬ ਪੜ੍ਹਦਾ ਹੈ।

ਡਾਟਾ ਚੋਰੀ ਤੋਂ ਡਰਨ ਦੀ ਜ਼ਰੂਰਤ ਤਾਂ ਹੈ, ਪਰ ਇੰਨਾ ਵੀ ਨਹੀਂ ਕਿ ਅਸੀਂ ਫ਼ੋਨ ਜਾਂ ਕੰਪਿਊਟਰ ਨੂੰ ਹੱਥ ਹੀ ਲਗਾਉਣਾ ਬੰਦ ਕਰ ਦਈਏ।

ਕਈ ਵਾਰ ਅੰਕੜਿਆਂ ਦੀ ਜ਼ਰੂਰਤ ਪੈਂਦੀ ਹੈ। ਡਾਟਾ ਦੀ ਮਦਦ ਨਾਲ ਤੁਹਾਨੂੰ ਕਰੀਅਰ ਨਾਲ ਜੁੜੀ ਸਲਾਹ ਵੀ ਮਿਲ ਸਕਦੀ ਹੈ।

ਤੁਹਾਨੂੰ ਤੁਹਾਡੀ ਸਿਹਤ ਬਿਹਤਰ ਬਣਾਉਣ ਦੀ ਸਲਾਹ ਵੀ ਹਾਸਿਲ ਹੋ ਸਕਦੀ ਹੈ। ਤੁਸੀਂ ਆਪਣਾ ਕੰਮ ਕਾਜ ਬਿਹਤਰ ਕਰ ਸਕਦੇ ਹੋ।

(ਬੀਬੀਸੀ ਕੈਪਿਟਲ ਦੀ ਇਸ ਕਹਾਣੀ ਨੂੰ ਅੰਗਰੇਜ਼ੀ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)