ਉਰਦੂ ਪ੍ਰੈੱਸ ਰਿਵੀਊ: ਮਲਾਲਾ ਨੇ ਕਸ਼ਮੀਰੀਆਂ ਦੇ ਹੱਕ 'ਚ ਕੀ ਕਿਹਾ?

  • ਇਕਬਾਲ ਅਹਿਮਦ
  • ਬੀਬੀਸੀ ਪੱਤਰਕਾਰ

ਪਾਕਿਸਤਾਨ ਤੋਂ ਛੱਪਣ ਵਾਲੀ ਉਰਦੂ ਦੀਆਂ ਅਖ਼ਬਾਰਾਂ 'ਚ ਇਸ ਹਫ਼ਤੇ ਨੋਬੇਲ ਜੇਤੂ ਮਲਾਲਾ ਯੂਸਫ਼ਜ਼ਈ ਦੀ ਵਤਨ ਵਾਪਸੀ ਸੁਰਖੀਆਂ ਵਿੱਚ ਰਹੀ।

ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਪਾਕਿਸਤਾਨੀ ਨਾਗਰਿਕ 20 ਸਾਲਾ ਮਲਾਲਾ ਯੂਸਫ਼ਜ਼ਈ ਕਰੀਬ 6 ਸਾਲਾਂ ਬਾਅਦ ਇਸ ਹਫ਼ਤੇ ਆਪਣੇ ਦੇਸ ਪਾਕਿਸਤਾਨ ਆਈ।

ਪਾਕਿਸਤਾਨ ਦੇ ਸਵਾਤ ਦੀ ਰਹਿਣ ਵਾਲੀ ਮਲਾਲਾ ਨੂੰ ਕੱਟੜਪੰਥੀ ਸੰਗਠਨ ਨੇ ਅਕਤੂਬਰ 2012 ਵਿੱਚ ਗੋਲੀ ਮਾਰ ਦਿੱਤੀ ਸੀ। ਉਸ ਵੇਲੇ ਉਹ ਬੱਚ ਤਾਂ ਗਈ ਪਰ ਇਲਾਜ ਲਈ ਉਸ ਨੂੰ ਲੰਡਨ ਜਾਣਾ ਪਿਆ।

ਇਲਾਜ ਤੋਂ ਬਾਅਦ ਪੜ੍ਹਾਈ ਲਈ ਉਹ ਲੰਡਨ ਵਿੱਚ ਹੀ ਰਹਿਣ ਲੱਗੀ, ਇਸ ਦੌਰਾਨ ਉਨ੍ਹਾਂ ਨੂੰ ਸ਼ਾਂਤੀ ਨੋਬੇਲ ਪੁਰਸਕਾਰ ਵੀ ਦਿੱਤਾ ਗਿਆ।

ਇਹ ਪੁਰਸਕਾਰ ਹਾਸਿਲ ਕਰਨ ਵਾਲੀ ਨਾ ਕੇਵਲ ਉਹ ਪਹਿਲੀ ਪਾਕਿਸਤਾਨੀ ਨਾਗਰਿਕ ਹੈ, ਬਲਕਿ ਦੁਨੀਆਂ ਦੀ ਸਭ ਤੋਂ ਘੱਟ ਉਮਰ ਵਾਲੀ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਵੀ ਹੈ।

'ਵੈਲਕਮ ਹੋਮ ਮਲਾਲਾ'

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਨੇ ਮਲਾਲਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ। ਅਖ਼ਬਾਰ 'ਐਕਸਪ੍ਰੈਸ' ਨੇ ਸੁਰਖ਼ੀ ਲਾਈ, "ਵੈਲਕਮ ਹੋਮ, ਦੁਨੀਆਂ ਨੇ ਇੱਜ਼ਤ ਦਿੱਤੀ, ਅਸੀਂ ਵੀ ਦਵਾਂਗੇ: ਪ੍ਰਧਾਨ ਮੰਤਰੀ।"

ਅਖ਼ਬਾਰ ਮੁਤਾਬਕ ਪੀਐੱਮ ਅੱਬਾਸੀ ਨੇ ਮਲਾਲਾ ਦੀ ਤਾਰੀਫ਼ ਕਰਦੇ ਹੋਏ ਕਿਹਾ, "ਮਲਾਲਾ ਦੁਨੀਆਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰਦੀ ਹੈ। ਕੁੜੀਆਂ ਦੀ ਸਿੱਖਿਆ ਲਈ ਮਲਾਲਾ ਦੇ ਕੰਮਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਮਲਾਲਾ ਦੇ ਮਿਸ਼ਨ ਦੀ ਸਫਲਤਾ ਲਈ ਸਾਡਾ ਸਹਿਯੋਗ ਜਾਰੀ ਰਹੇਗਾ।"

ਅਖ਼ਬਾਰ 'ਜੰਗ' ਨੇ ਮਲਾਲਾ ਦੇ ਬਿਆਨ ਨੂੰ ਸੁਰਖ਼ੀ ਬਣਾਉਂਦਿਆ ਲਿਖਿਆ ਹੈ, "ਵੱਸ 'ਚ ਹੁੰਦਾ ਤਾਂ ਮੁਲਕ ਨਾ ਛੱਡਦੀ, ਮਲਾਲਾ ਭਾਵੁਕ ਹੋ ਗਈ।"

ਅਖ਼ਬਾਰ ਮੁਤਾਬਕ ਪ੍ਰਧਾਨ ਮੰਤਰੀ ਦੇ ਆਵਾਸ 'ਤੇ ਪ੍ਰਬੰਧਤ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਮਲਾਲਾ ਨੇ ਕਿਹਾ, "ਸਿੱਖਿਆ, ਸੇਹਤ ਅਤੇ ਰੁਜ਼ਗਾਰ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ਚਾਹੁੰਦੀ ਹਾਂ ਕਿ ਪਾਕਿਸਤਾਨ 'ਚ ਔਰਤਾਂ ਨੂੰ ਸਾਰੇ ਹੱਕ ਮਿਲਣ।"

ਕਸ਼ਮੀਰ ਸਮੱਸਿਆ ਦਾ ਹੱਲ ਗੱਲਬਾਤ

ਮਲਾਲਾ ਨੇ 'ਜਿਓ' ਟੀਵੀ ਨੂੰ ਇੱਕ ਇੰਟਰਵਿਊ ਵੀ ਦਿੱਤਾ। ਅਖ਼ਬਾਰ 'ਜੰਗ' ਮੁਤਾਬਕ ਇਸ ਇੰਟਰਵਿਊ 'ਚ ਉਨ੍ਹਾਂ ਨੇ ਕਸ਼ਮੀਰ ਸਮੱਸਿਆ ਸਣੇ ਪਾਕਿਸਤਾਨ ਅਤੇ ਦੁਨੀਆਂ ਦੇ ਕਈ ਮਸਲਿਆਂ 'ਤੇ ਗੱਲਬਾਤ ਕੀਤੀ।

ਅਖ਼ਬਾਰ ਅਨੁਸਾਰ ਕਸ਼ਮੀਰ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਮਲਾਲਾ ਦਾ ਕਹਿਣਾ ਸੀ, "ਕਸ਼ਮੀਰੀਆਂ ਦਾ ਫੈਸਲਾ ਹੋਵੇਗਾ ਕਿ ਉਹ ਆਜ਼ਾਦੀ ਚਾਹੁੰਦੇ ਹਨ, ਭਾਕਤ ਨਾਲ ਰਹਿਣਾ ਚਾਹੁੰਦੇ ਹਨ ਜਾਂ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੁੰਦੇ ਹਨ। ਉਸ ਵਿੱਚ ਕਿਸੇ ਦੇਸ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ। ਕਸ਼ਮੀਰੀ ਬੱਚਿਆਂ ਦੀ ਸੁਰੱਖਿਆ ਅਤ ਸਕੂਲ ਜਾਣਾ ਉਨ੍ਹਾਂ ਦਾ ਅਧਿਕਾਰ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਕਸ਼ਮੀਰੀਆਂ ਨੇ ਅਜੇ ਤੱਕ ਸ਼ਾਂਤੀ ਨਹੀਂ ਵੇਖੀ ਅਤੇ ਉਨ੍ਹਾਂ ਨੂੰ ਸ਼ਾਂਤੀ ਦੇਣੀ ਚਾਹੀਦੀ ਹੈ। ਮਲਾਲਾ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਅਪੀਲ ਕਰਨਗੇ ਕਿ ਕਸ਼ਮੀਰ ਸਮੱਸਿਆ ਦਾ ਹੱਲ ਗੱਲਬਾਤ ਨਾਲ ਕੱਢਿਆ ਜਾਵੇ।

ਮਲਾਲਾ ਦੇ ਪਾਕਿਸਤਾਨ ਵਾਪਸ ਆਉਣ 'ਤੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ।

ਪਾਕਿਸਤਾਨ ਦੇ ਅਖ਼ਬਾਰਾਂ 'ਚ ਵੀ ਉਨ੍ਹਾਂ ਨੂੰ ਇੰਨੀ ਥਾਂ ਨਹੀਂ ਮਿਲੀ, ਜਿੰਨ੍ਹਾਂ ਕਿ ਆਸ ਕੀਤੀ ਜਾ ਰਹੀ ਸੀ ਅਤੇ ਸੋਸ਼ਲ ਮੀਡੀਆ 'ਤੇ ਤਾਂ ਕਈ ਲੋਕ ਉਨ੍ਹਾਂ ਦੇ ਖ਼ਿਲਾਫ਼ ਇੱਕ ਤਰ੍ਹਾਂ ਦੀ ਮੁਹਿੰਮ ਚਲਾ ਰਹੇ ਹਨ।

'ਜਿਓ' ਟੀਵੀ ਦੇ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ, "ਮੇਰੇ ਪੱਖ 'ਚ ਹੋਣ ਜਾਂ ਵਿਰੋਧ 'ਚ, ਮੈਂ ਖ਼ਬਰਾਂ ਨਹੀਂ ਦੇਖਦੀ।"

ਪੜ੍ਹੇ ਲਿਖੇ ਸਮਝਦਾਰ ਲੋਕਾਂ ਵੱਲੋਂ ਵਿਰੋਧ ਹੁੰਦਾ ਹੈ ਤਾਂ ਹੈਰਾਨੀ ਹੁੰਦੀ ਹੈ। ਪਰ ਜੇਕਰ ਕਿਸੇ ਨੂੰ ਸਚਮੁੱਚ ਕੋਈ ਪਰੇਸ਼ਾਨੀ ਹੈ ਤਾਂ ਮੈਂ ਕੁਝ ਨਹੀਂ ਕਰ ਸਕਦੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)