ਕਿਉਂ ਮਨਾਇਆ ਜਾਂਦਾ ਹੈ 'ਅਪ੍ਰੈਲ ਫੂਲ ਡੇਅ'

ਪਹਿਲੀ ਅਪ੍ਰੈਲ

ਪਹਿਲੀ ਅਪ੍ਰੈਲ ਨੂੰ ਲੋਕ ਇੱਕ ਦੂਸਰੇ ਦਾ ਮਜ਼ਾਕ ਬਣਾਉਂਦੇ ਹਨ ਤੇ ਇਸ ਦਿਨ ਨੂੰ ਅਪ੍ਰੈਲ-ਫੂਲ ਡੇ ਜਾਂ ਬੇਵਕੂਫਾਂ ਦਾ ਦਿਨ ਕਿਹਾ ਜਾਂਦਾ ਹੈ।

ਇੰਗਸਲੈਂਡ ਵਿੱਚ ਇਹ 19ਵੀਂ ਸਦੀ ਤੋਂ ਮਨਾਇਆ ਜਾ ਰਿਹਾ ਹੈ। ਬ੍ਰਿਸਟਲ ਯੂਨੀਵਰਸਿਟੀ ਦੇ ਇਤਿਹਾਸਕਾਰ ਐਂਡਰੀਆ ਲਿਵੇਸੀ ਨੇ ਅਪ੍ਰੈਲ ਫੂਲ ਦਿਹਾੜੇ ਬਾਰੇ ਬੀਬੀਸੀ ਨੂੰ ਦੱਸਿਆ।

ਇਸ ਦਿਨ ਬੱਚਿਆਂ ਨੂੰ ਵਧੇਰੇ ਬੇਵਕੂਫ਼ ਬਣਾਇਆ ਜਾਂਦਾ ਹੈ।

ਇਹ ਵੀ ਪੜ੍ਹੋ:

ਅਪ੍ਰੈਲ ਫੂਲ ਦਿਹਾੜਾ ਆਖ਼ਰ ਮਨਾਇਆ ਕਿਉਂ ਜਾਂਦਾ ਹੈ?

ਐਂਡਰੀਆ ਨੇ ਦੱਸਿਆ ਕਿ ਇਸ ਦਿਨ ਦੀ ਸ਼ੁਰੂਆਤ ਬਾਰੇ ਕੋਈ ਇੱਕ ਰਾਇ ਨਹੀਂ ਹੈ। ਉਨ੍ਹਾਂ ਕਿਹਾ, "ਹੈਰਾਨੀਜਨਕ ਰੂਪ ਵਿੱਚ ਅਪ੍ਰੈਲ ਫੂਲ ਡੇ ਦੀ ਸ਼ੁਰੂਆਤ ਕਿੱਥੋਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਕਈ ਰਾਇ ਹਨ।" ਆਓ ਇਨ੍ਹਾਂ ਵਿਚਾਰਾਂ ’ਤੇ ਇੱਕ-ਇੱਕ ਕਰਕੇ ਜਾਣਦੇ ਹਾਂ।

ਪਹਿਲਾ ਸਿਧਾਂਤ

ਕਈ ਲੋਕਾਂ ਦਾ ਮੰਨਣਾ ਹੈ ਕਿ 14ਵੀਂ ਸਦੀ ਵਿੱਚ ਅੰਗਰੇਜ਼ੀ ਕਵੀ ਜਿਇਓਫੀ ਚੌਸਰ ਨੇ ਇੱਕ ਕਹਾਣੀ ਸੁਣਾਈ ਸੀ। ਇਸ ਕਹਾਣੀ ਵਿੱਚ ਇੱਕ ਲੂੰਮੜੀ ਮੁਰਗੇ ਨਾਲ ਸ਼ਰਾਰਤ ਕਰਦੀ ਹੈ। ਕਿਹਾ ਜਾਂਦਾ ਹੈ ਇੱਥੋਂ ਹੀ ਅਪ੍ਰੈਲ ਫੂਲ ਦਿਹਾੜਾ ਸ਼ੁਰੂ ਹੋਇਆ।

ਹਾਲਾਂਕਿ ਕਵੀ ਨੇ ਸਿੱਧੇ ਪਹਿਲੀ ਅਪ੍ਰੈਲ ਦਾ ਜ਼ਿਕਰ ਨਹੀਂ ਕੀਤਾ। ਉਸ ਦੀ ਕਵਿਤਾ ਵਿੱਚ ਮਾਰਚ ਦੇ ਸ਼ੁਰੂ ਤੋਂ ਪਹਿਲੀ ਅਪ੍ਰੈਲ ਤੱਕ 32 ਦਿਨਾਂ ਦਾ ਜ਼ਿਕਰ ਹੈ।

ਕਈ ਲੋਕ ਇਸ ਕਹਾਣੀ 'ਤੇ ਭਰੋਸਾ ਨਹੀਂ ਕਰਦੇ ਅਤੇ ਉਨ੍ਹਾਂ ਮੁਤਾਬਕ ਕਵੀ ਨੇ ਮਜ਼ਾਕ ਵਿੱਚ ਗੋਲ - ਮੋਲ ਸ਼ਬਦਾਂ ਦੀ ਵਰਤੋਂ ਕੀਤੀ ਹੈ।

ਦੂਜਾ ਸਿਧਾਂਤ

ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਰਵਾਇਤ ਕਲੈਂਡਰ ਦੀਆਂ ਘਟਨਾਵਾਂ ਕਾਰਨ ਸ਼ੁਰੂ ਹੋਈ ਸੀ।

ਇਸ ਵਿੱਚ ਰੋਮਨ ਕਾਲ ਦੇ ਤਿਉਹਾਰਾਂ ਨੂੰ ਯਾਦ ਕੀਤਾ ਜਾਂਦਾ ਹੈ। ਇਹ ਨਵੇਂ ਸਾਲ ਦੇ ਸਮਾਗਮ ਦੇ ਨਾਲ ਹੀ ਸ਼ੁਰੂ ਹੋ ਜਾਂਦੇ ਹਨ।

ਮਾਰਚ ਵਿੱਚ ਬਸੰਤ ਹੁੰਦਾ ਹੈ ਇਸ ਲਈ ਲੋਕਾਂ ਨੂੰ ਲਗਦਾ ਹੈ ਕਿ ਸ਼ਰਾਰਤ ਕਰਨ ਦੀ ਰਵਾਇਤ ਇਸੇ ਸਮੇਂ ਸ਼ੁਰੂ ਹੋਈ। ਬਸੰਤ ਦੀ ਆਮਦ ਅਤੇ ਫੁੱਲਾਂ ਲਾਉਣ ਮਗਰੋਂ ਨਵੇਂ ਸਾਲ ਦੀ ਤਿਆਰੀ ਸ਼ੁਰੂ ਹੋ ਜਾਂਦੀ ਸੀ।

ਕਲੰਡਰ ਦੀ ਦਲੀਲ ਨੂੰ ਅੱਗੇ ਵਧਾਉਂਦੇ ਹੋਏ ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਨਵੇਂ ਸਾਲ ਦਾ ਜਸ਼ਨ ਜਨਵਰੀ ਦੀ ਸ਼ੁਰੂਆਤ ਤੋਂ ਮਾਰਚ ਦੇ ਅਖ਼ੀਰ ਤੱਕ ਚਲਦਾ ਸੀ। ਜੋ ਲੋਕ ਮਾਰਚ ਤੱਕ ਨਵਾਂ ਸਾਲ ਮਨਾਉਂਦੇ ਸਨ ਉਨ੍ਹਾਂ ਨੂੰ ਬੇਵਕੂਫ਼ ਕਿਹਾ ਜਾਂਦਾ ਸੀ ਤੇ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ।

ਤੀਜਾ ਸਿਧਾਂਤ

ਐਂਡਰਿਆ ਦਾ ਕਹਿਣਾ ਹੈ, "ਫ਼ਰਾਂਸ ਅਤੇ ਹਾਲੈਂਡ ਵਿੱਚ ਪਹਿਲੀ ਅਪ੍ਰੈਲ ਦਾ ਠੋਸ ਰਿਕਾਰਡ 1500 ਦੇ ਦਹਾਕੇ ਵਿੱਚ ਮਿਲਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਉੱਤਰੀ ਯੂਰੋਪ ਦੀ ਰਵਾਇਤ ਸੀ ਜਿਹੜੀ ਇੰਗਲੈਂਡ ਤੱਕ ਪਹੁੰਚੀ। ਯੂਰੋਪ ਦੇ ਕਈ ਇਲਾਕਿਆਂ ਵਿੱਚ ਇਸ ਦਿਨ ਨੂੰ ਅਪ੍ਰੈਲ ਫਿਸ਼ ਡੇ ਵਜੋਂ ਮਨਾਇਆ ਜਾਂਦਾ ਹੈ।''

''ਅਜਿਹਾ ਇਸ ਲਈ ਹੈ ਕਿਉਂਕਿ ਫ਼ਰਾਂਸੀਸੀ ਦਰਿਆਵਾਂ ਵਿੱਚ ਇੱਕ ਅਪ੍ਰੈਲ ਦੇ ਆਲੇ-ਦੁਆਲੇ ਭਰਪੂਰ ਮੱਛੀਆਂ ਮਿਲਦੀਆਂ ਹਨ। ਮੱਛੀ ਨੂੰ ਹੀ ਬੇਵਕੂਫ਼ ਦਿਹਾੜੇ ਵਜੋਂ ਦੇਖਿਆ ਜਾਣ ਲੱਗਿਆ। ਇਸੇ ਕਰਕੇ ਪਹਿਲੀ ਅਪ੍ਰੈਲ ਪ੍ਰਸਿੱਧ ਹੋਈ।''

ਐਂਡਰਿਆ ਦਾ ਕਹਿਣਾ ਹੈ, "ਫ਼ਰਾਂਸ ਅਤੇ ਯੂਰਪ ਦੇ ਕਈ ਹੋਰ ਹਿੱਸਿਆਂ ਵਿੱਚ ਹਾਲੇ ਵੀ ਕਿਸੇ ਦੀ ਪਿੱਛੇ ਕਾਗਜ਼ੀ ਮੱਛੀ ਲਾ ਦਿੱਤੀ ਜਾਂਦੀ ਹੈ ਤੇ ਚਾਕਲੇਟ ਦੀਆਂ ਮੱਛੀਆਂ ਤੋਹਫੇ ਵਜੋਂ ਦਿੱਤੀਆਂ ਜਾਂਦੀਆਂ ਹਨ।"

ਇਸ ਪ੍ਰਕਾਰ ਹਾਲਾਂਕਿ ਸਾਨੂੰ ਇਹ ਤਾਂ ਨਹੀਂ ਪਤਾ ਕਿ ਅਪ੍ਰੈਲ ਫੂਲ ਡੇ ਕਿੱਥੋਂ ਤੇ ਕਿਵੇਂ ਸ਼ੁਰੂ ਹੋਇਆ। ਇਹ ਗੱਲ ਜ਼ਰੂਰ ਹੈ ਕਿ ਲੋਕ ਕਈ ਸਾਲਾਂ ਤੋਂ ਇਸ ਦਿਨ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਆਏ ਹਨ। ਇਸ ਲਈ ਧਿਆਨ ਨਾਲ ਕਿਤੇ ਕੋਈ ਤੁਹਾਡਾ ਮਜ਼ਾਕ ਨਾ ਬਣਾ ਜਾਵੇ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)