ਇੱਕ ਕੈਦੀ ਮਸ਼ਹੂਰ ਰੰਗਮੰਚ ਅਦਾਕਾਰ ਕਿਵੇਂ ਬਣਿਆ?

ਮਾਈਕਲ ਬਾਲੋਗਨ

ਤਸਵੀਰ ਸਰੋਤ, MOHAMED ABDIWAHAB/GettyImages

ਉਸ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਜੇਲ੍ਹ ਵਿੱਚ ਅੰਦਰ ਬਾਹਰ ਕਰਦਿਆਂ ਬਿਤਾਈ। ਫੇਰ ਮਾਈਕਲ ਬਾਲੋਗਨ ਨੇ ਫੈਸਲਾ ਲਿਆ ਕਿ ਉਹ ਦੁਨੀਆਂ ਦੇ ਸਭ ਤੋਂ ਨਾਮੀ ਡਰਾਮਾ ਸਕੂਲ ਵਿੱਚ ਅਦਾਕਾਰੀ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ। ਕੀ ਇਹ ਅਸੰਭਵ ਦਿਸਣ ਵਾਲਾ ਸੁਫਨਾ ਹੀ ਉਸਦੀ ਜ਼ਿੰਦਗੀ ਬਦਲ ਸਕਦਾ ਸੀ?

ਜੇਲ੍ਹ ਦੇ ਅੰਦਰ ਬੈਠੇ ਮਾਈਕਲ ਬਾਲੋਗਨ ਨੇ ਇੱਕ ਫੈਸਲਾ ਲਿਆ। ਜੇ ਉਸਨੇ ਅੱਜ ਰਾਤ ਨਹੀਂ ਸੋਚਿਆ ਕਿ ਉਹ ਆਪਣੀ ਜ਼ਿੰਦਗੀ ਨਾਲ ਕੀ ਕਰੇਗਾ, ਤਾਂ ਉਹ ਖੁਦ ਨੂੰ ਫਾਹਾ ਲਾ ਲਵੇਗਾ।

ਬਾਲੋਗਨ ਨੇ ਅੱਖਾਂ ਬੰਦ ਕੀਤੀਆਂ ਅਤੇ ਆਪਣੀ ਹੁਣ ਤਕ ਦੀ ਜ਼ਿੰਦਗੀ ਬਾਰੇ ਸੋਚਣ ਲੱਗਿਆ। ਉਸਦਾ ਪਿਤਾ ਜਿਸਨੇ ਪਰਿਵਾਰ ਨੂੰ ਛੱਡ ਦਿੱਤਾ ਸੀ। ਉਸਦੀ ਮਾਂ ਜਿਸਨੂੰ ਨਸ਼ਾ ਤਸਕਰੀ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ।

ਉਹ ਦਿਨ ਜਦੋਂ ਉਸਨੂੰ ਅਨਾਥ ਆਸ਼ਰਮ ਭੇਜਿਆ ਗਿਆ ਅਤੇ ਜਿਸ ਦਿਨ ਉਹ ਜੁਰਮ ਨਾਲ ਜੁੜਿਆ।

ਫੇਰ ਉਸਦੇ ਮਨ ਵਿੱਚ ਖਿਆਲ ਆਇਆ, ਅਦਾਕਾਰੀ... ਉਹ ਅਦਾਕਾਰੀ ਕਰ ਸਕਦਾ ਸੀ।

ਪਿਛਲੇ ਸਾਲ ਬਾਲੋਗਨ ਨੇ ਰਾਇਲ ਅਕਾਦਮੀ ਆਫ ਡ੍ਰਮੈਟਿਕ ਆਰਟ ਤੋਂ ਬੀ.ਏ ਪਾਸ ਕੀਤੀ।

ਜਦ ਉਸਨੇ ਨਾਮੀ ਕਲਾਕਾਰਾਂ ਰੋਰੀ ਕਿਨੀਅਰ ਅਤੇ ਐਨ-ਮਾਰੀ ਡੱਫ ਨਾਲ ਮੰਚ ਸਾਂਝਾ ਕੀਤਾ ਤਾਂ ਉਸਨੇ ਖੁਦ ਨੂੰ ਕਿਹਾ, ''ਮੈਂ ਇੱਥੇ ਪਹੁੰਚ ਜਾਵਾਂਗਾ, ਸੋਚਿਆ ਨਹੀਂ ਸੀ।''

ਤਸਵੀਰ ਸਰੋਤ, MICHAEL BALOGUN

ਬਾਲੋਗਨ ਸਾਉਥ ਲੰਡਨ ਦੇ ਕੈਨਿੰਗਟਨ ਵਿੱਚ ਵੱਡਾ ਹੋਇਆ। ਉਸਨੇ ਕਿਹਾ, ''ਮੇਰੇ ਪਿਤਾ ਸਾਡੇ ਨਾਲ ਨਹੀਂ ਸਨ, ਮੇਰੀ ਮਾਂ ਬਹੁਤ ਘੁੰਮਦੀ ਸੀ। ਮੈਂ ਅਤੇ ਮੇਰੀਆਂ ਭੈਣਾਂ ਘਰ ਵਿੱਚ ਇਕੱਲੇ ਹੀ ਰਹਿੰਦੇ ਸਨ।''

ਘਰ ਵਿੱਚ ਲੋਕ ਆਂਦੇ ਜਾਂਦੇ ਰਹਿੰਦੇ ਸਨ। ਬਾਲੋਗਨ ਨੂੰ ਯਾਦ ਹੈ ਕਿ ਕਿਵੇਂ ਇੱਕ ਦਿਨ ਉਸਦੀ ਮਾਂ ਦੋ ਮਰਦਾਂ ਨਾਲ ਬਹਿਸ ਕਰ ਰਹੀ ਸੀ। ਦੋਹਾਂ ਵਿੱਚੋਂ ਇੱਕ ਦੇ ਕੋਲ ਬਾਲੋਗਨ ਨੇ ਬੰਦੂਕ ਵੇਖੀ ਸੀ।

ਸੱਤ ਜਾਂ ਅੱਠ ਸਾਲਾਂ ਦੀ ਉਮਰ ਵਿੱਚ ਉਸਦੀ ਜ਼ਿੰਦਗੀ ਦਾ ਸਭ ਤੋਂ ਦੁਖਦ ਸਮਾਂ ਸ਼ੁਰੂ ਹੋਇਆ ਜਦ ਉਸਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਸਨੇ ਕਿਹਾ, ''ਮਾਂ ਤੋਂ ਬਿਹਤਰ ਬੱਚੇ ਦਾ ਖਿਆਲ ਕੋਈ ਨਹੀਂ ਰੱਖ ਸਕਦਾ। ਮੇਰੇ ਲਈ ਇਹ ਦੁਨੀਆਂ ਦਾ ਅੰਤ ਸੀ।''

ਬਾਲੋਗਨ ਦੀ ਮਾਂ ਨੂੰ 15 ਸਾਲ ਦੀ ਕੈਦ ਹੋਈ। ਬਾਲੋਗਨ ਮੁਤਾਬਕ ਉਸ ਨੂੰ ਅਤੇ ਉਸ ਦੀਆਂ ਭੈਣਾਂ ਨੂੰ ਇਸ ਦੀ ਆਦਤ ਸੀ। ਉਸ ਦੀ ਵੱਡੀ ਭੈਣ ਨੇ ਘਰ ਸਾਂਭ ਲਿਆ। ਬਾਲੋਗਨ ਨੇ ਕਿਹਾ, ''ਅਸੀਂ ਇਹੀ ਸੋਚ ਲਿਆ ਕਿ ਮਾਂ ਛੁੱਟੀ ਮਣਾਉਣ ਲਈ ਗਈ ਹੋਈ ਹੈ।''

ਇੱਕ ਜਾਂ ਦੋ ਸਾਲ ਬਾਅਦ ਇੱਕ ਦਿਨ ਬਾਲੋਗਨ ਸਕੂਲ ਵਿੱਚ ਬਿਮਾਰ ਹੋ ਗਿਆ।

ਉਸਨੇ ਦੱਸਿਆ, ''ਮੇਰੇ ਅਧਿਆਪਕ ਕਹਿਣ ਲੱਗੇ ਕਿ ਤੁਹਾਡੀ ਮਾਂ ਨੂੰ ਬੁਲਾਉਂਦੇ ਹਾਂ। ਮੈਂ ਕਿਹਾ, ਕਿ ਨਹੀਂ ਨਹੀਂ, ਮੈਂ ਠੀਕ ਹਾਂ।''

ਜੁਰਮ ਨਾਲ ਕਿਵੇਂ ਅਤੇ ਕਦੋਂ ਜੁੜਿਆ?

ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਸਦੀ ਮਾਂ ਜੇਲ੍ਹ ਵਿੱਚ ਸੀ। ਸੋਸ਼ਲ ਸੇਵਾਵਾਂ ਨੂੰ ਦੱਸਿਆ ਗਿਆ।

ਉਸਨੂੰ ਅਤੇ ਉਸਦੀਆਂ ਭੈਣਾਂ ਨੂੰ ਅਨਾਥ ਆਸ਼ਰਮ ਭੇਜਿਆ ਗਿਆ ਅਤੇ ਬਾਅਦ 'ਚ ਉਹ ਆਪਣੇ ਇੱਕ ਰਿਸ਼ਤੇਦਾਰ ਕੋਲ ਰਹਿਣ ਲਈ ਚਲੇ ਗਏ।

ਇਹ ਸਮਾਂ ਸੀ ਜਦ ਬਾਲੋਗਨ ਵਿਗੜਣ ਲੱਗਾ।

ਸੈਨਸਬਰੀ ਵਿੱਚ ਉਸਨੇ ਪਹਿਲੀ ਵਾਰ ਡੋਨੱਟਸ ਚੋਰੀ ਕੀਤੇ। ਉਸਨੇ ਕਿਹਾ, ''ਕਦੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਸਨ ਅਤੇ ਮੈਨੂੰ ਭੁੱਖ ਲੱਗੀ ਹੁੰਦੀ ਸੀ।''

ਸੈਕੰਡਰੀ ਸਕੂਲ ਵਿੱਚ ਆਂਦੇ ਆਂਦੇ ਉਹ ਸਾਊਥ ਲੰਡਨ ਦੇ ਹੋਰ ਬੱਚਿਆਂ ਨਾਲ ਰਹਿਣ ਲੱਗ ਪਿਆ ਸੀ ਜੋ ਖੁਦ ਵੀ ਮੁਸ਼ਕਲ ਹਾਲਾਤਾਂ ਤੋਂ ਆਏ ਸਨ।

ਉਸਨੇ ਕਿਹਾ, ''ਮੈਂ ਚੋਰੀ ਨਾਲ ਸ਼ੁਰੂ ਕੀਤਾ, ਫਿਰ ਲੋਕਾਂ ਨੂੰ ਸੜਕਾਂ 'ਤੇ ਲੁੱਟਣ ਲੱਗਾ, ਬੈਗ ਚੋਰੀ ਕੀਤੇ।''

ਤਸਵੀਰ ਸਰੋਤ, BRINKHOFF-MOEGENBURG

ਤਸਵੀਰ ਕੈਪਸ਼ਨ,

ਨਾਟਕ 'ਮੈਕਬੈਥट ਵਿੱਚ ਅਦਾਕਾਰੀ ਕਰਦੇ ਮਾਈਕਲ ਬਾਲੋਗਨ

ਫੇਰ ਉਸਨੇ ਸਕੂਲ ਵਿੱਚ ਨਸ਼ਾ ਵੇਚਣਾ ਸ਼ੁਰੂ ਕੀਤਾ। 16 ਜਾਂ 17 ਸਾਲ ਦੀ ਉਮਰ ਵਿੱਚ ਉਹ ਹੈਰੋਇਨ ਅਤੇ ਕੋਕੇਨ ਵੇਚ ਰਿਹਾ ਸੀ।

ਉਸਨੂੰ ਪਹਿਲੀ ਵਾਰ ਹੈਰੋਇਨ ਰੱਖਣ ਲਈ ਸਾਡੇ ਤਿੰਨ ਸਾਲਾਂ ਦੀ ਜੇਲ੍ਹ ਹੋਈ। ਉਹ ਘਟਨਾ ਬੇਹਦ ਦੁਖਦ ਸੀ।

ਉਸਨੇ ਕਿਹਾ, ''ਪਹਿਲੀ ਰਾਤ ਜਦ ਤੁਹਾਡੇ ਜੇਲ੍ਹ ਦਾ ਬੂਹਾ ਬੰਦ ਕਰਦੇ ਹਨ, ਤੁਸੀਂ ਸੋਚਦੇ ਹੋ ਕਿ ਹੁਣ ਸਜ਼ਾ ਖਤਮ ਹੋਣ ਤੱਕ ਇੱਥੇ ਹੀ ਰਹਿਣਾ ਹੈ। ਫੇਰ ਤੁਸੀਂ ਸੱਚ ਦੇ ਰੂਬਰੂ ਹੁੰਦੇ ਹੋ।''

ਤਸਵੀਰ ਸਰੋਤ, SIMON ANNAND

ਜੇਲ੍ਹ ''ਜੁਰਮ ਦੀ ਯੂਨੀਵਰਸਿਟੀ'' ਸੀ। ਜੇਲ੍ਹ ਤੋਂ ਛੁੱਟਣ ਦੇ ਕੁਝ ਸਮੇਂ ਬਾਅਦ ਹੀ ਉਸਨੂੰ ਫੇਰ ਜੇਲ੍ਹ ਹੋ ਗਈ।

ਦੂਜੀ ਵਾਰ ਜੇਲ੍ਹ ਤੋਂ ਛੁੱਟਣ ਬਾਅਦ ਬਾਲੋਗਨ ਨੇ ਸਹੀ ਰਾਹ ਚੁਣਨ ਦਾ ਫੈਸਲਾ ਲਿਆ।

ਉਸਨੇ ਇੱਕ ਬੈਂਕ ਵਿੱਚ ਨੌਕਰੀ ਲਈ ਅਰਜ਼ੀ ਦਿੱਤੀ ਅਤੇ ਇੰਟਰਵਿਊ ਦੌਰਾਨ ਕਿਹਾ ਕਿ ਚੀਜ਼ਾਂ ਵੇਚਣ ਵਿੱਚ ਉਸਦਾ ਕਮਾਲ ਦਾ ਤਜੁਰਬਾ ਹੈ। ਇਹ ਨਹੀਂ ਦੱਸਿਆ ਕਿ ਉਹ ਕਿਹੜੀਆਂ ਚੀਜ਼ਾਂ ਹਨ।

ਉਸਦੇ ਕਾਨਫੀਡੈਂਸ ਤੋਂ ਪ੍ਰਭਾਵਿਤ ਹੋਕੇ ਉਸਨੂੰ ਨੌਕਰੀ ਦੇ ਦਿੱਤੀ ਗਈ। ਉਸਨੇ ਬੈਂਕ ਵਿੱਚ ਬਹੁਤ ਵਧੀਆ ਕੰਮ ਕੀਤਾ।

ਤੀਜੀ ਵਾਰ ਜੇਲ੍ਹ

ਬਾਲੋਗਨ ਦੀ ਮਿਹਨਤ ਸਦਕਾ ਬੈਂਕ ਵਧੀਆ ਕਰਨ ਲੱਗਿਆ ਅਤੇ ਛੇਤੀ ਹੀ ਆਪਣੇ ਇਲਾਕੇ ਦਾ ਨੰਬਰ ਵਾਨ ਬੈਂਕ ਬਣ ਗਿਆ।

ਇਹ ਵੇਖਦੇ ਹੋਏ ਉਸਨੂੰ ਬੈਂਕ ਦੀ ਦੂਜੀ ਬਰਾਂਚ 'ਚੋਂ ਪ੍ਰਮੋਸ਼ਨ ਦਾ ਆਫਰ ਵੀ ਆਇਆ।

ਫੇਰ ਇੱਕ ਦਿਨ ਉਨ੍ਹਾਂ ਮਾਈਕਲ ਨੂੰ ਸੱਦਿਆ।

ਉਸਨੇ ਦੱਸਿਆ, ''ਉਨ੍ਹਾਂ ਮੈਨੂੰ ਪੁੱਛਿਆ ਕਿ ਮੈਂ ਇਸ ਸਮੇਂ ਦੇ ਵਿੱਚਕਾਰ ਕੀ ਕਰ ਰਿਹਾ ਸੀ? ਇਹ ਉਹੀ ਸਮਾਂ ਸੀ ਜਦ ਮੈਂ ਜੇਲ੍ਹ ਵਿੱਚ ਸੀ। ਉਨ੍ਹਾਂ ਨੂੰ ਮੇਰੀ ਸੱਚਾਈ ਦਾ ਪਤਾ ਲੱਗ ਗਿਆ ਸੀ।''

ਬਾਲੋਗਨ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ। ਇਸ ਨਾਲ ਨੌਕਰੀ ਕਰਨ ਦਾ ਉਸਦਾ ਹੌਸਲਾ ਟੁੱਟ ਗਿਆ।

ਉਸਨੇ ਕਿਹਾ, ''ਮੈਂ ਉਹੀ ਕਰਨ ਦਾ ਫੈਸਲਾ ਲਿਆ ਜੋ ਮੈਂ ਸਭ ਤੋਂ ਵਧੀਆ ਕਰਦਾ ਸੀ। ਮੈਂ ਮੁੜ ਤੋਂ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ।''

ਇੱਕ ਰਾਤ ਕਲੱਬ ਵਿੱਚ ਉਸਦੀ ਕਿਸੇ ਨਾਲ ਬਹਿਸ ਹੋ ਗਈ। ਕਿਸੇ ਹੋਰ ਨੇ ਬਾਲੋਗਨ ਨੂੰ ਬੰਦੂਕ ਵਿਖਾਈ ਅਤੇ ਇਸਨੇ ਵੀ ਉਹੀ ਕੀਤਾ।

ਬਾਲੋਗਨ ਨੇ ਦੱਸਿਆ, ''ਸ਼ੂਟਆਊਟ ਦੀ ਸਥਿਤੀ ਪੈਦਾ ਹੋ ਗਈ। ਮੈਂ ਕਿਸੇ ਨੂੰ ਮਾਰਣ ਦੀ ਕੋਸ਼ਿਸ਼ ਕੀਤੀ।''

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਐਚਐਮਪੀ ਬਲਾਨਟਾਇਰ ਹਾਊਜ਼

34 ਸਾਲ ਦੇ ਬਾਲੋਗਨ ਨੂੰ ਅੱਜ ਵਿਸ਼ਵਾਸ ਨਹੀਂ ਹੁੰਦਾ ਕਿ ਉਹ ਅਜਿਹਾ ਵੀ ਕਰ ਸਕਦੇ ਸਨ।

ਉਨ੍ਹਾਂ ਕਿਹਾ, ''ਉਸ ਵੇਲੇ ਵੀ ਮੈਂ ਜਾਣਦਾ ਸੀ ਕਿ ਮੈਂ ਗਲਤ ਕਰ ਰਿਹਾ ਹਾਂ। ਮੈਂ ਆਪਣੀ ਗਲਤੀ ਹਮੇਸ਼ਾ ਆਪਣੇ ਮਾੜੇ ਪਿਛੋਕੜ ਦੇ ਸਰ ਮੜ੍ਹ ਦਿੱਤੀ। ਪਰ ਹੁਣ ਮੈਨੂੰ ਪਛਤਾਵਾ ਹੈ।''

ਇਸ ਸ਼ੂਟਆਊਟ ਵਿੱਚ ਸ਼ਾਮਲ ਹੋਣ ਲਈ ਬਾਲੋਗਨ ਨੂੰ 9 ਸਾਲਾਂ ਦੀ ਕੈਦ ਹੋਈ।

ਫਿਰ ਬਾਲੋਗਨ ਨੇ ਇੱਕ ਦਿਨ ਆਪਣੀ ਜ਼ਿੰਦਗੀ ਬਦਲਣ ਦਾ ਫੈਸਲਾ ਲਿਆ। ਉਸਨੇ ਸੋਚਿਆ ਕਿ ਉਹ ਸ਼ੈੱਫ ਬਣੇਗਾ।

ਜੇਲ੍ਹ ਦੇ ਇੱਕ ਸਾਥੀ ਨੇ ਉਸਨੂੰ ਜੇਲ੍ਹ ਦੇ ਅੰਦਰ ਹੀ ਇੱਕ ਚੈਰੀਟੀ ਰੈਸਟੌਰੰਟ ਵਿੱਚ ਟ੍ਰੇਨਿੰਗ ਕਰਨ ਦੀ ਸੁਲਾਹ ਦਿੱਤੀ।

ਬਾਲੋਗਨ ਦੀ ਸਜ਼ਾ ਮੁੱਕਣ ਤੋਂ ਕੁਝ ਦਿਨ ਪਹਿਲਾਂ ਉਸਨੂੰ ਕੰਮ ਕਰਨ ਦੀ ਇਜਾਜ਼ਤ ਮਿਲ ਗਈ।

ਉਸਨੂੰ ਡਰਾਮਾ ਸਕੂਲ ਰਾਡਾ ਦੀ ਕੰਟੀਨ ਵਿੱਚ ਨੌਕਰੀ ਮਿਲੀ ਸੀ। ਬਾਲੋਗਨ ਬੇਹੱਦ ਖੁਸ਼ ਸੀ। ਇਸ ਨਾਲ ਉਹ ਪੈਸੇ ਵੀ ਕਮਾ ਸਕਦਾ ਸੀ ਅਤੇ ਆਪਣੇ ਹੁਨਰ ਨੂੰ ਵੀ ਚਮਕਾ ਸਕਦਾ ਸੀ।

ਉਸਨੇ ਦੱਸਿਆ, ''ਮੈਂ ਸੋਚਿਆ ਕਿ ਖੂਬਸੂਰਤ ਔਰਤਾਂ ਵੀ ਉੱਥੇ ਵੇਖਣ ਨੂੰ ਮਿਲਣਗੀਆਂ। ਇੰਨੇ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ, ਇਹ ਸੁਭਾਵਿਕ ਸੀ।''

ਡਰਾਮਾ ਸਕੂਲ ਵਿੱਚ ਸ਼ੈੱਫ ਦੀ ਨੌਕਰੀ

ਡਰਾਮਾ ਸਕੂਲ ਰਾਡਾ ਵਿੱਚ ਉਸਦਾ ਸ਼ੁਰੂਆਤੀ ਸਮਾਂ ਚੰਗਾ ਨਹੀਂ ਗਿਆ। ਉਸਨੂੰ ਦੱਸਿਆ ਗਿਆ ਕਿ ਉਹ ਸਬਜ਼ੀਆਂ ਬਹੁਤ ਹੌਲੀ ਕੱਟਦਾ ਸੀ।

ਇਸ ਲਈ ਬਾਰ 'ਤੇ ਉਸਦੀ ਡਿਊਟੀ ਲਗਾ ਦਿੱਤੀ ਗਈ।

ਉਸਨੇ ਕਿਹਾ, ''ਮੈਂ ਉੱਥੇ ਬਾਰ ਵਿੱਚ ਕੰਮ ਕਰਨ ਲਈ ਨਹੀਂ ਗਿਆ ਸੀ, ਮੈਂ ਖਾਣਾ ਬਣਾਉਣਾ ਸਿੱਖਣਾ ਚਾਹੁੰਦਾ ਸੀ। ਮੈਂ ਸ਼ੈੱਫ ਬਣ ਕੇ ਆਪਣਾ ਖੁਦ ਦਾ ਰੈਸਟੌਰੰਟ ਖੋਲਣਾ ਚਾਹੁੰਦਾ ਸੀ।''

ਇੱਕ ਦਿਨ ਮੈਨੇਜਰ ਨੇ ਉਸਨੂੰ ਰਾਡਾ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਨਾਟਕ ਨੂੰ ਵੇਖਣ ਦਾ ਸੱਦਾ ਦਿੱਤਾ।

ਉਹ ਰਾਜ਼ੀ ਹੋ ਗਿਆ। ਨਾਟਕ ਦਾ ਨਾਂ 'ਮੈਜ਼ਰ ਫਾਰ ਮੈਜ਼ਰ' ਸੀ।

ਉਸਨੇ ਕਿਹਾ, ''ਜਦ ਵੀ ਮੈਂ ਸ਼ੇਕਸਪੀਅਰ ਬਾਰੇ ਸੋਚਦਾ ਸੀ ਤਾਂ ਮੇਰੇ ਦਿਮਾਗ ਵਿੱਚ ਪੁਰਾਣੇ ਕਪੜਿਆਂ ਵਿੱਚ ਲੋਕ ਆਂਦੇ ਸਨ। ਪਰ ਇੱਥੇ ਲੋਕ ਨਿਊ ਯੌਰਕ ਐਕਸੰਟ ਵਿੱਚ ਗੱਲਾਂ ਕਰ ਰਹੇ ਸਨ ਅਤੇ ਮੌਡਰਨ ਅਦਾਕਾਰੀ ਕਰ ਰਹੇ ਸਨ।''

ਤਸਵੀਰ ਸਰੋਤ, BRINKHOFF-MOEGENBURG

ਫਿਲਿਪ ਰਿਡਲੇ ਦੇ ਇੱਕ ਕੌਨਟਰੋਵਰਸ਼ਿਅਲ ਨਾਟਕ ਨੇ ਵੀ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਉਹ ਉਸ ਰਾਤ ਜੇਲ੍ਹ ਗਿਆ ਅਤੇ ਆਪਣੇ ਸਾਥੀ ਨੂੰ ਨਾਟਕ ਦਾ ਇੱਕ ਇੱਕ ਸੀਨ ਦੱਸਿਆ।

ਉਸਦੇ ਸਾਥੀ ਮਾਰਵਿਨ ਨੂੰ ਬਾਲੋਗਨ ਦਾ ਅੰਦਾਜ਼ ਖੂਬ ਪਸੰਦ ਆਇਆ। ਮਾਰਵਿਨ ਨੇ ਕਿਹਾ, ''ਤੂੰਹ ਅਦਾਕਾਰ ਬਣ ਸਕਦਾ ਹੈ। ਕਹਾਣੀਆਂ ਦੱਸਣ ਦਾ ਤੇਰਾ ਤਰੀਕਾ ਬਹੁਤ ਸ਼ਾਨਦਾਰ ਹੈ।''

ਬਾਲੋਗਨ ਹਾਲਾਂਕਿ ਸਹਿਮਤ ਨਹੀਂ ਸੀ।

ਜੇਲ੍ਹ ਵਿੱਚ ਮੋਬਾਈਲ ਫੋਨ ਲੈ ਕੇ ਜਾਣ ਦੀ ਮਨਾਹੀ ਸੀ। ਬਾਲੋਗਨ ਨੇ ਕਿਹਾ, ''ਮੈਂ ਕੁਝ ਦੋਸਤਾਂ ਨਾਲ ਗੱਲ ਕਰਨਾ ਚਾਹੁੰਦਾ ਸੀ। ਇੱਕ ਦਿਨ ਰਾਡਾ ਤੋਂ ਵਾਪਸ ਆਉਂਦੇ ਹੋਏ ਉਹ ਆਪਣੇ ਲੌਕਰ ਵਿੱਚ ਫੋਨ ਲੈ ਕੇ ਆ ਗਿਆ। ਉਹ ਫੜਿਆ ਗਿਆ ਅਤੇ ਉਸਨੂੰ ਦਿੱਤੇ ਸਾਰੇ ਹੱਕ ਵਾਪਸ ਲੈ ਲਏ ਗਏ।''

ਰਾਡਾ ਜਾਣਾ ਵੀ ਬੰਦ ਹੋ ਗਿਆ। ਉਸਨੂੰ ਰਵਾਇਤੀ ਜੇਲ੍ਹ ਵਿੱਚ ਪਾ ਦਿੱਤਾ ਗਿਆ।

ਉਸਨੇ ਕਿਹਾ, ''ਮੇਰੇ ਅੰਦਰ ਖੁਦ ਨੂੰ ਤਬਾਹ ਕਰਨ ਵਾਲੀ ਕੋਈ ਚੀਜ਼ ਹੈ। ਇਹ ਮੇਰੇ ਨਾਲ ਬਹੁਤ ਹੁੰਦਾ ਹੈ, ਹਮੇਸ਼ਾ ਚੀਜ਼ਾਂ ਨੂੰ ਖਰਾਬ ਕਰਨਾ।''

ਅਦਾਕਾਰੀ ਲਈ ਜਜ਼ਬਾ

ਰਵਾਇਤੀ ਜੇਲ੍ਹ ਵਿੱਚ ਆਣ ਦੇ ਦੁੱਖ ਤੋਂ ਉਭਰਨ ਲਈ ਉਹ ਇੱਕ ਖਾਸ ਤਰ੍ਹਾਂ ਦਾ ਨਸ਼ਾ ਕਰਨ ਲੱਗਾ। ਉਸਨੇ ਕਿਹਾ, ''ਉਹ ਦਿਮਾਗ ਘੁਮਾ ਦਿੰਦਾ ਹੈ, ਮੈਨੂੰ ਦਿਮਾਗੀ ਤਕਲੀਫ ਹੋਣ ਲੱਗੀ।''

ਇੱਕ ਰਾਤ ਬਾਲੋਗਨ ਨੇ ਖੁਦ ਦੀ ਜ਼ਿੰਦਗੀ ਨਾਲ ਕੁਝ ਕਰਨ ਦਾ ਫੈਸਲਾ ਲਿਆ। ਅੱਖਾਂ ਬੰਦ ਕਰਕੇ ਉਹ ਸੋਚਣ ਲੱਗਾ ਕਿ ਉਸਦੀ ਜ਼ਿੰਦਗੀ 'ਚ ਦੂਜੇ ਲੋਕ ਉਸ ਬਾਰੇ ਕੀ ਕਹਿੰਦੇ ਸਨ।

ਮਾਰਵਿਨ ਇਕੱਲਾ ਨਹੀਂ ਸੀ ਜਿਸਨੇ ਕਲਕਾਰੀ ਕਰਨ ਲਈ ਆਖਿਆ ਸੀ। ਡਰਾਮਾ ਸਕੂਲ ਦੇ ਵੀ ਕੁਝ ਸਾਥੀਆਂ ਨੇ ਉਸਨੂੰ ਇਹ ਸਲਾਹ ਦਿੱਤੀ ਸੀ।

ਛੋਟੇ ਹੁੰਦਿਆਂ ਸਕੂਲ ਵਿੱਚ ਵੀ ਉਸਦੀ ਅਧਿਆਪਕ ਨੇ ਇੱਕ ਵਾਰ ਕਿਹਾ ਸੀ ਕਿ ਉਸ ਵਿੱਚ ਅਦਾਕਾਰੀ ਦੀ ਕੁਦਰਤੀ ਦਾਤ ਹੈ।

ਉਸਨੂੰ ਲੱਗਣ ਲੱਗਾ ਕਿ ਅਦਾਕਾਰੀ ਹੀ ਜੁਰਮ ਤੋਂ ਬਚਣ ਦਾ ਰਾਹ ਸੀ।

ਉਸਨੇ ਕਿਹਾ, ''ਇਹ ਖਿਆਲ ਆਂਦੇ ਹੀ ਮੈਂ ਖੁਦ ਨੂੰ ਹਲਕਾ ਮਹਿਸੂਸ ਕੀਤਾ। ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਲਈ ਇਹੀ ਸਹੀ ਚੀਜ਼ ਹੈ।''

ਅਗਲੇ ਦਿਨ ਉਸ ਨੂੰ ਇੱਕ ਸਾਈਕੋਲੌਜਿਸਟ ਮਿਲਣ ਆਈ। ਉਸਨੇ ਉਸਨੂੰ ਅਦਾਕਾਰੀ ਵਾਲੇ ਪਲਾਨ ਬਾਰੇ ਦੱਸਿਆ।

ਉਹ ਸਾਈਕੋਲੌਜਿਸਟ ਇੱਕ ਪਾਰਟ-ਟਾਈਮ ਡਰਾਮਾ ਟੀਚਰ ਸੀ। ਉਹ ਉਸ ਦੇ ਲਈ ਹਰ ਹਫਤੇ ਪੜ੍ਹਣ ਲਈ ਨਾਟਕ ਦੀਆਂ ਕਾਪੀਆਂ ਲਿਆਉਣ ਲੱਗੀ।

ਵੀਡੀਓ ਕੈਪਸ਼ਨ,

ਕਿਉਂ ਇਸ ਮੁਲਕ ਵਿੱਚ ਔਰਤਾਂ ਸਭ ਤੋਂ ਵੱਧ ਖੁਦਕੁਸ਼ੀ ਕਰਦੀਆਂ?

ਸ਼ੁਰੂਆਤ ਵਿੱਚ ਉਸਨੂੰ ਨਾਟਕ ਸਮਝ ਨਹੀਂ ਆਉਂਦੇ ਸਨ ਪਰ ਹੌਲੀ ਹੌਲੀ ਉਸਦੀ ਦਿਲਚਸਪੀ ਵਧਣ ਲੱਗੀ। ਉਹ ਰਾਡਾ ਵਿੱਚ ਜਾਣਾ ਚਾਹੁੰਦਾ ਸੀ। ਪਰ ਇਹ ਬਹੁਤ ਔਖਾ ਸੀ।

ਹਰ ਸਾਲ 5000 'ਚੋਂ ਸਿਰਫ 28 ਲੋਕ ਲਏ ਜਾਂਦੇ ਸਨ।

ਜੇਲ੍ਹ ਤੋਂ ਛੁੱਟਣ ਤੋਂ ਬਾਅਦ ਵੀ ਉਸਦੀ ਲਗਨ ਨਹੀਂ ਟੁੱਟੀ। ਪਰ ਜੇ ਉਹ ਚੁਣਿਆ ਵੀ ਗਿਆ ਤਾਂ 28,000 ਪਾਊਂਡਜ਼ ਦੀ ਫੀਸ ਕਿਵੇਂ ਭਰੇਗਾ?

ਉਸਨੇ ਸੋਚਿਆ, ''ਮੈਂ ਮੁੜ ਤੋਂ ਨਸ਼ੇ ਵੇਚ ਕੇ ਕੁਝ ਪੈਸੇ ਬਚਾਵਾਂਗਾ।''

ਇਸ ਲਈ ਉਹ ਮੁੜ ਨਸ਼ੇ ਵੇਚਣ ਲੱਗਿਆ। ਪਰ ਇਸ ਵਾਰ ਉਹ ਨਾਲ ਨਾਲ ਚੈਰੀਟੀ ਵੱਲੋਂ ਸ਼ੁਰੂ ਕੀਤੀ ਗਈ ਨਾਟਕ ਦੀਆਂ ਕਲਾਸਾਂ ਵੀ ਲੈ ਰਿਹਾ ਸੀ।

ਇੱਕ ਵਾਰ ਫੇਰ ਉਹ ਫੜਿਆ ਗਿਆ ਅਤੇ ਮੁੜ ਜੇਲ੍ਹ ਵਿੱਚ ਸੀ। ਇਸ ਵਾਰ ਉਸ ਨੂੰ ਲੱਗਿਆ ਕਿ ਜੁਰਮ ਨੂੰ ਹਮੇਸ਼ਾ ਲਈ ਅਲਵਿਦਾ ਕਹਿਣਾ ਜ਼ਰੂਰੀ ਹੋ ਗਿਆ ਹੈ।

ਤਸਵੀਰ ਸਰੋਤ, BRINKHOFF-MOEGENBURG

ਛੇ ਮਹੀਨੇ ਬਾਅਦ ਜੇਲ੍ਹ 'ਚੋਂ ਛੁੱਟ ਕੇ ਉਸ ਨੇ ਵੱਖ ਵੱਖ ਡਰਾਮਾ ਸਕੂਲਾਂ ਵਿੱਚ ਅਪਲਾਈ ਕੀਤਾ।

ਰਾਡਾ ਵਿੱਚ ਆਡੀਸ਼ਨ ਲਈ ਉਸ ਨੇ ਹੈਨਰੀ 5 ਤੋਂ ਸੇਂਟ ਕਰਿਸਪਿੰਨਜ਼ ਡੇਅ ਸਪੀਚ ਚੁਣੀ। ਉਸਨੇ ਦੱਸਿਆ, ''ਇਹ ਇੱਕ ਭਾਵੁੱਕ ਸਪੀਚ ਸੀ, ਮੈਨੂੰ ਲੱਗਿਆ ਮੈਂ ਇਹ ਕਰ ਸਕਦਾ ਹਾਂ।''

ਆਡੀਸ਼ਨ ਤੋਂ ਕੁਝ ਸਮੇਂ ਬਾਅਦ ਉਸਨੂੰ ਰਾਡਾ ਤੋਂ ਫੋਨ ਆਇਆ। ਉਨ੍ਹਾਂ ਕਿਹਾ, ''ਅਦਾਕਾਰੀ ਵਿੱਚ ਬੀਏ ਲਈ ਤੁਹਾਡੀ ਥਾਂ ਪੱਕੀ ਹੈ।''

ਉਹ ਆਪਣੀ ਮਾਂ ਦੀ ਰਸੋਈ ਦੀ ਜ਼ਮੀਨ 'ਤੇ ਡਿੱਗ ਕੇ ਖੂਬ ਰੋਇਆ।

ਹੁਣ ਮੰਚ 'ਤੇ ਜਾਣ ਵੇਲੇ ਬਾਲੋਗਨ ਸੋਚਦਾ ਹੈ, ''ਹਾਲਾਤ ਤੁਹਾਡੇ 'ਤੇ ਅਸਰ ਪਾਉਂਦੇ ਹਨ, ਪਰ ਜ਼ਿੰਦਗੀ ਵਿੱਚ ਇੱਕ ਸਮੇਂ 'ਤੇ ਤੁਹਾਨੂੰ ਜ਼ਿੰਮੇਵਾਰੀ ਚੁੱਕਣੀ ਪੈਂਦੀ ਹੈ।''

''ਮੈਨੂੰ ਲੱਗਦਾ ਹੈ ਕਿ ਜੇ ਤੁਹਾਡੀ ਕਲਪਨਾ ਤਕੜੀ ਹੈ ਤਾਂ ਉਹ ਕਿਸੇ ਜਾਦੂ ਤੋਂ ਘੱਟ ਨਹੀਂ। ਜੇ ਤੁਹਾਡੇ ਕੋਲ ਕੋਈ ਆਈਡੀਆ ਹੈ, ਅਤੇ ਉਸਨੂੰ ਪੂਰਾ ਕਰਨ ਦੀ ਪ੍ਰੇਰਣਾ ਹੈ, ਤਾਂ ਉਸ ਨੂੰ ਕਰੋ, ਕਿਉਂਕਿ ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਕੀ ਕਰ ਸਕਦੇ ਹੋ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)