ਕਾਮਨਵੈਲਥ ਡਾਇਰੀ : ਖਿਡਾਰੀਆਂ ਲਈ ਕੀਤਾ ਇੱਕ ਲੱਖ ਕੰਡੋਮ ਦਾ ਇੰਤਜ਼ਾਮ

  • ਰੇਹਾਨ ਫਜ਼ਲ
  • ਗੋਲਡ ਕੋਸਟ (ਆਸਟਰੇਲੀਆ) ਤੋਂ ਬੀਬੀਸੀ ਪੱਤਰਕਾਰ
ਗੋਲਡ ਕੋਸਟ ਕਾਮਨਵੈਲਥ

ਤਸਵੀਰ ਸਰੋਤ, Mike Egerton/PA

4 ਤੋਂ 15 ਅਪ੍ਰੈਲ ਦੌਰਾਨ ਆਸਟਰੇਲੀਆ ਦੇ ਗੋਲਡ ਕੋਸਟ 'ਚ ਇਤਿਹਾਸ ਲਿਖੇ ਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਇਸ ਦਹਾਕੇ ਵਿੱਚ ਆਸਟਰੇਲੀਆ ਦੇ ਸਭ ਤੋਂ ਵੱਡੇ ਖੇਡ ਆਯੋਜਨ ਲਈ ਸਟੇਜ ਸਜ ਚੁੱਕਿਆ ਹੈ।

ਗੋਲਡ ਕੋਸਟ 2018 ਕਾਮਨਵੈਲਥ ਗੇਮਜ਼ 'ਚ 71 ਰਾਸ਼ਟਰਮੰਡਲ ਦੇਸਾਂ ਦੇ 6600 ਤੋਂ ਵੀ ਵੱਧ ਖਿਡਾਰੀ ਅਤੇ ਅਧਿਕਾਰੀ ਹਿੱਸਾ ਲੈ ਰਿਹਾ ਹਨ।

ਕੰਬਦੇ ਗੋਡੇ ਅਤੇ ਬੰਦ ਹੁੰਦੇ ਕੰਨ!

ਗੋਲਡ ਕੋਸਟ ਸ਼ਹਿਰ ਦਾ ਸਭ ਤੋਂ ਵੱਡਾ ਖਿੱਚ ਦੇ ਕੇਂਦਰ ਹੈ 322 ਮੀਟਰ ਉੱਚਾ 'ਕਿਊ 1ਸਕਾਈ ਪੁਆਇੰਟ' ਜੋ ਦੁਨੀਆਂ ਦੀ ਛੇਵੀਂ ਸਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਹੈ।

ਸਖ਼ਤ ਤਲਾਸ਼ੀ ਤੋਂ ਬਾਅਦ ਜਦੋਂ ਤੁਸੀਂ ਲਿਫਟ ਵਿੱਚ ਦਾਖ਼ਲ ਹੁੰਦੇ ਹੋ ਤਾਂ ਉਹ ਤੁਹਾਨੂੰ ਇਸ ਇਮਾਰਤ ਦੀ 77ਵੀਂ ਮੰਜ਼ਿਲ ਤੱਕ ਲਿਜਾਣ ਵਿੱਚ 43 ਸਕਿੰਟ ਵੀ ਨਹੀਂ ਲਗਦੇ।

ਇਹ ਜ਼ਰੂਰ ਹੁੰਦਾ ਹੈ ਕਿ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਤਾਂ ਤੁਹਾਡੇ ਕੰਨ ਜ਼ਰੂਰ ਬੰਦ ਹੋ ਜਾਂਦੇ ਹਨ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ।

ਪਰ ਜਦੋਂ ਉੱਥੇ ਪਹੁੰਚ ਕੇ ਹੇਠਾਂ ਦਾ ਦ੍ਰਿਸ਼ ਦੇਖਦੇ ਹਾਂ ਤਾਂ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ।

ਤਸਵੀਰ ਸਰੋਤ, Getty Images

ਜਦੋਂ ਤੁਸੀਂ ਉਥੋਂ 360 ਡਿਗਰੀ ਨਾਲ ਪੂਰੇ ਸ਼ਹਿਰ 'ਤੇ ਨਜ਼ਰ ਘੁੰਮਾਉਂਦੇ ਹੋ ਤਾਂ ਤੁਸੀਂ ਗੁਆਚ ਜਾਂਦੇ ਹੋ। ਇੱਕ ਪਾਸੇ ਪ੍ਰਸ਼ਾਂਤ ਮਹਾਂਸਾਗਰ ਦੇ ਨੀਲੇ ਪਾਣੀ ਦਾ ਨਜ਼ਾਰਾ ਅਤੇ ਦੂਜੇ ਪਾਸੇ ਗੋਲਡ ਕੋਸਟ ਦੀਆਂ ਵਧੀਆ ਤੋਂ ਵਧੀਆ ਗਗਨ ਚੁੰਭੀ ਲਗਦੀਆਂ ਇਮਾਰਤਾਂ ਹਨ।

ਤੁਹਾਨੂੰ ਸਮਝ ਨਹੀਂ ਆਉਂਦਾ ਕਿ ਕਿਹੜੇ ਪਾਸੇ ਵੇਖੀਏ। ਸਕਾਈ ਪੁਆਇੰਟ ਦੁਬਈ ਦੇ 'ਬੁਰਜ ਖਲੀਫ਼ਾ', ਅਮਰੀਕਾ ਦੇ 'ਵਨ ਵਰਲਡ ਟਰੇਡ ਸੈਂਟਰ', ਮਲੇਸ਼ੀਆ ਦੇ 'ਪੇਟ੍ਰੋਨਸ ਟਾਵਰ' ਅਤੇ ਅਮਰੀਕਾ ਦੀ 'ਅੰਪਾਇਰ ਸਟੇਟ ਬਿਲਡਿੰਗ' ਤੋਂ ਬਾਅਦ ਦੁਨੀਆਂ ਦੀ ਛੇਵੀਂ ਸਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਹੈ।

ਜਦੋਂ ਤੁਸੀਂ ਉਪਰੋਂ ਹੇਠਾਂ ਵੱਲ ਦੇਖਦੇ ਹੋ ਤਾਂ ਚਾਰੇ ਪਾਸੇ ਸ਼ੀਸ਼ੇ ਨਾਲ ਘਿਰੇ ਰਹਿਣ ਦੇ ਬਾਵਜੂਦ ਤੁਹਾਡੇ ਗੋਡੇ ਕੰਬਣ ਲਗਦੇ ਹਨ ਅਤੇ ਹੱਥ ਆਪਣੇ ਆਪ ਰੇਲਿੰਗ ਨੂੰ ਫੜਣ ਅੱਗੇ ਵਧ ਜਾਂਦੇ ਹਨ। ਇੱਥੇ ਖਾਣ-ਪੀਣ ਦਾ ਵੀ ਵਧੀਆ ਇੰਤਜ਼ਾਮ ਕੀਤਾ ਹੋਇਆ ਹੈ। ਵੈਸੇ ਇਸ ਇਮਾਰਤ ਵਿੱਚ 78 ਮੰਜ਼ਿਲਾਂ ਹਨ ਪਰ 78ਵੀਂ ਨੂੰ ਦਰਸ਼ਕਾਂ ਲਈ ਨਹੀਂ ਖੋਲ੍ਹਿਆ ਗਿਆ।

ਇੱਥੇ ਨਿੱਜੀ ਪਾਰਟੀਆਂ ਅਤੇ ਵੱਡੇ ਵੱਡੇ ਸਮਾਗਮ ਕੀਤੇ ਜਾਂਦੇ ਹਨ। ਸਾਲ 1998 'ਚ ਇਸ ਇਮਾਰਤ ਦੀ ਨੀਂਹ ਰੱਖੀ ਗਈ ਸੀ, ਇਸ ਨੂੰ ਪੂਰੀ ਤਰ੍ਹਾਂ ਤਿਆਰ ਹੋਣ ਵਿੱਚ 7 ਸਾਲ ਲੱਗ ਗਏ ਸਨ ਅਤੇ ਸਾਲ 2005 ਵਿੱਚ ਇਸ ਦਾ ਉਦਘਾਟਨ ਕੀਤਾ ਗਿਆ ਸੀ।

ਇਮਾਰਤ ਦੀ 77ਵੀਂ ਮੰਜ਼ਿਲ 'ਤੇ ਪਹੁੰਚਣ ਲਈ ਟਿਕਟ 25 ਆਸਟਰੇਲੀਆਈ ਡਾਲਰ ਯਾਨਿ 1200 ਰੁਪਏ ਹੈ।

ਭਾਰਤੀ ਮੁੱਕੇਬਾਜ਼ਾਂ ਦਾ ਡੋਪ ਟੈਸਟ

ਦੋ ਦਿਨ ਪਹਿਲਾ ਭਾਰਤੀ ਅਪਾਰਟਮੈਂਟ ਕੋਲੋਂ ਕੁਝ ਟੀਕੇ ਮਿਲਣ ਤੋਂ ਬਾਅਦ ਕੁਝ ਭਾਰਤੀ ਮੁੱਕੇਬਾਜ਼ਾਂ ਦਾ ਡੋਪ ਟੈਸਟ ਕੀਤਾ ਗਿਆ ਹੈ।

ਭਾਰਤੀ ਦਲ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ ਹੈ ਕਿ ਉਨ੍ਹਾਂ ਟੀਕਿਆਂ ਦਾ ਸਬੰਧ ਭਾਰਤੀ ਵਫ਼ਦ ਨਾਲ ਨਹੀਂ ਹੈ।

ਪਰ ਰਾਸ਼ਟਰ ਮੰਡਲ ਫੈਡਰੇਸ਼ਨ ਦੇ ਮੁਖੀ ਡੇਵਿਡ ਗ੍ਰੇਵਨਬਰਗ ਵੱਲੋਂ ਜਾਂਚ ਆਦੇਸ਼ ਦੇਣ ਤੋਂ ਬਾਅਦ 4 ਭਾਰਤੀ ਮੁੱਕੇਬਾਜ਼ਾਂ ਦੇ ਪਿਸ਼ਾਬ ਦੇ ਸੈਂਪਲ ਲਏ ਗਏ ਹਨ।

ਇਹ ਚਾਰੇ ਲੋਕ ਇਸ ਥਾਂ ਦੇ ਬਿਲਕੁਲ ਨੇੜੇ ਰਹਿ ਰਹੇ ਸਨ, ਜਿੱਥੇ ਉਹ ਟੀਕੇ ਮਿਲੇ ਸਨ। ਸੂਤਰ ਵੀ ਦਸ ਰਹੇ ਹਨ ਕਿ ਬਾਕੀ ਮੁੱਕੇਬਾਜ਼ਾਂ ਦੇ ਵੀ 'ਸੈਂਪਲ' ਲਏ ਜਾਣਗੇ।

ਤਸਵੀਰ ਸਰੋਤ, Clive Rose/Getty Images

ਟੀਕਿਆਂ ਦੀ ਜਾਂਚ ਹੋ ਰਹੀ ਹੈ ਅਤੇ ਛੇਤੀ ਰਿਪੋਰਟ ਆਉਣ ਦੀ ਸੰਭਾਵਨਾ ਹੈ। ਪਰ ਭਾਰਤੀ ਖੇਮੇ ਦਾ ਕਹਿਣਾ ਹੈ ਕਿ ਇਹ 'ਰੁਟੀਨ ਐਕਸਰਸਾਈਜ਼' ਹੈ ਅਤੇ ਇਸ ਦਾ ਟੀਕੇ ਮਿਲਣ ਨਾਲ ਕੋਈ ਸਬੰਧ ਨਹੀਂ ਹੈ।

ਇਸ ਵਿਚਾਲੇ ਪੂਰੀ ਘਟਨਾ ਤੋਂ ਪਰੇਸ਼ਾਨ ਭਾਰਤੀ 'ਸ਼ੇਫ਼ ਡੇਅ ਮਿਸ਼ਨ' ਵਿਕਰਮ ਸਿਸੋਦੀਆ ਨੇ ਸਪੋਰਟਸ ਵਿਲੇਜ 'ਚ ਮੌਜੂਦ ਸਾਰੇ ਖਿਡਾਰੀਆਂ ਦੀ ਬੈਠਕ ਬੁਲਾਈ ਹੈ ਅਤੇ ਉਨ੍ਹਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਅਜਿਹਾ ਕੋਈ ਕੰਮ ਨਾ ਕਰਨ ਜਿਸ ਨਾਲ ਭਾਰਤ ਦੀ ਬਦਨਾਮੀ ਹੋਵੇ।

ਕਿਹੋ ਜਿਹਾ ਹੈ ਗੋਲਡ ਕੋਸਟ ਦਾ ਸਪੋਰਟਸ ਵਿਲੇਜ?

ਗੋਲਡ ਕੋਸਟ ਸਪੋਰਟਸ ਵਿਲੇਜ ਸ਼ਾਇਦ ਇੰਨਾ ਵੱਡਾ ਨਹੀਂ ਹੈ, ਜਿਨਾਂ ਦਿੱਲੀ ਦੇ ਰਾਸ਼ਟਰ ਮੰਡਲ ਖੇਡਾਂ ਦੀ ਸੀ। ਖਿਡਾਰੀਆਂ ਅਤੇ ਅਧਿਕਾਰੀਆਂ ਲਈ ਇੱਕ, ਦੋ ਅਤੇ ਤਿੰਨ ਬੈੱਡ ਰੂਮ ਦੇ 1257 ਅਪਾਰਮੈਂਟ ਬਣਾਏ ਗਏ ਹਨ, ਜਿੱਥੇ 6500 ਤੋਂ ਵੱਧ ਲੋਕਾਂ ਦੇ ਰਹਿਣ ਦੀ ਵਿਵਸਥਾ ਹੈ।

ਇਹ ਪੂਰਾ ਖੇਤਰ 29 ਹੈਕਟੇਅਰ ਇਲਾਕੇ ਵਿੱਚ ਫੈਲਿਆ ਹੋਇਆ ਹੈ।

ਖਿਡਾਰੀਆਂ ਦੀ ਸੁਵਿਧਾ ਲਈ ਇੱਥੇ 24 ਘੰਟੇ ਕੰਮ ਕਰਨ ਵਾਲਾ ਹਸਪਤਾਲ ਹੈ। ਇਸ ਤੋਂ ਇਲਾਵਾ ਇੱਥੇ ਅਤਿ-ਆਧੁਨਿਕ ਜਿਮਨੇਜ਼ਿਅਮ ਵੀ ਹੈ, ਜਿੱਥੇ ਕਈ 'ਫਿਜ਼ੀਓਥੇਰੇਪਿਸਟ' ਖਿਡਾਰੀਆਂ ਦੀ ਮਦਦ ਲਈ ਹਮੇਸ਼ਾ ਮੌਜੂਦ ਰਹਿੰਦੇ ਹਨ।

ਤਸਵੀਰ ਸਰੋਤ, Richard Sowersby/BBC

ਦੁਨੀਆਂ ਭਰ ਤੋਂ ਆਏ ਐਥਲੀਟਾਂ ਲਈ ਕਰੀਬ ਇੱਕ ਲੱਖ ਕੰਡੋਮ ਦੀ ਵਿਵਸਥਾ ਕੀਤੀ ਗਈ ਹੈ, ਯਾਨਿ ਹਰੇਕ ਖਿਡਾਰੀ ਲਈ ਕਰੀਬ 16 ਕੰਡੋਮ ਹਨ।

ਸਪੋਰਟਸ ਵਿਲੇਜ ਦੇ ਬਿਲਕੁਲ ਨੇੜੇ ਹੇਅਰ ਸੈਲੂਨ ਅਤੇ ਬਿਊਟੀ ਪਾਰਲਰ ਵੀ ਬਣਾਇਆ ਗਿਆ ਹੈ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਭਾਰਤ ਦੀ ਲੰਬੀ ਛਾਲ ਦੀ ਐਥਲੀਟ ਨੈਣਾ ਜੇਮਸ ਉੱਥੇ ਆਪਣਾ ਫੇਸ਼ੀਅਲ ਕਰਵਾ ਰਹੀ ਸੀ।

ਉਨ੍ਹਾਂ ਦੇ ਲਾਗੇ ਹੀ ਇੱਕ ਜੂਸ ਬਾਰ ਹੈ, ਜਿੱਥੇ ਕਈ ਭਾਰਤੀ ਅਤੇ ਕੈਨੇਡੀਅਨ ਐਥਲੀਟਾਂ ਦੀ ਭੀੜ ਲੱਗੀ ਹੋਈ ਸੀ।

ਖਿਡਾਰੀਆਂ ਦੇ ਖਾਣ ਲਈ ਇੱਕ ਬਹੁਤ ਵੱਡਾ ਡਾਈਨਿੰਗ ਹਾਲ ਬਣਾਇਆ ਗਿਆ ਸੀ, ਜਿੱਥੇ ਰੋਜ਼ 20 ਹਜ਼ਾਰ ਖਾਣਾ ਪਰੋਸਣ ਦੀ ਵਿਵਸਥਾ ਕੀਤੀ ਗਈ ਹੈ।

ਦੁਨੀਆਂ ਹਰੇਕ ਕੋਨੇ ਦਾ ਭੋਜਨ ਇੱਥੇ ਉਪਲਬਧ ਹੈ। ਸ਼ੁਰੂ ਵਿੱਚ ਭਾਰਤੀ ਖਾਣੇ ਦੀ ਵਿਵਸਥਾ ਨਹੀਂ ਸੀ ਪਰ ਜਦੋਂ ਭਾਰਤੀ ਖੇਮੇ ਨੇ ਥੋੜ੍ਹੀ ਨਾਰਾਜ਼ਗੀ ਦਿਖਾਈ ਤਾਂ ਭਾਰਤੀ ਖਾਣਾ ਵੀ ਉਪਲਬਧ ਕਰਾ ਦਿੱਤਾ ਗਿਆ।

ਤਸਵੀਰ ਸਰੋਤ, Bradley Kanaris/Getty Images

ਭਾਰਤੀ ਵਫ਼ਦ ਨੂੰ ਆਪਣਾ ਰਸੋਈਆ ਲੈ ਕੇ ਆਉਣ ਦੀ ਆਗਿਆ ਨਹੀਂ ਮਿਲੀ ਹੈ। ਸਫਾਈ ਕਰਮੀ ਨੂੰ ਰੋਜ਼ 3400 ਸਿਹਰਾਣਿਆਂ ਦੇ ਗਿਲਾਫ਼ ਅਤੇ ਚਾਦਰਾਂ ਬਦਲਣ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ।

ਅੰਦਾਜ਼ਾ ਹੈ ਕਿ ਇਨ੍ਹਾਂ ਖੇਡਾਂ ਨਾਲ ਕਵੀਨਜ਼ਲੈਂਡ ਦੇ ਅਰਥਚਾਰੇ 'ਚ 2 ਅਰਬ ਡਾਲਰ ਅਤੇ ਗੋਲਡ ਕੋਸਟ ਦੇ ਅਰਥਚਾਰੇ ਵਿੱਚ 1 ਅਰਬ 70 ਕਰੋੜ ਡਾਲਰ ਦਾ ਨਿਵੇਸ਼ ਹੋ ਚੁੱਕਿਆ ਹੈ।

ਹੁਣ ਤੱਕ ਇਨ੍ਹਾਂ ਖੇਡਾਂ ਨਾਲ 16 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ ਹੈ। ਖੇਡ ਖ਼ਤਮ ਹੋਣ ਤੋਂ ਬਾਅਦ ਇਹ ਫਲੈਟ ਵੇਚ ਦਿੱਤੇ ਜਾਣਗੇ।

ਇਹ ਉਮੀਦ ਕੀਤੀ ਜਾ ਰਹੀ ਹੈ ਕਿ ਰਾਸ਼ਟਰ ਮੰਡਲ ਖੇਡਾਂ ਦੌਰਾਨ ਕਰੀਬ 3500 ਪੱਤਰਕਾਰ ਰਾਸ਼ਟਰ ਮੰਡਲ ਖੇਡਾਂ ਸਬੰਧਤ ਇੱਕ ਲੱਖ ਤੋਂ ਵੱਧ 'ਡਿਸਪੈਚ' ਲਿਖਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)