ਅਮਰੀਕਾ: ਕਿਉਂ ਸੀ ਇਹ 'ਹਮਲਾਵਰ' YouTube ਤੋਂ ਨਾਰਾਜ਼?

ਤਸਵੀਰ ਸਰੋਤ, Justin Sullivan/Getty Images
ਅਮਰੀਕਾ ਦੇ ਉੱਤਰੀ ਕੋਰੀਆ ਦੇ ਕੈਲੀਫੋਰਨੀਆ ਵਿੱਚ ਸਥਿਤ ਯੂ-ਟਿਊਬ ਹੈੱਡਕੁਆਟਰ ਵਿੱਚ ਇੱਕ ਬੰਦੂਕਧਾਰੀ ਔਰਤ ਨੇ ਗੋਲੀ ਚਲਾ ਕੇ ਤਿੰਨ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਉਸ ਦੀ ਮੌਤ ਹੋ ਗਈ।
ਅਮਰੀਕੀ ਮੀਡੀਆਂ ਨੇ ਔਰਤ ਦੀ ਪਛਾਣ ਨਸੀਮ ਅਗਦਮ ਦੇ ਨਾ ਨਾਲ ਕੀਤੀ ਹੈ।
ਪੁਲਿਸ ਮੁਤਾਬਕ ਗੋਲੀਬਾਰੀ ਵਿੱਚ ਜ਼ਖਮੀ ਚਾਰ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪਰ ਉਨ੍ਹਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਗੋਲੀਬਾਰੀ ਵਿੱਚ ਜ਼ਖਮੀ 36 ਸਾਲ ਦੇ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੈ।
ਸ਼ੂਟਿੰਗ ਵਿੱਚ 32 ਅਤੇ 27 ਸਾਲ ਦੀਆਂ ਦੋ ਔਰਤਾਂ ਨੂੰ ਵੀ ਗੋਲੀ ਲੱਗੀ ਹੈ।
ਤਸਵੀਰ ਸਰੋਤ, Getty Images
ਸੈਨ ਬਰੂਨੋ ਪੁਲਿਸ ਮੁਖੀ ਐਡ ਬਾਰਬੇਰਿਨੀ ਨੇ ਕਿਹਾ ਕਿ ਅਫ਼ਸਰ ਜਦੋਂ ਮੌਕੇ 'ਤੇ ਪਹੁੰਚੇ ਦਾ ਭਗਦੜ ਮਚੀ ਹੋਈ ਸੀ।
ਜਦੋਂ ਪੁਲਿਸ ਪਹੁੰਚੀ...
ਉਨ੍ਹਾਂ ਨੇ ਦੱਸਿਆ, "ਅਫ਼ਸਰਾਂ ਨੇ ਭਗਦੜ ਵਾਲਾ ਮਾਹੌਲ ਦੇਖਿਆ, ਖੁਦ ਨੂੰ ਬਚਾਉਣ ਲਈ ਕਈ ਲੋਕ ਭੱਜ ਰਹੇ ਸਨ।"
ਐਡ ਬਾਰਬੇਰਿਨੀ ਨੇ ਕਿਹਾ, "ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਇੱਕ ਸ਼ਖ਼ਸ ਕੰਪਨੀ ਹੈੱਡਕਵਾਟਰ ਦੇ ਸਾਹਮਣੇ ਮਿਲਿਆ।"
ਕੁਝ ਹੀ ਮਿੰਟਾਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਇੱਕ ਔਰਤ ਮਰੀ ਹੋਈ ਮਿਲੀ ਜਿਸ ਨੇ ਖੁਦ ਨੂੰ ਗੋਲੀ ਮਾਰੀ ਸੀ।
ਤਸਵੀਰ ਸਰੋਤ, Getty Images
ਬਾਅਦ ਵਿੱਚ ਦੋ ਹੋਰ ਪੀੜਤ ਨੇੜੇ ਹੀ ਮਿਲੇ।
ਪੁਲਿਸ ਦਾ ਦਾਅਵਾ ਹੈ ਕਿ ਸ਼ੱਕੀ ਔਰਤ ਕੋਲ ਹੈਂਡਗੰਨ ਸੀ। ਔਰਤ ਦੀ ਪਛਾਣ ਅਜੇ ਦੱਸੀ ਨਹੀਂ ਗਈ ਹੈ।
ਨੇੜੇ ਹੀ ਸਥਿਤ ਫਾਸਟ ਫੂਡ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਫਾਕਸ ਸਟੇਸ਼ਨ ਕੇਟੀਵੀਯੂ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਇੱਕ ਔਰਤ ਜਿਸ ਨੂੰ ਪੈਰ ਵਿੱਚ ਗੋਲੀ ਲੱਗੀ ਹੈ ਉਸ ਨੇ ਉੱਥੇ ਖਾਣਾ ਖਾਧਾ ਸੀ।
ਗੌਰਤਲਬ ਹੈ ਕਿ ਤਕਰੀਬਨ 1700 ਲੋਕ ਯੂ-ਟਿਊਬ ਹੈੱਡਕਵਾਟਰਜ਼ ਵਿੱਚ ਕੰਮ ਕਰਦੇ ਹਨ। ਇਹ ਕੰਪਨੀ ਗੂਗਲ ਦੀ ਹੈ ਅਤੇ ਇਸ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਹੈ।
ਟਰੰਪ ਦੀ ਹਮਲੇ 'ਤੇ ਨਜ਼ਰ
ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਮਲੇ ਦੀ ਜਾਣਕਾਰੀ ਮਿਲ ਗਈ ਹੈ।
ਸਥਾਨਕ ਟੀਵੀ ਚੈਨਲ 'ਤੇ ਦਿਖਾਇਆ ਗਿਆ ਹੈ ਕਿ ਯੂ-ਟਿਊਬ ਦੇ ਮੁਲਾਜ਼ਮ ਹੱਥ ਖੜੇ ਕਰ ਕੇ ਉੱਥੋਂ ਬਾਹਰ ਆ ਰਹੇ ਹਨ। ਇੱਕ ਹੋਰ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਥਾਂ ਨੂੰ ਖਾਲੀ ਕਰ ਰਹੇ ਮੁਲਾਜ਼ਮ ਪੁਲਿਸ ਤਲਾਸ਼ੀ ਤੋਂ ਪਹਿਲਾਂ ਕਤਾਰ ਬਣਾ ਕੇ ਖੜ੍ਹੇ ਹਨ।
ਗੂਗਲ ਦੇ ਸੀਈਓ ਸੁੰਦਰ ਪਿਚਈ ਨੇ ਵੀ ਟਵੀਟ ਕਰਕੇ ਕਿਹਾ, "ਇਸ ਤ੍ਰਾਸਦੀ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਸੂਜ਼ੈਨ ਵੋਜਿਕੀ ਅਤੇ ਮੈਂ ਸਾਡੇ ਮੁਲਾਜ਼ਮਾਂ ਅਤੇ ਯੂ-ਟਿਊਬ ਭਾਈਚਾਰੇ ਨੂੰ ਮਿਲ ਕੇ ਸਮਰਥਨ ਦੇ ਰਹੇ ਹਾਂ। ਪੁਲਿਸ ਅਤੇ ਸਭ ਤੋਂ ਪਹਿਲਾਂ ਕਾਰਵਾਈ ਕਰਨ ਵਾਲਿਆਂ ਦਾ ਧੰਨਵਾਦ।"
ਨੇੜਲੇ ਹੈਲੀਕਾਪਟਰ ਤੋਂ ਰਿਕਾਰਡ ਕੀਤੀ ਗਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੱਚ ਦਾ ਇੱਕ ਦਰਵਾਜ਼ਾ ਵਿੱਚੋਂ ਟੁੱਟਿਆ ਹੈ ਅਤੇ ਸ਼ੀਸ਼ੇ ਦੇ ਟੁਕੜੇ ਜ਼ਮੀਨ 'ਤੇ ਖਿੱਲਰ ਗਏ ਹਨ।
ਜ਼ਖਮੀਆਂ ਦੀ ਹਾਲਤ
ਜ਼ਖਮੀ ਹੋਏ ਤਿੰਨ ਲੋਕਾਂ ਨੂੰ ਜ਼ੂਕਰਬਰਗ ਸੈਨ ਫਰਾਂਸਿਸਕੋ ਜਨਰਲ ਹਸਪਤਾਲ ਵਿੱਚ ਲਿਜਾਇਆ ਗਿਆ।
ਅਧਿਕਾਰੀਆਂ ਮੁਤਾਬਕ 32 ਸਾਲਾ ਔਰਤ ਦੀ ਹਾਲਤ ਗੰਭੀਰ ਹੈ ਜਦਕਿ ਦੂਜੀ 27 ਸਾਲਾ ਔਰਤ ਦੀ ਹਾਲਤ ਸਥਿਰ ਹੈ।
ਤਸਵੀਰ ਸਰੋਤ, Getty Images
ਪੁਲਿਸ ਮੁਖੀ ਬਾਰਬੇਰਿਨੀ ਨੇ ਦੱਸਿਆ, "ਭੱਜਣ ਦੀ ਕੋਸ਼ਿਸ਼ ਕਰ ਰਹੇ ਚੌਥੇ ਸ਼ਖ਼ਸ ਨੂੰ ਪੈਰ ਵਿੱਚ ਸੱਟ ਲੱਗ ਗਈ ਅਤੇ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ।"
ਯੂ-ਟਿਊਬ ਦੇ ਬੁਲਾਰੇ ਕ੍ਰਿਸ ਡੇਲ ਨੇ ਮੌਕੇ 'ਤੇ ਪਹੁੰਚੀ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, "ਅੱਜ ਲੱਗ ਰਿਹਾ ਹੈ ਕਿ ਯੂ-ਟਿਊਬ ਨਾਲ ਜੁੜਿਆ ਸਾਰਾ ਭਾਈਚਾਰਾ ਅਤੇ ਇਸ ਦੇ ਸਾਰੇ ਮੁਲਾਜ਼ਮ ਹੀ ਪੀੜਤ ਹਨ। ਇਸ ਦੌਰਾਨ ਪੀੜਤ ਲੋਕਾਂ ਨਾਲ ਸਾਡੀ ਹਮਦਰਦੀ ਹੈ।"
ਤਸਵੀਰ ਸਰੋਤ, Getty Images
ਕੌਣ ਹੈ ਸ਼ੱਕੀ ਔਰਤ?
ਅਮਰੀਕੀ ਮੀਡੀਆ ਨੇ ਔਰਤ ਦੀ ਪਛਾਣ ਨਸੀਮ ਅਗਾਹ ਦੇ ਨਾਮ ਨਾਲ ਕੀਤੀ ਹੈ। ਉਸ ਦੀ ਉਮਰ 39 ਸਾਲ ਹੈ ਅਤੇ ਉਹ ਕੈਲੀਫੋਰਨੀਆ ਦੀ ਰਹਿਣ ਵਾਲੀ ਸੀ।
ਆਪਣੀ ਵੈਬਸਾਈਟ ਤੇ ਉਸ ਨੇ ਕਿਹਾ ਹੈ ਕਿ ਯੂ-ਟਿਊਬ ਉਸ ਦੇ ਵੀਡੀਓ ਲੋਕਾਂ ਤਕ ਨਹੀਂ ਪਹੁੰਚਣ ਦੇ ਰਿਹਾ।
ਤਸਵੀਰ ਸਰੋਤ, Nasim Aghdam
ਹਮਲੇ ਤੋਂ ਬਾਅਦ ਯੂ-ਟਿਊਬ ਨੇ ਉਸ ਦਾ ਚੈਨਲ ਬੰਦ ਕਰ ਦਿੱਤਾ ਹੈ। ਉਸ ਦਾ ਇੰਸਟਾਗ੍ਰਾਮ ਅਤੇ ਫੇਸਬੁੱਕ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਹੈ।
ਕਿਸ ਤਰ੍ਹਾਂ ਦੀ ਰਹੀ ਪ੍ਰਤੀਕਿਰਿਆ?
ਯੂ-ਟਿਊਬ ਦੇ ਕਈ ਮੁਲਾਜ਼ਮਾਂ ਨੇ ਵੀ ਹਮਲੇ ਬਾਰੇ ਟਵੀਟ ਕੀਤਾ।
ਪ੍ਰੋਡਕਟ ਮੈਨੇਜਰ ਟੌਡ ਸ਼ਰਮਨ ਨੇ ਟਵੀਟ ਕੀਤਾ ਕਿ ਗੋਲੀਬਾਰੀ ਹੋਣ 'ਤੇ ਲੋਕ ਹੜਬੜੀ ਵਿੱਚ ਭੱਜਣ ਲੱਗੇ।
ਯੂ-ਟਿਊਬ ਦੇ ਇੱਕ ਹੋਰ ਮੁਲਾਜ਼ਮ ਨੇ ਟਵੀਟ ਕਰਕੇ ਕਿਹਾ, "ਯੂ-ਟਿਊਬ ਹੈੱਡਕੁਆਟਰ ਵਿੱਚ ਇੱਕ ਐਕਟਿਵ ਸ਼ੂਟਰ ਹੈ। ਮੈਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਲੋਕਾਂ ਨੂੰ ਭੱਜਦੇ ਦੇਖਿਆ।"