ਕਾਮਨਵੈਲਥ ਡਾਇਰੀ: ਭਾਰਤ-ਪਾਕਿਸਤਾਨ ਮੈਚ ਦਾ ਇੰਤਜ਼ਾਰ, ਟਿਕਟਾਂ ਵਿਕੀਆਂ
- ਰੇਹਾਨ ਫ਼ਜ਼ਲ
- ਬੀਬੀਸ ਪੱਤਰਕਾਰ, ਗੋਲਡ ਕੋਸਟ, ਆਸਟਰੇਲੀਆ ਤੋਂ

ਤਸਵੀਰ ਸਰੋਤ, Getty Images
ਅੱਜ ਦੁਨੀਆਂ ਦੇ ਕਰੀਬ ਡੇਢ ਅਰਬ ਲੋਕਾਂ ਦੀਆਂ ਨਜ਼ਰਾਂ ਹੋਣਗੀਆਂ ਕਰੇਰਾ ਸਟੇਡੀਅਮ 'ਤੇ ਜਿੱਥੇ 21ਵੀਆਂ ਕਾਮਨਵੈਲਥ ਖੇਡਾਂ ਦਾ ਸ਼ਾਨੋ ਸ਼ੌਕਤ ਨਾਲ ਆਗਾਜ਼ ਹੋਵੇਗਾ। ਸੁਰੱਖਿਆ ਤੇ ਆਵਾਜਾਈ ਨਾਲ ਜੁੜੀਆਂ ਮੁਸ਼ਕਿਲਾਂ ਅਤੇ ਟਿਕਟਾਂ ਦੇ ਬਿਨਾਂ ਵਿਕੇ ਵੀ ਪ੍ਰਬੰਧਕਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਹੁਣ ਤੱਕ ਦੀਆਂ ਸਭ ਤੋਂ ਸਫ਼ਲ ਕਾਮਵੈਲਥ ਖੇਡਾਂ ਹੋਣਗੀਆਂ।
ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਵੱਲੋਂ ਰਾਜਕੁਮਾਰ ਚਾਰਲਸ ਇਨ੍ਹਾਂ ਖੇਡਾਂ ਦਾ ਉਦਘਾਟਨ ਕਰਨਗੇ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਕੈਮਿਲਾ ਵੀ ਹੋਣਗੇ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮਾਲਕਮ ਟਰਨਬੁਲ ਵੀ ਉੱਥੇ ਮੌਜੂਦ ਰਹਿਣਗੇ। ਉਦਘਾਟਨ ਸਮਾਗਮ 'ਚ ਖਿੱਚ ਕੇਂਦਰ ਹੋਵੇਗਾ 'ਡਿਡਗੇਰਿਡੂ ਆਰਕੈਸਟਰਾ' ਅਤੇ 'ਬੰਗਾਰਾ ਏਬਓਰਿਜਿਨੀਜ਼' ਦਾ ਬੈਲੇ ਡਾਂਸ।
ਇਸ ਤੋਂ ਇਲਾਵਾ ਵ੍ਹੇਲ ਮੱਛੀ 'ਮਿਗਾਲੀ' ਦੀ ਇੱਕ ਵੱਡੀ ਮੂਰਤੀ ਵੀ ਵਿਖਾਈ ਜਾਵੇਗੀ। ਇਹ ਮੱਛੀ ਸਾਲ 'ਚ ਇੱਕ ਵਾਰ ਸਰਦੀਆਂ 'ਚ ਗੋਲਡ ਕੋਸਟ ਕੋਲੋਂ ਹੋ ਕੇ ਲੰਘਦੀ ਹੈ।
ਪੂਰੇ ਕਰੇਰਾ ਸਟੇਡੀਅਮ ਨੂੰ ਗੋਲਡ ਕੋਸਟ ਦੇ ਇੱਕ 'ਬੀਚ' ਦੇ ਰੂਪ 'ਚ ਬਦਲ ਦਿੱਤਾ ਜਾਵੇਗਾ। ਪੂਰੇ ਸਟੇਡੀਅਮ 'ਚ 46 ਟਨ ਦੇ ਆਡੀਓ ਤੇ ਲਾਇਟਿੰਗ ਉਪਕਰਣ ਲਗਾਏ ਗਏ ਹਨ।
ਤਸਵੀਰ ਸਰੋਤ, Getty Images
ਕੁਈਨਜ਼ਲੈਂਡ ਦੀ ਪ੍ਰਧਾਨ ਮੰਤਰੀ ਅਨਸਤੀਸਿਯਾ ਪਲਾਜ਼ੇਜ਼ੁਕ ਇਸ ਗੱਲ ਤੋਂ ਬਹੁਤ ਨਾਰਾਜ਼ ਹਨ ਕਿ ਇਸ ਸਮਾਗਮ 'ਚ ਮੇਜ਼ਬਾਨ ਹੋਣ ਕਾਰਨ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ। ਗੁੱਸੇ 'ਚ ਉਨ੍ਹਾਂ ਨੇ ਆਪਣਾ ਉਹ ਭਾਸ਼ਣ ਜਨਤਕ ਕਰ ਦਿੱਤਾ ਹੈ ਜਿਹੜਾ ਉਹ ਉੱਥੇ ਦੇਣ ਵਾਲੇ ਸਨ।
ਸਵਾਗਤੀ ਭਾਸ਼ਣ ਗੋਲਡ ਕੋਸਟ ਕਾਮਨਵੈਲਥ ਕਾਰਪੋਰੇਸ਼ਨ ਦੇ ਮੁਖੀ ਪੀਟਰ ਬੇਟੀ ਅਤੇ ਸੀਜੀਐਫ਼ ਦੇ ਪ੍ਰਧਾਨ ਸੁਇਜ਼ ਮਾਰਟਿਨ ਦੇਣਗੇ। ਉਦਘਾਟਨੀ ਸਮਾਗਮ 'ਚ ਕੀ ਹੋਵੇਗਾ, ਇਸ ਸਬੰਧੀ ਜਾਣਕਾਰੀ ਨੂੰ ਜਨਤਕ ਨਹੀਂ ਕੀਤਾ ਗਿਆ।
ਇੱਥੋਂ ਦੇ ਮਸ਼ਹੂਰ ਟੀਵੀ ਚੈਨਲ-9 ਦੀ ਐਕ੍ਰੇਡੇਸ਼ਨ (ਮਾਨਤਾ) ਇਸ ਕਰਕੇ ਖੋਹ ਲਈ ਗਈ ਹੈ ਕਿ ਉਨ੍ਹਾਂ ਨੇ ਉਦਘਾਟਨੀ ਸਮਾਗਮ ਦੇ ਅਭਿਆਸ ਦੀ ਫੁਟੇਜ ਦਿਖਾ ਦਿੱਤੀ ਸੀ। ਖੇਡ ਸ਼ੁਰੂ ਹੋਣ ਤੋਂ ਦੂਜੇ ਦਿਨ ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਨ੍ਹਾਂ ਨੂੰ ਅੱਗੇ ਖੇਡਾਂ ਦੇ ਪ੍ਰਸਾਰਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ।
ਚੈਨਲ 9 ਨੇ ਇਸ ਗਲਤੀ ਲਈ ਮੁਆਫ਼ੀ ਮੰਗੀ ਹੈ, ਪਰ ਪ੍ਰਬੰਧਕਾਂ ਦਾ ਤਰਕ ਹੈ ਕਿ ਜਦੋਂ ਸਟੇਡੀਅਮ ਦੇ ਅੰਦਰ ਜਾਂ ਆਲੇ-ਦੁਆਲੇ ਮੌਜੂਦ 16000 'ਵਾਲੰਟਿਅਰ' ਇਸ ਬਾਰੇ ਚੁੱਪ ਰਹਿ ਸਕਦੇ ਹਨ ਤਾਂ ਚੈਨਲ-9 ਕਿਉਂ ਨਹੀਂ?
ਤਸਵੀਰ ਸਰੋਤ, Getty Images
ਸਭ ਦੀਆਂ ਨਜ਼ਰਾਂ ਭਾਰਤ-ਪਾਕਿਸਤਾਨ ਹਾਕੀ ਮੈਚ 'ਤੇ
ਹਾਲਾਂਕਿ ਭਾਰਤ ਤੇ ਪਾਕਿਸਤਾਨ ਦਾ ਹਾਕੀ 'ਚ ਉਹ ਰੁਤਬਾ ਨਹੀਂ ਰਹਿ ਗਿਆ, ਜਿਹੜਾ ਇੱਕ ਜ਼ਮਾਨੇ 'ਚ ਹੋਇਆ ਕਰਦਾ ਸੀ, ਪਰ ਹੁਣ ਵੀ ਗੋਲਡ ਕੋਸਟ ਦੇ ਲੋਕਾਂ 'ਚ ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ 7 ਅਪ੍ਰੈਲ ਨੂੰ ਹੋਣ ਵਾਲੇ ਹਾਕੀ ਮੈਚ ਦਾ ਬਹੁਤ 'ਕ੍ਰੇਜ਼' ਹੈ।
ਹਾਲਾਂਕਿ ਕਈ ਮੁਕਾਬਲਿਆਂ ਦੀਆਂ ਟਿਕਟਾਂ ਹਾਲੇ ਤੱਕ ਨਹੀਂ ਵਿਕੀਆਂ ਹਨ, ਪਰ ਭਾਰਤ-ਪਾਕਿਸਤਾਨ ਮੈਚ ਦੀਆਂ ਸਾਰੀਆਂ ਟਿਕਟਾਂ ਵਿੱਕ ਚੁੱਕੀਆਂ ਹਨ ਅਤੇ ਇੱਥੇ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਟਿਕਟ ਨਾ ਮਿਲਣ ਕਾਰਨ ਨਿਰਾਸ਼ਾ ਹੋ ਰਹੀ ਹੈ।
ਗੋਲਡ ਕੋਸਟ 'ਚ ਬਹੁਤੇ ਭਾਰਤੀ ਪੰਜਾਬ ਤੋਂ ਹਨ ਅਤੇ ਉਹ ਸਾਰੇ ਹਾਕੀ ਦੇ ਦੀਵਾਨੇ ਹਨ।
ਭਾਰਤ ਦੇ ਹਾਕੀ ਕੋਚ ਮਰੀਨੇ ਦੱਸਦੇ ਹਨ ਕਿ ਜਦੋਂ ਉਹ ਭਾਰਤ ਦੇ ਨਵੇਂ ਨਵੇਂ ਕੋਚ ਬਣੇ ਸਨ ਤਾਂ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਪਾਕਿਸਤਾਨ ਖ਼ਿਲਾਫ਼ ਮੈਚ ਨੂੰ ਦੂਜੇ ਕਿਸੇ ਮੈਚ ਵਾਂਗ ਹੀ ਲੈਣ ਅਤੇ ਆਪਣੀ ਸੁਭਾਵਿਕ ਖੇਡ ਖੇਡਣ।
ਉਨ੍ਹਾਂ ਵਾਅਦਾ ਤਾਂ ਕਰ ਲਿਆ ਪਰ ਜਦੋਂ ਮੈਚ ਹੋਇਆ ਤਾਂ ਉਹ ਉਸ ਨੂੰ ਨਿਭਾ ਨਹੀਂ ਸਕੇ ਅਤੇ ਮੇਰੀ ਸਲਾਹ ਦੇ ਖ਼ਿਲਾਫ਼ ਬਿਲਕੁਲ ਵੱਖਰੀ ਤਰ੍ਹਾਂ ਦਾ ਮੈਚ ਖੇਡਿਆ।
ਤਸਵੀਰ ਸਰੋਤ, Getty Images
ਇੱਕ ਜ਼ਮਾਨੇ 'ਚ ਭਾਰਤ ਦੇ ਕੋਚ ਰਹੇ ਰੋਇਲਾਂਟ ਆਲਟਮੈਨਸ ਇਸ ਸਮੇਂ ਪਾਕਿਸਤਾਨੀ ਟੀਮ ਦੇ ਕੋਚ ਹਨ।
ਉਨ੍ਹਾਂ ਦਾ ਵੀ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੇ ਖਿਡਾਰੀਆਂ ਦਾ ਪੂਰਾ ਜ਼ੋਰ ਨਤੀਜਿਆਂ 'ਤੇ ਰਹਿੰਦਾ ਹੈ ਨਾ ਕਿ ਉਸ ਨੂੰ ਪ੍ਰਾਪਤ ਕਰਨ ਦੇ ਢੰਗ 'ਤੇ।
ਇਸ ਸਮੇਂ ਦੁਨੀਆਂ 'ਚ ਭਾਰਤੀ ਹਾਕੀ ਟੀਮ ਦੀ ਰੈਂਕਿੰਗ 6 ਹੈ, ਜਦੋਂ ਕਿ ਪਾਕਿਸਤਾਨ ਦੀ ਦੁਨੀਆਂ 'ਚ 13ਵੀਂ ਥਾਂ ਹੈ।
ਤਸਵੀਰ ਸਰੋਤ, Getty Images
ਸੈਲਾਨੀ ਨਦਾਰਦ - ਟੂਰਿਸਟ ਆਪਰੇਟਰਾਂ 'ਚ ਮਾਯੂਸੀ
ਆਮਤੌਰ 'ਤੇ ਈਸਟਰ ਦਾ ਸੀਜ਼ਨ ਗੋਲਡ ਕੋਸਟ ਦੇ 'ਟੂਰਿਸਟ ਆਪਰੇਟਰਾਂ' ਲਈ ਬਹੁਤ ਮਸਰੂਫ਼ ਸਮਾਂ ਹੁੰਦਾ ਹੈ।
ਇੱਥੋਂ ਦੇ ਟੂਰਿਸਟ ਆਪਰੇਟਰਾਂ ਨੂੰ ਉਮੀਦ ਸੀ ਕਿ ਇਸ ਦੌਰਾਨ ਕਾਮਨਵੈਲਥ ਖੇਡਾਂ ਦੇ ਹੋਣ ਨਾਲ ਉਨ੍ਹਾਂ ਦੀ ਚਾਂਦੀ ਹੋ ਜਾਵੇਗੀ ਅਤੇ ਪੂਰੀ ਦੁਨੀਆਂ ਦੇ ਸੈਲਾਨੀ ਇੱਥੇ ਵੱਡੀ ਗਿਣਤੀ 'ਚ ਆਉਣਗੇ। ਪਰ ਹੋਇਆ ਇਸ ਦੇ ਉਲਟ ਹੀ।
ਗੋਲਡ ਕੋਸਟ ਦੇ ਹੋਟਲਾਂ ਦੇ 20 ਫੀਸਦੀ ਕਮਰੇ ਅਜੇ ਤੱਕ ਖਾਲੀ ਪਏ ਹਨ ਅਤੇ ਗੋਲਡ ਕੋਸਟ ਆਉਣ ਵਾਲੀਆਂ ਬਹੁਤੀਆਂ ਉਡਾਨਾਂ ਵੀ ਖਾਲੀ ਆ ਰਹੀਆਂ ਹਨ।
ਰੇਸਤਰਾਂ ਤੇ ਹੋਟਲਾਂ ਦੇ ਮਾਲਿਕ ਵੀ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਉਨੀ ਭੀੜ ਨਹੀਂ ਜਿੰਨੀ ਆਮਤੌਰ 'ਤੇ ਈਸਟਰ ਦੌਰਾਨ ਹੁੰਦੀ ਹੈ।
ਲੋਕਾਂ ਨੂੰ ਪੁੱਛਣ 'ਤੇ ਪਤਾ ਲੱਗਿਆ ਕਿ ਸੈਲਾਨੀ ਇੱਥੇ ਸ਼ਾਂਤੀ ਤੇ ਸੁਕੂਨ ਲਈ ਆਉਂਦੇ ਹਨ। ਉਹ ਨਹੀਂ ਚਾਹੁੰਦੇ ਕਿ ਕਾਮਨਵੈਲਥ ਖੇਡਾਂ ਕਰਕੇ ਉਨ੍ਹਾਂ ਦੇ ਸੁਕੂਨ 'ਚ ਕੋਈ ਰੁਕਾਵਟ ਆਵੇ।
ਇੱਥੋਂ ਦੇ ਸਥਾਨਕ ਲੋਕ ਵੀ ਇਨਾਂ ਦਿਨਾਂ 'ਚ ਦੂਜੀ ਥਾਂ ਜਾਣਾ ਪਸੰਦ ਕਰ ਰਹੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਬਹੁਤੀ ਭੀੜਭਾੜ ਕਾਰਨ ਉਨ੍ਹਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇ।
ਦੂਜੇ ਪਾਸੇ ਇੱਕ ਤਰਕ ਇਹ ਵੀ ਦਿੱਤਾ ਦਾ ਰਿਹਾ ਹੈ ਕਿ ਬਹੁਤੇ ਸੈਲਾਨੀਆਂ ਨੇ ਬ੍ਰਿਸਬੇਨ 'ਚ ਆਪਣੇ ਹੋਟਲ ਬੁੱਕ ਕਰਵਾਏ ਹਨ, ਕਿਉਂਕਿ ਉੱਥੋਂ ਦੇ ਹੋਟਲਾਂ 'ਚ ਕਮਰਿਆਂ ਦਾ ਕਿਰਾਇਆ ਗੋਲਡ ਕੋਸਟ ਦੇ ਮੁਕਾਬਲੇ ਘੱਟ ਹੈ।
ਬ੍ਰਿਸਬੇਨ ਗੋਲਡ ਕੋਸਟ ਤੋਂ 80 ਕਿਲੋਮੀਟਰ ਦੀ ਦੂਰੀ 'ਤੇ ਹੈ। ਅਜੇ ਤੱਕ 20 ਹਜ਼ਾਰ ਟਿਕਟਾਂ ਵੀ ਵਿਕੀਆਂ ਨਹੀਂ ਹਨ, ਪਰ ਇੱਕ ਗੋਲਡ ਕੋਸਟ ਵਾਸੀ ਨੇ ਮੇਰੇ ਨਾਲ ਮਜ਼ਾਕ ਕੀਤਾ, 'ਯਾਦ ਰੱਖੋ ਇੱਥੋਂ ਦੇ ਲੋਕ ਆਖਰੀ ਦਿਨ ਹੀ ਚੀਜ਼ਾਂ ਖ਼ਰੀਦਦੇ ਹਨ।'