ਫੇਸਬੁੱਕ ਸਕੈਂਡਲ ਤੋਂ ਪ੍ਰਭਾਵਿਤ ਹੋਏ 8.7 ਕਰੋੜ ਫੇਸਬੁੱਕ ਯੂਜ਼ਰ

ਤਸਵੀਰ ਸਰੋਤ, Getty Images
ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਇਹ ਕਬੂਲ ਕੀਤਾ ਹੈ ਕਿ 8.7 ਕਰੋੜ ਲੋਕਾਂ ਦੀਆਂ ਜਾਣਕਾਰੀਆਂ ਸਿਆਸੀ ਸਲਾਹ ਦੇਣ ਵਾਲੀ ਕੰਪਨੀ ਕੈਂਬ੍ਰਿਜ ਐਨਾਲਿਟੀਕਾ ਨਾਲ ਗਲਤ ਤਰੀਕੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।
ਬੀਬੀਸੀ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਵਿੱਚੋਂ 11 ਲੱਖ ਲੋਕ ਬਰਤਾਨੀਆ ਦੇ ਹਨ।
ਹਾਲਾਂਕਿ ਇਸ ਤੋਂ ਪਹਿਲਾਂ ਵਿਹਸਲ ਬਲੋਅਰ ਕ੍ਰਿਸਟੋਫ਼ਰ ਵਾਇਲੀ ਨੇ ਇਹ ਅੰਕੜਾ ਪੰਜ ਕਰੋੜ ਦੱਸਿਆ ਸੀ।
ਇਹ ਸਾਰੀਆਂ ਜਾਣਕਾਰੀਆਂ ਫੇਸਬੁੱਕ ਦੇ ਮੁੱਖ ਤਕਨੀਕੀ ਅਧਿਕਾਰੀ ਮਾਈਕ ਸ਼੍ਰੋਏਫ਼ਰ ਦੇ ਬਲਾਗ ਤੋਂ ਸਾਹਮਣੇ ਆਈਆਂ ਹਨ।
ਇਸ ਬਲਾਗ ਦਾ ਪ੍ਰਕਾਸ਼ਨ ਅਮਰੀਕਾ ਦੀ ਹਾਊਸ ਕਾਮਰਸ ਕਮੇਟੀ ਦੇ ਐਲਾਨ ਦੇ ਕੁਝ ਘੰਟਿਆ ਬਾਅਦ ਕੀਤਾ ਗਿਆ।
ਕਮੇਟੀ ਨੇ ਐਲਾਨ ਕੀਤਾ ਸੀ ਕਿ ਫੇਸਬੁੱਕ ਦੇ ਫਾਊਂਡਰ ਮਾਰਕ ਜ਼ਕਰਬਰਗ ਨੂੰ 11 ਅਪ੍ਰੈਲ ਤੋਂ ਪਹਿਲਾਂ ਆਪਣੇ ਬਿਆਨ ਦੇਣੇ ਪੈਣਗੇ।
ਤਸਵੀਰ ਸਰੋਤ, Getty Images
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਫੇਸਬੁੱਕ ਦੀ ਇਸ ਗੱਲ ਦੀ ਕਾਫ਼ੀ ਅਲੋਚਨਾ ਹੋਈ ਸੀ ਕਿ ਕਈ ਸਾਲਾਂ ਤੋਂ ਕੈਂਬ੍ਰਿਜ ਐਨਾਲਿਟੀਕਾ ਕਰੋੜਾਂ ਲੋਕਾਂ ਦੀਆਂ ਜਾਣਕਾਰੀਆਂ ਇਕੱਠੀਆਂ ਕਰ ਰਹੀ ਸੀ ਪਰ ਲੰਡਨ ਸਥਿਤ ਇਸ ਕੰਪਨੀ ਨੇ ਭਰੋਸਾ ਦਿਵਾਇਆ ਕਿ ਜਾਣਕਾਰੀਆਂ ਡਿਲੀਟ ਕਰ ਦਿੱਤੀਆਂ ਗਈਆਂ ਹਨ।
'ਭਰੋਸਾ ਤੋੜਿਆ'
ਹਾਲਾਂਕਿ ਚੈਨਲ ਫੋਰ ਮੁਤਾਬਕ ਕੁਝ ਜਾਣਕਾਰੀਆਂ ਹਾਲੇ ਵੀ ਇਸਤੇਮਾਲ ਹੋ ਰਹੀਆਂ ਹਨ ਜਦਕਿ ਕੈਂਬ੍ਰਿਜ ਐਨਾਲਿਟੀਕਾ ਨੇ ਕਿਹਾ ਸੀ ਕਿ ਉਸ ਨੇ ਇਸ ਨੂੰ ਨਸ਼ਟ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਕੈਂਬ੍ਰਿਜ ਐਨਾਲਿਟੀਕਾ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਦੇ ਫਾਉਂਡਰ ਮਾਰਕ ਜ਼ਕਰਬਰਗ ਨੇ ਮੰਨਿਆ ਸੀ ਕਿ ਉਨ੍ਹਾਂ ਦੀ ਕੰਪਨੀ ਤੋਂ 'ਗਲਤੀਆਂ ਹੋਈਆਂ ਹਨ'।
ਤਸਵੀਰ ਸਰੋਤ, Getty Images
ਉਨ੍ਹਾਂ ਨੇ ਅਜਿਹੇ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਸੀ ਜਿਸ ਨਾਲ ਥਰਡ ਪਾਰਟੀ ਐਪਸ ਲਈ ਲੋਕਾਂ ਦੀਆਂ ਜਾਣਕਾਰੀਆਂ ਹਾਸਿਲ ਕਰਨਾ ਔਖਾ ਹੋ ਜਾਵੇਗਾ।
ਜ਼ਕਰਬਰਗ ਨੇ ਕਿਹਾ ਸੀ ਕਿ ਐਪ ਬਣਾਉਣ ਵਾਲੇ ਅਲੈਗਜ਼ੈਂਡਰ ਕੋਗਨ, ਕੈਂਬ੍ਰਿਜ ਐਨਾਲਿਟਿਕਾ ਅਤੇ ਫੇਸਬੁੱਕ ਵਿਚਾਲੇ ਜੋ ਹੋਇਆ ਉਹ 'ਵਿਸ਼ਵਾਸਘਾਤ' ਦੇ ਬਰਾਬਰ ਹੈ।
ਉਨ੍ਹਾਂ ਨੇ ਕਿਹਾ ਕਿ ਇਹ 'ਫੇਸਬੁੱਕ ਅਤੇ ਉਨ੍ਹਾਂ ਲੋਕਾਂ ਦੇ ਨਾਲ ਵੀ ਵਿਸ਼ਵਾਸਘਾਤ ਹੈ ਜੋ ਆਪਣੀਆਂ ਜਾਣਕਾਰੀਆਂ ਸਾਡੇ ਨਾਲ ਸ਼ੇਅਰ ਕਰਦੇ ਹਨ।'