ਔਰਤਾਂ ਨੂੰ ਫੇਕ ਪੋਰਨ ਤਸਵੀਰਾਂ ਨਾਲ ਕਿਵੇਂ ਕੀਤਾ ਗਿਆ ਬਲੈਕਮੇਲ?

women Rights
ਤਸਵੀਰ ਕੈਪਸ਼ਨ,

ਔਰਤਾਂ ਦੇ ਹੱਕਾਂ ਲਈ ਲੜ੍ਹਨ ਵਾਲੀ ਕਾਰਕੁਨ ਦੀ ਸੰਕੇਤਕ ਤਸਵੀਰ

ਔਰਤਾਂ ਨੂੰ ਪੋਰਨ ਦੀਆਂ ਫੇਕ ਫੋਟੋਆਂ ਜ਼ਰੀਏ ਬਲੈਕਮੇਲ ਕਰਨ ਵਾਲੇ ਤਿੰਨ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਕੇਰਲ ਦੇ ਫੋਟੋਗ੍ਰਾਫ਼ੀ ਸਟੂਡੀਓ ਦਾ ਇੱਕ ਮੁਲਾਜ਼ਮ ਮਹਿਲਾ ਕਲਾਈਂਟਜ਼ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਪੋਰਨ ਤਸਵੀਰਾਂ ਬਣਾਉਣ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।

ਸਟੂਡੀਉ ਦੇ ਦੋ ਮਾਲਕਾਂ ਨੂੰ ਮੰਗਲਵਾਰ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਪੁਲਿਸ ਨੇ ਬੀਬੀਸੀ ਦੇ ਅਸ਼ਰਫ਼ ਪਦੱਨਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਔਰਤਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਬਲੈਕਮੇਲ ਕਰਨ ਲਈ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕਾਰਵਾਈ ਹੋਈ।

ਔਰਤਾਂ ਨੇ ਇਲਜ਼ਾਮ ਲਾਇਆ ਕਿ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਸਨ।

ਤਸਵੀਰ ਕੈਪਸ਼ਨ,

ਸੰਕੇਤਿਕ ਤਸਵੀਰ

ਮੁਲਜ਼ਮ ਇੱਕ ਡਿਜੀਟਲ ਸਟੂਡੀਓ ਵਿੱਚ ਫੋਟੋ ਅਤੇ ਵੀਡੀਓ ਐਡੀਟਰ ਸੀ, ਜਿੱਥੇ ਵਿਆਹ ਸਮਾਗਮ ਅਤੇ ਪਰਿਵਾਰਿਕ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ।

ਸੋਮਵਾਰ ਤੋਂ ਹੀ ਔਰਤਾਂ ਸਟੂਡੀਓ ਦੇ ਬਾਹਰ ਮੁਜ਼ਾਹਰਾ ਕਰ ਰਹੀਆਂ ਸਨ ਅਤੇ ਸਟੂਡੀਓ ਦੇ ਇਸ ਮੁਲਾਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਸਨ।

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ 'ਸ਼ਿਕਾਇਤ ਦੀ ਤਸਦੀਕ' ਹੋਣ ਤੱਕ ਸਟੂਡੀਓ ਬੰਦ ਕਰ ਦਿੱਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਹ ਸ਼ਖ਼ਸ ਜਿਨ੍ਹਾਂ 'ਤੇ ਹਾਲੇ ਮਾਮਲਾ ਦਰਜ ਹੋਣਾ ਹੈ ਉਨ੍ਹਾਂ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

'ਹਾਰਡ ਡਿਸਕ 'ਚ ਔਰਤਾਂ ਦੀਆਂ 40,000 ਫੋਟੋਆਂ ਮਿਲੀਆਂ'

ਉਨ੍ਹਾਂ ਦੱਸਿਆ ਕਿ ਸਟੂਡੀਓ ਵਿੱਚ ਇੱਕ ਹਾਰਡ ਡਿਸਕ ਵਿੱਚ ਔਰਤਾਂ ਦੀਆਂ 40,000 ਫੋਟੋਆਂ ਮਿਲੀਆਂ ਪਰ ਇਹ ਹਾਲੇ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਨ੍ਹਾਂ ਵਿੱਚੋਂ ਕਿੰਨੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਗਈ ਸੀ।

ਤਸਵੀਰ ਕੈਪਸ਼ਨ,

ਸੰਕੇਤਿਕ ਤਸਵੀਰ

ਪੁਲਿਸ ਹਾਲੇ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਵਿੱਚੋਂ ਕੋਈ ਤਸਵੀਰ ਆਨਲਾਈਨ ਜਾਂ ਕਿਸੇ ਜਨਤਕ ਥਾਂ 'ਤੇ ਪੋਸਟ ਕੀਤੀ ਗਈ ਹੈ ਜਾਂ ਨਹੀਂ।

ਪੋਰਨ ਹੱਬ ਵੈੱਬਸਾਈਟ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹਾਲ ਹੀ ਦੇ ਸਾਲਾਂ ਵਿੱਚ ਇਹ ਸਾਈਟ ਦੇਖਣ ਦੇ ਮਾਮਲੇ ਵਿੱਚ ਭਾਰਤ ਚੌਥੇ ਨੰਬਰ 'ਤੇ ਹੈ। ਅਮਰੀਕਾ, ਯੂਕੇ ਅਤੇ ਕੈਨੇਡਾ ਸੂਚੀ ਵਿੱਚ ਭਾਰਤ ਤੋਂ ਅੱਗੇ ਹਨ।

2015 ਵਿੱਚ ਭਾਰਤ ਸਰਕਾਰ ਨੇ ਹਜ਼ਾਰਾਂ ਪੋਰਨ ਸਾਈਟਸ ਨੂੰ ਬਲਾਕ ਕਰ ਦਿੱਤਾ ਸੀ। ਦਾਅਵਾ ਕੀਤਾ ਗਿਆ ਸੀ ਕਿ ਇਸ ਦਾ ਮਕਸਦ ਹੈ ਬੱਚਿਆਂ ਨੂੰ ਇਸ ਤੋਂ ਦੂਰ ਰੱਖਣਾ।

ਇਸ ਮੁੱਦੇ ਤੇ ਹੰਗਾਮਾ ਹੋਣ 'ਤੇ ਦੋ ਹਫ਼ਤਿਆਂ ਬਾਅਦ ਇਨ੍ਹਾਂ ਵੈੱਬਸਾਈਟਜ਼ ਤੋਂ ਪਾਬੰਦੀ ਹਟਾ ਦਿੱਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)