ਬ੍ਰਿਟੇਨ: ਸ਼ਰਾਬੀਆਂ ਦੇ ਸਾਏ ਹੇਠ ਜਿਉਂਦੇ ਕਈ ਪੰਜਾਬੀ ਪਰਿਵਾਰ

  • ਅਨੁਸ਼ਾ ਕੁਮਾਰ, ਆਈਡਨ ਕੈਸਟੇਲੀ ਅਤੇ ਚਇਆ ਸਿਆਲ
  • ਬੀਬੀਸੀ ਡਿਜੀਟਲ ਪਾਇਲਟਸ

ਹਰਜਿੰਦਰ ਕੌਰ ਨੂੰ ਉਹ ਦਿਨ ਯਾਦ ਹੈ ਜਦੋਂ ਉਸ ਨੇ ਆਪਣੀ ਧੀ ਜਸਪ੍ਰੀਤ ਨੂੰ ਕਹਾਣੀ ਸੁਣਾਈ ਅਤੇ 'ਗੁੱਡਨਾਈਟ' ਕਿਹਾ ਤੇ ਫਿਰ ਚੁੰਮਿਆ ਅਤੇ ਸੁਆ ਦਿੱਤਾ।

ਉਹ ਪੂਰੇ ਦਿਨ ਦੇ ਰੁਝੇਵਿਆਂ ਤੋਂ ਬਾਅਦ ਬੁਰੀ ਤਰ੍ਹਾਂ ਥੱਕ ਚੁੱਕੀ ਸੀ। ਉਸ ਦਾ ਪੁੱਤਰ ਪਹਿਲਾਂ ਹੀ ਨਾਲ ਦੇ ਕਮਰੇ ਵਿੱਚ ਸੁੱਤਾ ਪਿਆ ਸੀ। ਹਰਜਿੰਦਰ ਵੀ ਆਪਣੀ ਧੀ ਦੇ ਬਿਸਤਰੇ 'ਤੇ ਪੈ ਗਈ ਅਤੇ ਉਸਦੀ ਅੱਖ ਲੱਗ ਗਈ।

ਇਸ ਤੋਂ ਬਾਅਦ ਉਸ ਨੂੰ ਜੋ ਯਾਦ ਸੀ, ਉਹ ਇਹ ਕਿ ਉਸ ਦਾ ਪਤੀ ਚੀਕਾਂ ਮਾਰ ਰਿਹਾ ਸੀ। ਦਰਅਸਲ ਉਸਦਾ ਪਤੀ ਪੱਬ 'ਚੋਂ ਸ਼ਰਾਬ ਪੀ ਕੇ ਘਰ ਆਇਆ ਸੀ ਅਤੇ ਉਸ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਹਰਜਿੰਦਰ ਬੈੱਡ 'ਤੇ ਕਿਉਂ ਨਹੀਂ ਸੀ। ਗੁੱਸੇ ਵਿੱਚ ਉਸ ਨੇ ਬਿਸਤਰਾ ਹੇਠਾਂ ਸੁੱਟ ਦਿੱਤਾ, ਜਿਸ ਨਾਲ ਹਰਜਿੰਦਰ ਅਤੇ ਧੀ ਜਸਪ੍ਰੀਤ ਜ਼ਮੀਨ 'ਤੇ ਡਿੱਗ ਗਏ।

ਇਸ ਘਟਨਾ ਨੂੰ 20 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ। ਹਰਜਿੰਦਰ ਦੇ ਬੱਚੇ ਹੁਣ ਵੱਡੇ ਹੋ ਚੁੱਕੇ ਹਨ ਅਤੇ ਉਸ ਦੀ ਧੀ ਜਸਪ੍ਰੀਤ ਉਸ ਨੂੰ ਆਪਣੇ ਪਤੀ ਤੋਂ ਵੱਖ ਰਹਿਣ ਲਈ ਕਹਿੰਦੀ ਹੈ। ਹਰਜਿੰਦਰ ਰਹਿੰਦੀ ਤਾਂ ਆਪਣੇ ਪਤੀ ਨਾਲ ਹੈ ਪਰ ਅਸਲ ਵਿੱਚ ਉਸ ਦੀ ਜ਼ਿੰਦਗੀ ਇੱਕ-ਦੂਜੇ ਤੋਂ ਬਹੁਤ ਵੱਖ ਹੈ।

ਉਸ ਦੇ ਸਹੁਰੇ ਪਰਿਵਾਰ ਨੇ ਭਰੋਸਾ ਦਿਵਾਇਆ ਸੀ ਕਿ ਉਸ ਦਾ ਪਤੀ ਸ਼ਰਾਬ ਪੀਣਾ ਛੱਡ ਦੇਵੇਗਾ ਅਤੇ ਸਭ ਕੁਝ ਠੀਕ ਹੋ ਜਾਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਹਰਜਿੰਦਰ ਡਿਪਰੈਸ਼ਨ ਵਿੱਚ ਚਲੀ ਗਈ ਅਤੇ ਉਸ ਨੂੰ ਕਾਊਂਸਲਰ ਦੀ ਮਦਦ ਲੈਣੀ ਪਈ।

ਉਹ ਹੁਣ ਵੀ ਕਾਊਂਸਲਿੰਗ ਲਈ ਜਾਂਦੀ ਹੈ। ਉਹ ਕਹਿੰਦੀ ਹੈ,''ਕਦੇ ਸੋਚਦੀ ਹਾਂ, ਇਸ ਉਮਰ ਵਿੱਚ ਹੁਣ ਕੀ ਵੱਖ ਹੋਣਾ। ਕਦੇ ਸੋਚਦੀ ਹਾਂ, ਅਜੇ ਜ਼ਿੰਦਗੀ ਦੇ ਕਾਫ਼ੀ ਸਾਲ ਬਚੇ ਹਨ। ਹੋ ਸਕਦਾ ਹੈ ਕਿ ਮੈਂ ਵੱਖ ਹੋ ਵੀ ਜਾਵਾਂ।''

ਬ੍ਰਿਟੇਨ ਵਿੱਚ ਰਹਿਣ ਵਾਲੇ ਕਈ ਪੰਜਾਬੀਆਂ ਲਈ 'ਅਲਕੋਹਲ ਅਬਿਊਜ਼' ਇੱਕ ਖੁੱਲ੍ਹੇ ਰਹੱਸ ਦੀ ਤਰ੍ਹਾਂ ਹੈ, ਜਿਸ ਨੂੰ ਜਾਣਦੇ ਤਾਂ ਸਾਰੇ ਹਨ, ਪਰ ਇਸ ਬਾਰੇ ਗੱਲ ਕਰਨ ਵਿੱਚ ਝਿਜਕਦੇ ਹਨ।

ਪੰਜਾਬੀ ਸੱਭਿਆਚਾਰ ਵਿੱਚ ਸ਼ਰਾਬ ਪੀਣ ਨੂੰ ਗਲੈਮਰ ਦੀ ਤਰ੍ਹਾਂ ਵੇਖਿਆ ਜਾਂਦਾ ਹੈ ਅਤੇ ਇਸ ਲਈ ਲੋਕ ਇਸ ਨਾਲ ਹੋਣ ਵਾਲੇ ਤਮਾਮ ਨੁਕਸਾਨਾਂ ਤੋਂ ਬਾਅਦ ਵੀ ਮਦਦ ਮੰਗਣ ਲਈ ਝਿਜਕ ਮਹਿਸੂਸ ਕਰਦੇ ਹਨ।

ਯੂਕੇ ਵਿੱਚ ਕਰੀਬ 4 ਲੱਖ 30 ਹਜ਼ਾਰ ਸਿੱਖ ਰਹਿੰਦੇ ਹਨ। ਹਰਜਿੰਦਰ ਵੀ ਸਿੱਖ ਪਰਿਵਾਰ ਨਾਲ ਸਬੰਧਤ ਹੈ ਅਤੇ ਦੂਜੀਆਂ ਕਈ ਸਿੱਖ ਔਰਤਾਂ ਦੀ ਕਹਾਣੀ ਵੀ ਉਸ ਵਰਗੀ ਹੀ ਹੈ।

ਸਿੱਖ ਧਰਮ ਵਿੱਚ ਸ਼ਰਾਬ ਪੀਣ 'ਤੇ ਮਨਾਹੀ

ਬੀਬੀਸੀ ਦੇ ਇੱਕ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ 27 ਫ਼ੀਸਦ ਸਿੱਖ ਪਰਿਵਾਰਾਂ ਵਿੱਚ ਘੱਟੋ-ਘੱਟ ਇੱਕ ਮੈਂਬਰ ਅਜਿਹਾ ਹੈ, ਜਿਹੜਾ ਸ਼ਰਾਬ ਦੀ ਆਦਤ ਨਾਲ ਜੂਝ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਸਿੱਖ ਧਰਮ ਵਿੱਚ ਸ਼ਰਾਬ ਪੀਣ 'ਤੇ ਮਨਾਹੀ ਹੈ।

ਹਰਜਿੰਦਰ ਦੀ ਅਰੇਂਜਡ ਮੈਰਿਜ ਹੋਈ ਸੀ ਅਤੇ ਉਸ ਨੂੰ ਇਹ ਦੇਖ ਕੇ ਧੱਕਾ ਲੱਗਿਆ ਕਿ ਉਸ ਦੇ ਸੁਹਰੇ ਪਰਿਵਾਰ ਦੇ ਮਰਦ ਕਿਸ ਤਰ੍ਹਾਂ ਸ਼ਰਾਬ ਦੇ ਆਦੀ ਹਨ।

ਹਰਜਿੰਦਰ ਦੱਸਦੀ ਹੈ ਕਿ ਪਰਿਵਾਰ ਦੀਆਂ ਔਰਤਾਂ ਜਦੋਂ ਵੀ ਬੱਚਿਆਂ ਨਾਲ ਕਿਸੇ ਦੋਸਤ ਦੇ ਘਰ ਮਿਲਣ-ਜੁਲਣ ਜਾਂ ਪਾਰਟੀ 'ਤੇ ਜਾਂਦੀਆਂ ਸਨ ਤਾਂ ਰਾਤ ਦੇ 2-3 ਵਜੇ ਤੱਕ ਉੱਥੇ ਬੈਠ ਕੇ ਮਰਦਾਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ, ਕਿਉਂਕਿ ਘਰ ਦੇ ਮਰਦ ਉਦੋਂ ਤੱਕ ਸ਼ਰਾਬ ਪੀ ਰਹੇ ਹੁੰਦੇ ਸੀ।

ਹਰ ਰੋਜ਼ ਅਜਿਹੀਆਂ ਘਟਨਾਵਾਂ ਦੇਖ ਕੇ ਹਰਜਿੰਦਰ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ।

ਅਹਿਸਾਸ ਨਹੀਂ ਹੋਇਆ ਕਿ ਨਸ਼ੇ ਦਾ ਆਦੀ ਹੈ

ਸੰਜੇ ਭੰਡਾਰੀ ਇੱਕ ਹਿੰਦੂ ਪੰਜਾਬੀ ਪਰਿਵਾਰ ਤੋਂ ਹੈ ਅਤੇ ਕਈ ਸਾਲ ਸ਼ਰਾਬ ਦਾ ਆਦੀ ਰਹਿਣ ਤੋਂ ਬਾਅਦ ਉਹ ਇਸ ਤੋਂ ਦੂਰੀ ਬਣਾ ਚੁੱਕਿਆ ਹੈ। ਸੰਜੇ ਨੇ 15 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਹੀ ਸ਼ਰਾਬ ਪੀਣੀ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਇਹ ਸਿਲਸਿਲਾ ਕਦੇ ਨਹੀਂ ਰੁਕਿਆ।

30 ਸਾਲ ਦੀ ਉਮਰ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਕੋਈ ਵੀ ਅਜਿਹਾ ਦਿਨ ਨਹੀਂ ਸੀ ਜਦੋਂ ਉਹ ਸ਼ਰਾਬ ਨਾ ਪੀਂਦਾ ਹੋਵੇ। ਉਹ ਮੰਨਦਾ ਹੈ ਕਿ ਪੰਜਾਬੀ ਪਰਿਵਾਰ ਤੋਂ ਹੋਣ ਕਰਕੇ ਉਸ ਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਉਹ ਕਿਸੇ ਤਰ੍ਹਾਂ ਦੀ ਅਡਿਕਸ਼ਨ ਦਾ ਸ਼ਿਕਾਰ ਹੈ।

ਸੰਜੇ ਨੇ 'ਅਲਕੋਹੌਲਿਕਸ ਐਨੌਨਿਮਸ' ਨਾਮ ਦੀ ਸੰਸਥਾ ਤੋਂ ਮਦਦ ਲਈ, ਜਿਹੜੀ ਨਸ਼ਾ ਛੁਡਾਉਣ ਵਿੱਚ ਮਦਦ ਕਰਦੀ ਹੈ। ਉਸ ਦੀ ਕੋਸ਼ਿਸ਼ ਕਾਮਯਾਬ ਹੋਈ। ਉਸ ਨੇ ਪਿਛਲੇ 16 ਸਾਲਾਂ ਤੋਂ ਸ਼ਰਾਬ ਨਹੀਂ ਪੀਤੀ ਹੈ।

ਭਾਈਚਾਰੇ ਵਿੱਚ ਕਿਸੇ ਤੋਂ ਮਦਦ ਕਿਉਂ ਨਹੀਂ ਮੰਗੀ?

ਇਸਦੇ ਜਵਾਬ ਵਿੱਚ ਉਹ ਕਹਿੰਦਾ ਹੈ ,''ਕਿਸੇ ਪੰਜਾਬੀ ਤੋਂ ਮਦਦ ਮੰਗਣਾ ਆਖ਼ਰੀ ਵਿਕਲਪ ਹੁੰਦਾ ਹੈ। ਉਹ ਇਹ ਗੱਲ ਸਮਝਦੇ ਹੀ ਨਹੀਂ ਕਿ ਸ਼ਰਾਬ ਦਾ ਆਦੀ ਹੋਣਾ ਕੋਈ ਸਮੱਸਿਆ ਹੈ।''

ਬ੍ਰਿਟੇਨ ਵਿੱਚ ਪੰਜਾਬੀ

ਬ੍ਰਿਟੇਨ ਵਿੱਚ ਪੰਜਾਬੀਆਂ ਦੇ ਆਉਣ ਦਾ ਸਿਲਸਿਲਾ 1950 ਵਿੱਚ ਸ਼ੁਰੂ ਹੋਇਆ। ਇੱਥੇ ਆਉਣ ਵਾਲਿਆਂ 'ਚ ਜ਼ਿਆਦਾਤਰ ਮਰਦ ਸੀ ਅਤੇ ਉਨ੍ਹਾਂ ਲਈ ਖ਼ੁਦ ਨੂੰ ਨਵੀਂ ਥਾਂ 'ਤੇ ਉੱਥੋਂ ਦੇ ਲੋਕਾਂ ਮੁਤਾਬਕ ਢਾਲਣ ਵਿੱਚ ਮੁਸ਼ਕਿਲ ਹੋਈ। ਉਹ ਬਿਨਾਂ ਰੁਕੇ ਕਈ ਘੰਟੇ ਕੰਮ ਕਰਦੇ ਸੀ ਕਿਉਂਕਿ ਉਨ੍ਹਾਂ 'ਤੇ ਭਾਰਤ ਵਿੱਚ ਰਹਿ ਰਹੇ ਆਪਣੇ ਪਰਿਵਾਰ ਨੂੰ ਪੈਸੇ ਭੇਜਣ ਦੀ ਜ਼ਿੰਮੇਵਾਰੀ ਵੀ ਸੀ।

ਇਨ੍ਹਾਂ ਸਭ ਤੋਂ ਉਭਰਣ ਅਤੇ ਨਵੇਂ ਲੋਕਾਂ ਵਿੱਚ ਘੁਲਣ-ਮਿਲਣ ਲਈ ਉਨ੍ਹਾਂ ਨੇ ਸ਼ਰਾਬ ਦਾ ਸਹਾਰਾ ਲਿਆ।

ਜੇਨੀਫ਼ਰ ਸ਼ੇਰਗਿੱਲ ਇੱਕ ਅਲਕੋਹਲ ਪ੍ਰੈਕੀਟਸ਼ਨਰ ਹੈ, ਜਿਹੜੀ ਸਿੱਖ ਮਰਦਾਂ ਅਤੇ ਔਰਤਾਂ ਨੂੰ ਨਸ਼ੇ ਦੀ ਲਤ ਤੋਂ ਬਾਹਰ ਲਿਆਉਣ ਵਿੱਚ ਮਦਦ ਕਰਦੀ ਹੈ। ਉਹ ਸ਼ਾਂਤੀ ਪ੍ਰਾਜੈਕਟ ਦੇ ਨਾਲ ਕੰਮ ਕਰਦੀ ਹੈ, ਜਿਹੜਾ ਖ਼ਾਸ ਤੌਰ 'ਤੇ ਪੰਜਾਬੀਆਂ ਦੀ ਮਦਦ ਦੇ ਮਕਸਦ ਨਾਲ ਬਣਾਇਆ ਗਿਆ।

ਇਸ ਤੋਂ ਇਲਾਵਾ ਸਿੱਖ ਹੈਲਪਲਾਈਨ, ਡਰਬੀ ਰਿਕਵਰੀ ਨੈੱਟਵਰਕ ਅਤੇ ਫਰਸਟ ਸਟੈੱਪ ਫਾਊਂਡੇਸ਼ਨ ਕੁਝ ਅਜਿਹੀਆਂ ਸੰਸਥਾਵਾਂ ਹਨ ਜਿਹੜੀਆਂ ਪੰਜਾਬੀ ਸੱਭਿਆਚਾਰ ਨੂੰ ਸਮਝਣ ਅਤੇ ਪੰਜਾਬੀਆਂ ਨੂੰ ਨਸ਼ੇ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।

(ਹਰਜਿੰਦਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਬਦਲੇ ਗਏ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)