ਆਖਿਰ ਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?

ਸਿਹਤ Image copyright Getty Images

ਕਸਰਤ ਕਰਨ 'ਤੇ ਲੋਕਾਂ ਦੇ ਸਰੀਰ 'ਚੋਂ ਚਰਬੀ ਘਟ ਜਾਂਦੀ ਹੈ, ਪਰ ਇਹ ਆਖ਼ਿਰ ਜਾਂਦੀ ਕਿੱਥੇ ਹੈ? ਲਗਭਗ 150 ਡਾਕਟਰਾਂ, ਭੋਜਨ ਦੇ ਮਾਹਿਰਾਂ ਅਤੇ ਸਰੀਰਿਕ ਟ੍ਰੇਨਰਾਂ ਨੇ ਇਸ ਸਵਾਲ ਦਾ ਗ਼ਲਤ ਜਵਾਬ ਦਿੱਤਾ।

ਆਓ, ਜਾਣਦੇ ਹਾਂ ਕਿ ਕੀ ਤੁਹਾਨੂੰ ਇਸ ਦਾ ਪਤਾ ਹੈ? ਸਵਾਲ ਬੇਹੱਦ ਸਾਧਾਰਨ ਹੈ - ਜਦੋਂ ਕੋਈ ਕਸਰਤ ਕਰਕੇ ਆਪਣਾ ਭਾਰ ਘੱਟ ਕਰਦਾ ਹੈ ਤਾਂ ਉਸਦੇ ਸਰੀਰ ਦੀ ਚਰਬੀ ਜਾਂਦੀ ਕਿੱਥੇ ਹੈ?

Image copyright Getty Images

ਤੁਹਾਡੇ ਕੋਲ ਇਹ ਬਦਲ ਹਨ :

ਓ) ਚਰਬੀ, ਊਰਜਾ ਤੇ ਗਰਮਾਇਸ਼ 'ਚ ਤਬਦੀਲ ਹੋ ਜਾਂਦੀ ਹੈ

ਅ) ਚਰਬੀ, ਮਾਂਸਪੇਸ਼ੀ 'ਚ ਬਦਲ ਜਾਂਦੀ ਹੈ

ੲ) ਚਰਬੀ, ਕਾਰਬਨਡਾਇਆਕਸਾਈਡ ਤੇ ਪਾਣੀ 'ਚ ਬਦਲ ਜਾਂਦੀ ਹੈ

ਜੇ ਇਸਦਾ ਜਵਾਬ 'ਓ ' ਜਾਂ 'ਅ ' ਹੈ ਤਾਂ ਚਿੰਤਾ ਨਾ ਕਰੋ ਤੁਸੀਂ ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਸਕੂਲ ਆਫ਼ ਬਾਇਓਮੋਲਿਕਯੂਲਰ ਸਾਇੰਸ ਦੇ ਵਿਗਿਆਨੀ ਰੂਬੇਨ ਮੀਰਮੈਨ ਦੇ ਇੱਕ ਸਰਵੇਖਣ ਦੇ ਉਨ੍ਹਾਂ 147 ਮਾਹਿਰਾਂ ਵਾਂਗ ਹੋ ਜਿਨ੍ਹਾਂ ਨੇ ਇਸਦਾ ਜਵਾਬ ਗਲਤ ਦਿੱਤਾ ਸੀ।

Image copyright Getty Images

ਕਈ ਮਾਹਿਰ ਵੀ ਨਹੀਂ ਜਾਣਦੇ ਇਸਦਾ ਜਵਾਬ

ਇਹ ਸਭ ਤੋਂ ਆਮ ਪ੍ਰਤੀਕਿਰਿਆ ਸੀ ਕਿ ਚਰਬੀ ਊਰਜਾ 'ਚ ਤਬਦੀਲ ਹੋ ਜਾਂਦੀ ਹੈ

ਸਭ ਤੋਂ ਆਮ ਪ੍ਰਤੀਕਿਰਿਆ ਇਹ ਸੀ ਕਿ ਚਰਬੀ ਊਰਜਾ ਬਣ ਜਾਂਦਾ ਹੈ। ਦਰਅਸਲ ਇਹ ਭੌਤਿਕ ਤਰਲ ਸੁਰੱਖਿਆ ਦੇ ਨਿਯਮਾਂ ਦੇ ਖ਼ਿਲਾਫ਼ ਹੈ, ਜਿਸ 'ਚ ਸਾਰੀਆਂ ਰਸਾਇਣਿਕ ਪ੍ਰਤੀਕ੍ਰਿਆਵਾਂ ਦਾ ਪਾਲਣ ਕੀਤਾ ਜਾਂਦਾ ਹੈ।

ਬਦਲ 'ਅ ' ਦੇ ਬਾਰੇ 'ਚ ਮੀਰਮੈਨ ਕਹਿੰਦੇ ਹਨ ਚਰਬੀ ਦਾ ਮਾਂਸਪੇਸ਼ੀ 'ਚ ਬਦਲਾਅ ਅਸੰਭਵ ਹੈ।

2014 'ਚ ਬ੍ਰਿਟਿਸ਼ ਮੇਡਿਕਲ ਜਰਨਲ ਵਿੱਚ ਛਪੇ ਮੀਰਮੈਨ ਦੇ ਸੋਧ ਮੁਤਾਬਕ ਇਸਦਾ ਸਹੀ ਜਵਾਬ 'ੲ ' ਹੈ, ਯਾਨੀ ਚਰਬੀ, ਕਾਰਬਨਡਾਇਆਕਸਾਈਡ ਤੇ ਪਾਣੀ 'ਚ ਬਦਲ ਜਾਂਦੀ ਹੈ।

ਇਸ 'ਚ ਸਰੀਰ ਦੇ ਮੁੱਖ ਅੰਗ ਫੇਫੜੇ ਦਾ ਸਭ ਤੋਂ ਅਹਿਮ ਕੰਮ ਹੁੰਦਾ ਹੈ।

''ਖੋਜ ਮੁਤਾਬਕ, ਸਰੀਰ 'ਚੋਂ ਪਾਣੀ, ਪਿਸ਼ਾਬ ਤੇ ਪਸੀਨਾ, ਸਾਹ ਅਤੇ ਹੋਰ ਸਰੀਰਿਕ ਤਰਲ ਪਦਾਰਥਾਂ ਦੇ ਰੂਪ ਵਿੱਚ ਬਾਹਰ ਨਿਕਲਦਾ ਹੈ।''

ਮੀਰਮੈਨ ਨੇ theconverstion.com 'ਤੇ ਲਿਖਿਆ, ''ਜੇਕਰ ਤੁਸੀਂ 10 ਕਿੱਲੋ ਚਰਬੀ ਘੱਟ ਕਰਦੇ ਹੋ, ਤਾਂ ਇਸਦਾ 8.4 ਕਿੱਲੋ ਕਾਰਬਨਡਾਇਆਕਸਾਈਡ ਦੇ ਮਾਧਿਅਮ ਨਾਲ ਅਤੇ ਬਾਕੀ 1.6 ਕਿੱਲੋ ਪਾਣੀ ਦੇ ਰੂਪ 'ਚ ਬਾਹਰ ਨਿਕਲਦਾ ਹੈ।''

ਆਮ ਸ਼ਬਦਾਂ 'ਚ ਕਹੀਏ ਤਾਂ, ਵਿਵਹਾਰਿਕ ਰੂਪ 'ਚ ਅਸੀਂ ਜਿਹੜਾ ਭਾਰ ਘੱਟ ਕਰਦੇ ਹਾਂ, ਉਸਨੂੰ ਅਸੀਂ ਸਾਹ ਦੇ ਰੂਪ 'ਚ ਛੱਡਦੇ ਹਾਂ।

Image copyright Getty Images

ਡਾਕਟਰ ਗਲਤ ਕਿਉਂ ਸਨ?

ਜਿਨ੍ਹਾਂ 150 ਮਾਹਿਰਾਂ ਵਿਚਾਲੇ ਸਰਵੇਖਣ ਕੀਤਾ ਗਿਆ ਉਨ੍ਹਾਂ ਵਿੱਚੋਂ ਸਿਰਫ਼ ਤਿੰਨ ਨੇ ਸਹੀ ਜਵਾਬ ਦਿੱਤਾ।

ਮੀਰਮੈਨ ਨੇ ਆਸਟਰੇਲੀਆਈ ਮਾਹਿਰਾਂ ਵਿਚਾਲੇ ਇਹ ਸਰਵੇਖਣ ਕੀਤਾ ਪਰ ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਅਮਰੀਕਾ, ਬ੍ਰਿਟੇਨ ਅਤੇ ਕਈ ਯੂਰਪੀ ਦੇਸ਼ਾਂ 'ਚ ਵੀ ਇਹੀ ਗਲਤ ਪਿਰਤ ਮਿਲੀ।

ਮੀਰਮੈਨ ਦਾ ਨਤੀਜਾ ਇਸ ਤੱਥ 'ਤੇ ਆਧਾਰਿਤ ਹੈ ਕਿ ਅਸੀਂ ਜੋ ਕੁਝ ਵੀ ਖਾਂਦੇ ਹਾਂ ਉਨ੍ਹਾਂ 'ਚ ਜਿੰਨਾ ਆਕਸੀਜਨ ਲੈਂਦੇ ਹਾਂ ਉਸ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।

ਉਦਾਹਰਣ ਵਜੋਂ, ਜੇ ਤੁਹਾਡੇ ਸਰੀਰ 'ਚ 3.5 ਕਿੱਲੋ ਖਾਣਾ ਤੇ ਪਾਣੀ ਆਉਂਦਾ ਹੈ, ਇਸ ਦੌਰਾਨ 500 ਗ੍ਰਾਮ ਆਕਸੀਜਨ ਵੀ ਲਿਆ, ਤਾਂ ਤੁਹਾਡੇ ਸਰੀਰ ਤੋਂ 4 ਕਿੱਲੋ ਜ਼ਰੂਰ ਬਾਹਰ ਜਾਣਾ ਚਾਹੀਦਾ ਹੈ।

ਮੀਰਮੈਨ ਲਿਖਦੇ ਹਨ, ''ਨਹੀਂ ਤਾਂ ਤੁਹਾਡਾ ਭਾਰ ਵਧ ਜਾਵੇਗਾ।''

Image copyright Getty Images

ਮੋਟਾਪਾ ਘਟਾਉਣ ਲਈ ਕੀ ਕਰੀਏ?

ਉਨ੍ਹਾਂ ਮੁਤਾਬਕ, ''ਭਾਰ ਘਟਣ ਲਈ ਚਰਬੀ ਕੋਸ਼ਿਕਾਵਾਂ 'ਚੋਂ ਕਾਰਬਨ ਨੂੰ ਬਾਹਰ ਕੱਢਣ ਦੀ ਜ਼ਰੂਰਤ ਹੁੰਦੀ ਹੈ।''

ਜਦੋਂ ਅਸੀਂ ਸਾਹ ਲੈਂਦੇ ਹਾਂ, ਤਾਂ ਅਸੀਂ ਕਾਰਬਨ ਛੱਡਦੇ ਹਾਂ, ਤਾਂ ਕੀ ਜੇ ਅਸੀਂ ਵਾਧੂ ਸਾਹ ਲਵਾਂਗੇ ਤਾਂ ਅਸੀਂ ਕਾਰਬਨ 'ਚ ਤਬਦੀਲ ਹੋਈ ਚਰਬਾ ਨੂੰ ਘੱਟ ਕਰਨ 'ਚ ਕਾਮਯਾਬ ਹੋਵਾਂਗੇ?

ਮੀਰਮੈਨ ਲਿਖਦੇ ਹਨ, ''ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਜ਼ਰੂਰਤ ਤੋਂ ਵੱਧ ਸਾਹ ਲੈਣ ਨਾਲ ਹਾਈਪਰਵੈਂਟਿਲੇਸ਼ਨ ਹੋ ਜਾਵੇਗਾ, ਜਿਸ ਕਰਕੇ ਤੁਹਾਨੂੰ ਚੱਕਰ ਆਵੇਗਾ ਅਤੇ ਤੁਸੀਂ ਬੇਹੋਸ਼ ਵੀ ਹੋ ਸਕਦੇ ਹੋ।''

''ਇੱਕੋ ਇੱਕ ਤਰੀਕਾ ਹੈ ਜਿਸ ਨਾਲ ਤੁਹਾਡੇ ਸਰੀਰ 'ਚੋਂ ਨਿਕਲਣ ਵਾਲੇ ਕਾਰਬਨਡਾਇਆਕਸਾਈਡ ਦੀ ਮਾਤਰਾ ਵਧ ਸਕਦੀ ਹੈ, ਇਸ ਲਈ ਤੁਹਾਨੂੰ ਆਪਣੀਆਂ ਮਾਂਸਪੇਸ਼ੀਆਂ ਦੀਆਂ ਗਤੀਵਿਧੀਆਂ ਨੂੰ ਵਧਾਉਣਾ ਹੋਵੇਗਾ।''

Image copyright Getty Images

ਕੀ ਹੈ ਸਭ ਤੋਂ ਕਾਰਗਰ ਉਪਾਅ?

ਕਸਰਤ ਤੋਂ ਇਲਾਵਾ ਮੀਰਮੈਨ ਹੋਰ ਵੀ ਕਈ ਤਰੀਕੇ ਦੱਸਦੇ ਹਨ ਜਿਸ ਨਾਲ ਅਸੀਂ ਕਾਰਬਨਡਾਇਆਕਸਾਈਡ ਪੈਦਾ ਕਰਦੇ ਹਾਂ।

ਉਦਾਹਰਣ ਦੇ ਤੌਰ 'ਤੇ, ਇੱਕ 75 ਕਿੱਲੋ ਭਾਰ ਵਾਲਾ ਵਿਅਕਤੀ ਆਰਾਮ ਦੇ ਸਮੇਂ 590 ਗ੍ਰਾਮ ਕਾਰਬਨਡਾਇਆਕਸਾਈਡ ਪੈਦਾ ਕਰਦਾ ਹੈ।

ਮੀਰਮੈਨ ਕਹਿੰਦੇ ਹਨ, ''ਕੋਈ ਦਵਾਈ ਜਾਂ ਤਰਲ ਪਦਾਰਥ ਇਸ ਨੰਬਰ ਨੂੰ ਵਧਾ ਨਹੀਂ ਸਕਦੇ।''

ਸੌਂਦੇ ਸਮੇਂ, ਇੱਕ ਵਿਅਕਤੀ ਕਰੀਬ 200 ਗ੍ਰਾਮ ਕਾਰਬਨਡਾਇਆਕਸਾਈਡ ਪੈਦਾ ਕਰਦਾ ਹੈ।

ਇਸ ਤੋਂ ਇਲਾਵਾ ਸਿਰਫ਼ ਖੜੇ ਹੋਣ ਅਤੇ ਤਿਆਰ ਹੋਣ ਨਾਲ ਤੁਹਾਡੀ ਮੇਟਾਬਾਲਿਕ ਦਰ ਦੁੱਗਣੀ ਹੋ ਜਾਂਦੀ ਹੈ।

ਤੁਰਨਾ-ਫ਼ਿਰਨਾ, ਖਾਣਾ ਪਕਾਉਣਾ ਅਤੇ ਘਰ ਦੀ ਸਫ਼ਾਈ 'ਚ ਇਹ ਦਰ ਤਿੰਨ ਗੁਣਾ ਤੱਕ ਹੋ ਜਾਂਦੀ ਹੈ।

ਮੀਰਮੈਨ ਮੁਤਾਬਕ, ਜੇ ਭਾਰ ਘੱਟ ਕਰਨਾ ਹੈ ਤਾਂ ''ਘੱਟ ਖਾਓ ਤੇ ਸਰੀਰ ਨੂੰ ਵੱਧ ਤੋਂ ਵੱਧ ਚਲਾਓ।''

ਅਖੀਰ 'ਚ ਉਹ ਕਹਿੰਦੇ ਹਨ, ''ਕੋਈ ਵੀ ਖਾਣਾ ਜਿਸ ਨਾਲ ਤੁਹਾਡੇ ਸਰੀਰ 'ਚ ਘੱਟ ਊਰਜਾ ਆਉਂਦੀ ਹੈ, ਭਾਰ ਘੱਟ ਕਰਨ 'ਚ ਬੇਹੱਦ ਕਾਰਗਰ ਹੋਵੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)