ਮੂੰਗਫਲੀਆਂ ਵੇਚਣ ਵਾਲਾ ਕਿਵੇਂ ਬਣਿਆ ਬ੍ਰਾਜ਼ੀਲ ਦਾ ਰਾਸ਼ਟਰਪਤੀ?

Forrmer Brazilian president Luis Inácio Lula da Silva waves to supporters from a window Image copyright EPA
ਫੋਟੋ ਕੈਪਸ਼ਨ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਨੇ ਖਿੜਕੀ ਵਿੱਚੋਂ ਸਮਰਥਕਾਂ ਨੂੰ ਹੱਥ ਹਿਲਾਇਆ।

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਲੁਈਸ ਇਨਾਸਿਓ ਲੂਲਾ ਡਿ ਸਿਲਵਾ ਵੱਲੋਂ ਪੁਲਿਸ ਸਾਹਮਣੇ ਸਰੰਡਰ ਹੋਣ ਦੀ ਡੈੱਡਲਾਈਨ ਖ਼ਤਮ ਹੋ ਗਈ ਹੈ।

ਹਾਲਾਂਕਿ ਉਹ ਆਪਣੇ ਸ਼ਹਿਰ ਸਾਓ ਪੋਲੋ ਦੀ ਯੂਨੀਅਨ ਬਿਲਡਿੰਗ ਵਿੱਚੋਂ ਬਾਹਰ ਖੜ੍ਹੇ ਲੋਕਾਂ ਨੂੰ ਹੱਥ ਹਿਲਾਉਂਦੇ ਨਜ਼ਰ ਆਏ।

72 ਸਾਲਾ ਲੂਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 12 ਸਾਲ ਦੀ ਸਜ਼ਾ ਦਾ ਐਲਾਨ ਹੋਇਆ ਹੈ।

ਕੁਝ ਰਿਪੋਰਟਾਂ ਮੁਤਾਬਕ ਉਹ ਸ਼ਨੀਵਾਰ ਨੂੰ ਸਰੰਡਰ ਕਰ ਸਕਦੇ ਹਨ।

ਸਾਓ ਬਰਨਾਰਡੋ ਕੈਂਪੋ ਜਿੱਥੇ ਲੂਲਾ ਰਹਿ ਰਹੇ ਹਨ ਉੱਥੇ ਹਜ਼ਾਰਾਂ ਸਮਰਥਕ ਇਕੱਠੇ ਹੋਏ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਲੂਲਾ ਨੂੰ ਭਗੌੜਾ ਨਹੀਂ ਸਮਝਿਆ ਜਾ ਰਿਹਾ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਉਹ ਕਿੱਥੇ ਹਨ।

ਲੂਲਾ ਡਿ ਸਿਲਵਾ ਕੌਣ ਹਨ, ਇੱਕ ਨਜ਼ਰ

  • ਇੱਕ ਗਰੀਬ ਅਤੇ ਅਨਪੜ੍ਹ ਕਿਸਾਨ ਪਰਿਵਾਰ ਦੇ ਪੁੱਤਰ ਲੂਲਾ ਨੇ ਬਚਪਨ ਵਿੱਚ ਹੀ ਮੂੰਗਫਲੀਆਂ ਵੇਚੀਆਂ ਅਤੇ ਜੁੱਤੇ ਪਾਲਿਸ਼ ਕਰਨ ਦਾ ਕੰਮ ਕੀਤਾ।
  • 10 ਸਾਲ ਦੀ ਉਮਰ ਵਿੱਚ ਲੂਲਾ ਨੇ ਪੜ੍ਹਨਾ ਸਿੱਖਿਆ।
  • ਇੰਡਸਟ੍ਰੀਅਲ ਸ਼ਹਿਰ ਸਾਓ ਪੌਲੋ ਵਿੱਚ ਉਨ੍ਹਾਂ ਮੈਟਲ ਵਰਕਰ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਦੌਰਾਨ 1960 ਵਿੱਚ ਇੱਕ ਹਾਦਸੇ ਵਿੱਚ ਖੱਬੇ ਹੱਥ ਦੀ ਛੋਟੀ ਉੰਗਲ ਕੱਟੀ ਗਈ।
  • ਉਹ 2003-2011 ਤੱਕ ਬ੍ਰਾਜ਼ੀਲ ਦੇ ਰਾਸ਼ਟਰਪਤੀ ਰਹੇ। ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਲਈ ਓਪੀਨੀਅਨ ਪੋਲ ਵਿੱਚ ਲੀਡ ਕਰਨ ਦੇ ਬਾਵਜੂਦ ਲੋਕਾਂ ਵਿੱਚ ਉਨ੍ਹਾਂ ਨੂੰ ਲੈ ਕੇ ਇਕ ਰਾਇ ਨਹੀਂ ਹੈ।
  • ਲੂਲਾ ਪਹਿਲੇ ਖੱਬੇ-ਪੱਖੀ ਆਗੂ ਸਨ ਜੋ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣੇ ਸਨ।
  • ਉਹ ਪਹਿਲਾਂ ਧਾਤੂ (ਮੈਟਲ ਵਰਕਰ) ਦਾ ਕੰਮ ਕਰਦੇ ਸਨ ਅਤੇ ਟਰੇਡ ਯੂਨੀਅਨ ਦੇ ਕਾਰਕੁੰਨ ਸਨ।
  • ਲੂਲਾ ਦੇ ਕਾਰਜਕਾਲ ਵੇਲੇ ਬ੍ਰਾਜ਼ੀਲ ਵਿੱਚ ਸਭ ਤੋਂ ਲੰਬਾ ਆਰਥਿਕ ਵਿਕਾਸ ਹੋਇਆ। ਤਿੰਨ ਦਹਾਕੇ ਤੱਕ ਚੱਲਣ ਵਾਲੇ ਵਿੱਤੀ ਵਿਕਾਸ ਕਾਰਜਾਂ ਦੌਰਾਨ ਪ੍ਰਾਸ਼ਸਨ ਨੂੰ ਇਜਾਜ਼ਤ ਦਿੱਤੀ ਗਈ ਸੀ ਕਿ ਉਹ ਸਮਾਜਿਕ ਕੰਮਾਂ 'ਤੇ ਖੁੱਲ੍ਹ ਕੇ ਖਰਚਾ ਕਰਨ।
  • ਸਰਾਕਾਰੀ ਯੋਜਨਾਵਾਂ ਕਾਰਨ ਹਜ਼ਾਰਾਂ ਲੋਕ ਗਰੀਬੀ ਵਿੱਚੋਂ ਬਾਹਰ ਕੱਢੇ ਗਏ।
  • ਰਿਕਾਰਡ ਪ੍ਰਸਿੱਧੀ ਤੋਂ ਬਾਅਦ ਡਿ ਸਿਲਵਾ ਨੇ ਲਗਾਤਾਰ ਦੋ ਕਾਰਜਕਾਲ ਪੂਰੇ ਕਰਨ ਤੋਂ ਬਾਅਦ (ਬ੍ਰਾਜ਼ੀਲ ਵਿੱਚ ਲਗਾਤਾਰ ਦੋ ਹੀ ਕਾਰਜਕਾਲ ਦੀ ਇਜਾਜ਼ਤ ਹੈ) ਬ੍ਰਾਜ਼ੀਲ ਦੀ ਸੱਤਾ ਛੱਡੀ।
  • ਲੂਲਾ ਦੇ ਘਰ ਦੇ ਬਾਹਰ ਇਕੱਠੇ ਹੋਏ ਸਮਰਥਕਾਂ ਦਾ ਦਾਅਵਾ ਹੈ ਕਿ ਉਹ ਹੁਣ ਤੱਕ ਦੇ ਦੇਸ ਦੇ ਸਭ ਤੋਂ ਬਿਹਤਰ ਰਾਸ਼ਟਰਪਤੀ ਹਨ।

ਕਿਉਂ ਦੋਸ਼ੀ ਕਰਾਰ ਦਿੱਤੇ ਗਏ ਲੂਲਾ?

ਭ੍ਰਿਸ਼ਟਾਚਾਰ ਵਿਰੋਧੀ 'ਆਪਰੇਸ਼ਨ ਕਾਰ ਵਾਸ਼' ਦੇ ਤਹਿਤ ਲੂਲਾ ਸਣੇ ਕਈ ਦਿੱਗਜ ਸਿਆਸਤਦਾਨਾਂ ਖਿਲਾਫ਼ ਕਾਰਵਾਈ ਹੋਈ। ਦਰਅਸਲ ਤੇਲ ਕੰਪਨੀ ਪੈਟਰੋਬ੍ਰਾਸ ਦੇ ਪ੍ਰਬੰਧਕਾਂ ਨੇ ਕੰਸਟ੍ਰਕਸ਼ਨ ਕੰਪਨੀਆਂ ਤੋਂ ਰਿਸ਼ਵਤ ਲਈ ਸੀ।

ਇਸ ਦੀ ਜਾਂਚ ਲਈ ਹੀ ਇਹ 'ਆਪਰੇਸ਼ਨ ਕਾਰ ਵਾਸ਼' ਸਾਲ 2014 ਵਿੱਚ ਸ਼ੁਰੂ ਹੋਇਆ। ਜਾਂਚ ਦੇ ਤਿੰਨ ਸਾਲ ਬਾਅਦ ਲੂਲਾ 'ਤੇ ਇੰਜੀਨੀਅਰਿੰਗ ਕੰਪਨੀ ਓਏਐੱਸ ਤੋਂ ਬੀਚਫਰੰਟ ਅਪਾਰਟਮੈਂਟ ਰਿਸ਼ਵਤ ਵਜੋਂ ਲੈਣ ਦਾ ਇਲਜ਼ਾਮ ਲੱਗਿਆ।

Image copyright Reuters
ਫੋਟੋ ਕੈਪਸ਼ਨ ਲੂਲਾ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਗੌਰੂਜਾ ਦੇ ਇਸ ਬਲਾਕ ਵਿੱਚ ਰਿਸ਼ਵਤ ਵਜੋਂ ਅਪਾਰਟਮੈਂਟ ਲਿਆ।

ਲੂਲਾ ਦੇ ਵਕੀਲ ਦਾ ਕਹਿਣਾ ਹੈ ਕਿ ਇਹ ਸਾਬਿਤ ਨਹੀਂ ਹੋਇਆ ਹੈ ਕਿ ਇਹ ਅਪਾਰਟਮੈਂਟ ਲੂਲਾ ਦਾ ਹੈ।

ਉਨ੍ਹਾਂ ਨੂੰ ਓਏਐੱਸ ਦੇ ਚੇਅਰਮੈਨ ਦੇ ਬਿਆਨ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਿਸ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਪਹਿਲਾਂ ਹੀ ਲੱਗੇ ਹੋਏ ਹਨ।

ਹਾਲਾਂਕਿ ਲੂਲਾ ਡਿ ਸਿਲਵਾ ਹਾਲੇ ਵੀ ਸੁਪੀਰੀਅਰ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰ ਸਕਦੇ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਖਿਲਾਫ਼ ਕਾਰਵਾਈ ਸਿਆਸਤ ਤੋਂ ਪ੍ਰਭਾਵਿਤ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਅਕਤੂਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਉਨ੍ਹਾਂ ਨੂੰ ਨਾ ਲੜਨ ਦੇਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)