ਜਦੋਂ ਮਾਪਿਆਂ ਨੂੰ ਕਤਲ ਕਰਨ ਵਾਲੇ ਭਰਾ ਜੇਲ੍ਹ 'ਚ ਮਿਲੇ

Erik Menendez (left) and Lyle Menendez

ਤਸਵੀਰ ਸਰੋਤ, California Department of Corrections/BBC

ਤਸਵੀਰ ਕੈਪਸ਼ਨ,

47 ਸਾਲਾ ਇਰਿਕ ਮੈਨੇਨਡੀਜ਼ ਅਤੇ 50 ਸਾਲ ਦੇ ਲਾਈਲ ਮੈਨੇਨਡੀਜ਼ ਮਾਪਿਆਂ ਦਾ ਕਤਲ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

ਮੈਨੇਨਡੀਜ਼ ਭਰਾ ਜਿਨ੍ਹਾਂ ਨੇ ਮਾਪਿਆਂ ਨੂੰ ਕਰੂਰ ਤਰੀਕੇ ਨਾਲ ਕਤਲ ਕਰਕੇ ਸਾਰੇ ਮੁਲਕ ਨੂੰ ਹੈਰਾਨ ਕਰ ਦਿੱਤਾ ਸੀ ਸਜ਼ਾ ਹੋਣ ਦੇ ਦੋ ਦਹਾਕੇ ਬਾਅਦ ਜੇਲ੍ਹ ਵਿੱਚ ਮਿਲੇ ਹਨ।

47 ਸਾਲਾ ਇਰਿਕ ਮੈਨੇਨਡੀਜ਼ ਅਤੇ 50 ਸਾਲ ਦੇ ਲਾਈਲ ਮੈਨੇਨਡੀਜ਼ 1989 ਵਿੱਚ ਦੋਹਰੇ ਕਤਲ ਕਰਨ ਦੇ ਜੁਰਮ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

ਦੋਵੇਂ ਭਰਾ ਜਦੋਂ 18 ਅਤੇ 21 ਸਾਲ ਦੇ ਸਨ ਤਾਂ ਆਪਣੇ ਮਾਪਿਆਂ ਜੋਸ ਅਤੇ ਕਿੱਟੀ ਮੈਨੇਨਡੀਜ਼ ਨੂੰ ਆਪਣੇ ਘਰ ਵਿੱਚ ਕਤਲ ਕਰ ਦਿੱਤਾ ਸੀ।

ਕਿਹਾ ਜਾ ਰਿਹਾ ਹੈ ਕਿ ਹੁਣ ਜਦੋਂ ਉਹ ਸੈਨ ਡੀਗੋ ਦੀ ਜੇਲ੍ਹ ਵਿੱਚ ਇੰਨੇ ਸਾਲਾਂ ਬਾਅਦ ਮਿਲੇ ਤਾਂ ਇੱਕ-ਦੂਜੇ ਨੂੰ ਦੇਖ ਕੇ ਹੰਝੂ ਵਹਿ ਗਏ।

ਸਟੇਟ ਕਰੈਕਸ਼ਨਜ਼ ਵਿਭਾਗ ਦੀ ਮਹਿਲਾ ਬੁਲਾਰਾ ਟੈਰੀ ਥ੍ਰੋਟਨ ਨੇ ਐਸੋਸੀਏਟਡ ਪ੍ਰੈੱਸ ਨੂੰ ਕਿਹਾ, "ਉਹ ਇੱਕ ਦੂਜੇ ਨਾਲ ਅਤੇ ਜੇਲ੍ਹ ਵਿੱਚ ਹੋਰਨਾਂ ਸਾਥੀਆਂ ਨਾਲ ਗੱਲਬਾਤ ਕਰ ਸਕਦੇ ਹਨ।"

1996 ਤੋਂ ਬਾਅਦ ਦੋਹਾਂ ਭਰਾਵਾਂ ਨੂੰ ਜਾਣ-ਬੁੱਝ ਕੇ ਵੱਖੋ-ਵੱਖ ਰੱਖਿਆ ਗਿਆ ਸੀ।

'ਜਾਇਦਾਦ' ਲਈ ਕਤਲ

ਇਸ ਹਾਈ-ਪ੍ਰੋਫਾਈਲ ਮਾਮਾਲੇ ਦੀ ਸੁਣਵਾਈ ਦੌਰਾਨ ਦਲੀਲ ਦਿੱਤੀ ਗਈ ਕਿ ਮਾਪਿਆਂ ਦੀ ਕਰੋੜਾਂ ਦੀ ਜਾਇਦਾਦ ਲੈਣ ਲਈ ਦੋਹਾਂ ਨੇ ਮਾਪਿਆਂ ਦਾ ਕਤਲ ਕੀਤਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

1995 ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਗੱਲਬਾਤ ਕਰਦੇ ਹੋਏ ਦੋਵੇਂ ਭਰਾ।

ਭਰਾਵਾਂ ਦੇ ਵਕੀਲ ਨੇ ਦਾਅਵਾ ਕੀਤਾ ਕਿ ਸਰੀਰਕ ਸ਼ੋਸ਼ਣ ਕਾਰਨ ਉਨ੍ਹਾਂ ਨੇ ਬਦਲਾ ਲਿਆ ਸੀ ਪਰ ਅਦਾਲਤ ਵਿੱਚ ਸ਼ੋਸ਼ਣ ਸਾਬਿਤ ਨਹੀਂ ਕੀਤਾ ਜਾ ਸਕਿਆ।

ਮੈਨੇਨਡੀਜ਼ ਭਰਾਵਾਂ ਦੇ 45 ਸਾਲਾ ਪਿਤਾ ਹਾਲੀਵੁੱਡ ਵਿੱਚ ਕੰਮ ਕਰਦੇ ਸਨ। ਕੁਝ ਹੀ ਦਿਨ ਪਹਿਲਾਂ ਖਰੀਦੀ ਗਈ ਪਿਸਤੌਲ ਨਾਲ ਉਨ੍ਹਾਂ ਨੂੰ 6 ਗੋਲੀਆਂ ਮਾਰੀਆਂ ਗਈਆਂ ਸਨ ਜਦਕਿ ਮਾਂ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ 10 ਗੋਲੀਆਂ ਮਾਰੀਆਂ ਗਈਆਂ ਸਨ।

20 ਸਾਲ ਤੋਂ ਵੱਧ ਰਹੇ ਵੱਖ

ਜਾਂਚ ਕਰਨ ਵਾਲੇ ਇੱਕ ਜਾਸੂਸ ਨੇ ਕਿਹਾ ਕਿ ਦੋਹਾਂ ਨੂੰ ਇਕੱਠੇ ਰੱਖਣਾ ਸਹੀ ਨਹੀਂ ਹੋਵੇਗਾ ਕਿਉਂਕਿ ਇਹ ਕੈਦ ਵਿੱਚੋਂ ਭੱਜਣ ਲਈ ਸਾਜਿਸ਼ ਰਚ ਸਕਦੇ ਹਨ।

ਫਰਵਰੀ 2018 ਵਿੱਚ ਉੱਤਰੀ ਕੈਲੀਫੋਰਨੀਆ ਦੀ ਮੂਲ ਕਰੀਕ ਜੇਲ੍ਹ 'ਚੋਂ ਲਾਈਲ ਮੈਨੇਨਡੀਜ਼ ਨੂੰ ਸੈਨ ਡੀਗੋ ਦੀ ਡੋਨੋਵੈਨ ਕਰੈਕਸ਼ਨਲ ਫੈਸਿਲਿਟੀ ਵਿੱਚ ਭੇਜ ਦਿੱਤਾ ਗਿਆ ਸੀ।

ਇਸ ਜੇਲ੍ਹ ਵਿੱਚ 3,900 ਕੈਦੀ ਰਹਿੰਦੇ ਹਨ ਪਰ ਦੋਹਾਂ ਨੂੰ ਵੱਖਰੇ ਯੂਨਿਟ ਵਿੱਚ ਰੱਖਿਆ ਗਿਆ ਸੀ ਅਤੇ ਇੱਕ ਦੂਜੇ ਨਾਲ ਗੱਲਬਾਤ ਵੀ ਨਹੀਂ ਕਰ ਸਕਦੇ ਸੀ।

ਪੱਤਰਕਾਰ ਰੌਬਰਟ ਰੈਂਡ, ਜੋ ਕਿ ਇਸ ਮਾਮਲੇ ਦੀ ਕਵਰੇਜ 1989 ਤੋਂ ਕਰ ਰਹੇ ਸਨ ਅਤੇ 2017 ਵਿੱਚ ਇੱਕ ਟੀਵੀ ਪ੍ਰੋਗਰਾਮ ਲਈ ਕਨਸਲਟੈਂਟ ਵੀ ਸਨ, ਨੇ ਦੱਸਿਆ, "ਦੋਵੇਂ ਭਰਾ ਜਦੋਂ ਮਿਲੇ ਤਾਂ ਉਨ੍ਹਾਂ ਦੇ ਅਥਰੂ ਵਹਿ ਗਏ।"

ਉਨ੍ਹਾਂ ਏਬੀਸੀ ਨੂੰ ਦੱਸਿਆ ਕਿ ਦੋਹਾਂ ਨੂੰ ਫੋਨ 'ਤੇ ਗੱਲਬਾਤ ਕਰਨ ਦੀ ਮਨਾਹੀ ਸੀ ਪਰ ਉਹ ਇੱਕ ਦੂਜੇ ਨੂੰ ਖ਼ਤ ਲਿਖਦੇ ਸਨ ਅਤੇ ਮੇਲ ਜ਼ਰੀਏ ਆਪਣੀ ਚਾਲ ਚੱਲ ਕੇ ਚੈੱਸ ਖੇਡਦੇ ਸਨ।

ਲਾਈਲ ਮੈਨੇਨਡੀਜ਼ ਨੇ ਏਬੀਸੀ ਨਿਊਜ਼ ਨੂੰ ਪਿਛਲੇ ਸਾਲ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਦੋਵੇਂ ਭਰਾ ਇੱਕ-ਦੂਜੇ ਨੂੰ ਖ਼ਤ ਲਿਖਦੇ ਸਨ ਅਤੇ ਉਨ੍ਹਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ।

ਐੱਨਬੀਸੀ ਦੇ ਪ੍ਰੋਗਰਾਮ ਵਿੱਚ ਉਸ ਨੇ ਆਪਣੀ ਮਾਂ ਬਾਰੇ ਬੋਲਦਿਆਂ ਕਿਹਾ, "ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਉਸ ਲਈ ਹਾਲੇ ਵੀ ਰੋਂਦਾ ਹਾਂ ਅਤੇ ਮੈਂ ਉਸ ਨੂੰ ਮਾਫ਼ ਨਹੀਂ ਕਰ ਸਕਦਾ।"

"ਉਸ ਦੀ ਜ਼ਿੰਦਗੀ ਖ਼ਤਮ ਹੋ ਗਈ ਅਤੇ ਸਾਡੀ ਜ਼ਿੰਦਗੀ ਇਸਹੋ ਫੈਸਲੇ ਕਾਰਨ ਖ਼ਤਮ ਗਈ। ਉਸ ਨੇ ਕਈ ਫੈਸਲੇ ਲਏ ਜਿਸ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ।"

"ਕਿਹੜੀ ਮਾਂ ਅਜਿਹਾ ਹੋਣ ਦਿੰਦੀ ਹੈ?"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)