ਕਾਮਨਵੈਲਥ ਡਾਇਰੀ: 'ਮੀਰਾਬਾਈ ਚਾਨੂ ਨੂੰ ਦੇਖ ਕੇ ਨਹੀਂ ਲੱਗਦਾ ਕਿ ਇਸ ਕੁੜੀ 'ਚ ਇੰਨੀ ਤਾਕਤ ਹੈ'

ਮੀਰਾਬਾਈ ਚਾਨੂ Image copyright Getty Images

ਮੁਸ਼ਕਿਲ ਨਾਲ ਚਾਰ ਫੁੱਟ ਅੱਠ ਇੰਚ ਕੱਦ, ਭਾਰ 48 ਕਿੱਲੋ। ਦੇਖਣ 'ਚ 40 ਕਿੱਲੋ ਵੀ ਨਹੀਂ ਲਗਦਾ।

ਕਰਾਰਾ ਸਟੇਡੀਅਮ 'ਚ ਮੋਢਿਆਂ 'ਤੇ ਬੈਗ ਲਟਕਾਈ ਚਾਨੂ ਕੌਫ਼ੀ ਪੀ ਰਹੀ ਸੀ, ਉਦੋਂ ਮੇਰੀ ਨਜ਼ਰ ਉਸ 'ਤੇ ਪਈ, ਉਸ ਨੇ ਵੀ ਮੈਨੂੰ ਤੁਰੰਤ ਪਛਾਣ ਲਿਆ।

ਅਜੇ ਇੱਕ ਦਿਨ ਪਹਿਲਾਂ ਹੀ ਮਿਕਸਡ ਜ਼ੋਨ 'ਚ ਉਸ ਨਾਲ ਗੱਲ ਹੋਈ ਸੀ, ਜਦੋਂ ਉਸ ਨੇ ਭਾਰਤ ਲਈ ਸੋਨ ਤਗਮਾ ਜਿੱਤਿਆ ਸੀ।

ਮੈਂ ਉਸ ਨੂੰ ਗੱਲਬਾਤ ਕਰਨ ਲਈ ਸਟੇਡੀਅਮ ਤੋਂ ਬਾਹਰ ਚੱਲਣ ਲਈ ਕਿਹਾ, ਕਿਉਂਕਿ ਸਾਨੂੰ ਸਟੇਡੀਅਮ ਅੰਦਰ ਉਸ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਸੀ।

ਉਸ ਨੇ ਉਸੇ ਸਮੇਂ ਗੱਲਬਾਤ ਲਈ ਹਾਂ ਕਹੀ, ਮੈਂ ਪੁੱਛਿਆ ਕੀ ਤੁਸੀਂ ਜਿੱਤਣ ਤੋਂ ਬਾਅਦ ਜਸ਼ਨ ਮਨਾਇਆ?

Image copyright Getty Images

ਕਹਿੰਦੀ, ''ਸਿਰਫ਼ ਘਰ ਫ਼ੋਨ ਕੀਤਾ ਤੇ ਉੱਥੇ ਹਰ ਇੱਕ ਨਾਲ ਗੱਲ ਕੀਤੀ।''

''ਅਸਲੀ ਜਸ਼ਨ ਭਾਰਤੀ ਟੀਮ ਦੇ ਈਵੇਂਟ ਖ਼ਤਮ ਹੋਣ ਦੇ ਬਾਅਦ ਹੋਵੇਗਾ, ਫਿਰ ਅਸੀਂ ਜਸ਼ਨ ਮਨਾਵਾਂਗੇ, ਅਜੇ ਤਾਂ ਕਾਫੀ ਤਣਾਅ ਹੈ।''

ਬਾਕੀ ਲੋਕਾਂ ਦੇ ਪ੍ਰਦਰਸ਼ਨ ਬਾਰੇ ਮੈਂ ਉਸ ਨੂੰ ਕਿਹਾ, ''ਕੱਲ ਸ਼ਾਇਦ ਅਸੀਂ ਕਰਾਰਾ ਸਟੇਡੀਅਮ ਨਾ ਆਈਏ, ਕਿਉਂਕਿ ਭਾਰਤ-ਪਾਕਿਸਤਾਨ ਦਾ ਹਾਕੀ ਮੈਚ ਹੋਣਾ ਹੈ।''

ਉਸ ਨੇ ਅਗੋਂ ਕਿਹਾ, ''ਤੁਸੀਂ ਮਿਸ ਕਰੋਗੇ, ਕੱਲ ਇੱਕ ਸ਼ਰਤੀਆ ਸੋਨ ਤਗਮਾ ਆ ਰਿਹਾ ਹੈ। 77 ਵਰਗ ਕਿੱਲੋਗ੍ਰਾਮ 'ਚ ਸਤੀਸ਼ ਸ਼ਿਵਲਿੰਗਮ ਸੋਨੇ ਦਾ ਤਗਮਾ ਜਿੱਤ ਰਹੇ ਹਨ।''

ਚਾਨੂ ਨੇ ਇੱਕ ਦਿਲਚਸਪ ਗੱਲ ਇਹ ਦੱਸੀ ਕਿ ਉਹ ਆਪਣੇ ਪਸੰਦੀਦਾ ਚਾਵਲ ਭਾਰਤ ਤੋਂ ਲੈ ਕੇ ਚੱਲਦੀ ਹੈ ਅਤੇ ਵਿਦੇਸ਼ ਵਿੱਚ ਜਿੱਥੇ ਕਿਤੇ ਵੀ ਹੁੰਦੀ ਹੈ, ਉਬਾਲ ਕੇ ਖਾਂਦੀ ਹੈ। ਰਿਓ ਓਲੰਪਿਕ ਖੇਡਾਂ 'ਚ ਉਹ ਐਨ ਮੌਕੇ 'ਤੇ ਨਰਵਸ ਹੋ ਗਈ ਸੀ ਅਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ।

Image copyright DEAN MOUHTAROPOULOS/GETTY IMAGES

ਇੱਥੇ ਗੋਲਡ ਕੋਸਟ 'ਚ ਉਸ ਨੂੰ ਦੇਖ ਕੇ ਯਕੀਨ ਹੀ ਨਹੀਂ ਹੋਇਆ ਕਿ ਇਹ ਉਹੀ ਚਾਨੂ ਹੈ।

ਕਮਾਲ ਦਾ ਆਤਮ ਵਿਸ਼ਵਾਸ, ਚਿਹਰੇ 'ਤੇ ਹਰ ਸਮੇਂ ਖਿੜੀ ਹੋਈ ਮੁਸਕਾਨ ਅਤੇ ਭਾਰਤ ਲਈ ਆਪਣਾ ਸਭ ਕੁਝ ਦਾਅ 'ਤੇ ਲਾ ਦੇਣ ਦੀ ਚਾਹਤ।

ਤਾਂ ਹੀ ਤਾਂ ਉਸ ਨੇ ਦੂਜੇ ਨੰਬਰ 'ਤੇ ਆਉਣ ਵਾਲੀ ਕੁੜੀ ਤੋਂ ਪੂਰੇ 26 ਕਿੱਲੋ ਭਾਰ ਵੱਧ ਚੁੱਕਿਆ।

ਕਿੰਨੇ ਆਸਤਿਕ ਹੁੰਦੇ ਹਨ ਖਿਡਾਰੀ

ਕਰਾਰਾ ਇਨਡੋਰ ਸਟੇਡੀਅਮ 'ਚ ਜਦੋਂ ਪਾਕਿਸਤਾਨ ਦਾ ਅਬੂ ਸੂਫ਼ਿਆਨ ਭਾਰ ਚੁੱਕਣ ਆਇਆ ਤਾਂ ਉਸ ਨੇ ਜ਼ੋਰ ਦੀ ਗੁਹਾਰ ਲਾਈ 'ਦਾਤਾ ਇਜ਼ਤ ਰੱਖਣਾ ਆਜ', ਫਿਰ ਭਾਰ ਚੁੱਕਣ ਤੋਂ ਪਹਿਲਾਂ ਉਸ ਨੇ ਜ਼ੋਰ ਦੀ ਕਿਹਾ, 'ਯਾ ਅਲੀ'।

ਪਿੱਛੇ ਉਸ ਦੇ ਕੋਚ ਵੀ ਇੰਨੀ ਜ਼ੋਰ ਨਾਲ ਦੁਆ ਮੰਗ ਰਹੇ ਸਨ ਕਿ ਸਾਡੇ ਤੱਕ ਆਵਾਜ਼ ਆ ਰਹੀ ਸੀ। ਪਰ ਰੱਬ ਨੇ ਸ਼ਾਇਦ ਉਨ੍ਹਾਂ ਦੀ ਨਹੀਂ ਸੁਣੀ ਅਤੇ ਅਬੂ ਭਾਰ ਨਹੀਂ ਚੁੱਕ ਸਕਿਆ।

Image copyright Getty Images

ਭਾਰਤ ਦੀ ਸੰਜੀਤਾ ਚਾਨੂ ਨੇ ਮੰਚ 'ਤੇ ਆਉਂਦੇ ਹੀ ਪਹਿਲਾਂ ਧਰਤੀ ਨੂੰ ਛੂਹਿਆ, ਜਿਵੇਂ ਮੰਦਰ 'ਚ ਆਉਂਦੇ ਹੀ ਤੁਸੀਂ ਕਰਦੇ ਹੋ। ਫਿਰ ਸੰਜੀਤਾ ਦਰਸ਼ਕਾਂ ਵੱਲ ਮੁੜੀ ਅਤੇ ਉਨ੍ਹਾਂ ਦਾ ਝੁਕ ਕੇ ਸਵਾਗਤ ਕੀਤਾ, ਫਿਰ ਭਾਰ ਚੁੱਕਣ ਤੋਂ ਐਨ ਪਹਿਲਾਂ ਬਾਰ ਨੂੰ ਵੀ ਚੁੰਮਿਆ।

ਕਲੀਨ ਅਤੇ ਜਰਕ 'ਚ 112 ਕਿੱਲੋ ਭਾਰ ਚੁੱਕਣ 'ਚ ਉਸ ਨੂੰ ਜ਼ਰਾ ਵੀ ਤਕਲੀਫ਼ ਨਹੀਂ ਹੋਈ ਅਤੇ ਭਾਰਤ ਦੀ ਝੋਲੀ 'ਚ ਇੱਕ ਹੋਰ ਸੋਨੇ ਦਾ ਤਗਮਾ ਆ ਗਿਆ।

ਪਿਛਲੇ ਸਾਲ ਜਦੋਂ ਉਸ ਨੂੰ ਅਰਜੁਨ ਪੁਰਸਕਾਰ ਨਹੀਂ ਦਿੱਤਾ ਗਿਆ ਤਾਂ ਉਸ ਨੇ ਬਹੁਤ ਵਿਰੋਧ ਕੀਤਾ ਸੀ।

ਸੋਨ ਤਗਮਾ ਜਿੱਤਣ ਤੋਂ ਬਾਅਦ ਜਦੋਂ ਮੈਂ ਉਸ ਨੂੰ ਮਿਲਿਆ ਤਾਂ ਮਜ਼ਾਕ 'ਚ ਉਸ ਨੂੰ ਕਿਹਾ ਹੁਣ ਤਾਂ ਤੁਹਾਨੂੰ ਅਰਜੁਨ ਪੁਰਸਕਾਰ ਜਿੱਤਣ ਤੋਂ ਕੌਣ ਰੋਕੇਗਾ?

ਸੰਜੀਤਾ ਜ਼ੋਰ ਦੀ ਹੱਸੀ ਅਤੇ ਕਹਿੰਦੀ ਤੁਸੀਂ ਸਹੀ ਕਹਿ ਰਹੇ ਹੋ।

ਡੇਢ ਕਿੱਲੋ ਭਾਰ ਦੇ ਅਖ਼ਬਾਰ

ਗੋਲਡ ਕੋਸਟ 'ਚ ਮੈਂ ਦੋ ਚੀਜ਼ਾਂ ਤੋਂ ਬਹੁਤ ਪਰੇਸ਼ਾਨ ਹਾਂ।

ਇੱਕ ਤਾਂ ਇੱਥੋਂ ਦੇ ਅਖ਼ਬਾਰ ਇੰਨੇ ਭਾਰੀ ਹੁੰਦੇ ਹਨ ਕਿ ਉਨ੍ਹਾਂ ਨੂੰ ਚੁੱਕਣ 'ਚ ਤੁਹਾਡੇ ਹੱਥਾਂ ਵਿੱਚ ਮੋਚ ਆ ਜਾਵੇ।

ਇੱਕ-ਇੱਕ ਅਖ਼ਬਾਰ 'ਚ 100 ਤੋਂ ਜ਼ਿਆਦਾ ਸਫ਼ੇ ਅਤੇ ਭਾਰ ਘੱਟ ਤੋਂ ਘੱਟ ਡੇਢ ਕਿੱਲੋ। ਮੈਨੂੰ ਖ਼ਦਸ਼ਾ ਹੈ ਕਿ ਕੋਈ ਵੀ ਪੂਰਾ ਅਖ਼ਬਾਰ ਪੜ੍ਹਦਾ ਵੀ ਹੋਵੇਗਾ ਅਤੇ ਇਹ ਕਾਫ਼ੀ ਮਹਿੰਗੇ ਵੀ ਹਨ।

ਹਰ ਅਖ਼ਬਾਰ ਚਾਰ ਆਸਟਰੇਲੀਅਨ ਡਾਲਰ ਯਾਨਿ ਕਿ ਹਰ ਅਖ਼ਬਾਰ ਦੀ ਕੀਮਤ 200 ਰੁਪਏ।

ਦੂਜੀ ਇੱਕ ਹੋਰ ਚੀਜ਼ ਮੈਨੂੰ ਪਰੇਸ਼ਾਨ ਕਰ ਰਹੀ ਹੈ, ਉਹ ਹੈ ਕਿ ਬਸ 'ਚ ਵੀ ਸੀਟ ਬੈਲਟ ਬੰਨਣਾ। ਇਸ ਕਰਕੇ ਨਹੀਂ ਕਿ ਮੈਨੂੰ ਪਸੰਦ ਨਹੀਂ, ਸਗੋਂ ਇਸ ਕਰਕੇ ਕਿ ਮੈਂ ਇਸਦਾ ਆਦੀ ਨਹੀਂ ਹਾਂ।

ਭਾਰਤ ਵਿੱਚ ਕਾਰ ਵਿੱਚ ਡ੍ਰਾਈਵਰ ਅਤੇ ਅੱਗੇ ਬੈਠਣ ਵਾਲੇ ਦੇ ਲਈ ਸੀਟ ਬੈਲਟ ਬੰਨਣਾ ਅਜੇ ਤੱਕ ਲੋਕ ਪੂਰੀ ਤਰ੍ਹਾਂ ਨਹੀਂ ਸਿੱਖ ਸਕੇ ਅਤੇ ਇੱਥੇ ਬਸ ਵਿੱਚ ਵੀ ਸੀਟ ਬੈਲਟ ਬੰਨਣਾ ਜ਼ਰੂਰੀ ਹੈ।

ਡ੍ਰਾਈਵਰ ਆਪਣੀ ਸੀਟ 'ਤੇ ਬੈਠੇ-ਬੈਠੇ ਦੇਖ ਸਕਦਾ ਹੈ ਕਿ ਕਿਸ ਨੇ ਸੀਟ ਬੈਲਟ ਬੰਨੀ ਹੈ ਤੇ ਕਿਸ ਨੇ ਨਹੀਂ।

ਬਸ ਉਦੋਂ ਤੱਕ ਅੱਗੇ ਨਹੀਂ ਤੁਰਦੀ, ਜਦੋਂ ਤੱਕ ਸਾਰੇ ਮੁਸਾਫ਼ਰਾਂ ਨੇ ਸੀਟ ਬੈਲਟ ਨਾ ਬੰਨ ਲਈ ਹੋਵੇ।

ਮਹਿੰਗਾਈ ਦਾ ਹਾਲ ਇਹ ਹੈ ਕਿ ਇੱਕ ਪਾਣੀ ਦੀ 250 ਐੱਮ ਐੱਲ ਦੀ ਬੋਤਲ ਵੀ 5 ਡਾਲਰ ਦੀ ਮਿਲਦੀ ਹੈ ਯਾਨਿ ਕਿ 250 ਰੁਪਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)