#CWG2018: ਪਾਕਿਸਤਾਨ ਨੇ ਆਖ਼ਰੀ 5 ਸਕਿੰਟਾਂ ਵਿੱਚ ਕਿਵੇਂ ਖੋਹੀ ਭਾਰਤ ਹੱਥੋਂ ਜਿੱਤ?

INDIAN HOCKEY

ਤਸਵੀਰ ਸਰੋਤ, Getty Images

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਕੀ ਮੈਚ ਦਾ ਮੁਕਾਬਲਾ2-2 ਦੀ ਬਰਾਬਰੀ 'ਤੇ ਰਿਹਾ।

ਮੈਚ ਦੇ ਆਖਰੀ ਪਲਾਂ ਤੱਕ ਭਾਰਤ 2-1 ਨਾਲ ਅੱਗੇ ਚੱਲ ਰਿਹਾ ਸੀ ਪਰ ਆਖਰੀ ਸਕਿੰਟਾਂ ਵਿੱਚ ਮਿਲੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਪਾਕਿਸਤਾਨ ਨੇ ਮੈਚ ਬਰਾਬਰੀ 'ਤੇ ਲਿਆਂਦਾ ਅਤੇ ਭਾਰਤ ਦੀ ਸੰਭਾਵੀ ਜਿੱਤ ਦੇ ਜਸ਼ਨ 'ਤੇ ਪਾਣੀ ਫਿਰ ਗਿਆ।

ਭਾਰਤ ਨੇ ਪਹਿਲਾ ਗੋਲ 13ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਰਾਹੀਂ ਕੀਤਾ। ਦਿਲਪ੍ਰੀਤ ਨੇ ਐੱਸਵੀ ਸੁਨੀਲ ਤੋਂ ਮਿਲੇ ਖੂਬਸੂਰਤ ਪਾਸ ਉੱਤੇ ਗੋਲ ਦਾਗਣ ਵਿੱਚ ਕੋਈ ਗਲਤੀ ਨਹੀਂ ਕੀਤੀ।

ਪਹਿਲੇ ਕੁਆਟਰ ਵਿੱਚ 1-0 ਨਾਲ ਅੱਗੇ ਹੋ ਕੇ ਭਾਰਤ ਨੇ ਦੂਜੇ ਕਵਾਟਰ ਵਿੱਚ ਵੀ ਮੈਚ ਉੱਤੇ ਪੂਰੀ ਤਰ੍ਹਾਂ ਪਕੜ ਬਣਾਈ ਹੋਈ ਸੀ।

ਦੂਜੇ ਕਵਾਟਰ ਦੇ 19ਵੇਂ ਮਿੰਟ ਵਿੱਚ ਭਾਰਤ ਨੂੰ ਮਿਲੇ ਪੈਨਲਟੀ ਕਾਰਨਰ ਦਾ ਲਾਹਾ ਲੈਂਦਿਆਂ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਆਪਣੀ ਟੀਮ ਦਾ ਸਕੋਰ 2-0 'ਤੇ ਲਿਆਂਦਾ।

38ਵੇਂ ਮਿੰਟ ਵਿੱਚ ਪਾਕਿਸਤਾਨ ਨੇ ਇੱਕ ਵਾਰ ਫਿਰ ਹਮਲਾ ਬੋਲਿਆ ਅਤੇ ਇਰਫ਼ਾਨ ਜੂਨੀਅਰ ਨੇ ਫ਼ੀਲਡ ਗੋਲ ਦਾਗ ਕੇ ਸਕੋਰ 2-1 ਕਰ ਦਿੱਤਾ।

ਮੈਚ ਦੀ ਰੋਚਕ ਕਹਾਣੀ ਆਖਰੀ ਪੰਜ ਸਕਿੰਟਾਂ ਵਿੱਚ ਲਿਖੀ ਗਈ। ਪਾਕਿਸਤਾਨ ਆਖਰੀ ਪਲਾਂ ਵਿੱਚ ਮਿਲੇ ਪੈਨਲਟੀ ਕਾਰਨਰ ਦਾ ਪੂਰਾ-ਪੂਰਾ ਫਾਇਦਾ ਚੁੱਕਿਆ ਅਤੇ ਭਾਰਤ ਨੂੰ ਜਿੱਤ ਤੋਂ ਵਿਹੂਣਾ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)