ਸੀਰੀਆ 'ਤੇ ਹਮਲਾ꞉ ਅਮਰੀਕਾ ਦੇ ਨਿਸ਼ਾਨੇ 'ਤੇ ਕੀ?

ਐੱਫ-22 ਲੜਾਕੂ ਜਹਾਜ਼ Image copyright Getty Images
ਫੋਟੋ ਕੈਪਸ਼ਨ ਸੀਰੀਆ ਤੇ ਹਮਲੇ ਲਈ ਅਮਰੀਕਾ ਐੱਫ-22 ਲੜਾਕੂ ਜਹਾਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਅਮਰੀਕਾ, ਫਰਾਂਸ ਅਤੇ ਬਰਤਾਨੀਆ ਦੀ ਤਿੱਕੜੀ ਨੇ ਸ਼ਨੀਵਾਰ ਸਵੇਰੇ ਸੀਰੀਆ ਦੇ ਵੱਖ-ਵੱਖ ਸਰਕਾਰੀ ਠਿਕਾਣਿਆ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।

ਕਿਹਾ ਜਾ ਰਿਹਾ ਹੈ ਕਿ ਹਮਲੇ ਉਨ੍ਹਾਂ ਥਾਵਾਂ 'ਤੇ ਕੀਤੇ ਜਾ ਰਹੇ ਹਨ ਜਿੱਥੇ ਕਥਿਤ ਤੌਰ 'ਤੇ ਰਸਾਇਣਕ ਹਥਿਆਰਾਂ ਰੱਖੇ ਗਏ ਹਨ।

ਡੂਮਾ ਵਿੱਚ ਪਿਛਲੇ ਹਫਤੇ ਹੋਏ ਰਸਾਇਣਕ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਦੀ ਅਗਵਾਈ ਵਿੱਚ ਇਹ ਹਮਲੇ ਕੀਤੇ ਗਏ ਹਨ।

ਹਾਲਾਂਕਿ ਅਮਰੀਕਾ ਨੇ ਇਸ ਹਮਲੇ ਦੀ ਚੇਤਾਵਨੀ ਪਹਿਲਾਂ ਵੀ ਦਿੱਤੀ ਸੀ ਅਤੇ ਸੀਰੀਆ ਨੇ ਆਪਣੀ ਹਵਾਈ ਫੌਜ ਅਤੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਸੀ।

ਅਮਰੀਕਾ, ਫਰਾਂਸ ਅਤੇ ਬਰਤਾਨੀਆ ਪਹਿਲਾਂ ਹੀ ਇਸ ਗੱਲ 'ਤੇ ਸਹਿਮਤ ਹੋ ਗਏ ਸਨ ਕਿ ਕੌਮਾਂਤਰੀ ਭਾਈਚਾਰੇ ਨੂੰ ਇਸ ਰਸਾਇਣਕ ਹਮਲੇ ਦਾ ਜਵਾਬ ਦੇਣਾ ਚਾਹੀਦਾ ਹੈ।

ਸੀਰਆ ਸਰਕਾਰ ਦੇ ਵਿਰੋਧੀਆਂ ਨੇ ਅਜਿਹੇ ਹਮਲੇ ਦੀ ਸੰਭਾਵਨਾ ਨੂੰ ਘਟਾ ਕੇ ਦੇਖਿਆ।

Image copyright ਸੀਰੀਆ
ਫੋਟੋ ਕੈਪਸ਼ਨ ਐਸਯੂ-24 ਲੜਾਕੂ ਜਹਾਜ਼ ਦੀ ਜਾਂਚ ਕਰਦੇ ਰੂਸੀ ਫੌਜੀ

ਉਨ੍ਹਾਂ ਦਾ ਕਹਿਣਾ ਸੀ ਕਿ ਜੇ ਇਹ ਹਮਲੇ ਹੋਏ ਤਾਂ ਇਹ ਸਿਰਫ਼ ਰਸਾਇਣਕ ਹਥਿਆਰਾਂ ਦੇ ਖ਼ਾਤਮੇ ਲਈ ਹੋਣਗੇ ਨਾ ਕਿ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਨੂੰ ਡਾਵਾਂਡੋਲ ਕਰਨ ਲਈ।

ਵਿਰੋਧੀ ਓਰੀਐਂਟ ਨਿਊਜ਼ ਵੈੱਬਸਾਈਟ ਨੇ 9 ਅਪ੍ਰੈਲ ਨੂੰ ਅਜਿਹੇ ਕੁਝ ਸੰਭਾਵੀ ਹਵਾਈ ਅੱਡਿਆਂ ਅਤੇ ਹਵਾਈ ਫੌਜੀ ਅੱਡਿਆਂ ਦੀ ਸੂਚੀ ਛਾਪੀ ਜਿੱਥੇ ਹਮਲੇ ਹੋ ਸਕਦੇ ਹਨ।

ਆਓ ਇੱਕ ਨਜ਼ਰ ਮਾਰੀਏ ਇਸ ਸੂਚੀ ਵਿੱਚ ਕਿਹੜੇ ਹਵਾਈ ਅੱਡੇ ਸ਼ਾਮਲ ਹਨ꞉

ਤਿਆਸ ਜਾਂ ਟੀ-ਫਾਰ ਫੌਜੀ ਹਵਾਈ ਅੱਡਾ

ਹੋਮਸ ਪ੍ਰੋਵਿੰਸ ਦੇ ਨਜ਼ਦੀਕ ਸਥਿਤ ਇਹ ਦੇਸ ਦਾ ਸਭ ਤੋਂ ਵੱਡਾ ਫੌਜੀ ਹਵਾਈ ਅੱਡਾ ਹੈ।

ਓਰੀਐਂਟ ਅਤੇ ਵਿਰੋਧੀ ਏਨਾਬ ਬਲਾਦੀ ਅਖ਼ਬਾਰ ਨੇ ਰਿਪੋਰਟ ਕੀਤਾ ਸੀ ਕਿ ਇੱਥੇ 54 ਪੱਕੇ ਹੈਂਗਰ ਅਤੇ ਦੋ ਹਵਾਈ ਪੱਟੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਤਿੰਨ ਕਿਲੋਮੀਟਰ ਲੰਮੀ ਹੈ।

ਇੱਥੇ ਮੌਜੂਦ ਲੜਾਕੂ ਜਹਾਜ਼ਾਂ ਵਿੱਚੋਂ ਮਿੱਗ-29 ਅਤੇ 27 ਐਸ ਸਮੇਤ ਸੁਖੋਈ ਐਸਯੂ-35 ਸ਼ਾਮਲ ਹਨ।

ਐਨਾਬ ਬਲਾਦੀ ਮੁਤਾਬਕ ਇੱਥੇ ਰਡਾਰਾਂ ਸਮੇਤ ਹੋਰ ਆਧੁਨਿਕ ਹਥਿਆਰ ਵੀ ਹਨ।

ਪਹਿਲਾਂ ਵੀ ਇਸ ਹਵਾਈ ਅੱਡੇ 'ਤੇ ਕਈ ਵਾਰ ਹਮਲੇ ਹੋ ਚੁੱਕੇ ਹਨ। 9 ਅਪ੍ਰੈਲ ਨੂੰ ਹੋਏ ਹਮਲੇ ਵਿੱਚ ਇਰਾਨ ਦੇ ਕਈ ਫੌਜੀ ਸਲਾਹਕਾਰ ਮਾਰੇ ਗਏ ਸਨ।

ਸੀਰੀਆ ਨੇ ਇਸ ਹਮਲੇ ਲਈ ਇਜ਼ਰਾਈਲ 'ਤੇ ਇਲਜ਼ਾਮ ਲਾਇਆ ਸੀ।

ਅਲ ਦੁਮੈਰ

ਦੇਸ ਦੀ ਰਾਜਧਾਨੀ ਤੋਂ 40 ਕਿਲੋਮੀਟਰ ਦੂਰ ਉੱਤਰ-ਪੂਰਬ ਵਿੱਚ ਅਲ ਦੁਮੈਰ, ਦੂਜਾ ਵੱਡਾ ਫੌਜੀ ਹਵਾਈ ਅੱਡਾ ਹੈ।

ਓਰੀਐਂਟ ਵੈੱਬਸਾਈਟ ਮੁਤਾਬਕ 7 ਅਪ੍ਰੈਲ ਨੂੰ ਡੂਮਾ ਵਿੱਚ ਜਿਸ ਹੈਲੀਕਾਪਟਰ ਰਾਹੀਂ ਕਥਿਤ ਰਸਾਇਣਕ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਉਹ ਇੱਥੋਂ ਹੀ ਉੱਡਿਆ ਸੀ।

ਓਰੀਐਂਟ ਮੁਤਾਬਕ ਇੱਥੇ 50 ਹੈਂਗਰ ਹਨ ਜਿਨ੍ਹਾਂ ਵਿੱਚੋਂ 8 ਜ਼ਮੀਨਦੋਜ਼ ਹਨ। ਵੈੱਬਸਾਈਟ ਦਾ ਕਹਿਣਾ ਹੈ ਕਿ ਇਸ ਅੱਡੇ 'ਤੇ ਕਈ ਆਧੁਨਿਕ ਜਹਾਜ਼ ਹਨ। ਜਿਨ੍ਹਾਂ ਵਿੱਚੋਂ ਮਿੱਗ-23ਐੱਸ, 24 ਐੱਸ ਅਤੇ 27ਐੱਸ ਸਮੇਤ ਸੁਖੋਈ ਐੱਸਯੂ-22 ਪ੍ਰਮੁੱਖ ਹਨ।

Image copyright Getty Images
ਫੋਟੋ ਕੈਪਸ਼ਨ ਹਮਾ ਦਾ ਇੱਕ ਫੌਜੀ ਹਵਾਈ ਅੱਡਾ

ਹਮਾ ਫੌਜੀ ਹਵਾਈ ਅੱਡਾ

ਹਮਾ ਸ਼ਹਿਰ ਨੇੜੇ ਇਸ ਹਵਾਈ ਅੱਡੇ ਨੂੰ ਸੀਰੀਆਈ ਹਵਾਈ ਫੌਜ ਚਲਾਉਂਦੀ ਹੈ। ਇਹ ਦੇਸ ਦੇ ਮਹੱਤਵਪੂਰਨ ਹਵਾਈ ਅੱਡਿਆਂ ਵਿੱਚ ਗਿਣਿਆ ਜਾਂਦਾ ਹੈ।

ਓਰੀਐਂਟ ਮੁਤਾਬਕ ਇੱਥੇ 17 ਹੈਂਗਰਜ਼ ਹਨ ਅਤੇ ਮਿੱਗ-21 ਐੱਸ ਸਮੇਤ ਇੱਥੇ ਐਮਆਈ-8 ਅਤੇ ਐਮਆਈ-2 ਹੈਲੀਕਾਪਟਰ ਵੀ ਹਨ।

ਸ਼ਯਰਾਤ ਫੌਜੀ ਹਵਾਈ ਅੱਡਾ

ਫੌਜੀ ਹਵਾਈ ਅੱਡਾ ਹੋਮਸ ਸ਼ਹਿਰ ਦੇ ਦੱਖਣ-ਪੂਰਬ ਵੱਲ ਸਥਿੱਤ ਹੈ।

ਓਰੀਐਂਟ ਨਿਊਜ਼ ਅਤੇ ਏਨਾਬ ਬਲਾਦੀ ਦਾ ਕਹਿਣਾ ਹੈ ਕਿ ਇੱਥੇ 40 ਹੈਂਗਰ ਹਨ ਅਤੇ ਮਿੱਗ-23 ਐੱਸ, 25ਐੱਸ ਅਤੇ ਹੋਰ ਸੁਖੋਈ ਐੱਸਯੂ-25 ਵਰਗੇ ਲੜਾਕੂ ਜਹਾਜ਼ ਹਨ।

Image copyright Reuters
ਫੋਟੋ ਕੈਪਸ਼ਨ ਬਰਤਾਨੀਆ, ਅਮਰੀਕਾ ਅਤੇ ਫਰਾਂਸ ਦੇ ਸਾਂਝੇ ਹਮਲੇ ਦੌਰਾਨ ਉਡਾਣ ਭਰਦਾ ਹੋਇਆ ਇੱਕ ਲੜਾਕੂ ਜਹਾਜ਼।

ਵੈੱਬਸਾਈਟ ਮੁਤਾਬਕ ਇਸ ਹਵਾਈ ਅੱਡੇ 'ਤੇ ਦੋ ਪ੍ਰਮੁੱਖ ਹਵਾਈ ਪੱਟੀਆਂ ਹਨ ਅਤੇ ਰੂਸੀ ਐੱਸਏ-6 ਏਅਰ ਮਿਜ਼ਾਈਲ ਦੇ ਨਾਲ ਮਜ਼ਬੂਤ ਸੁਰੱਖਿਆ ਪ੍ਰਾਣਾਲੀ ਮੌਜੂਦ ਹੈ।

ਅਪ੍ਰੈਲ 2017 ਵਿੱਚ ਖਾਨ ਸ਼ੇਖੂਨ ਸ਼ਹਿਰ ਵਿੱਚ ਰਸਾਇਣਕ ਹਮਲੇ ਮਗਰੋਂ ਅਮਰੀਕਾ ਨੇ ਇਸ ਅੱਡੇ 'ਤੇ ਹਮਲਾ ਕੀਤਾ ਸੀ।

ਹਾਲਾਂਕਿ ਸੀਰੀਆ ਸਰਕਾਰ ਨੇ ਉਸ ਦੇ ਤੁਰੰਤ ਮਗਰੋਂ ਇੱਥੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ।

ਮੇਜ਼ੇਹ ਏਅਰਬੇਸ

ਰਾਜਧਾਨੀ ਦਮਿਸ਼ਕ ਤੋਂ ਦੱਖਣ-ਪੱਛਮ ਵਿੱਚ ਮੇਜ਼ੇਹ ਫੌਜੀ ਹਵਾਈ ਅੱਡਾ ਹੈ। ਓਰੀਐਂਟ ਨਿਊਜ਼ ਮੁਤਾਬਕ ਇੱਥੇ 22 ਹੈਂਗਰ ਅਤੇ ਕਈ ਲੜਾਕੂ ਜਹਾਜ਼ ਹਨ।

ਕਿਹਾ ਜਾਂਦਾ ਹੈ ਕਿ ਸੀਰੀਆ ਦੀ ਫੌਜ ਦੀ ਪ੍ਰਸਿੱਧ ਚੌਥੀ ਡਿਵੀਜ਼ਨ ਫੋਰਸ ਅਤੇ ਖੂਫੀਆ ਸੇਵਾ ਇਸ ਦੀ ਵਰਤੋਂ ਕਰਦੀਆਂ ਹਨ।

Image copyright Getty Images
ਫੋਟੋ ਕੈਪਸ਼ਨ ਸ਼ਯਰਾਤ ਏਅਰਬੇਸ 'ਤੇ 2017 ਵਿੱਚ ਅਮਰੀਕਾ ਨੇ ਮਿਜ਼ਾਈਲ ਦਾਗੀਆਂ ਸਨ।

ਓਰੀਐਂਟ ਨਿਊਜ਼ ਅਤੇ ਏਨਾਬ ਬਲਾਦੀ ਮੁਤਾਬਕ, ਹਵਾਈ ਫੌਜ ਦਾ ਖੂਫੀਆ ਵਿਭਾਗ ਇਸ ਨੂੰ ਹਿਰਾਸਤ ਕੇਂਦਰ ਦੇ ਰੂਪ ਵਿੱਚ ਵਰਤਦਾ ਹੈ।

ਅਲ-ਨਯਾਰਾਬ ਫੌਜੀ ਹਵਾਈ ਅੱਡਾ

ਇਹ ਫੌਜੀ ਹਵਾਈ ਅੱਡਾ ਅਲੋਪੋ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਹੈ।

ਏਨਾਬ ਬਲਾਦੀ ਮੁਤਾਬਕ, ਇੱਥੇ 8 ਹੈਂਗਰ ਹਨ ਅਤੇ ਇਰਾਕ ਅਤੇ ਲਿਬਨਾਨ ਸਰਕਾਰ ਦੀ ਹਮਾਇਤ ਪ੍ਰਾਪਤ ਲੜਾਕੇ ਇੱਥੇ ਪਹੁੰਚਦੇ ਹਨ।

ਸੀਰੀਆ ਦੇ ਤੱਟ 'ਤੇ ਮੌਮਸੀ ਬੇਸ ਵੀ ਹੈ। ਇਸ ਅੱਡੇ ਨੂੰ ਸ਼ਾਇਦ ਹੀ ਨਿਸ਼ਾਨਾ ਬਣਾਇਆ ਜਾਵੇ ਕਿਉਂਕਿ ਇਹ ਰੂਸੀ ਕਬਜ਼ੇ ਵਿੱਚ ਹੈ।

ਦੇਰ ਅਲ-ਜ਼ੂਰ ਏਅਰਬੇਸ ਦੇਸ ਦੇ ਪੂਰਬ ਵਿੱਚ ਵਿੱਚ ਦੇਰ ਅਲ-ਜ਼ੂਰ ਸ਼ਹਿਰ ਵਿੱਚ ਸਥਿੱਤ ਹੈ। ਇਹ ਇੱਕ ਨਿਸ਼ਾਨਾ ਹੋ ਸਕਦਾ ਹੈ।

ਸੀਰੀਆ ਸੇਨਾ ਦੇ ਸਤੰਬਰ 2017 ਦੇ ਫੌਜੀ ਅਭਿਆਨ ਤੋਂ ਪਹਿਲਾਂ ਇਹ ਇਸਲਾਮਿਕ ਸਟੇਟ ਦੇ ਕਬਜ਼ੇ ਵਿੱਚ ਸੀ।

Image copyright EPA
ਫੋਟੋ ਕੈਪਸ਼ਨ ਦਮਿਸ਼ਕ ਦੇ ਆਸਪਾਸ ਸੀਰੀਆ ਦੇ ਮਿਜ਼ਾਈਲ ਪ੍ਰੀਖਣ ਪ੍ਰਣਾਲੀ ਦੀ ਇੱਕ ਮਿਜ਼ਾਈਲ

ਅਲ ਸੀਨ ਏਅਰਬੇਸ

ਦਮਿਸ਼ਕ ਤੋਂ 80 ਕਿਲੋਮੀਟਰ ਦੀ ਦੂਰੀ 'ਤੇ ਅਲ-ਸੀਨ ਫੌਜੀ ਹਵਾਈ ਅੱਡਾ ਹੈ। ਇੱਥੇ 36 ਹੈਂਗਰ ਅਤੇ ਦੋ ਹਵਾਈ ਪੱਟੀਆਂ ਹਨ।

10 ਅਪ੍ਰੈਲ ਨੂੰ ਵਿਰੋਧੀ ਕੇਂਦਰਾਂ ਨੇ ਇਹ ਰਿਪੋਰਟ ਦਿੱਤੀ ਸੀ ਕਿ ਸੀਰੀਆ ਦੀ ਸਰਕਾਰ ਨੇ ਅਲ-ਸੀਨ ਅਤੇ ਸ਼ਯਰਾਤ ਅੱਡਿਆਂ ਤੋਂ ਕਈ ਲੜਾਕੂ ਜਹਾਜ਼ਾਂ ਨੂੰ ਹਟਾ ਕੇ ਅਲ-ਨਯਰਾਬ ਏਅਰਬੇਸ ਅਤੇ ਦਮਿਸ਼ਕ ਹਵਾਈ ਅੱਡੇ 'ਤੇ ਭੇਜ ਦਿੱਤਾ ਹੈ।

ਸੈਨਾ ਦੀ ਸਥਿਤੀ

ਓਰੀਐਂਟ ਨਿਊਜ਼ ਮੁਤਾਬਕ, ਫੌਜੀ ਹਵਾਈ ਅੱਡਿਆਂ ਤੋਂ ਇਲਾਵਾ ਅਜਿਹੇ ਵੀ ਕੁਝ ਫੌਜੀ ਕੇਂਦਰ ਹਨ ਜਿੱਥੇ ਹਮਲੇ ਕੀਤੇ ਜਾ ਸਕਦੇ ਹਨ।

ਵੈੱਬਸਾਈਟ ਨੇ ਅਜਿਹੇ ਕਈ ਥਾਵਾਂ ਬਾਰੇ ਦੱਸਿਆ ਹੈ ਜਿਨ੍ਹਾਂ ਵਿੱਚ ਕੁਝ ਅਜਿਹੇ ਵੀ ਹਨ ਜੋ ਰਾਜਧਾਨੀ ਦਮਿਸ਼ਕ ਦੇ ਨੇੜੇ ਹਨ।

ਇਨ੍ਹਾਂ ਥਾਵਾਂ 'ਤੇ ਚੌਥੀ ਡਿਵੀਜ਼ਨ, ਰਿਪਬਲਿਕਨ ਗਾਰਡ ਅਤੇ ਤੀਜੀ ਡਿਵੀਜ਼ਨ ਦੇ ਬੇਸ ਹਨ। ਜਿਨ੍ਹਾਂ ਨੂੰ ਹਾਲ ਹੀ ਵਿੱਚ ਏਲੀਟ ਫੋਰਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜੋ ਸਿੱਧੀ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਅਧੀਨ ਹੈ।

ਇਸ ਤੋਂ ਇਲਾਵਾ ਅਜਿਹੀਆਂ ਵੀ ਕਈ ਥਾਂਵਾਂ ਹਨ ਜਿੱਥੇ ਕਥਿਤ ਤੌਰ 'ਤੇ ਸੀਰੀਆ ਸਰਕਾਰ ਹਥਿਆਰ ਬਣਾਉਂਦੀ ਹੈ ਅਤੇ ਰੱਖਦੀ ਹੈ, ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਵਿਗਿਆਨਕ ਅਧਿਐਨ ਖੋਜ ਕੇਂਦਰ

ਰਾਜਧਾਨੀ ਦੇ ਉੱਤਰ ਵਿੱਚ ਜਮਰਾਯਾ ਪਿੰਡ ਵਿੱਚ ਬਣਿਆ ਇਹ ਖੋਜ ਕੇਂਦਰ ਕਾਫੀ ਪ੍ਰਸਿੱਧ ਹੈ। ਅਜਿਹਾ ਸ਼ੱਕ ਹੈ ਕਿ ਪਹਿਲਾਂ ਵੀ ਜੋ ਹਮਲਾ ਹੋਇਆ ਸੀ ਉਹ ਇਜ਼ਰਾਇਲੀ ਜਹਾਜ਼ਾਂ ਨੇ ਕੀਤਾ ਸੀ।

ਖ਼ਾਸ ਕਰਕੇ ਅਮਰੀਕਾ ਸਹਿਤ ਕਈ ਪੱਛਮੀ ਤਾਕਤਾਂ ਸੀਰੀਆ ਸਰਕਾਰ 'ਤੇ ਇਹ ਇਲਜ਼ਾਮ ਲਗਾਉਂਦੀਆਂ ਰਹੀਆਂ ਹਨ ਕਿ ਉਹ ਐਸਐਸਆਰਸੀ ਵਿੱਚ ਰਸਾਇਣਕ ਅਤੇ ਗੈਰ-ਸੱਭਿਅਕ ਹਥਿਆਰ ਬਣਾਉਂਦੀ ਹੈ।

ਐਸਐਸਆਰਸੀ ਦੀਆਂ ਕਈ ਬ੍ਰਾਂਚਾਂ ਹਨ ਜਿੱਥੇ ਹੋਏ ਹਮਲਿਆਂ ਦਾ ਸ਼ੱਕ ਇਜ਼ਰਾਇਲੀ ਲੜਾਕੂ ਜਹਾਜ਼ਾਂ 'ਤੇ ਹੈ। ਸੀਰੀਆਈ ਸਰਕਾਰ ਦਾ ਕਹਿਣਾ ਹੈ ਕਿ ਇਹ ਨਾਗਰਿਕਾਂ ਲਈ ਰਿਸਰਚ ਸੰਸਥਾ ਹੈ।

Image copyright Reuters
ਫੋਟੋ ਕੈਪਸ਼ਨ ਸੀਰੀਆ ਦੇ ਆਕਾਸ਼ ਵਿੱਚ ਇੱਕ ਐਂਟੀਏੇਅਰਕਰਾਫਟ ਮਿਜ਼ਾਈਲ

ਅਲ ਸਫੀਰਾ

ਅਲੋਪੋ ਸੂਬੇ ਵਿੱਚ ਅਲ ਸਫ਼ੀਰਾ ਸ਼ਹਿਰ ਸੀਰੀਆ ਦਾ ਸਭ ਤੋਂ ਵੱਡਾ ਫੌਜੀ ਨਿਰਮਾਣ ਸੁਵਿਧਾ ਸੈਂਟਰ ਹੈ। ਏਨਾਬ ਬਲਾਦੀ ਦਾ ਕਹਿਣਾ ਹੈ ਕਿ ਹਵਾਈ ਫੌਜ ਰੱਖਿਆ ਬ੍ਰਿਗੇਡ ਇਸ ਕੇਂਦਰ ਦੀ ਨਿਗਰਾਨੀ ਕਰਦੀ ਹੈ।

ਸਮਾਚਾਰ ਵੈੱਬਸਾਈਟ ਮੁਤਾਬਕ, ਇਸ ਥਾਂ ਤੇ ਇੱਕ ਖੂਫੀਆ ਖੋਜ ਕੇਂਦਰ ਵੀ ਹੈ ਅਤੇ ਇੱਥੇ ਹੀ ਉਹ ਇਮਾਰਤ ਵੀ ਹੈ ਜਿਸ ਵਿੱਚ ਸਿਰਫ਼ ਰਸਾਇਣਕ ਹਥਿਆਰਾਂ 'ਤੇ ਖੋਜ ਹੁੰਦੀ ਹੈ। ਕਿਸੇ ਨੂੰ ਵੀ ਇਸ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ।

(ਬੀਬੀਸੀ ਮਾਨਿਟਰਿੰਗ ਦੁਨੀਆ ਭਰ ਦੇ ਟੈਲੀਵਿਜ਼ਨ, ਰੇਡੀਓ ਅਤੇ ਪ੍ਰਿੰਟ ਮਾਧਿਅਮਾਂ ਵਿੱਚ ਨਸ਼ਰ ਹੋਣ ਵਾਲੀਆਂ ਖ਼ਬਰਾਂ 'ਤੇ ਰਿਪੋਰਟਿੰਗ ਅਤੇ ਵਿਸ਼ਲੇਸ਼ਣ ਕਰਦੀ ਹੈ। ਤੁਸੀਂ ਬੀਬੀਸੀ ਮਾਨਿਟਰਿੰਗ ਦੀਆਂ ਖ਼ਬਰਾਂ ਟਵਿੱਟਰ ਅਤੇ ਫੇਸਬੁੱਕ 'ਤੇ ਵੀ ਪੜ੍ਹ ਸਕਦੇ ਹੋ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)