ਕਾਮਨਵੈਲਥ ਖੇਡਾਂ꞉ ਸਾਇਨਾ ਦਾ ਸੋਨਾ ਅਤੇ ਸਿੰਧੂ ਦੀ ਚਾਂਦੀ

ਸਾਇਨਾ ਨੇਹਵਾਲ Image copyright AFP

ਕਾਮਨਵੈਲਥ ਖੇਡਾਂ ਵਿੱਚ ਇਤਿਹਾਸ ਰਚਿਆ ਗਿਆ। ਦੋ ਭਾਰਤੀ ਮਹਿਲਾਵਾਂ ਪਹਿਲੀ ਵਾਰ ਫਾਈਨਲ ਵਿੱਚ ਆਹਮੋ-ਸਾਹਮਣੇ ਖੇਡੀਆਂ - ਪੀ ਵੀ ਸਿੰਧੂ ਅਤੇ ਸਾਇਨਾ ਨੇਹਵਾਲ।ਇਹ ਇੱਕ ਰੋਮਾਂਚਕ ਐਤਵਾਰ ਰਿਹਾ।

ਇਸ ਮੈਚ ਵਿੱਚ ਸਾਇਨਾ ਨੇਹਵਾਲ ਨੇ ਜਿੱਤ ਹਾਸਲ ਕਰ ਕੇ ਸੋਨ ਤਗਮਾ ਭਾਰਤ ਦੀ ਝੋਲੀ ਪਾਇਆ ਜਦ ਕਿ ਪੀ ਵੀ ਸਿੰਧੂ ਨੇ ਚਾਂਦੀ ਦਾ ਤਗਮਾ ਜਿੱਤਿਆ।

ਦੋਹਾਂ ਨੇ ਇੱਕ ਹੀ ਕੋਚ ਅਤੇ ਅਕੈਡਮੀ ਤੋਂ ਸ਼ੁਰੂਆਤ ਕੀਤੀ। ਇੱਕ ਦੂਜੇ ਨੂੰ ਟਰੇਨਿੰਗ ਦੇਣ ਵਾਲੀਆਂ ਖਿਡਾਰਨਾਂ ਦੇ ਖੇਡ ਜੀਵਨ ਵਿੱਚ ਸਮਾਨਤਾਵਾਂ ਵੀ ਹਨ ਤੇ ਕਈ ਮਾਮਲਿਆਂ ਵਿੱਚ ਵਖਰੇਵੇਂ ਵੀ।

28 ਸਾਲਾ ਸਾਇਨਾ ਅਤੇ 22 ਸਾਲਾਂ ਦੀ ਸਿੰਧੂ ਕਈ ਵਾਰ ਮੁਕਾਬਲਾ ਕਰ ਚੁੱਕੀਆਂ ਹਨ ਪਰ ਇਸ ਤੋਂ ਪਹਿਲੇ ਚਾਰ ਮੁਕਾਬਲਿਆਂ ਵਿੱਚ ਸਾਇਨਾ 3-1 ਨਾਲ ਭਾਰੂ ਰਹੇ ਸਨ।

ਸਾਇਨਾ ਦਾ ਖੇਡ ਸਫਰ

17 ਮਾਰਚ 1990 ਨੂੰ ਜਨਮੇ ਸਾਇਨਾ ਪਹਿਲੀ ਵਾਰ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ 2003 ਵਿੱਚ ਉਨ੍ਹਾਂ ਨੇ ਚੈਕ ਓਪਨ ਵਿੱਚ ਜੂਨੀਅਰ ਟਾਈਟਲ ਜਿੱਤਿਆ।

15 ਸਾਲਾਂ ਦੀ ਉਮਰ ਵਿੱਚ ਜਦੋਂ ਉਨ੍ਹਾਂ ਨੇ 9 ਵਾਰ ਚੈਂਪੀਅਨ ਅਪਰਣਾ ਪੋਪਟ ਨੂੰ ਹਰਾਇਆ ਤਾਂ ਲੋਕਾਂ ਨੂੰ ਲੱਗਿਆ ਕਿ ਇਹ ਕਿਹੜੀ ਨਵੀਂ ਖਿਡਾਰਨ ਹੈ। ਫੇਰ ਸਾਇਨਾ 2006 ਵਿੱਚ ਅੰਡਰ-19 ਚੈਂਪੀਅਨ ਬਣੇ।

ਇਸ ਮਗਰੋਂ ਭਾਵੇਂ ਉਨ੍ਹਾਂ ਦੇ ਖੇਡ ਜੀਵਨ ਵਿੱਚ ਕਈ ਔਖੇ-ਸੌਖੇ ਵੇਲੇ ਆਏ ਪਰ ਸਾਇਨਾ ਦੀ ਉਡਾਣ ਲਗਾਤਾਰ ਜਾਰੀ ਹੈ।

ਸਾਇਨਾ ਦੇ ਨਾਮ ਕਈ ਫਸਟ ਦਰਜ ਹਨ। ਬੈਡਮਿੰਟਨ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਬਣੀ।

2015 ਵਿੱਚ ਬੈਡਮਿੰਟਨ ਵਿੱਚ ਦੁਨੀਆਂ ਦੀ ਪਹਿਲੇ ਨੰਬਰ ਦੀ ਖਿਡਾਰਨ ਬਣਨ ਵਾਲੀ ਉਹ ਪਹਿਲੀ ਭਾਰਤੀ ਸਨ।

Image copyright Getty Images

ਸੁਪਰਸੀਰੀਜ਼ ਫਤਹਿ ਕਰਨ ਵਾਲੀ ਵੀ ਉਹ ਪਹਿਲੀ ਭਾਰਤੀ ਸਨ।

2010 ਵਿੱਚ ਦਿੱਲੀ ਸੀਰੀ ਫੋਰਟ ਆਡਿਟੋਰੀਅਮ ਵਿੱਚ ਦੇਖਿਆ ਕਾਮਨਵੈਲਥ ਦਾ ਉਹ ਨਿਰਣਾਇਕ ਮੈਚ ਮੈਨੂੰ ਹਾਲੇ ਵੀ ਯਾਦ ਹੈ।

ਉਹ ਖੇਡਾਂ ਦਾ ਆਖਰੀ ਦਿਨ ਸੀ ਅਤੇ ਭਾਰਤ 99 ਮੈਡਲ ਜਿੱਤ ਚੁੱਕਿਆ ਸੀ।

ਸੈਂਕੜਾ ਪੂਰਾ ਕਰਨ ਦੀ ਦਬਾਅ ਸਾਇਨਾ 'ਤੇ ਸੀ। ਇਹ ਬੇਹੱਦ ਤਣਾਅਪੂਰਨ ਮੈਚ ਉਨ੍ਹਾਂ ਨੇ 19-21, 23-21, 21-13 ਨਾਲ ਆਪਣੇ ਨਾਮ ਕੀਤਾ।

ਫੇਰ ਸਾਲ 2012 ਵਿੱਚ ਲੰਡਨ ਓਲੰਪਿਕ ਵਿੱਚ ਮੈਡਲ ਜਿੱਤਿਆ ਅਤੇ 10 ਸੂਪਰ ਸੀਰੀਜ਼ ਆਪਣੇ ਨਾਮ ਲਿਖਵਾਈਆਂ। ਤਕਨੀਕੀ ਰੂਪ ਤੋਂ ਮਾਹਿਰ ਅਤੇ ਮਾਨਸਿਕ ਰੂਪ ਵਿੱਚ ਮਜ਼ਬੂਤ ਸਾਇਨਾ ਦੀਆਂ ਖੂਬੀਆਂ ਰਹੀਆਂ ਹਨ।

ਇਹ ਉਨ੍ਹਾਂ ਦਾ ਹੀ ਕਮਾਲ ਸੀ ਕਿ 2012 ਵਿੱਚ ਕਿਸੇ ਗੈਰ-ਕ੍ਰਿਕਟ ਖਿਡਾਰੀ ਨਾਲ ਕਿਸੇ ਕੰਪਨੀ ਨੇ ਲਗਪਗ 74 ਲੱਖ ਡਾਲਰ ਦਾ ਵੱਡਾ ਮਾਰਕਿਟਿੰਗ ਸਮਝੌਤਾ ਸਹੀਬੱਧ ਕੀਤਾ।

ਕਈ ਵੱਡੇ ਮੈਚਾਂ ਵਿੱਚ ਹਾਰ ਦਾ ਮੂੰਹ ਦੇਖਣ ਕਰਕੇ ਉਨ੍ਹਾਂ ਦੀ ਸਮਰੱਥਾ 'ਤੇ ਸਵਾਲ ਉੱਠੇ ਅਤੇ ਉਹ ਕੋਚ ਗੋਪੀਚੰਦ ਤੋਂ ਵੱਖ ਹੋ ਗਏ।

ਸਾਲ 2016 ਵਿੱਚ ਰੀਓ ਓਲੰਪਿਕ ਵਿੱਚ ਸਾਇਨਾ ਨੂੰ ਗੰਭੀਰ ਸੱਟ ਲੱਗ ਗਈ। ਇਹ ਉਨ੍ਹਾਂ ਲਈ ਵੱਡਾ ਧੱਕਾ ਸੀ ਪਰ ਇਸ ਮਗਰੋਂ ਉਨ੍ਹਾਂ ਨੇ ਹੌਲੀ ਪਰ ਵਧੀਆ ਵਾਪਸੀ ਕੀਤੀ।

ਉਨ੍ਹਾਂ ਦੇ ਨਾਲ ਹੀ ਵਾਪਸ ਆਈ ਹੈ ਗੁਰੂ-ਚੇਲੇ ਦੀ ਪੁਰਾਣੀ ਜੋੜੀ। ਕਾਮਨਵੈਲਥ ਉਨ੍ਹਾਂ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਵਾਧਾ ਹੈ।

ਸਿੰਧੂ ਦਾ ਖੇਡ ਸਫਰ

5 ਜੁਲਾਈ 1995 ਨੂੰ ਤੇਲੰਗਾਨਾ ਵਿੱਚ ਪੈਦਾ ਹੋਈ 22 ਸਾਲਾ ਪੀਵੀ ਸਿੰਧੂ ਦਾ ਸਿਤਾਰਾ ਇਨ੍ਹਾਂ ਦਿਨੀਂ ਚੜ੍ਹਤ 'ਤੇ ਹੈ। ਉਹ ਵਿਸ਼ਵ ਰੈਂਕਿੰਗ ਵਿੱਚ ਤੀਜੇ ਨੰਬਰ ਦੀ ਖਿਡਾਰਨ ਹਨ।

ਸਾਇਨਾ ਨੇਹਵਾਲ ਵਾਂਗ ਹੀ ਸਿੰਧੂ ਨੂੰ ਵੀ ਕੋਚ ਗੋਪੀ ਚੰਦ ਨੇ ਹੀ ਪਰਖਿਆ ਤੇ ਤਰਾਸ਼ਿਆ ਹੈ।

ਸਾਇਨਾ ਵਾਂਗ ਹੀ ਘੱਟ ਉਮਰ ਵਿੱਚ ਸਿੰਧੂ ਦਾ ਜੇਤੂ ਸਫਰ ਸ਼ੁਰੂ ਹੋਇਆ ਸੀ- ਅੰਡਰ-10, ਅੰਡਰ-13 ਵਰਗੇ ਮੁਕਾਬਲੇ ਉਹ ਲਗਾਤਾਰ ਜਿੱਤਣ ਲੱਗੇ।

2013 ਅਤੇ 2014 ਵਿੱਚ ਉਨ੍ਹਾਂ ਨੇ ਲਗਾਤਾਰ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤੇ। ਬੈਡਮਿੰਟਨ ਵਿੱਚ ਕਿਸੇ ਭਾਰਤੀ ਮਹਿਲਾ ਨੇ ਅਜਿਹਾ ਮਾਅਰਕਾ ਪਹਿਲੀ ਵਾਰ ਮਾਰਿਆ ਸੀ। ਇਹ ਉਹ ਸਮਾਂ ਸੀ ਜਦੋਂ ਸਾਇਨਾ ਨੇਹਵਾਲ ਵੀ ਟਾਪ ਫਾਰਮ ਵਿੱਚ ਚੱਲ ਰਹੇ ਸਨ। ਦੋਹਾਂ ਵਿੱਚ ਕਾਂਪੀਟੀਸ਼ਨ ਸ਼ੁਰੂ ਹੋ ਚੁੱਕਿਆ ਸੀ।

ਸਾਲ 2016 ਦੇ ਓਲੰਪਿਕ ਵਿੱਚ ਸਿੰਧੂ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। ਫਾਈਨਲ ਵਿੱਚ ਉਹ ਹਾਰ ਭਾਵੇਂ ਗਏ ਪਰ ਚਾਂਦੀ ਦਾ ਮੈਡਲ ਉਨ੍ਹਾਂ ਲਈ ਵੱਡੀ ਪ੍ਰਾਪਤੀ ਸੀ। ਉਹ ਵੀ ਉਸ ਸਮੇਂ ਜਦੋਂ ਸਾਇਨਾ ਸੱਟ ਲੱਗਣ ਕਰਕੇ ਓਲੰਪਿਕ ਤੋਂ ਬਾਹਰ ਹੋ ਗਏ ਸਨ।

ਲਗਪਗ 5 ਫੁੱਟ 11 ਇੰਚ ਲੰਮੀ ਪੀ ਵੀ ਸਿੰਧੂ ਦੇ ਪਿਤਾ ਪੀ ਵੀ ਰਮੱਨਾ ਅਤੇ ਮਾਂ ਪੀ ਵਿਜਿਆ ਵਾਲੀਬਾਲ ਖਿਡਾਰੀ ਰਹਿ ਚੁੱਕੇ ਹਨ।

ਸਾਬਕਾ ਏਸ਼ੀਅਨ ਚੈਂਪੀਅਨ ਦਿਨੇਸ਼ ਖੰਨਾ ਨੇ ਬੀਬੀਸੀ ਨੂੰ ਦਸਿਆ ਕਿ ਸਿੰਧੂ ਹਮੇਸ਼ਾ ਵੱਡੇ ਖਿਡਾਰੀਆਂ ਲਈ ਖਤਰੇ ਖੜ੍ਹੇ ਕਰਦੇ ਰਹੇ ਹਨ ਪਰ ਜਿਵੇਂ ਹੀ ਉਨ੍ਹਾਂ ਦਾ ਸਾਹਮਣਾ ਘੱਟ ਰੈਂਕਿੰਗ ਵਾਲੇ ਜਾਂ ਕਮਜ਼ੋਰ ਖਿਡਾਰੀ ਨਾਲ ਹੁੰਦਾ ਹੈ ਤਾਂ ਉਨ੍ਹਾਂ ਦੀ ਖੇਡ ਵੀ ਕਮਜ਼ੋਰ ਹੋ ਜਾਂਦਾ ਹੈ।

ਸਿੰਧੂ ਬਨਾਮ ਸਾਇਨਾ

ਫਿਲਹਾਲ ਸਾਇਨਾ ਅਤੇ ਸਿੰਧੂ ਦੋਵੇਂ ਇੱਕੋ ਗੁਰੂ ਗੋਪੀ ਚੰਦ ਦੀਆਂ ਵਿਦਿਆਰਥਣਾਂ ਹਨ, ਇੱਕੋ ਥਾਂ ਸਿਖਲਾਈ ਲੈਂਦੀਆਂ ਹਨ ਅਤੇ ਅਜਿਹੇ ਹੀ ਰੌਂਅ ਵਿੱਚ ਤਲਦੀਆਂ ਰਹੀਆਂ ਤਾਂ ਦੋਵੇਂ ਦੁਬਾਰਾ ਵੀ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋ ਸਕਦੀਆਂ ਹਨ।

ਮਹਿਲਾ ਬੈਡਮਿੰਟਨ ਵਿੱਚ ਇੱਕ ਤਰ੍ਹਾਂ ਦੀ ਕ੍ਰਾਂਤੀ ਦੀ ਜਿਹੜੀ ਸ਼ੁਰੂਆਤ ਸਾਇਨਾ ਨੇ ਕੀਤੀ ਸੀ ਸਿੰਧੂ ਉਸ ਨੂੰ ਅੱਗੇ ਵਧਾ ਰਹੇ ਹਨ।

ਇੱਕ ਕਹਾਵਤ ਹੈ 'ਜਿੰਨਾ ਜ਼ਿਆਦਾ ਉਨਾਂ ਵਧੀਆ'...ਅਤੇ ਭਾਰਤ ਲਈ ਇਹ ਕੰਪੀਟੀਸ਼ਨ ਖੁਸ਼ਖਬਰੀ ਤੋਂ ਘੱਟ ਨਹੀਂ।

22 ਸਾਲਾ ਸਿੰਧੂ ਦਾ ਇੱਕ ਸੁਫਨਾ ਹੈ ਕਿ ਜਿਹੜਾ ਗੋਲਡ ਰੀਓ ਓਲੰਪਿਕ ਵਿੱਚ ਨਾ ਜਿੱਤ ਸਕੇ ਉਹ ਟੋਕੀਓ ਵਿੱਚ ਜਿੱਤਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)