ਸ਼ੀਤ ਯੁੱਧ ਤੋਂ ਵੀ ਮਾੜੇ ਹਾਲਾਤਾਂ ਵਿੱਚੋਂ ਲੰਘ ਰਹੇ ਪੱਛਮੀ ਦੇਸ ਤੇ ਰੂਸ: ਸਰਗਈ ਲਾਵਰੋਵ

ਟਰੰਪ ਅਤੇ ਪੁਤਿਨ Image copyright JORGE SILVA/AFP/Getty Images

ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਕਿਹਾ ਕਿ ਰੂਸ ਅਤੇ ਪੱਛਮੀ ਦੇਸ ਉਨ੍ਹਾਂ ਹਾਲਾਤਾਂ ਵਿੱਚੋਂ ਲੰਘ ਰਹੇ ਹਨ ਜਿਹੜੇ ਸ਼ੀਤਯੁੱਧ ਤੋਂ ਵੀ ਗੰਭੀਰ ਹਨ।

ਲਾਵਰੋਵ ਨੇ ਕਿਹਾ ਕਿ ਇਹ ਸਭ ਇਸ ਲਈ ਹੈ ਕਿਉਂਕਿ ਚੈਨਲਾਂ ਦੀ ਕਮੀ ਕਰਕੇ ਕਿਸੇ ਦਾ ਵੀ ਆਪਸ ਵਿੱਚ ਚੰਗਾ ਸਪੰਰਕ ਨਹੀਂ ਹੈ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੱਛਮੀ ਤਾਕਤਾਂ ਨੇ ਸੰਪਰਕ ਦੇ ਰਸਤੇ ਬੰਦ ਕਰ ਦਿੱਤੇ ਹਨ ਅਤੇ ਹਾਲਾਤ ਬਹੁਤ ਖ਼ਤਰਨਾਕ ਹਨ।

ਲਾਵਰੋਵ ਨੇ ਕਿਹਾ ਕਿ ਜਿਸ ਤਰ੍ਹਾਂ ਹੁਣ ਅਮਰੀਕਾ, ਬ੍ਰਿਟੇਨ 'ਤੇ ਫਰਾਂਸ ਸੀਰੀਆ ਉੱਤੇ ਕੀਤੇ ਗਏ ਹਮਲੇ ਦਾ ਵੇਰਵਾ ਦੇ ਰਹੇ ਹਨ ਉਹ ਨਿੰਦਣਯੋਗ ਹੈ।

ਉਨ੍ਹਾਂ ਨੇ ਕਿਹਾ ਕਿ ਰੂਸ ਦਾ ਜਿਹੜਾ ਬਚਿਆ-ਖੁਚਿਆ ਭਰੋਸਾ ਇਨ੍ਹਾਂ 'ਤੇ ਸੀ ਉਹ ਵੀ ਟੁੱਟ ਗਿਆ ਹੈ।

Image copyright AFP
ਫੋਟੋ ਕੈਪਸ਼ਨ ਰਸਾਇਣ ਹਥਿਆਰ ਇੰਸਪੈਕਟਰ ਅਜੇ ਵੀ ਡੂਮਾ ਜਾਣ ਦੀ ਇਜਾਜ਼ਤ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ

ਕੌਮਾਂਤਰੀ ਰਸਾਇਣਕ ਹਥਿਆਰਾਂ ਦੀ ਨਿਗਰਾਨੀ ਰੱਖਣ ਵਾਲੀ ਸੰਸਥਾ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ ਜਿਨ੍ਹਾਂ ਨੇ ਇਹ ਦੇਖਿਆ ਕਿ ਪੱਛਮੀ ਦੇਸਾਂ ਅਤੇ ਰੂਸ ਵਿਚਾਲੇ ਇਹ ਝਗੜਾ ਸੀਰੀਆ ਸਰਕਾਰ ਵੱਲੋਂ ਵਰਤੇ ਗਏ ਰਸਾਇਣਕ ਹਥਿਆਰਾਂ ਕਾਰਨ ਹੈ ਜਿਨ੍ਹਾਂ ਨੂੰ ਵਰਤਣ 'ਤੇ ਮਨਾਹੀ ਹੈ।

ਬ੍ਰਿਟੇਨ ਦੇ ਨਿਗਰਾਨੀ ਵਫ਼ਦ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਹਥਿਆਰਾਂ ਦੀ ਜਾਂਚ ਕਰਨ ਵਿੱਚ ਰੂਸ ਦਾ ਕੋਈ ਸਹਿਯੋਗ ਨਹੀਂ ਮਿਲ ਰਿਹਾ।

ਸ਼ਨੀਵਾਰ ਦੀ ਸਵੇਰੇ ਸੀਰੀਆ ਦੇ ਕੁਝ ਹਿੱਸਿਆਂ 'ਤੇ ਅਮਰੀਕੀ ਮਿਜ਼ਾਇਲ ਹਮਲਾ ਹੋਇਆ ਸੀ। ਅਮਰੀਕਾ, ਬ੍ਰਿਟੇਨ ਤੇ ਫਰਾਂਸ ਵੱਲੋਂ ਇਹ ਸਾਂਝਾ ਹਮਲਾ ਕਰਵਾਇਆ ਗਿਆ ਸੀ।

ਸੀਰੀਆ ਵੱਲੋਂ ਕੀਤੇ ਗਏ ਰਸਾਇਣਕ ਹਮਲੇ ਦੇ ਜਵਾਬ ਵਿੱਚ ਇਹ ਜੰਗ ਛੇੜੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)