ਨਜ਼ਰੀਆ: 'ਮੋਦੀ ਪਹਿਲਾਂ ਕਈ ਘੰਟੇ ਆਪਣਾ ਗੁਣਗਾਣ ਕਰਦੇ ਹਨ ਫਿਰ ਖ਼ੁਦ ਨੂੰ 'ਫ਼ਕੀਰ' ਦੱਸਦੇ ਹਨ'

ਨਰਿੰਦਰ ਮੋਦੀ Image copyright Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਮਾਲ ਦੇ ਸ਼ੋਅਮੈਨ ਹਨ। ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਵੈਸਟਮਿੰਸਟਰ ਦੇ ਸੈਂਟਰਲ ਹਾਲ ਵਿੱਚ 'ਭਾਰਤ ਕੀ ਬਾਤ ਸਭ ਕੇ ਸਾਥ' ਪ੍ਰੋਗ੍ਰਾਮ ਵਿੱਚ ਦੋ ਘੰਟੇ 20 ਮਿੰਟ ਤੱਕ ਉਨ੍ਹਾਂ ਨੇ ਕਮਾਲ ਦਾ ਲੇਖ-ਜੋਖਾ ਪੇਸ਼ ਕੀਤਾ। ਅਜਿਹਾ ਲੱਗ ਰਿਹਾ ਸੀ ਕਿ ਪੂਰਾ ਪ੍ਰੋਗ੍ਰਾਮ ਸਕ੍ਰਿਪਟਿਡ ਸੀ।

ਸ਼ੋਅ ਵਿੱਚ ਹਰ ਇੱਕ ਚੀਜ਼, ਕਿੱਥੇ ਕੀ ਆਉਣਾ ਹੈ, ਕੀ ਸਵਾਲ ਹੋਵੇਗਾ, ਉਹ ਕੀ ਜਵਾਬ ਦੇਣਗੇ ਪਹਿਲਾਂ ਤੋਂ ਤੈਅ ਲੱਗ ਰਿਹਾ ਸੀ। ਕੋਈ ਵੀ ਸਮਝਦਾਰ ਵਿਅਕਤੀ ਇਸਦਾ ਅੰਦਾਜ਼ਾ ਲਗਾ ਸਕਦਾ ਸੀ।

ਸ਼ੋਅ ਵਿੱਚ ਉਨ੍ਹਾਂ ਦਾ ਇੰਟਰਵਿਊ ਗੀਤਕਾਰ ਪ੍ਰਸੂਨ ਜੋਸ਼ੀ ਲੈ ਰਹੇ ਸੀ। ਉਨ੍ਹਾਂ ਨੇ ਵੀ ਕਮਾਲ ਦੀ ਭੂਮਿਕਾ ਨਿਭਾਈ। ਅਜਿਹੇ ਸਵਾਲ ਪੁੱਛੇ ਕਿ ਮੋਦੀ ਗਦਗਦ ਹੋ ਗਏ।

ਸ਼ੋਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ। ਉਸ ਵਿੱਚ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ।

ਖ਼ਾਸ ਤੌਰ 'ਤੇ ਉਨ੍ਹਾਂ ਨੇ ਪਾਕਿਸਤਾਨ ਬਾਰੇ ਕੁਝ ਅਜਿਹੀਆਂ ਗੱਲਾਂ ਕਹੀਆਂ ਜਿਹੜੀਆਂ ਪਹਿਲੀ ਵਾਰ ਸੁਣਨ ਨੂੰ ਮਿਲੀਆਂ ਸੀ।

ਉਨ੍ਹਾਂ ਦੀਆਂ ਗੱਲਾਂ ਵਿੱਚ ਚੋਣਾਂ ਦੀ ਤਿਆਰੀ ਦੀ ਝਲਕ ਦਿਖ ਰਹੀ ਸੀ। ਉਨ੍ਹਾਂ ਨੇ ਕਰਨਾਟਕ ਦੇ ਲਿੰਗਾਯਤ ਦੇ ਗੁਰੂ ਬਸਵੰਨਾ ਦਾ ਵੀ ਜ਼ਿਕਰ ਕੀਤਾ। ਉਹ ਉਨ੍ਹਾਂ ਦੀ ਮੂਰਤੀ ਦੋ ਕੋਲ ਵੀ ਗਏ। ਕਰਨਾਟਕ ਵਿੱਚ ਚੋਣਾਂ ਨੂੰ ਕੁਝ ਹੀ ਦਿਨ ਬਚੇ ਹਨ।

Image copyright TWITTER/BJP4Delhi/BBC

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਚੋ ਮੈਨ ਦੀ ਤਰ੍ਹਾਂ ਗੱਲ ਕਰਦੇ ਹਨ, ਜਿਵੇਂ ਫ਼ਿਲਮਾਂ ਵਿੱਚ ਸਲਮਾਨ ਖ਼ਾਨ ਦਬੰਗ ਤਰੀਕੇ ਨਾਲ ਗੱਲ ਕਰਦੇ ਹਨ।

ਸ਼ੋਅ ਦੌਰਾਨ ਉਨ੍ਹਾਂ ਦੇ ਕੁਝ ਅਜਿਹੀਆਂ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਸੁਣ ਕੇ ਇੰਜ ਲੱਗਿਆ ਕਿ ਉਨ੍ਹਾਂ ਨੇ ਕੀ ਕਮਾਲ ਦਾ ਕੰਮ ਕੀਤਾ ਹੈ।

ਇੱਕ ਪਾਸੇ ਆਲੋਚਕ ਇਹ ਕਹਿੰਦੇ ਹਨ ਕਿ ਭਾਰਤ ਪਾਕਿਸਤਾਨ ਅੱਗੇ ਜਿੰਨਾ ਕਮਜ਼ੋਰ ਹੁਣ ਹੋਇਆ ਹੈ ਪਹਿਲਾਂ ਕਦੇ ਨਹੀਂ ਹੋਇਆ ਸੀ।

ਦੇਸ ਵਿੱਚ ਅੱਤਵਾਦ ਵਧਿਆ ਹੈ, ਕਸ਼ਮੀਰ ਵਿੱਚ ਹਿੰਸਾ ਵੀ ਵਧੀ ਹੈ। ਕਥਿਤ ਸਰਜੀਕਲ ਸਟਰਾਇਕ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋਈਆਂ।

Image copyright Getty Images

ਪਰ ਨਰਿੰਦਰ ਮੋਦੀ ਨੇ ਆਪਣੀਆਂ ਗੱਲਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਪਾਕਿਸਤਾਨ ਨੇ ਭਾਰਤ ਅੱਗੇ ਗੋਢੇ ਟੇਕ ਦਿੱਤੇ ਹੋਣ।

ਆਪਣੇ ਹਰ ਕੰਮ ਨੂੰ ਅਨੌਖਾ ਦੱਸਣ ਵਾਲੇ ਪ੍ਰਧਾਨ ਮੰਤਰੀ

ਦੇਸ ਵਿੱਚ ਰੇਪ ਦੀਆਂ ਘਟਨਾਵਾਂ 'ਤੇ ਉਨ੍ਹਾਂ ਨੇ ਆਪਣੀ ਚੁੱਪੀ ਵੀ ਤੋੜੀ, ਪਰ ਬਹੁਤ ਦੇਰ ਬਾਅਦ।

ਪ੍ਰਧਾਨ ਮੰਤਰੀ ਛੋਟੀ-ਮੋਟੀ ਗੱਲ 'ਤੇ ਬੜੀ ਜਲਦੀ ਟਵੀਟ ਕਰਦੇ ਹਨ ਪਰ ਦੇਸ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਰੇਪ ਦੀਆਂ ਘਟਨਾਵਾਂ 'ਤੇ ਕਈ ਦਿਨ ਉਨ੍ਹਾਂ ਨੇ ਕੁਝ ਨਹੀਂ ਕਿਹਾ।

ਵੱਡੀ ਦਿਲਚਸਪ ਗੱਲ ਇਹ ਹੈ ਕਿ ਨਰਿੰਦਰ ਮੋਦੀ ਹਰ ਕੰਮ ਨੂੰ ਪਹਿਲੀ ਵਾਰ ਕੀਤਾ ਗਿਆ ਕੰਮ ਦੱਸਦੇ ਹਨ। ਅਰਬ ਅਤੇ ਇਜ਼ਰਾਇਲ ਯਾਤਰਾ ਨੂੰ ਉਨ੍ਹਾਂ ਨੇ ਖ਼ੂਬ ਪ੍ਰਚਾਰਿਤ ਕੀਤਾ।

ਉਹ ਗੱਲਾਂ ਨੂੰ ਬਿਹਤਰ ਉਤਾਰ-ਚੜ੍ਹਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕਹਿੰਦੇ ਹਨ। ਉਨ੍ਹਾਂ ਦਾ ਕਿੰਨਾ ਵੀ ਵੱਡਾ ਆਲੋਚਕ ਹੋਵੇ, ਉਹ ਉਨ੍ਹਾਂ ਦੀਆਂ ਗੱਲਾਂ ਨੂੰ ਸੁਣਦਾ ਜ਼ਰੂਰ ਹੈ।

Image copyright Getty Images

ਐਨੀ ਬੇਬਾਕੀ ਨਾਲ ਸ਼ਾਇਦ ਹੀ ਕਿਸੇ ਪ੍ਰਧਾਨ ਮੰਤਰੀ ਨੇ ਖ਼ੁਦ ਦੀ ਤਾਰੀਫ਼ ਕੀਤੀ ਹੋਵੇ ਅਤੇ ਹਰ ਕੰਮ ਨੂੰ ਅਨੌਖਾ ਦੱਸਿਆ ਹੋਵੇਗਾ। ਲੰਦਨ ਦੇ ਸ਼ੋਅ ਵਿੱਚ ਸਾਰੇ ਸਵਾਲ ਉਨ੍ਹਾਂ ਦੀ ਤਾਰੀਫ਼ ਵਿੱਚ ਹੀ ਸੀ।

ਜਿਹੜੇ ਲੋਕ ਸਵਾਲ ਕਰ ਰਹੇ ਸੀ ਉਹ ਵੀ ਪਹਿਲਾਂ ਤੋਂ ਹੀ ਤੈਅ ਲੱਗ ਰਹੇ ਸੀ। ਹਰ ਆਦਮੀ ਉਨ੍ਹਾਂ ਦੀ ਵਾਹੋ-ਵਾਹੀ ਕਰ ਰਿਹਾ ਸੀ ਜਦਕਿ ਬਾਹਰ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਸੀ।

'ਖ਼ੁਦ ਨਾ ਨਾਮ ਸੈਂਕੜੇਂ ਵਾਰ ਲੈਂਦੇ ਹਨ'

ਪੂਰੇ ਪ੍ਰੋਗ੍ਰਾਮ ਦੇ ਦੌਰਾਨ ਉਨ੍ਹਾਂ ਦੇ ਅਕਸ ਦਾ ਨਿਰਮਾਣ ਕੀਤਾ ਗਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਘੰਟਿਆਂ ਹੀ ਆਪਣੇ ਬਾਰੇ ਗੱਲ ਕਰਦੇ ਹਨ।

ਇਹ ਵੀ ਹੈਰਾਨ ਕਰਨ ਵਾਲਾ ਹੈ ਕਿ ਉਹ ਖ਼ੁਦ ਨੂੰ ਥਰਡ ਪਰਸਨ ਵਿੱਚ ਰੱਖ ਕੇ ਗੱਲ ਕਰਦੇ ਹਨ। ਖ਼ੁਦ ਦਾ ਨਾਮ ਸੈਂਕੜੇ ਵਾਰੀ ਲੈਂਦੇ ਹਨ।

ਆਪਣੀ ਤਾਰੀਫ਼ ਦੇ ਪੁਲ ਬੰਨਦੇ ਹਨ ਤੇ ਫਿਰ ਅਖ਼ੀਰ ਵਿੱਚ ਕਹਿੰਦੇ ਹਨ ਕਿ ਉਹ ਇੱਕ ਮਾਮੂਲੀ ਇਨਸਾਨ ਹਨ, ਚਾਹ ਵਾਲੇ ਹਨ ਤੇ ਉਨ੍ਹਾਂ ਦੇ ਵਿਚਾਰ ਫ਼ਕੀਰੀ ਹਨ।

Image copyright TWITTER/BJP4Delhi/BBC

ਸਵਾਲ ਇਹ ਹੈ ਕਿ ਜੇਕਰ ਉਹ ਮਾਮੂਲੀ ਸ਼ਖ਼ਸ ਹਨ ਤਾਂ ਘੰਟਿਆਂ ਤੱਕ ਆਪਣਾ ਗੁਣਗਾਣ ਕਿਵੇਂ ਕਰ ਸਕਦੇ ਹਨ?

ਉਨ੍ਹਾਂ ਦੇ ਜਿੰਨੇ ਸਮਰਥਕ ਪ੍ਰੋਗ੍ਰਾਮ ਵਿੱਚ ਮੌਜੂਦ ਸੀ, ਉਸ ਤੋਂ ਕਿਤੇ ਵੱਧ ਉਨ੍ਹਾਂ ਦੇ ਵਿਰੋਧ ਵਿੱਚ ਵੀ ਸੀ।

ਵਿਰੋਧੀਆਂ ਵਿੱਚ ਔਰਤਾਂ ਵੀ ਸ਼ਾਮਲ ਸੀ। ਉਨ੍ਹਾਂ ਨੇ ਰੇਪ ਦੀਆਂ ਘਟਨਾਵਾਂ ਖ਼ਿਲਾਫ਼ ਸ਼ਾਂਤੀਪੂਰਨ ਪ੍ਰਦਰਸ਼ਨ ਵੀ ਕੀਤਾ।

ਹਾਲਾਂਕਿ ਇਸ ਦੌਰਾਨ ਨਰਿੰਦਰ ਮੋਦੀ ''ਸ਼ੇਮ ਸ਼ੇਮ'' ਦੇ ਨਾਅਰੇ ਵੀ ਲਗਾਏ ਗਏ।

ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਯੂਨੀਵਰਸਟੀ ਆਫ਼ ਵੌਰਿਕ ਵਿੱਚ ਪੜ੍ਹਾਉਣ ਵਾਲੀ ਰਸ਼ਿਮ ਵਰਮਾ ਨੇ ਬੀਬੀਸੀ ਨੂੰ ਕਿਹਾ, ''ਮੈਂ ਇੱਥੇ ਆਈ ਹਾਂ ਕਿਉਂਕਿ ਨਰਿੰਦਰ ਮੋਦੀ ਜੀ ਦਾ ਬਤੌਰ ਪ੍ਰਧਾਨ ਮੰਤਰੀ ਇਹ ਦੂਜਾ ਦੌਰਾ ਹੈ, ਉਨ੍ਹਾਂ ਦੇ ਪ੍ਰਧਾਨ ਮੰਤਰੀ ਰਹਿੰਦੇ ਔਰਤਾਂ, ਦਲਿਤਾਂ, ਘੱਟ ਗਿਣਤੀਆਂ ਦੇ ਖ਼ਿਲਾਫ਼ ਜਿਹੜੀ ਹਿੰਸਾ ਹੋਈ, ਉਨ੍ਹਾਂ ਦਾ ਵਿਰੋਧ ਕਰਨ ਆਈ ਹਾਂ।''

Image copyright Getty Images

ਮੋਦੀ ਦੇ ਹੱਕ ਵਿੱਚ ਨਿੱਤਰੀ ਇੱਕ ਔਰਤ ਨੇ ਬੀਬੀਸੀ ਨੂੰ ਕਿਹਾ, ''ਅਸੀਂ ਮੋਦੀ ਨੂੰ ਸਮਰਥਨ ਦੇਣ ਆਏ ਹਾਂ, ਉਹ ਸਾਡੇ ਦੇਸ ਨੂੰ ਅੱਗੇ ਲੈ ਕੇ ਜਾ ਰਹੇ ਹਨ। ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨੇ ਐਨਾ ਕੰਮ ਨਹੀਂ ਕੀਤਾ ਜਿੰਨਾ ਮੋਦੀ ਜੀ ਕਰ ਰਹੇ ਹਨ ਅਤੇ ਚੁੱਪਚਾਪ ਕਰ ਰਹੇ ਹਨ। ਵਿਦੇਸ਼ ਵਿੱਚ ਵੀ ਉਨ੍ਹਾਂ ਦੇ ਸਮਰਥਨ ਵਿੱਚ ਐਨੇ ਲੋਕ ਖੜ੍ਹੇ ਹਨ, ਇਹ ਵੱਡੀ ਗੱਲੀ ਹੈ।''

ਦੇਸ ਵਿੱਚ ਹੋਈਆਂ ਰੇਪ ਦੀਆਂ ਘਟਨਾਵਾਂ 'ਤੇ ਬੋਲਣ ਲਈ ਉਹ ਲੰਡਨ ਦੀ ਜ਼ਮੀਨ ਚੁਣਦੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਦੇਸ ਵਿੱਚ ਵਿਕਾਸ ਨੂੰ ਲੈ ਕੇ ਜਿੰਨਾ ਵੀ ਕੰਮ ਕੀਤਾ ਉਨ੍ਹਾਂ ਨੇ ਕੀਤਾ ਹੈ, ਇਸ ਤੋਂ ਪਹਿਲਾਂ ਕੁਝ ਨਹੀਂ ਹੋਇਆ ਸੀ।

ਉਹ ਵਿਦੇਸ਼ਾਂ ਵਿੱਚ ਦੇਸ ਦਾ ਅਕਸ ਬਣਾਉਣ ਦਾ ਦਾਅਵਾ ਕਰਦੇ ਹਨ ਪਰ ਸੱਚਾਈ ਇਹ ਹੈ ਕਿ ਅਜਿਹੀਆਂ ਗੱਲਾਂ ਨਾਲ ਦੇਸ ਦਾ ਅਕਸ ਵਿਗੜ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)