ਹੁਣ ਤੁਸੀਂ ਵੀ ਕਿਸੇ ਨੂੰ ਐਵੇਂ ਹੀ 'ਗਧਾ ਕਿਸੇ ਥਾਂ ਦਾ' ਨਾ ਕਹਿ ਦਿਓ!

ਗਧੇ ਨਾਲ ਪੜ੍ਹਾਈ

'ਗਧਾ ਕਿਸੇ ਥਾਂ ਦਾ'

ਇਹ ਕਹਾਵਤ ਸਾਰਿਆਂ ਨੇ ਸੁਣੀ ਹੈ। ਬਹੁਤ ਵਾਰ ਵਰਤੀ ਵੀ ਗਈ ਹੋਵੇਗੀ। ਕਦੇ ਕਿਸੇ ਨੇ ਸਾਡੇ ਲਈ ਕਿਹਾ ਹੋਵੇਗਾ। ਤਾਂ ਕਈ ਵਾਰ ਕਿਸੇ ਦੀ ਮੁਰਖ਼ਤਾ 'ਤੇ ਅਸੀਂ ਕਹਿ ਦਿੱਤਾ ਹੋਵੇਗਾ...ਗਧਾ ਕਿਸੇ ਥਾਂ ਦਾ।

ਗਧਾ ਮੂਰਖ਼ਤਾ ਦਾ ਚਿੰਨ੍ਹ ਹੈ। ਕਾਨਪੁਰ ਤੋਂ ਕਰਾਚੀ ਤੱਕ। ਕਾਸਾਬਲਾਕਾਂ ਤੋਂ ਕੋਲੰਬੀਆ ਤੱਕ। ਗਧੇ ਨੂੰ ਬੇਵਕੂਫ਼ ਜਾਨਵਰ ਅਤੇ ਬੇਵਕੂਫ਼ੀ ਕਰਨ ਵਾਲਿਆਂ ਨੂੰ ਗਧਾ ਸਦੀਆਂ ਤੋਂ ਕਹੇ ਜਾਣ ਦੀ ਰੀਤ ਰਹੀ ਹੈ।

ਗਧਿਆਂ ਦੇ ਨਾਂ 'ਤੇ ਲੱਗਿਆ ਦਾਗ਼

ਪਰ, ਲੈਟਿਨ ਅਮਰੀਕੀ ਦੇਸ ਕੋਲੰਬੀਆ ਵਿੱਚ ਇੱਕ ਸ਼ਖ਼ਸ ਹੈ, ਜਿਹੜੇ ਇਸ ਕਹਾਵਤ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰ ਰਹੇ ਹਨ। ਉਹ ਗਧਿਆਂ ਦੇ ਨਾਂ 'ਤੇ ਲੱਗੇ ਦਾਗ਼ ਨੂੰ ਸਾਫ਼ ਕਰਨ ਵਿੱਚ ਲੱਗੇ ਹਨ।

ਇੱਕ ਸ਼ਖ਼ਸ ਦਾ ਨਾਮ ਹੈ ਲੁਇਸ ਸੋਰੀਆਨੋ। ਉਹ ਪਿਛਲੇ 20 ਸਾਲਾਂ ਤੋਂ ਗਧਿਆਂ ਦੀ ਮਦਦ ਨਾਲ ਤਾਲੀਮ ਦੀ ਅਲਖ ਜਗਾ ਰਹੇ ਹਨ।

ਲੁਇਸ, ਕੋਲੰਬੀਆ ਦੇ ਪੇਂਡੂ ਇਲਾਕੇ ਲਾ ਗਲੋਰੀਆ ਵਿੱਚ ਟੀਚਰ ਹਨ। ਉਹ ਦੱਸਦੇ ਹਨ ਕਿ ਉਸ ਇਲਾਕੇ ਦੇ ਬੱਚਿਆਂ ਕੋਲ ਕਿਤਾਬਾਂ ਹੀ ਨਹੀਂ ਸਨ। ਉਹ ਪੂਰੇ ਇਲਾਕੇ ਵਿੱਚ ਇਕਲੌਤੇ ਸ਼ਖ਼ਸ ਸੀ, ਜਿਨ੍ਹਾਂ ਕੋਲ ਕਿਤਾਬਾਂ ਸੀ।

ਲੁਇਸ ਸੋਰੀਆਨੋ ਕੋਲ 70 ਕਿਤਾਬਾਂ ਸੀ। ਇਨ੍ਹਾਂ ਵਿੱਚ ਇਤਿਹਾਸ, ਭੂਗੋਲ, ਸਾਇੰਸ, ਫਿਲੋਸਫੀ ਤੋਂ ਲੈ ਕੇ ਬੱਚਿਆਂ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਸਨ।

ਇੱਕ ਦਿਨ ਲੁਇਸ ਨੇ ਸੋਚਿਆ ਕਿ ਜੇਕਰ ਬੱਚਿਆਂ ਕੋਲ ਕਿਤਾਬਾਂ ਨਹੀਂ ਹਨ, ਤਾਂ ਕਿਉਂ ਨਾ ਕਿਤਾਬਾਂ ਨੂੰ ਬੱਚਿਆਂ ਤੱਕ ਪਹੰਚਾਇਆ ਜਾਵੇ।

ਕੋਲੰਬੀਆ ਉਂਝ ਵੀ ਡਰੱਗ ਮਾਫ਼ੀਆ ਅਤੇ ਸਾਲਾਂ ਤੋਂ ਚੱਲ ਰਹੇ ਖ਼ੂਨੀ ਗ੍ਰਹਿ ਯੁੱਧ ਲਈ ਬਦਨਾਮ ਹੈ। ਸੜਕਾਂ ਨਹੀਂ ਹਨ, ਬੁਨਿਆਦੀ ਸਹੂਲਤਾਂ ਨਹੀਂ ਹਨ।

ਵਰਣਮਾਲਾ ਬਣਾਉਂਦੇ ਗਧੇ

ਅਜਿਹੇ ਵਿੱਚ ਲੁਇਸ ਸੋਰੀਆਨੋ ਦੀ ਨਜ਼ਰ ਦੋ ਗਧਿਆਂ 'ਤੇ ਪਈ। ਇਹ ਦੋਵੇਂ ਗਧੇ ਉਨ੍ਹਾਂ ਦੇ ਘਰ ਵਿੱਚ ਪਾਣੀ ਢੋਣ ਦਾ ਕੰਮ ਕਰਦੇ ਸੀ।

ਲੁਇਸ ਨੇ ਇੱਕ ਦਾ ਨਾਂ ਰੱਖਿਆ ਅਲਫ਼ਾ ਤੇ ਦੂਜੇ ਦਾ ਨਾਂ ਰੱਖਿਆ ਬੇਤੋ। ਦੋਵਾਂ ਨੂੰ ਮਿਲਾ ਕੇ ਸਪੈਨਿਸ਼ ਦਾ ਸ਼ਬਦ ਬਣਦਾ ਹੈ ਅਲਫਾਬੇਤੋ। ਯਾਨਿ ਅਲਫਾਬੇਟ, ਵਰਣਮਾਲਾ।

ਲੁਇਸ ਨੇ ਇਨ੍ਹਾਂ ਗਧਿਆਂ ਦੀ ਪਿੱਠ 'ਤੇ ਲੱਦਣ ਵਾਲੀ ਮਸ਼ਕ ਨੂੰ ਬਦਲ ਕੇ ਉਨ੍ਹਾਂ 'ਤੇ ਕਿਤਾਬਾਂ ਰੱਖਣ ਦਾ ਇੰਤਜ਼ਾਮ ਕੀਤਾ।

ਫਿਰ ਉਹ ਲਾ ਗਲੋਰੀਆ ਇਲਾਕੇ ਦੇ ਇੱਕ-ਇੱਕ ਪਿੰਡ ਜਾ ਕੇ ਬੱਚਿਆਂ ਨੂੰ ਕਿਤਾਬਾਂ ਪੜ੍ਹਾਉਣ ਲੱਗਾ।

ਲੁਇਸ ਦੱਸਦੇ ਹਨ ਕਿ ਕੋਲੰਬੀਆ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਇਨ੍ਹਾਂ ਬੱਚਿਆਂ ਨੇ ਉਨ੍ਹਾਂ ਦੀ ਗਧਾ ਲਾਇਬਰੇਰੀ ਨੂੰ ਹੱਥੋਂ-ਹੱਥ ਲਿਆ।

ਉਹ ਖ਼ੁਦ ਵੀ ਬੱਚਿਆਂ ਨਾਲ ਬੈਠ ਕੇ ਉਨ੍ਹਾਂ ਨੂੰ ਕਿਤਾਬਾਂ ਪੜ੍ਹਾਉਂਦੇ। ਬੱਚੇ ਉਨ੍ਹਾਂ ਨੂੰ ਦੂਰੋ ਆਉਂਦਾ ਦੇਖ ਕੇ ਉਨ੍ਹਾਂ ਵੱਲ ਭੱਜਦੇ। ਕਿਤਾਬਾਂ ਵਿੱਚ ਬੱਚਿਆਂ ਦੀ ਦਿਲਚਸਪੀ ਹੈਰਾਨ ਕਰ ਦੇਣ ਵਾਲੀ ਸੀ।

ਕਹਾਣੀਆਂ ਦੀਆਂ ਕਿਤਾਬਾਂ ਦੇਖ ਕੇ ਬੱਚਿਆਂ ਦੇ ਚਿਹਰੇ ਚਮਕ ਉੱਠਦੇ। ਜੇਕਰ ਕੋਈ ਇੱਕ ਕਹਾਣੀ ਪੜ੍ਹਦਾ, ਤਾਂ ਫਿਰ ਉਹ ਉਸ ਨੂੰ ਮੁੜ ਆਪਣੇ ਸਾਥੀਆਂ ਨੂੰ ਦੱਸਦਾ। ਲੁਇਸ ਵੀ ਤਮਾਮ ਬੱਚਿਆਂ ਨੂੰ ਇਕੱਠੇ ਬਿਠਾ ਕੇ ਕਿਤਾਬਾਂ ਪੜ੍ਹਾਉਂਦੇ।

ਗਧਾ ਲਾਇਬਰੇਰੀ ਦੀ ਧੂਮ

ਦੇਖਦੇ ਹੀ ਦੇਖਦੇ ਲੁਇਸ ਅਤੇ ਉਨ੍ਹਾਂ ਦੇ ਦੋ ਗਧੇ, ਅਲਫ਼ਾ ਅਤੇ ਬੇਤੋ ਪੂਰੇ ਇਲਾਕੇ ਵਿੱਚ ਮਸ਼ਹੂਰ ਹੋ ਗਏ। ਕੋਲੰਬੀਆ ਦੇ ਇੱਕ ਮੰਨੇ-ਪ੍ਰਮੰਨੇ ਪੱਤਰਕਾਰ ਨੇ ਉਨ੍ਹਾਂ ਦੀ ਕਹਾਣੀ ਦੁਨੀਆਂ ਨੂੰ ਸੁਣਾਈ ਤਾਂ ਉਨ੍ਹਾਂ ਦੀ ਸ਼ੋਹਰਤ ਹੋਰ ਵੱਧ ਗਈ। ਦੁਨੀਆਂ ਭਰ ਤੋਂ ਲੁਇਸ ਦੀ ਗਧਾ ਲਾਇਬਰੇਰੀ ਲਈ ਮਦਦ ਮਿਲਣ ਲੱਗੀ।

ਅੱਜ ਦੀ ਤਰੀਕ ਵਿੱਚ ਲੁਇਸ ਸੋਰੀਆਨੋ ਦੀ ਗਧਾ ਲਾਇਬਰੇਰੀ ਵਿੱਚ ਤਿੰਨ ਹਜ਼ਾਰ ਕਿਤਾਬਾਂ ਹੋ ਗਈਆਂ ਹਨ। ਦੋ ਹਜ਼ਾਰ ਹੋਰ ਕਿਤਾਬਾਂ ਆਉਣ ਵਾਲੀਆਂ ਹਨ। ਇਲਾਕੇ ਦੋ ਹੋਰ ਲੋਕ ਵੀ ਹੁਣ ਗਧਿਆਂ 'ਤੇ ਕਿਤਾਬਾਂ ਲੱਦ ਕੇ ਦੂਰ-ਦੁਰਾਡੇ ਦੇ ਬੱਚਿਆਂ ਤੱਕ ਲੈ ਜਾਂਦੇ ਹਨ ਅਤੇ ਸਿੱਖਿਆ ਦੀ ਅਲਖ ਜਗਾ ਰਹੇ ਹਨ।

ਉਂਝ ਲੁਇਸ ਲਈ ਬਿਬਿਲਿਆਬਰੋ ਯਾਨਿ ਗਧਾ ਲਾਇਬਰੇਰੀ ਨੂੰ ਕਾਮਯਾਬ ਬਣਾਉਣਾ ਐਨਾ ਸੌਖਾ ਨਹੀਂ ਸੀ।

ਇਲਾਕੇ ਵਿੱਚ ਹਕੂਮਤ ਦੀ ਜੰਗ ਲੜ ਰਹੇ ਗੁੱਰੀਲਾ ਲੜਾਕੇ ਅਕਸਰ ਉਨ੍ਹਾਂ ਨੂੰ ਦੁਸ਼ਮਣਾਂ ਦਾ ਏਜੰਟ ਸਮਝ ਲੈਂਦੇ। ਉਹ ਇਹ ਸੋਚਦੇ ਸੀ ਕਿ ਕਿਤਾਬਾਂ ਦੀ ਆੜ ਵਿੱਚ ਅਸਲ 'ਚ ਲੁਇਸ ਬੰਦੂਕਾਂ ਉਨ੍ਹਾਂ ਦੇ ਦੁਸ਼ਮਣਾਂ ਤੱਕ ਲਿਜਾ ਰਹੇ ਹਨ।

ਇੱਕ ਵਾਰ ਦੱਖਣਪੰਥੀ ਗੁੱਟ ਦੇ ਲੜਾਕਿਆਂ ਨੇ ਲੁਇਸ ਨੂੰ ਅਗਵਾ ਕਰ ਲਿਆ। ਉਨ੍ਹਾਂ ਨੂੰ ਜੰਗਲ ਵਿੱਚ ਕੈਦ ਕਰਕੇ ਰੱਖਿਆ।

ਲੜਾਕਿਆਂ ਨੇ ਲੁਇਸ ਦੇ ਗਧਿਆਂ ਦੀ ਤਲਾਸ਼ੀ ਲਈ। ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਵਿੱਚ ਕਿਤਾਬਾਂ ਤੋਂ ਇਲਾਵਾ ਹੋਰ ਕੁਝ ਨਹੀਂ ਤਾਂ ਫਿਰ ਗੁੱਰੀਲਿਆਂ ਨੇ ਉਨ੍ਹਾਂ ਨੂੰ ਜਾਣ ਦਿੱਤਾ।

ਨਕਲੀ ਪੈਰ ਦੇ ਸਹਾਰੇ ਕਦਮ ਵਧਾਉਂਦੇ ਲੁਇਸ

ਹੁਣ ਲਾ ਗਲੇਰੀਆ ਹੀ ਨਹੀਂ, ਕੋਲੰਬੀਆ ਦੇ ਦੂਜੇ ਇਲਾਕਿਆਂ ਦੇ ਲੋਕ ਵੀ ਲੁਇਸ ਸੋਰੀਆਨੋ ਅਤੇ ਉਨ੍ਹਾਂ ਦੇ ਗਧੇ ਅਲਫ਼ਾ ਅਤੇ ਬੇਤੋ ਨੂੰ ਜਾਣਨ ਲੱਗੇ ਹਨ।

ਲੁਇਸ ਦੀ ਇੱਕ ਸ਼ਾਗਿਰਦ ਰਹੀ, ਮਾਰੀਆ ਫਰਨਾਡਾ ਵੇਗਾ ਹੁਣ ਟੀਚਰ ਬਣ ਗਈ ਹੈ। ਉਹ ਕਹਿੰਦੀ ਹੈ ਕਿ ਲੁਇਸ ਕਰਕੇ ਉਨ੍ਹਾਂ ਨੂੰ ਕਿਤਾਬਾਂ ਨਾਲ ਪਿਆਰ ਹੋ ਗਿਆ। ਹੁਣ ਉਹ ਖ਼ੁਦ ਵੀ ਲਾਇਬਰੇਰੀ ਚਲਾਉਂਦੀ ਹੈ।

ਲੁਇਸ ਕਹਿੰਦੇ ਹਨ ਕਿ ਤੁਸੀਂ ਹਜ਼ਾਰ ਬੀਜ ਜ਼ਮੀਨ ਵਿੱਚ ਬੀਜਦੇ ਹੋ। ਉਨ੍ਹਾਂ ਵਿੱਚੋਂ ਕੁਝ ਸੜ ਜਾਂਦੇ ਹਨ। ਕੁਝ ਸੁੱਕ ਜਾਂਦੇ ਹਨ। ਉੱਥੇ ਹੀ ਕੁਝ ਬੀਜ ਨਵੀਂ ਫ਼ਸਲ ਦੇ ਤੌਰ 'ਤੇ ਲਹਿਰਾਉਂਦੇ ਵੀ ਹਨ। ਮਾਰੀਆ ਨੂੰ ਉਹ ਅਜਿਹਾ ਹੀ ਬੀਜ ਮੰਨਦੇ ਹਨ। ਉਹ ਅੱਜ ਤਾਲੀਮ ਦਾ ਖ਼ੁਦਮੁਖ਼ਤਿਆਰ ਦਰਖ਼ਤ ਬਣ ਗਈ ਹੈ।

ਇਸ ਹਾਦਸੇ ਵਿੱਚ ਲੁਇਸ ਸੋਰੀਆਨੋ ਦਾ ਇੱਕ ਪੈਰ ਟੁੱਟ ਗਿਆ। ਹੁਣ ਉਹ ਪ੍ਰੋਸਥੈਟਿਕ ਪੈਰ ਦੀ ਮਦਦ ਨਾਲ ਚਲਦੇ ਹਨ। ਇਸ ਨਾਲ ਉਨ੍ਹਾਂ ਦਾ ਸਫ਼ਰ ਥੋੜ੍ਹਾ ਮੁਸ਼ਕਿਲ ਹੋ ਗਿਆ ਹੈ।

ਪਹਿਲੇ ਜਿੱਥੇ ਲੁਇਸ ਬੜੀ ਆਸਾਨੀ ਨਾਲ ਗਧਿਆਂ 'ਤੇ ਸਵਾਰ ਹੋ ਜਾਂਦੇ ਸੀ। ਉੱਥੇ ਹੀ ਹੁਣ ਉਨ੍ਹਾਂ ਨੂੰ ਉਸ ਲਈ ਕਿਸੇ ਟਿੱਲੇ ਜਾਂ ਲੱਕੜੀ ਦੇ ਲੱਠੇ ਦੀ ਤਲਾਸ਼ ਕਰਨੀ ਪੈਂਦੀ ਹੈ।

ਪਰ, ਲੁਇਸ ਬਿਨਾਂ ਥੱਕੇ-ਹਾਰੇ ਆਪਣੇ ਗਧਿਆਂ ਦੀ ਮਦਦ ਨਾਲ ਅਲਫ਼ਾਬੈਟ ਦੀ ਰੋਸ਼ਨੀ ਫੈਲਾ ਰਹੇ ਹਨ। ਇਸ ਵਿੱਚ ਉਨ੍ਹਾਂ ਦੇ ਘਦੇ ਅਲਫ਼ਾ ਅਤੇ ਬੇਤੋਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਤਾਂ, ਹੁਣ ਤੁਸੀਂ ਵੀ ਕਿਸੇ ਨੂੰ ਐਵੇਂ ਹੀ 'ਗਧਾ ਕਿਸੇ ਥਾਂ ਦਾ' ਨਾ ਕਹਿ ਦਿਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ