ਕੌਣ ਪਾਕਿਸਤਾਨ ਵਿੱਚ ਬਣ ਰਿਹਾ ਹੈ ਪਸ਼ਤੂਨਾਂ ਦੀ ਆਵਾਜ਼?

ਮਨਜ਼ੂਰ ਪਸ਼ਤੀਨ ਪੇਸ਼ਾਵਰ ਵਿਖੇ 8 ਅਪ੍ਰੈਲ 2018 ਨੂੰ ਇੱਕ ਰੈਲੀ ਵਿੱਚ ਬੋਲਦੇ ਹੋਏ Image copyright Getty Images
ਫੋਟੋ ਕੈਪਸ਼ਨ ਮਨਜ਼ੂਰ ਪਸ਼ਤੀਨ ਪੇਸ਼ਾਵਰ ਵਿਖੇ 8 ਅਪ੍ਰੈਲ 2018 ਨੂੰ ਇੱਕ ਰੈਲੀ ਵਿੱਚ ਬੋਲਦੇ ਹੋਏ

ਪਾਕਿਸਤਾਨ ਦੇ ਪਸ਼ਤੂਨਾਂ ਦਾ ਇੱਕ ਨਵਾਂ ਆਗੂ ਉੱਠ ਰਿਹਾ ਹੈ। ਉਨ੍ਹਾਂ ਦਾ ਨਾਮ ਮਨਜ਼ੂਰ ਪਸ਼ਤੀਨ ਹੈ ਅਤੇ ਉਹ ਇੱਕ ਨੌਜਵਾਨ ਪਸ਼ਤੂਨ ਹਨ।

ਉਨ੍ਹਾਂ ਦੇ ਅਚਾਨਕ ਅਤੇ ਤੇਜ਼ ਸਿਆਸੀ ਉਭਾਰ ਨੇ ਸਿਆਸੀ ਪੰਡਿਤਾਂ ਅਤੇ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ ਜਿਨ੍ਹਾਂ ਤੋਂ ਇਸ ਅਣਕਿਆਸੇ ਵਰਤਾਰੇ ਬਾਰੇ ਭਵਿੱਖਬਾਣੀ ਨਹੀਂ ਕੀਤੀ ਜਾ ਸਕੀ।

ਇਹ ਸਾਰਾ ਕੁਝ ਇਸ ਸਾਲ ਜਨਵਰੀ ਵਿੱਚ ਸ਼ੁਰੂ ਹੋਇਆ। ਦੱਖਣੀ ਵਜ਼ੀਰਿਸਤਾਨ ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਅਤੇ ਉਸੇ ਮਹੀਨੇ ਨਕੀਬੁੱਲ੍ਹਾ ਮਹਿਸੂਦ ਕਰਾਚੀ ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਚੌਵੀ ਸਾਲਾ ਮਨਜ਼ੂਰ ਪਸ਼ਤੀਨ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਪਾਕਿਸਤਾਨ ਦੇ ਜੰਗ ਮਾਰੇ ਕਬਾਈਲੀ ਖੇਤਰ ਦੱਖਣੀ ਵਜ਼ੀਰਿਸਤਾਨ ਨਾਲ ਸੰਬਧਿਤ ਹਨ। ਇਹ ਇਲਾਕਾ ਕਦੇ ਪਾਕਿਸਤਾਨੀ ਤਾਲਿਬਾਨਾਂ ਦਾ ਗੜ੍ਹ ਹੁੰਦਾ ਸੀ।

ਮਨਜ਼ੂਰ ਪਸ਼ਤੀਨ ਇਸ ਸਮੇਂ ਪਾਕਿਸਤਾਨ ਦੀ ਸੁਰੱਖਿਆ, ਨਾਗਰਿਕ ਸੁਤੰਤਰਤਾ ਅਤੇ ਬਰਾਬਰੀ ਮੰਗ ਰਹੇ ਇਸ ਕਬੀਲਾਈ ਭਾਈਚਾਰੇ ਦੀ ਕਾਰਗਰ ਆਵਾਜ਼ ਮੰਨੇ ਜਾ ਰਹੇ ਹਨ।

Image copyright Getty Images

ਉਨ੍ਹਾਂ ਨੇ 2014 ਵਿੱਚ ਪਸ਼ਤੂਨ ਤਹਫ਼ੁਜ਼ ਮੂਵਮੈਂਟ ਦੀ ਸ਼ੁਰੂਆਤ ਕੀਤੀ ਜਿਸ ਨੂੰ ਪਸ਼ਤੂਨ ਰਾਖੀ ਦੀ ਲਹਿਰ ਵੀ ਕਿਹਾ ਜਾਂਦਾ ਹੈ।

ਇਹ ਲਹਿਰ ਵਜ਼ੀਰਿਸਤਾਨ ਵਿੱਚੋਂ ਮਾਈਨਾਂ ਹਟਾਉਣ ਦੀ ਲਹਿਰ ਸੀ ਪਰ ਇਸ ਨੂੰ ਪਛਾਣ ਪਿਛਲੇ ਕੁਝ ਸਮੇਂ ਤੋਂ ਹੀ ਮਿਲੀ ਹੈ।

ਜਨਵਰੀ ਵਿੱਚ ਜਦੋਂ ਉੱਭਰਦੇ ਮਾਡਲ ਨਕੀਬੁੱਲ੍ਹਾ ਪਸ਼ਤੀਨ ਦੇ ਐਕਸਟਰਾ-ਜੁਡੀਸ਼ੀਅਲ ਕਤਲ ਖਿਲਾਫ ਮੁਜਾਹਰੇ ਕਰ ਰਹੇ ਸਨ, ਉਸ ਸਮੇਂ ਪੀਟੀਐੱਮ ਨੇ ਇੱਕ ਰੋਸ ਰੈਲੀ ਜਨਵਰੀ 2018 ਵਿੱਚ ਪਸ਼ਤੂਨਖੁਆ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚੋਂ ਕੱਢੀ। ਉਸ ਮਗਰੋਂ ਇਸਲਾਮਾਬਾਦ ਦੇ ਪ੍ਰੈਸ ਕਲੱਬ ਦੇ ਬਾਹਰ ਦਸ ਦਿਨਾਂ ਤੱਕ ਧਰਨਾ ਦਿੱਤਾ।

ਮਨਜ਼ੂਰ ਪਸ਼ਤੀਨ ਨੇ ਜ਼ਾਹਿਰਾ ਤੌਰ 'ਤੇ ਇਸ ਮੁਜਾਹਰੇ ਦੌਰਾਨ ਇੱਕ ਸਿਆਸੀ ਕਦਮ ਚੁੱਕਿਆ। ਉਨ੍ਹਾਂ ਨੇ ਪਸ਼ਤੂਨ ਨੌਜਵਾਨਾਂ ਨੂੰ ਲਾਮਬੰਦ ਕਰਕੇ ਉਨ੍ਹਾਂ ਤੱਕ ਆਪਣਾ ਸੁਨੇਹਾ ਪਹੁੰਚਾਇਆ।

ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਭਾਸ਼ਨਾਂ ਅਤੇ ਸੁਨੇਹਿਆਂ ਨਾਲ ਲੋਕਾਂ ਨੂੰ ਮੁਜਾਹਰੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਸਮੁੱਚੇ ਪਾਕਿਸਤਾਨ ਤੋਂ ਪਸ਼ਤੂਨ ਅਤੇ ਕਾਰਕੁਨ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਕਬੀਲਾਈ ਏਜੰਸੀ 'ਤੇ ਕੇਂਦਰਿਤ ਰਹਿਣ ਦੀ ਥਾਂ ਉਨ੍ਹਾਂ ਨੇ ਆਪਣੀ ਬਿਰਾਦਰੀ ਦੇ ਸਮੁੱਚੇ ਦੁਖਾਂਤ ਨੂੰ ਚੁੱਕਿਆ।

ਜਲਦੀ ਹੀ ਜਨਵਰੀ ਦੇ ਇਸ ਪ੍ਰਦਰਸ਼ਨ ਵਿੱਚ ਗੁਮਸ਼ੁਦਾ ਜੀਆਂ ਦੇ ਪਰਿਵਾਰਕ ਮੈਂਬਰ ਜੁੜਨ ਲੱਗੇ। ਪਸ਼ਤੀਨ ਨੇ ਉਨ੍ਹਾਂ ਕਬਾਈਲੀ ਲੋਕਾਂ ਦੇ ਦਰਦਾਂ ਨੂੰ ਆਵਾਜ਼ ਦਿੱਤੀ ਜਿਨ੍ਹਾਂ ਨੇ ਪਿਛਲੇ ਦਹਾਕੇ ਦੌਰਾਨ ਜੰਗ, ਤਣਾਅ, ਮਿਲਟਰੀ ਮੁਹਿੰਮਾਂ, ਡਰੋਣ ਹਮਲੇ, ਲੈਂਡ ਮਾਈਨਾਂ, ਕਰਫਿਊ ਅਤੇ ਖ਼ੁਦਕੁਸ਼ ਹਮਲੇ ਝੱਲੇ ਸਨ।

Image copyright Getty Images

ਮਨਜ਼ੂਰ ਪਸ਼ਤੀਨ ਦਾ ਕਹਿਣਾ ਹੈ ਕਿ ਉਨ੍ਹਾਂ ਕਬਾਈਲੀ ਲੋਕਾਂ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਨੇ ਬੇਇੱਜ਼ਤੀ, ਬੇਵਿਸਾਹੀ ਅਤੇ ਦੁੱਖ ਝੱਲੇ ਹਨ। ਹੁਣ ਉਨ੍ਹਾਂ ਭਾਵਨਾਵਾਂ ਨੂੰ ਆਵਾਜ਼ ਮਿਲੀ ਹੈ।

ਮਨਜ਼ੂਰ ਪਸ਼ਤੀਨ ਨੇ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਮੈਂ ਕੁਝ ਨਹੀਂ ਕੀਤਾ, ਲੋਕਾਂ ਨੇ ਸ਼ੋਸ਼ਣ ਝੱਲਿਆ ਹੈ। ਉਨ੍ਹਾਂ ਦੀਆਂ ਜ਼ਿੰਦਗੀਆਂ ਮੁਹਾਲ ਹੋ ਗਈਆਂ, ਉਨ੍ਹਾਂ ਨੂੰ ਆਵਾਜ਼ ਚਾਹੀਦੀ ਸੀ ਇਸ ਲਈ ਉਹ ਮੇਰੇ ਮਗਰ ਆ ਗਏ।"

ਪਸ਼ਤੂਨ ਐਕਟਿਵਿਜ਼ਮ ਨੂੰ ਇੱਕ ਨਵਾਂ ਭਵਿੱਖ

ਉਸ ਮੁਜਾਹਰੇ ਮਗਰੋਂ, ਉਨ੍ਹਾਂ ਦੀਆਂ ਮੰਗਾਂ ਨੇ ਦੇਸ ਦੇ ਪਸ਼ਤੂਨ ਐਕਟਿਵਿਜ਼ਮ ਨੂੰ ਇੱਕ ਨਵਾਂ ਭਵਿੱਖ ਦਿੱਤਾ। ਉਨ੍ਹਾਂ ਦੀ ਪੀਟੀਐੱਮ ਨੇ ਪਾਕਿਸਤਾਨ ਦੇ ਹੋਰ ਭਾਈਚਾਰਿਆਂ ਦੇ ਅਧਿਕਾਰਾਂ ਬਾਰੇ ਵੀ ਇੱਕ ਨਵੀਂ ਸਮਾਜਿਕ ਬਹਿਸ ਸ਼ੁਰੂ ਕੀਤੀ।

ਇਹ ਲਹਿਲ ਸੋਸ਼ਲ ਮੀਡੀਆ ਅਤੇ ਜ਼ਮੀਨ ਦੋਹਾਂ 'ਤੇ ਚੱਲ ਰਹੀ ਹੈ। ਸਾਰੇ ਪਾਕਿਸਤਾਨ ਵਿੱਚ ਰੈਲੀਆਂ ਹੋ ਰਹੀਆਂ ਅਤੇ ਮਨਜ਼ੂਰ ਪਸ਼ਤੀਨ ਉਨ੍ਹਾਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ।

ਉਨ੍ਹਾਂ ਨੇ ਪੇਸ਼ਾਵਰ, ਕੁਏਟਾ ਵਿੱਚ ਰੈਲੀਆਂ ਕੀਤੀਆਂ ਹਨ ਅਤੇ 22 ਅਪ੍ਰੈਲ ਨੂੰ ਲਾਹੌਰ ਵਿੱਚ ਅਤੇ ਖੈਬਰ ਪਸ਼ਤੂਨਖੁਆ ਸੂਬੇ ਵਿੱਚ ਵੀ ਰੈਲੀਆਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਲੱਗ ਰਿਹਾ ਹੈ ਕਿ ਹੋਰ ਖੱਬੇ ਪੱਖੀ ਪਾਰਟੀਆਂ ਵੀ ਉਨ੍ਹਾਂ ਦੀ ਹਮਾਇਤ ਕਰਨਗੀਆਂ।

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨੀ ਤਾਲਿਬਾਨਾਂ ਦੇ ਗੜ੍ਹ ਰਹੇ ਕਬੀਲਾਈ ਇਲਾਕੇ ਅੱਤਵਾਦੀ ਸੰਗਠਨਾਂ ਤੋਂ ਵਾਪਸ ਹਾਸਲ ਕਰਨ ਵਿੱਚ ਸੈਂਕੜੇ ਫੌਜੀਆਂ ਨੇ ਜਾਨਾਂ ਦਿੱਤੀਆਂ ਹਨ।

ਉਹ ਪਸ਼ਤੂਨਾਂ ਦੀ ਗੱਲ ਕਰਦੇ ਹਨ ਪਰ ਆਪਣੇ ਆਪ ਨੂੰ ਹਾਸ਼ੀਆਗਤ ਅਤੇ ਦੱਬੇ ਕੁਚਲੇ ਲੋਕ ਵੀ ਉਨ੍ਹਾਂ ਦੀ ਹਮਾਇਤ ਵਿੱਚ ਹਨ।

ਭਾਵੇਂ ਇਹ ਹਾਲੇ ਖਿੱਲਰੇ-ਪੁਲਰੇ ਰੂਪ ਵਿੱਚ ਹੈ ਪਰ ਦੇਸ ਵਿੱਚ ਇੱਕ ਸ਼ਕਲ ਜ਼ਰੂਰ ਅਖਤਿਆਰ ਕਰ ਰਿਹਾ ਹੈ।

ਇਹ ਗੱਲ ਇੱਥੋਂ ਵੀ ਸਾਫ਼ ਹੁੰਦੀ ਹੈ ਕਿ ਕਈ ਕਾਲਮ ਨਵੀਸਾਂ ਨੇ ਪੀਟੀਐੱਮ ਨੂੰ "ਪਸ਼ਤੂਨ ਇੰਤਿਫ਼ਾਦਾ" ਅਤੇ "ਪਸ਼ਤੂਨ ਬਸੰਤ" ਐਲਾਨ ਦਿੱਤਾ ਹੈ।

ਸੁਰੱਖਿਆ ਤੰਤਰ ਵਿੱਚ ਬਦਅਮਨੀ ਵੱਧ ਰਹੀ ਹੈ?

ਪੀਟੀਐੱਮ ਅਤੀਤ ਵਿੱਚ ਹੋਈਆ ਸਾਰੀਆਂ ਗੈਰ-ਜੁਡੀਸ਼ੀਅਲ ਮੌਤਾਂ ਦੀ ਜਾਂਚ ਮੰਗ ਰਹੀ ਹੈ। ਇਹ ਗਾਇਬ ਹੋਏ ਪਸ਼ਤੂਨਾਂ ਦੀ ਰਿਹਾਈ ਦੀ ਮੰਗ ਵੀ ਕਰ ਰਹੀ ਹੈ। ਪਸ਼ਤੀਨਾਂ ਮੁਤਾਬਕ ਉਨ੍ਹਾਂ ਦੀ ਗਿਣਤੀ 8000 ਹੈ ਪਰ ਸੁਰੱਖਿਆ ਏਜੰਸੀਆਂ ਇਸ ਅੰਕੜੇ ਤੋਂ ਇਨਕਾਰੀ ਹਨ।

ਪਸ਼ਤੀਨਾਂ ਦੀ ਆਵਾਜ਼ ਉੱਚੀ ਹੋਣ ਨਾਲ ਦੇਸ ਦੇ ਸੁਰੱਖਿਆ ਤੰਤਰ ਵਿੱਚ ਬਦਅਮਨੀ ਵਧ ਰਹੀ ਹੈ।

ਪਿਛਲੇ ਕੁਝ ਦਿਨਾਂ ਵਿੱਚ ਪੀਟੀਐੱਮ ਨਾਲ ਸੰਬੰਧਿਤ ਸਮੱਗਰੀ ਵੈੱਬਸਾਈਟਾਂ ਤੋਂ ਹਟਾਈ ਗਈ ਹੈ। (ਲੋਕਾਂ ਨੂੰ ਸ਼ੱਕ ਹੈ ਕਿ ਇਹ ਕੰਮ ਸਰਕਾਰੀ ਏਜੰਸੀ ਦਾ ਹੈ ਹਾਲਾਂਕਿ ਕਿਸੇ ਕੋਲ ਸਬੂਤ ਨਹੀਂ ਹਨ) ਪਿਛਲੇ ਸ਼ਨੀਵਾਰ ਇੱਕ ਉੱਘੇ ਅੰਗਰੇਜ਼ੀ ਅਖ਼ਬਾਰ ਦਿ ਨਿਊਜ਼ ਵਿੱਚ ਕਾਲਮ ਨਵੀਸ ਬਦਰ ਸੱਤਾਰ ਦਾ ਹਫ਼ਤਾਵਾਰੀ ਕਾਲਮ ਨਹੀਂ ਛਪ ਸਕਿਆ।

Image copyright Getty Images
ਫੋਟੋ ਕੈਪਸ਼ਨ ਅਤੀਤ ਵਿੱਚ ਇਸ ਪਾਸੇ ਹੋਏ ਨਾ ਸਿਰਫ਼ ਪਾਕਿਸਤਾਨੀ ਅਤੇ ਆਫ਼ਗਾਨਿਸਤਾਨੀ ਸਗੋਂ ਬਰਤਾਨਵੀਂ ਅਤੇ ਅਮਰੀਕੀ ਯਤਨਾਂ ਨੇ ਉਲਟ ਨੁਕਸਾਨ ਹੀ ਕੀਤਾ ਹੈ।

ਉਨ੍ਹਾਂ ਨੇ ਆਪਣਾ ਕਾਲਮ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜੋ ਕਿ ਵੱਡੀ ਗਿਣਤੀ ਵਿੱਚ ਅੱਗੇ ਸਾਂਝਾ ਕੀਤਾ ਗਿਆ, ਇਸ ਦੇ ਨਾਲ ਹੀ ਉਨ੍ਹਾਂ ਟਵੀਟ ਕੀਤਾ ਕਿ ਮੀਡੀਆ 'ਤੇ #PTM ਅਤੇ #The AgeofFreelyControlledMedia ਵਰਤਣ ਦੀ ਪਾਬੰਦੀ ਹੈ।

ਉਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਅਮਰ ਅਲੀ ਜਾਨ ਨੇ ਨੌਕਰੀ ਤੋਂ ਕੱਢੇ ਜਾਣ ਦਾ ਦਾਅਵਾ ਕੀਤਾ। ਉਨ੍ਹਾਂ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ,"ਮੈਨੂੰ ਕੁਝ ਹਲਕਿਆਂ ਵੱਲੋਂ ਕਿਹਾ ਗਿਆ ਕਿ ਮੈਂ ਮਨਜ਼ੂਰ ਪਸ਼ਤੀਨ ਅਤੇ ਪੀਟੀਐੱਮ ਤੋਂ ਪਾਸੇ ਰਹਾਂ ਨਹੀਂ ਤਾਂ ਮੈਂ "ਗੰਭੀਰ ਨਤੀਜੇ" ਭੁਗਤਾਂਗਾ।"

ਉਸੇ ਦਿਨ ਕਰਾਚੀ ਦੀ ਨਿੱਜੀ ਯੂਨੀਵਰਸਿਟੀ ਨੇ ਵਿਦਵਾਨਾਂ ਅਤੇ ਵਿਦਿਆਰਥੀਆਂ ਦੀ "ਪਸ਼ਤੂਨ ਤਹੱਫ਼ੁਜ਼ ਮੂਵਮੈਂਟ" ਬਾਰੇ ਆਪਣੀ ਬੈਠਕ ਤੈਅ ਸਮੇਂ ਤੋਂ ਕੁਝ ਸਮਾਂ ਪਹਿਲਾਂ ਰੱਦ ਕਰ ਦਿੱਤੀ।

ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਜ਼ ਨੇ ਵੀ 13 ਅਪ੍ਰੈਲ ਨੂੰ ਮਸ਼ਾਲ ਖ਼ਾਨ ਦੀ ਪਹਿਲੀ ਬਰਸੀ ਮੌਕੇ ਕਰਵਾਏ ਸਮਾਗਮ ਨੂੰ ਵੀ ਰੱਦ ਕੀਤਾ।

ਮੁੱਖ ਧਾਰਾ ਦੇ ਮੀਡੀਆ ਵਿੱਚ ਇਸ ਲਹਿਰ ਦੀ ਕੋਈ ਕਵਰੇਜ ਨਹੀਂ ਹੈ। ਯੂਨੀਵਰਸਿਟੀਆਂ ਨੇ ਆਪਣੇ ਸਮਾਗਮ ਰੱਦ ਕਰਨ ਦੇ ਕੋਈ ਕਾਰਨ ਨਹੀਂ ਦੱਸੇ।

ਦੇਸ ਦਾ ਨੁਕਸਾਨ ਨਹੀਂ ਕਰ ਸਕਦਾ

ਇਹ ਸਭ ਦਰਸਾਉਂਦਾ ਹੈ ਕਿ ਮਨਜ਼ੂਰ ਪਸ਼ਤੀਨ ਅਤੇ ਉਨ੍ਹਾਂ ਦੀ ਲਹਿਰ ਨੇ ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ ਨੂੰ ਹਲੂਣ ਦਿੱਤਾ ਹੈ ਅਤੇ ਉਨ੍ਹਾਂ ਦਾ ਸਬਰ ਹੁਣ ਮੁੱਕਣ ਕਿਨਾਰੇ ਹੈ।

ਕਦੇ ਪਾਕਿਸਤਾਨੀ ਤਾਲਿਬਾਨਾਂ ਦੇ ਗੜ੍ਹ ਰਹੇ ਕਬੀਲਾਈ ਇਲਕਿਆਂ ਦੇ ਲੋਕਾਂ ਲਈ ਵਿੱਚ ਫੌਜ 'ਗਾਜਰ ਤੇ ਛੜੀ' ਦੀ ਨੀਤੀ ਅਪਣਾਉਂਦੀ ਰਹੀ ਹੈ। ਇਹ ਇਲਾਕੇ ਅੱਤਵਾਦੀ ਸੰਗਠਨਾਂ ਤੋਂ ਵਾਪਸ ਹਾਸਲ ਕਰਨ ਵਿੱਚ ਸੈਂਕੜੇ ਫੌਜੀਆਂ ਨੇ ਜਾਨਾਂ ਦਿੱਤੀਆਂ ਹਨ।

Image copyright Getty Images
ਫੋਟੋ ਕੈਪਸ਼ਨ ਮਨਜ਼ੂਰ ਪਸ਼ਤੀਨ ਦਾ ਦਾਅਵਾ ਹੈ ਕਿ ਕਬਾਇਲੀ ਲੋਕਾਂ ਨਾਲ ਦਹਿਸ਼ਤਗਰਦਾਂ ਵਾਂਗ ਵਿਹਾਰ ਕੀਤਾ ਗਿਆ

ਪਾਕਿਸਤਾਨੀ ਫੌਜ ਮੁੱਖੀ ਜਰਨਲ ਕਮਰ ਜਾਵੇਦ ਬਾਵੇਜਾ ਨੇ ਪੀਟੀਐੱਮ ਬਾਰੇ ਆਪਣੇ ਇੱਕ ਭਾਸ਼ਨ ਵਿੱਚ ਕਿਹਾ ਕਿ ਦੇਸ ਦੇ ਅੰਦਰੋਂ ਅਤੇ ਬਾਹਰੋਂ ਕੰਮ ਕਰਨ ਵਾਲੀਆਂ ਪਾਕਿਸਤਾਨ ਵਿਰੋਧੀ ਤਾਕਤਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਉਹ ਭਾਵੇਂ ਕੁਝ ਮਰਜ਼ੀ ਕਰ ਲੈਣ,ਜਦੋਂ ਤੱਕ ਫੌਜ ਸਲਾਮਤ ਹੈ, ਕੋਈ ਵੀ ਦੇਸ ਦਾ ਨੁਕਸਾਨ ਨਹੀਂ ਕਰ ਸਕਦਾ।

ਹਾਲਾਂਕਿ ਇਤਿਹਾਸ ਗਵਾਹ ਹੈ ਕਿ ਕਬਾਈਲੀ ਖੇਤਰਾ ਦੇ ਲੋਕਾਂ ਨੂੰ ਤਾਕਤ ਦੀ ਵਰਤੋਂ ਨਾਲ ਕਾਬੂ ਹੇਠ ਰੱਖਣਾ ਬਹੁਤ ਮੁਸ਼ਕਿਲ ਹੈ।

ਪਸ਼ਤੂਨ ਕਬੀਲਿਆਂ ਨੂੰ ਕਦੇ ਵੀ ਪੂਰੀ ਤਰ੍ਹਾਂ ਅਧੀਨ ਨਹੀਂ ਬਣਾਇਆ ਜਾ ਸਕਿਆ। ਅਤੀਤ ਵਿੱਚ ਇਸ ਪਾਸੇ ਹੋਏ ਨਾ ਸਿਰਫ਼ ਪਾਕਿਸਤਾਨੀ ਅਤੇ ਆਫ਼ਗਾਨਿਸਤਾਨੀ ਸਗੋਂ ਬਰਤਾਨਵੀਂ ਅਤੇ ਅਮਰੀਕੀ ਯਤਨਾਂ ਨੇ ਉਲਟ ਨੁਕਸਾਨ ਹੀ ਕੀਤਾ ਹੈ।

"ਅਸੀਂ ਜਿਊਣ ਦਾ ਹੱਕ ਮੰਗ ਰਹੇ ਹਾਂ"

ਇਸ ਸਮੇਂ ਪੀਟੀਐੱਮ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੈਲੀਆਂ ਕਰ ਰਹੀ ਹੈ। ਉਹ ਪਸ਼ਤੂਨਾਂ ਤੋਂ ਬਾਹਰਲੇ ਹਮਾਇਤੀਆਂ ਨੂੰ ਵੀ ਲਾਮਬੰਦ ਕਰ ਰਹੀ ਹੈ। ਆਪਣੀਆਂ ਮੰਗਾਂ ਰੱਖ ਰਹੀ ਹੈ।

ਮਨਜ਼ੂਰ ਪਸ਼ਤੀਨ ਦਾ ਦਾਅਵਾ ਹੈ ਕਿ ਕਬਾਇਲੀ ਲੋਕਾਂ ਨੂੰ ਦਹਿਸ਼ਤਗਰਦਾਂ ਵਾਂਗ ਵਿਹਾਰ ਕੀਤਾ ਗਿਆ ਅਤੇ ਉਨ੍ਹਾਂ ਨੇ ਬਹੁਤ ਜ਼ਿੱਲਤ ਝੱਲੀ ਹੈ।

ਮਨਜ਼ੂਰ ਪਸ਼ਤੀਨ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਅਸੀਂ ਤਾਂ ਸਿਰਫ਼ ਆਪਣਾ ਮਾਣ ਵਾਪਸ ਹਾਸਲ ਕਰਨ ਦਾ ਯਤਨ ਕਰ ਰਹੇ ਹਾਂ, ਅਸੀਂ ਸੜਕਾਂ ਅਤੇ ਵਿਕਾਸ ਨੂੰ ਨੁਕਸਾਨ ਨਹੀਂ ਕਰ ਰਹੇ। ਅਸੀਂ ਜਿਊਣ ਦਾ ਹੱਕ ਮੰਗ ਰਹੇ ਹਾਂ।"

ਮੁੱਖ ਧਾਰਾ ਮੀਡੀਆ ਉੱਤੇ ਪੀਟੀਐੱਮ ਦੀ ਕਵਰੇਜ਼ 'ਤੇ ਲੱਗੀ ਪਾਬੰਦੀ ਦੇ ਬਾਵਜੂਦ ਇਹ ਲਹਿਰ ਗਤੀ ਫੜ ਰਹੀ ਹੈ। ਇਹ ਸਾਰਾ ਘਟਨਾਕ੍ਰਮ ਆਉਣ ਵਾਲੇ ਦਿਨਾਂ ਵਿੱਚ, ਪਹਿਲਾਂ ਤੋਂ ਹੀ ਸਿਆਸੀ ਕਰੰਟ ਨਾਲ ਭਰੇ ਦੇਸ ਵਿੱਚ, ਕਿਵੇਂ ਦਿਸ਼ਾ ਲੈਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ