ਬਲਾਗ: ਕੀ ਭਾਰਤ ਔਰਤਾਂ ਬਾਰੇ ਵਿਅਤਨਾਮ ਤੋਂ ਕੁਝ ਸਿੱਖੇਗਾ?

ਵੀਅਤਨਾਮ ਦੀਆਂ ਔਰਤਾਂ Image copyright Getty Images

ਪਿਛਲੇ ਦਿਨੀਂ ਮੈਂ ਵਿਅਤਨਾਮ ਦੌਰੇ 'ਤੇ ਸੀ। ਇਸ ਦੌਰਾਨ ਇੱਕ ਚੀਜ਼ ਜੋ ਮੈਨੂੰ ਬਿਲਕੁਲ ਵੱਖਰੀ ਲੱਗੀ, ਉਹ ਸੀ ਔਰਤਾਂ ਲਈ ਵੱਖ ਤੋਂ ਸੁਰੱਖਿਅਤ ਸੀਟਾਂ ਨਾ ਹੋਣਾ।

ਇੱਥੇ ਬੱਸ ਅੱਡਿਆਂ ਅਤੇ ਹਵਾਈ ਅੱਡਿਆਂ 'ਤੇ ਔਰਤਾਂ ਦੀ ਕੋਈ ਵੱਖਰੀ ਕਤਾਰ ਨਹੀਂ ਹੁੰਦੀ।

ਜਨਤਕ ਥਾਵਾਂ 'ਤੇ ਵੀ ਉਨ੍ਹਾਂ ਲਈ ਕੋਈ ਖ਼ਾਸ ਤਰ੍ਹਾਂ ਦੇ ਇੰਤਜ਼ਾਮ ਨਹੀਂ ਦਿਖੇ।

ਮੈਂ ਜਦੋਂ ਸਥਾਨਕ ਵਾਸੀਆਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਹੈਰਾਨੀ ਹੋਈ। ਇੱਕ ਨੇ ਕਿਹਾ, 'ਅਸੀਂ ਇੱਕ ਹਾਂ ਤਾਂ ਉਨ੍ਹਾਂ ਲਈ ਵੱਖਰੀ ਕਤਾਰ ਜਾਂ ਸੁਰੱਖਿਅਤ ਸੀਟਾਂ ਕਿਉਂ?

ਔਰਤਾਂ ਲਈ ਬਰਾਬਰੀ ਦਾ ਦਰਜਾ

ਵਿਅਤਨਾਮ ਵਿੱਚ ਘੁੰਮਦਿਆਂ ਜੋ ਇੱਕ ਗੱਲ ਸਭ ਤੋਂ ਪਹਿਲਾਂ ਧਿਆਨ ਖਿਚਦੀ ਹੈ, ਉਹ ਹੈ ਮਰਦਾਂ ਅਤੇ ਔਰਤਾਂ ਵਿੱਚ ਬਰਾਬਰੀ। ਔਰਤਾਂ ਹਰ ਥਾਂ 'ਤੇ ਓਨੀਆਂ ਹੀ ਸਰਗਰਮ ਨਜ਼ਰ ਆਉਂਦੀਆਂ ਨੇ ਜਿੰਨੇ ਕਿ ਮਰਦ।

ਉਹ ਦੁਕਾਨਾਂ ਚਲਾਉਂਦੀਆਂ ਹਨ, ਫੁੱਟਪਾਥ 'ਤੇ ਸਟ੍ਰੀਟ ਫੂਡ ਵੇਚਦੀਆਂ ਹਨ। ਰੈਸਟੋਰੈਂਟ ਅਤੇ ਕੈਫੇਟੇਰੀਆ ਵਿੱਚ ਵੀ ਮਰਦਾਂ ਨਾਲ ਬਰਾਬਰ ਕੰਮ ਕਰਦੀਆਂ ਨਜ਼ਰ ਆਉਂਦੀਆਂ ਹਨ।

ਦਫਤਰਾਂ ਵਿੱਚ ਵੀ ਔਰਤਾਂ ਵਧੇਰੇ ਗਿਣਤੀ ਵਿੱਚ ਮੌਜੂਦ ਹਨ, ਸਿਆਸਤ ਵਿੱਚ ਵੀ ਉਨ੍ਹਾਂ ਦਾ ਪੂਰਾ ਦਖ਼ਲ ਹੈ। ਵਿਅਤਨਾਮ ਵਿੱਚ ਔਰਤਾਂ ਹਰ ਥਾਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ।

ਰਾਤ ਨੂੰ ਦੇਰ ਤੱਕ ਬਾਹਰ ਕੰਮ ਕਰਨਾ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਨੂੰ ਇਸ ਗੱਲ ਦਾ ਡਰ ਨਹੀਂ ਸਤਾਉਂਦਾ ਕਿ ਕੋਈ ਉਨ੍ਹਾਂ 'ਤੇ ਹਮਲਾ ਕਰ ਸਕਦਾ ਹੈ।

ਸਿਹਤ ਪਸੰਦ ਹਨ ਵਿਅਤਨਾਮ ਦੇ ਲੋਕ

ਵਿਅਤਨਾਮ ਨੂੰ ਆਮ ਤੌਰ 'ਤੇ ਦੁਨੀਆਂ ਦੇ ਉਨ੍ਹਾਂ ਦੇਸਾਂ ਵਿੱਚ ਗਿਣਿਆ ਜਾਂਦਾ ਹੈ, ਜਿੱਥੇ ਅਪਰਾਧ ਦੀ ਦਰ ਬਹੁਤ ਘੱਟ ਹੈ।

ਬਲਾਤਕਾਰ ਅਤੇ ਔਰਤਾਂ ਦੇ ਖ਼ਿਲਾਫ਼ ਛੇੜਛਾੜ ਹੋਈ ਤਾਂ ਇਹ ਵੱਡੀ ਖ਼ਬਰ ਬਣ ਜਾਂਦੀ ਹੈ ਕਿਉਂਕਿ ਅਜਿਹੇ ਅਪਰਾਧ ਘੱਟ ਹੀ ਹੁੰਦੇ ਹਨ।

ਵਿਅਤਨਾਮ ਵਿੱਚ ਵੀ ਔਰਤਾਂ ਆਪਣੇ ਪਰਿਵਾਰਾਂ ਦੇ ਸੁਖ ਲਈ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ। ਘਰਾਂ ਅੰਦਰ ਵੀ ਉਹ ਓਨੀ ਹੀ ਮਿਹਨਤ ਕਰਦੀਆਂ ਹਨ ਜਿੰਨੀ ਘਰੋਂ ਬਾਹਰ।

ਉੰਜ ਤਾਂ ਵਿਅਤਨਾਮ ਵਿੱਚ ਫਾਸਟ ਫੂਡ ਨਾ ਦੇ ਬਰਾਬਰ ਹੈ। ਸਿਹਤਮੰਦ ਖਾਣਾ ਖਾਣ ਕਰਕੇ ਲੋਕ ਆਮ ਤੌਰ 'ਤੇ ਸਿਹਤਮੰਦ ਹੀ ਹਨ ਪਰ ਮੈਂ ਔਰਤਾਂ ਨੂੰ ਵਧੇਰੇ ਸਿਹਤਮੰਦ ਦੇਖਿਆ ਹੈ।

ਜੰਗ ਵਿੱਚ ਪਿੱਛੇ ਨਹੀਂ ਰਹੀਆਂ ਔਰਤਾਂ

ਵਿਅਤਨਾਮ ਜੰਗ ਦੌਰਾਨ ਔਰਤਾਂ ਨੇ ਅਮਰੀਕੀ ਫੌਜ ਦਾ ਡੱਟ ਤੇ ਮੁਕਾਬਲਾ ਕੀਤਾ ਸੀ, 20 ਸਾਲ ਚੱਲੀ ਇਸ ਜੰਗ ਵਿੱਚ ਲੱਖਾਂ ਔਰਤਾਂ ਨੇ ਕੁਰਬਾਨੀ ਦਿੱਤੀ ਸੀ।

ਵਿਅਤਨਾਮ ਦੀ ਕਮਿਊਨਿਸਟ ਪਾਰਟੀ ਨੇ ਔਰਤਾਂ ਨੂੰ ਜੰਗ ਵਿੱਚ ਸ਼ਾਮਲ ਹੋਣ ਲਈ ਬਿਹਤਰੀਨ ਸਿਖਲਾਈ ਦਿੱਤੀ। ਜੰਗ ਖ਼ਤਮ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਉਨ੍ਹਾਂ ਲਈ ਸੀਟਾਂ ਸੁਰੱਖਿਅਤ ਕੀਤੀਆਂ ਗਈਆਂ ਤਾਂ ਜੋ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦਾ ਯੋਗਦਨ ਘੱਟ ਨਾ ਹੋਵੇ।

ਵਿਅਤਨਾਮ ਦਾ ਸਮਾਜ ਵੀ ਮੁੰਡਿਆਂ ਨੂੰ ਤਰਜੀਹ ਦਿੰਦਾ ਹੈ ਪਰ ਕੁੜੀ ਹੋਣ 'ਤੇ ਕੋਈ ਭੇਦਭਾਵ ਨਹੀਂ ਕਰਦਾ।

ਦੇਸ ਵਿੱਚ ਔਰਤਾਂ ਦੀ ਆਬਾਦੀ 49 ਫੀਸਦ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਉਨ੍ਹਾਂ ਦੀ ਗਿਣਤੀ ਮਰਦਾਂ ਨਾਲੋਂ ਵਧ ਹੋਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ।

ਬਰਾਬਰੀ ਲਈ ਲੰਬਾ ਸੰਘਰਸ਼

ਪਰ ਅਜਿਹਾ ਨਹੀਂ ਹੈ ਕਿ ਵਿਅਤਨਾਮ ਵਿੱਚ ਔਰਤਾਂ ਦੇ ਨਾਲ ਸਦਾ ਹੀ ਬਰਾਬਰੀ ਵਾਲਾ ਸਲੂਕ ਕੀਤਾ ਜਾਂਦਾ ਸੀ।

ਉਨ੍ਹਾਂ ਨੇ ਆਪਣੇ ਹੱਕਾਂ ਨੂੰ ਹਾਸਿਲ ਕਰਨ ਲਈ ਸੰਘਰਸ਼ ਕਰਨਾ ਪਿਆ ਸੀ। ਉਨ੍ਹਾਂ ਨੇ 1930 ਵਿੱਚ ਵਿਅਤਨਾਮ ਮਹਿਲਾ ਸੰਘ ਬਣਾਇਆ, ਜਿਸ ਨੇ ਉਨ੍ਹਾਂ ਦੇ ਹੱਕਾਂ ਦੇ ਲਈ ਸੰਘਰਸ਼ ਕੀਤਾ।

ਭਾਰਤ ਵਾਂਗ ਵਿਅਤਨਾਮ ਦੀ ਅੱਧੀ ਤੋਂ ਵੱਧ ਆਬਾਦੀ ਨੌਜਵਾਨਾਂ ਦੀ ਹੈ ਜਿਸ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੈ।

ਮੈਂ ਇੱਕ ਕਾਲ ਸੈਂਟਰ ਗਿਆ ਜਿੱਥੇ 80 ਫੀਸਦ ਕੰਮ ਕਰਨ ਵਾਲੀਆਂ ਮੁਲਾਜ਼ਮ ਔਰਤਾਂ ਸਨ।

ਚੀਨ ਦੇ ਸ਼ਾਸਨ ਨੇ ਬਦਲੀ ਸੀ ਸਮਾਜ ਦੀ ਤਸਵੀਰ

ਵਿਅਤਨਾਮ ਦੇ ਬਜ਼ੁਰਗਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਪੁਰਾਤਨ ਵਿਅਤਨਾਮ ਵਿੱਚ ਸਿਰਫ਼ ਔਰਤ ਪ੍ਰਧਾਨ ਸਮਾਜ ਹੀ ਹੁੰਦਾ ਸੀ, ਜਿੱਥੇ ਔਰਤਾਂ ਦੀ ਵਧੇਰੇ ਚਲਦੀ ਸੀ।

ਪਰ 1000 ਸਾਲ ਤੱਕ ਚੀਨ ਦੇ ਸ਼ਾਸਨ ਵਿੱਚ ਰਹਿਣ ਤੋਂ ਬਾਅਦ ਦੇਸ ਵਿੱਚ ਮਰਦਾਂ ਦਾ ਦਾਬਾ ਵਧ ਗਿਆ। ਉਹ ਦਸਦੇ ਹਨ ਕਿ ਹੁਣ ਮਾਹੌਲ ਵਾਪਸ ਔਰਤਾਂ ਦੇ ਪੱਖ ਵਿੱਚ ਬਣਨ ਲੱਗਿਆ ਹੈ। ਮੈਨੂੰ ਵੀ ਅਜਿਹਾ ਹੀ ਮਹਿਸੂਸ ਹੋਇਆ।

ਕੀ ਭਾਰਤ ਦਾ ਸਮਾਜ ਇਸ ਤੋਂ ਸਿੱਖੇਗਾ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)