ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਬਾਰੇ 5 ਗੱਲਾਂ ਤੁਸੀਂ ਸ਼ਾਇਦ ਨਾ ਜਾਣਦੇ ਹੋਵੋ

ਕਿੰਮ ਜੌਂਗ ਉਨ

ਤਸਵੀਰ ਸਰੋਤ, AFP

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀਆਂ ਤਸਵੀਰਾਂ ਦੁਨੀਆਂ ਭਰ ਦੀਆਂ ਅਖਬਾਰਾਂ ਵਿੱਚ ਛਾਈਆਂ ਰਹਿੰਦੀਆਂ ਹਨ ਪਰ ਉਨ੍ਹਾਂ ਦੀ ਨਿਜੀ ਜ਼ਿੰਦਗੀ ਹਾਲੇ ਤੱਕ ਦੁਨੀਆਂ ਲਈ ਇੱਕ ਰਾਜ਼ ਹੈ।

ਜਿਵੇਂ ਕਿ ਦੁਨੀਆਂ ਨੂੰ ਹਾਲੇ ਤੱਕ ਉਨ੍ਹਾਂ ਦੀ ਉਮਰ ਦਾ ਵੀ ਅੰਦਾਜ਼ਾ ਨਹੀਂ ਹੈ।

ਉਨ੍ਹਾਂ ਦੇ ਸਹਿਪਾਠੀ ਅਤੇ ਉੱਤਰੀ ਕੋਰੀਆ ਤੋਂ ਭੱਜੇ ਹੋਏ ਲੋਕ ਉਨ੍ਹਾਂ ਦੇ ਨਿਜੀ ਜੀਵਨ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ।

ਅਜਿਹੀ ਕੁੱਝ ਦਿਲਚਸਪ ਜਾਣਕਾਰੀ ਸਾਡੇ ਕੋਲ ਵੀ ਹੈ ਜਿਸ ਦਾ ਤੁਹਾਨੂੰ ਪਤਾ ਨਹੀਂ ਹੋਵੇਗਾ।

1. ਰਾਜਕੁਮਾਰਾਂ ਵਰਗੀ ਪਰ ਇਕੱਲੀ ਜ਼ਿੰਦਗੀ

ਮਾਹਿਰਾਂ ਮੁਤਾਬਕ ਕਿਮ ਜੋਂਗ ਉਨ ਦਾ ਜਨਮ 1982 ਤੋਂ 1983 ਦੇ ਵਿਚਾਲੇ ਹੋਇਆ ਹੋਵੇਗਾ। ਉਨ੍ਹਾਂ ਦਾ ਬਚਪਨ ਰਾਜਕੁਮਾਰਾਂ ਵਾਂਗ ਰਿਹਾ।

ਵੈੱਬਸਾਈਟ 'ਐਨਕੇ ਲੀਡਰਸ਼ਿੱਪ ਵਾਚ' ਦੇ ਡਾਇਰੈਕਟਰ ਮਾਈਕਲ ਮੇਡਨ ਨੇ ਬੀਬੀਸੀ ਨੂੰ ਦੱਸਿਆ, ''ਉਹ ਵੱਡੇ ਬੰਗਲੇ ਵਿੱਚ ਰਹਿੰਦੇ ਸਨ, ਉਨ੍ਹਾਂ ਐਸ਼ੋ ਅਰਾਮ ਭਰੀ ਜ਼ਿੰਦਗੀ ਭੋਗੀ ਹੈ ਪਰ ਇੱਕ ਤਰ੍ਹਾਂ ਦੇ ਇਕੱਲੇਪਣ ਨਾਲ।''

ਤਸਵੀਰ ਸਰੋਤ, Reuters

ਕਿਮ ਦੇ ਪਿਤਾ ਕਿਮ ਜੋਂਗ ਇਲ ਦੇ ਸਾਬਕਾ ਸੁਰੱਖਿਆ ਕਰਮੀ ਨੇ ਅਮਰੀਕੀ ਨਿਊਜ਼ ਗ੍ਰੁੱਪ ਏਬੀਸੀ ਨਾਲ ਗੱਲ ਕਰਦੇ ਹੋਏ ਵੀ ਅਜਿਹਾ ਕੁਝ ਹੀ ਕਿਹਾ ਸੀ।

2017 ਵਿੱਚ ਟੌਰਾਂਟੋ ਵਿੱਚ ਲੀ ਨੇ ਕਿਹਾ ਸੀ, ''ਮੈਂ ਬਹੁਤ ਪ੍ਰੇਸ਼ਾਨ ਸੀ, ਉਨ੍ਹਾਂ ਨਾਲ ਖੇਡਣ ਲਈ ਕੋਈ ਵੀ ਬੱਚਾ ਨਹੀਂ ਸੀ। ਉੱਥੇ ਸਾਰੇ ਵੱਡੇ ਸਨ ਜੋ ਉਨ੍ਹਾਂ ਨੂੰ ਪੜ੍ਹਾਉਂਦੇ ਅਤੇ ਉਨ੍ਹਾਂ ਨਾਲ ਖੇਡਦੇ।''

ਉੱਤਰੀ ਕੋਰੀਆ ਦੀ ਸਰਕਾਰ ਨੇ ਕਿਮ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਤਸਵੀਰਾਂ ਵਿੱਚ ਉਹ ਬੇਹੱਦ ਛੋਟੀ ਉਮਰ ਤੋਂ ਹੀ ਫੌਜੀ ਦੀ ਪੋਸ਼ਾਕ ਵਿੱਚ ਦਿੱਸਦੇ ਹਨ ਜੋ ਉਨ੍ਹਾਂ ਦੀ ਪਛਾਣ ਦੱਸਦਾ ਹੈ।

ਤਸਵੀਰ ਸਰੋਤ, Reuters

ਮੇਡਨ ਨੇ ਕਿਹਾ, ''ਉਨ੍ਹਾਂ ਦੇ ਆਦੇਸ਼ ਬਿਨਾਂ ਕੋਈ ਵੀ ਪਰਿਵਾਰ ਦਾ ਮੈਂਬਰ ਨਹੀਂ ਮਿਲ ਸਕਦਾ ਸੀ। ਉਸਦੀ ਸਜ਼ਾ ਜੇਲ੍ਹ ਜਾਂ ਮੌਤ ਹੁੰਦੀ ਸੀ। ਉਨ੍ਹਾਂ ਨੂੰ ਬੱਚਿਆਂ ਦੀ ਸੁਰੱਖਿਆ ਕਰਨੀ ਹੁੰਦੀ ਸੀ ਕਿਉਂਕਿ ਉਨ੍ਹਾਂ ਨੂੰ ਅਗਵਾਹ ਕੀਤਾ ਜਾ ਸਕਦਾ ਸੀ।''

2. ਸਵਿਟਜ਼ਰਲੈਂਡ ਵਿੱਚ ਪੜ੍ਹਾਈ

ਕਿਮ ਨੇ ਆਪਣੀ ਪੜ੍ਹਾਈ ਸਵਿਟਜ਼ਰਲੈਂਡ ਦੀਆਂ ਬਰਫੀਲੀ ਵਾਦੀਆਂ ਵਿੱਚ ਸਥਿਤ ਇੱਕ ਜਰਮਨ ਸਕੂਲ ਤੋਂ ਕੀਤੀ।

1996 ਤੋਂ 2000 ਤੱਕ ਕਿਮ ਯੁਰਪ 'ਚ ਪੜ੍ਹੇ। ਪਹਿਲਾਂ ਉਹ ਆਪਣੀ ਮਾਸੀ ਨਾਲ ਰਹਿੰਦੇ ਸਨ ਜੋ 1998 ਵਿੱਚ ਅਮਰੀਕਾ ਚਲੀ ਗਈ ਅਤੇ ਦੂਜਾ ਨਾਂ ਧਾਰਨ ਕਰ ਲਿਆ।

ਇਸ ਦੌਰਾਨ ਕਿਮ ਉਪਨਾਮ ਨਾਲ ਆਪਣੀ ਜ਼ਿੰਦਗੀ ਜਿਓਂਦੇ ਰਹੇ।

ਤਸਵੀਰ ਸਰੋਤ, Getty Images

'ਦ ਵਾਸ਼ਿੰਗਟਨ ਪੋਸਟ' ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੀ ਮਾਸੀ ਨੇ ਕਿਹਾ, ''ਉਹ ਪ੍ਰੇਸ਼ਾਨ ਕਰਨ ਵਾਲਾ ਬੱਚਾ ਨਹੀਂ ਸੀ ਪਰ ਉਹ ਚਿੜਚਿੜਾ ਸੀ ਅਤੇ ਉਸ ਵਿੱਚ ਸਹਿਣਸ਼ੀਲਤਾ ਘੱਟ ਸੀ।''

ਕਿਮ ਦੇ ਨਾਲ ਪੜ੍ਹਣ ਵਾਲੇ ਕਹਿੰਦੇ ਹਨ ਕਿ ਉਹ ਲੋਕ ਉਸਨੂੰ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਕਿਸੇ ਵਰਕਰ ਦਾ ਬੱਚਾ ਸਮਝਦੇ ਸਨ। ਉਹ ਸ਼ਰਮੀਲਾ ਸੀ ਪਰ ਇੱਕ ਚੰਗਾ ਦੋਸਤ ਸੀ।

3. ਬਾਸਕਟਬਾਲ ਦੇ ਦੀਵਾਨੇ

ਇੱਕ ਸਮੇਂ 'ਤੇ ਕਿਮ ਨਾਲ ਬਾਸਕਟਬਾਲ ਖੇਡਣ ਵਾਲੇ ਮਾਰਕੋ ਇਮਹਾਫ ਨੇ ਦੱਸਿਆ, ''ਉਹ ਵੱਧ ਸਮਾਂ ਕਿਸੇ ਸ਼ਰਮੀਲੇ ਮੁੰਡੇ ਵਾਂਗ ਰਹਿੰਦੇ ਸਨ ਪਰ ਬਾਸਕਟਬਾਲ ਖੇਡਦੇ ਹੋਏ ਉਨ੍ਹਾਂ ਦਾ ਵੱਖ ਰੂਪ ਵੇਖਣ ਨੂੰ ਮਿੱਲਦਾ ਸੀ।''

ਕਿਮ ਨੂੰ ਅਮਰੀਕੀ ਬਾਸਕਟਬਾਲ ਖਿਡਾਰੀ ਮਾਈਕਲ ਜੌਰਡਨ ਪਸੰਦ ਸਨ।

ਅਤੇ ਤਾਨਾਸ਼ਾਹ ਬਣਨ ਤੋਂ ਬਾਅਦ ਵੀ ਬਾਸਕਟਬਾਲ ਲਈ ਉਨ੍ਹਾਂ ਦੀ ਦੀਵਾਨਗੀ ਘਟੀ ਨਹੀਂ।

ਤਸਵੀਰ ਸਰੋਤ, AFP

ਅਮਰੀਕੀ ਖਿਡਾਰੀ ਡੈਨਿਸ ਰੇਡਮੈਨ ਕਈ ਵਾਰ ਉੱਤਰੀ ਕੋਰੀਆ ਜਾ ਚੁੱਕੇ ਹਨ ਅਤੇ ਦੋਹਾਂ ਦੀ ਦੋਸਤੀ ਵਿਵਾਦਤ ਵੀ ਹੈ।

ਰੇਡਮੈਨ ਨੇ ਟੀਵੀ ਸ਼ੋਅ 'ਦ ਲੇਟ ਸ਼ੋਅ' ਵਿੱਚ ਸਟੀਫਨ ਕੋਲਬਰਟ ਨਾਲ ਗੱਲ ਕਰਦੇ ਹੋਏ ਦੱਸਿਆ ਸੀ, ''ਮੈਨੂੰ ਸਮਝ ਨਹੀਂ ਆਂਦਾ ਕਿ ਲੋਕ ਉਨ੍ਹਾਂ ਨੂੰ ਪਾਗਲ ਕਿਵੇਂ ਕਹਿੰਦੇ ਹਨ। ਮੈਂ ਕਦੇ ਇਸ ਤਰ੍ਹਾਂ ਨਹੀਂ ਸੋਚਿਆ।''

4. ਵਿਸਕੀ ਅਤੇ ਐਨੀਮੇਸ਼ਨ ਫਿਲਮਾਂ

ਕਿੰਮ ਦੀ ਸ਼ਰਾਬ ਦੀ ਆਦਤ 'ਤੇ ਵੀ ਕਈ ਕਿਆਸ ਲਗਾਏ ਜਾਂਦੇ ਹਨ।

ਵੈੱਬਸਾਈਟ 'ਐਨਕੇ ਲੀਡਰਸ਼ਿੱਪ ਵਾਚ' ਮੁਤਾਬਕ, ਕਿਮ ਨੇ 15 ਸਾਲ ਦੀ ਉਮਰ ਵਿੱਚ ਹੀ ਸ਼ਰਾਬ ਪੀਣਾ ਸ਼ੁਰੂ ਕਰ ਦਿੱਤਾ ਸੀ, ਉਹ ਵੀ ਵਿਸਕੀ।

ਮੇਡਨ ਨੇ ਦੱਸਿਆ, ''ਉੱਤਰੀ ਕੋਰੀਆ ਦੇ ਲੋਕਾਂ ਲਈ ਇਹ ਸੁਭਾਵਿਕ ਹੈ।''

ਵੈੱਬਸਾਈਟ ਇਹ ਵੀ ਦੱਸਦੀ ਹੈ ਕਿ ਕਿਮ ਨੂੰ ਜਪਾਨੀ ਐਨੀਮੇਸ਼ਨ ਫਿਲਮਾਂ ਬੇਹੱਦ ਪਸੰਦ ਹਨ ਅਤੇ ਮਾਈਕਲ ਜੈਕਸਨ ਤੋਂ ਲੈ ਕੇ ਮੈਡੋਨਾ ਤੱਕ ਦੇ ਗੀਤ ਪਸੰਦ ਹਨ।

ਤਸਵੀਰ ਸਰੋਤ, Getty Images

ਦੱਸਿਆ ਜਾਂਦਾ ਹੈ ਕਿ ਕਿਮ ਨੂੰ ਇਹ ਪਸੰਦ ਉਨ੍ਹਾਂ ਦੇ ਪਿਓ ਅਤੇ ਭਰਾ ਤੋਂ ਮਿਲੀ ਹੈ।

2015 ਵਿੱਚ ਲੰਡਨ ਦੇ ਇੱਕ ਮਿਊਜ਼ਿਕ ਕੌਨਸਰਟ ਵਿੱਚ ਕਿਮ ਦੇ ਵੱਡੇ ਭਰਾ ਨੂੰ ਵੇਖਿਆ ਗਿਆ ਸੀ।

ਇਹੀ ਨਹੀਂ ਕਿਮ ਨੇ ਛੋਟੀ ਉਮਰ ਤੋਂ ਹੀ ਸਾਜ਼ ਵਜਾਉਣਾ ਸਿੱਖ ਲਿਆ ਸੀ ਅਤੇ ਉਹ ਗਿਟਾਰ ਬਹੁਤ ਵਧੀਆ ਵਜਾਉਂਦੇ ਹਨ।

5. ਦਿਆਲੂ ਕਿਮ

ਕਿਮ ਦੇ ਪਿਤਾ ਲਈ ਕੰਮ ਕਰਨ ਵਾਲੇ ਇੱਕ ਜਾਪਾਨੀ ਸ਼ੈੱਫ ਨੇ ਇਸ ਤਾਨਾਸ਼ਾਹ ਦੇ ਉਦਾਰਵਾਦੀ ਪੱਖ ਨੂੰ ਸਾਹਮਣੇ ਰੱਖਿਆ ਹੈ।

ਉਨ੍ਹਾਂ 2001 ਵਿੱਚ ਉੱਤਰੀ ਕੋਰੀਆ ਛੱਡ ਦਿੱਤਾ ਸੀ।

ਕੇਂਜੀ ਫੂਜੀਮੋਤੋ ਨਾਂ ਤੋਂ ਕਈ ਕਿਤਾਬਾਂ ਲਿਖਣ ਵਾਲਾ ਇਹ ਜਾਪਾਨੀ ਸ਼ਖਸ ਇੱਕ ਤੀਰਥ ਯਾਤਰਾ ਦੌਰਾਨ ਜਾਪਾਨ ਤੋਂ ਭੱਜ ਗਿਆ ਸੀ।

ਹਾਲਾਂਕਿ, ਉਸ ਤੋਂ ਪਹਿਲਾਂ ਵੀ ਉਹ ਵਿਦੇਸ਼ੀ ਯਾਤਰਾ 'ਤੇ ਜਾ ਚੁੱਕਿਆ ਸੀ।

ਪਰ ਉੱਤਰੀ ਕੋਰੀਆ ਤੋਂ ਭੱਜਣ ਤੋਂ ਬਾਅਦ ਉਸਨੂੰ ਡਰ ਸੀ ਕਿ ਉੱਤਰੀ ਕੋਰੀਆ ਦੇ ਏਜੰਟ ਉਸ ਤੋਂ ਬਦਲਾ ਲੈਣਗੇ।

ਪਰ ਕਿੰਮ ਨੇ ਉਸ ਨੂੰ ਉੱਤਰੀ ਕੋਰੀਆ ਦੀ ਸਰਕਾਰ ਦਾ ਦੂਜਾ ਚਿਹਰਾ ਵਿਖਾਇਆ ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕਿੰਮ ਦੇ ਪਿਤਾ ਦੇ ਸ਼ੈੱਫ ਕੇਂਜੀ ਫੂਜੀਮੋਤੋ

2012 ਵਿੱਚ ਕਿਮ ਨੇ ਉਸਨੂੰ ਯੌਨਗੈਂਗ ਬੁਲਾਇਆ।

ਕੇਂਜੀ ਨੇ ਕਿਹਾ, ''ਜਦ ਮੈਂ ਕਿਮ ਨੂੰ ਵੇਖਣ ਲਈ ਗਿਆ ਤਾਂ ਮੈਂ ਰੋਣ ਲੱਗਿਆ।''

'ਦਿ ਵਾਸ਼ਿੰਗਟਨ ਪੋਸਟ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ, ''ਮੈਂ ਕਿੰਮ ਨੂੰ ਕਿਹਾ, ਮੈਂ ਫੂਜੀਮੋਤੋ, ਗੱਦਾਰ, ਵਾਪਸ ਆ ਗਿਆ ਹਾਂ।''

ਵੀਡੀਓ ਕੈਪਸ਼ਨ,

ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਰੇੜਕਾ ਕਿਉਂ, ਜਾਣੋ ਇਤਿਹਾਸਕ ਪੱਖ

ਕੇਂਜੀ ਦੀਆਂ ਕਈ ਕਹਾਣੀਆਂ 'ਤੇ ਸਵਾਲ ਚੁੱਕੇ ਜਾਂਦੇ ਹਨ ਪਰ ਮਾਹਿਰ ਉਨ੍ਹਾਂ ਦੀ ਇੱਕ ਗੱਲ ਤੋਂ ਸਹਿਮਤ ਹਨ।

ਗੱਲ ਇਹ ਹੈ ਕਿ ਕੇਂਜੀ ਨੇ ਦੱਸਿਆ ਸੀ ਕਿ ਕਿਮ ਅਗਲੇ ਹੁਕਮਰਾਨ ਹੋਣਗੇ, ਉਹ ਆਪਣੇ ਪਿਤਾ ਦੇ ਪਸੰਦੀਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)