ਭਾਰਤ ਦੇ 'ਅੰਕਲ ਹੋ' ਬਾਰੇ ਤੁਸੀਂ ਕਿੰਨਾ ਜਾਣਦੇ ਹੋ?

ਹੋ ਚੀ ਮਿਨ
ਫੋਟੋ ਕੈਪਸ਼ਨ ਹਨੋਈ ਸ਼ਹਿਰ ਵਿੱਚ ਹੋ ਚੀ ਮਿਨ ਦਾ ਬੁੱਤ

ਵੇਅਤਨਾਮ ਵਿੱਚ ਇੱਕ ਚਿਹਰਾ ਸਭ ਤੋਂ ਵੱਧ ਜਾਣਿਆ ਪਛਾਣਿਆ ਹੈ ਅਤੇ ਉਹ ਤੁਹਾਨੂੰ ਹਰ ਥਾਂ ਨਜ਼ਰ ਆਵੇਗਾ।

ਕਦੇ ਪੋਸਟਰ ਤੋਂ ਬਾਹਰ ਨਿਕਲ ਕੇ ਤੇ ਕਦੇ ਬੁੱਤ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਖੜ੍ਹੇ ਕਿਸੇ ਪਾਰਕ ਵਿੱਚ। ਕਦੇ ਕਿਸੇ ਚੌਰਾਹੇ ਜਾਂ ਸਰਕਾਰੀ ਇਮਾਰਤ ਦੇ ਬਾਹਰ ਤੁਹਾਨੂੰ ਦੇਖਦੇ ਹੋਏ।

ਇਹ ਵੱਡੀ ਹਸਤੀ ਕੋਈ ਹੋਰ ਨਹੀਂ ਬਲਕਿ ਰਾਸ਼ਟਰਪਿਤਾ ਹੋ ਚੀ ਮਿਨ ਹਨ। ਜੇਕਰ ਤੁਸੀਂ ਇੱਥੇ ਟੂਰਿਸਟ ਹੋ ਤਾਂ ਹੋ ਚੀ ਮਿਨ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਵੇਅਤਨਾਮ ਦੇ ਹੀਰੋ ਦਾ ਭਾਰਤ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਸੀ?

ਰਾਜਧਾਨੀ ਹਨਾਈ ਵਿੱਚ ਉਨ੍ਹਾਂ ਦਾ ਮਿਊਜ਼ੀਅਮ ਹੈ, ਉਨ੍ਹਾਂ ਦੀ ਸਮਾਧੀ ਹੈ ਅਤੇ ਉਨ੍ਹਾਂ ਦੇ ਕੁਝ ਅਜਿਹੇ ਘਰ ਹਨ ਜਿੱਥੇ ਉਹ ਰਾਸ਼ਟਰਪਤੀ ਬਣਨ ਤੋਂ ਬਾਅਦ ਰਹੇ ਸੀ।

ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਦੇਸ ਦੇ ਸਭ ਤੋਂ ਵੱਡੇ ਸ਼ਹਿਰ ਸੈਗਾਂਓ ਦਾ ਨਾਮ ਬਦਲ ਕੇ ਹੋ ਚੀ ਮਿਨ ਸਿਟੀ ਕਰ ਦਿੱਤਾ ਗਿਆ।

ਹੋ ਚੀ ਮਿਨ ਦੀ ਸਮਾਧੀ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਹਰ ਰੋਜ਼ ਆਉਂਦੇ ਹਨ।

ਸਥਾਨਕ ਲੋਕ ਉਨ੍ਹਾਂ ਦੀ ਤਰੀਫ਼ ਕਰਦੇ ਨਹੀਂ ਥਕਦੇ। ਹੋ ਚੀ ਮਿਨ ਸਿਟੀ ਦੇ ਸੈਗਾਂਓ ਸੈਂਟਰ 'ਤੇ ਉਨ੍ਹਾਂ ਦੀ ਇੱਕ ਬਹੁਤ ਉੱਚੀ ਮੂਰਤੀ ਹੈ। ਉਨ੍ਹਾਂ ਦਾ ਇੱਕ ਹੱਥ ਉਨ੍ਹਾਂ ਦੇ ਹੀ ਅੰਦਾਜ਼ ਵਿੱਚ ਉੱਠਿਆ ਹੈ। ਠੀਕ ਉਸਦੇ ਹੇਠਾਂ ਕੁਝ ਕੁੜੀਆਂ ਆਪਣੇ ਹੱਥਾਂ ਨੂੰ ਉਨ੍ਹਾਂ ਦੇ ਹੱਥ ਚੁੱਕਣ ਦੇ ਤਰੀਕੇ ਨਾਲ ਨਕਲ ਕਰਕੇ ਫੋਟੋਆਂ ਖਿਚਵਾਂ ਰਹੀਆਂ ਹਨ।

ਉਨ੍ਹਾਂ ਵਿੱਚੋਂ ਇੱਕ ਕੁੜੀ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਉਸ ਨੂੰ ਹੋ ਚੀ ਮਿਨ ਨਾਲ ਬਹੁਤ ਪਿਆਰ ਹੈ।

ਸਕੂਟਰ 'ਤੇ ਬੈਠੇ ਆਰਾਮ ਕਰ ਰਹੇ ਇੱਕ ਮਜ਼ਦੂਰ ਨੇ ਕਿਹਾ,''ਹੋ ਚੀ ਮਿਨ ਵੇਅਤਨਾਮ ਦੀ ਮਹਾਨ ਸ਼ਖ਼ਸੀਅਸ ਸੀ। ਉਨ੍ਹਾਂ ਨੇ ਸਾਨੂੰ ਆਜ਼ਾਦ ਕਰਵਾਇਆ। ਅੱਜ ਅਸੀਂ ਆਜ਼ਾਦ ਹਾਂ ਤੇ ਆਰਾਮ ਦੀ ਜ਼ਿੰਦਗੀ ਗੁਜ਼ਾਰ ਰਹੇ ਹਾਂ।''

ਉਨ੍ਹਾਂ ਦੀ ਅਹਿਮੀਅਤ ਇੱਥੇ ਅਜਿਹੀ ਹੈ ਜਿਵੇਂ ਭਾਰਤ ਵਿੱਚ ਮਹਾਤਮਾ ਗਾਂਧੀ ਦੀ।

ਹੋ ਚੀ ਮਿਨ ਆਧੁਨਿਕ ਵੇਅਤਨਾਮ ਦੇ ਰਾਸ਼ਟਰਪਿਤਾ ਹੋਣ ਤੋਂ ਇਲਾਵਾ ਆਜ਼ਾਦ ਵੇਅਤਨਾਮ ਦੇ ਪਹਿਲੇ ਰਾਸ਼ਟਰਪਤੀ ਵੀ ਸੀ। ਉਹ ਕਮਾਲ ਦੇ ਫੌਜੀ ਵੀ ਸੀ। ਉਨ੍ਹਾਂ ਦੀ ਅਗਵਾਈ ਵਿੱਚ ਵੇਅਤਨਾਮ ਨੇ ਤਿੰਨ ਵੱਡੀਆਂ ਤਾਕਤਾਂ ਯਾਨਿ ਫਰਾਂਸ, ਜਪਾਨ ਅਤੇ ਅਮਰੀਕਾ ਨੂੰ ਮਾਤ ਦਿੱਤੀ।

ਉਹ ਵਾਮਪੰਥੀ ਵਿਚਾਰਧਾਰਾ ਦੇ ਨੇਤਾ ਸੀ। ਉਹ ਲੜਾਈ ਦੇ ਮੈਦਾਨ ਵਿੱਚ ਜਿੰਨੇ ਆਕਰਮਕ ਸੀ, ਬਾਹਰ ਓਨੇ ਹੀ ਨਰਮ ਮਿਜਾਜ਼ ਦੇ।

ਉਹ ਜੰਗ ਦੇ ਮੈਦਾਨ ਵਿੱਚ ਵੀ ਸਾਲਾਂ ਤੱਕ ਸਰਗਰਮ ਰਹੇ।

ਜਵਾਹਰਲਾਲ ਨਹਿਰੂ ਅਤੇ ਹੋ ਚੀ ਮਿਨ ਚੰਗੇ ਦੋਸਤ ਸੀ। ਜਦੋਂ ਉਹ 1958 ਵਿੱਚ ਭਾਰਤ ਦੌਰੇ 'ਤੇ ਆਏ ਤਾਂ ਨਹਿਰੂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਸੀ।

ਹੋ ਚੀ ਮਿਨ ਮਿਊਜ਼ੀਅਮ ਦੇ ਡਾਇਰੈਕਟਰ ਨਗੂਯਨ ਵਨ ਕੋਂਗ ਕਹਿੰਦੇ ਹਨ ਭਾਰਤ ਵਿੱਚ ਨੌਜਵਾਨ ਉਨ੍ਹਾਂ ਨੂੰ ਅੰਕਲ ਹੋ ਕਹਿੰਦੇ ਸੀ।

ਫੋਟੋ ਕੈਪਸ਼ਨ ਮਿਊਜ਼ੀਅਮ ਦੇ ਡਾਇਰੈਕਟਰ

''ਪ੍ਰਧਾਨ ਮੰਤਰੀ ਨਹਿਰੂ ਅਤੇ ਰਾਸ਼ਟਰਪਤੀ ਹੋ ਚੀ ਮਿਨ ਖ਼ਾਸ ਦੋਸਤ ਸੀ। ਭਾਰਤ ਆਉਣ 'ਤੇ ਨਹਿਰੂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਸੀ। ਭਾਰਤ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਸੀ।''

ਭਾਰਤ ਵਿੱਚ ਅੱਜ ਦੀ ਨੌਜਵਾਨ ਪੀੜ੍ਹੀ ਹੋ ਚੀ ਮਿਨ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੀ ਪਰ ਭਾਰਤ ਵਿੱਚ ਉਨ੍ਹਾਂ ਨੂੰ 'ਅੰਕਲ ਹੋ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਦਿੱਲੀ ਅਤੇ ਕਲਕੱਤਾ ਵਿੱਚ ਉਨ੍ਹਾਂ ਦੇ ਨਾਂ 'ਤੇ ਸੜਕਾਂ ਵੀ ਹਨ।

ਰਾਸ਼ਟਰਪਤੀ ਹੋ ਚੀ ਮਿਨ ਦਾ ਦੇਹਾਂਤ 1969 ਵਿੱਚ 79 ਸਾਲ ਦੀ ਉਮਰ 'ਚ ਹੋਇਆ ਸੀ। ਉਹ ਰਾਸ਼ਟਰਪਤੀ ਬਣੇ ਤਾਂ ਮਹਿਲ ਵਿੱਚ ਰਹਿਣ ਦੀ ਬਜਾਏ ਦੋ ਕਮਰਿਆਂ ਵਾਲੇ ਉਸ ਛੋਟੇ ਜਿਹੇ ਮਕਾਨ ਵਿੱਚ ਰਹੇ ਜਿੱਥੇ ਮਹਿਲ ਦਾ ਇੱਕ ਕਰਮਚਾਰੀ ਰਹਿੰਦਾ ਸੀ।

ਫੋਟੋ ਕੈਪਸ਼ਨ ਹੋ ਚੀ ਮਿਨ ਦਾ ਉਹ ਘਰ ਜਿੱਥੇ ਉਨ੍ਹਾਂ ਨੇ ਅਖ਼ੀਰਲੇ 11 ਸਾਲ ਗੁਜ਼ਾਰੇ

ਮਿਊਜ਼ੀਅਮ ਦੇ ਅੰਦਰ ਟੂਰਿਸਟਾਂ ਦੀ ਮਦਦ ਕਰਨ ਵਾਲੀ ਇੱਕ ਮਹਿਲਾ ਨੇ ਉਸ ਘਰ ਵੱਲ ਇਸ਼ਾਰਾ ਕਰਦੇ ਹਏ ਕਿਹਾ, ''ਸਾਡੇ ਪਿੱਛੇ ਜਿਹੜਾ ਘੜ ਹੈ ਉੱਥੇ ਉਹ ਰਾਸ਼ਟਰਪਤੀ ਬਣਨ ਤੋਂ ਬਾਅਦ 4 ਸਾਲ ਰਹੇ ਅਤੇ ਉੱਥੇ ਉਹ, ਉਸ ਘਰ ਵਿੱਚ 11 ਸਾਲ ਰਹੇ।''

ਜਦੋਂ 1890 ਵਿੱਚ ਇੱਕ ਸਾਧਾਰਣ ਘਰ ਵਿੱਚ ਉਨ੍ਹਾਂ ਦਾ ਜਨਮ ਹੋਇਆ ਤਾਂ ਉਸ ਸਮੇਂ ਵੇਅਤਨਾਮ ਫਰਾਂਸ ਦੇ ਕਬਜ਼ੇ ਵਿੱਚ ਸੀ। ਉਹ ਦੇਸ ਦੀ ਆਜ਼ਾਦੀ ਲਈ ਮਾਹੌਲ ਤਿਆਰ ਕਰਨ ਦੇ ਮਕਸਦ ਨਾਲ ਪੜ੍ਹਾਈ ਛੱਡ ਕੇ ਵਿਦੇਸ਼ ਚਲੇ ਗਏ।

1911 ਵਿੱਚ ਜਦੋਂ ਉਨ੍ਹਾਂ ਨੇ ਦੇਸ ਛੱਡਿਆ ਤਾਂ ਉਹ ਇੱਕ ਗੁਮਨਾਮ ਨੌਜਵਾਨ ਸੀ ਪਰ ਜਦੋਂ ਉਹ 1941 ਵਿੱਚ ਦੇਸ ਵਾਪਿਸ ਆਏ ਤਾਂ ਉਹ ਇੱਕ ਕੱਦਾਵਰ ਨੇਤਾ ਬਣ ਚੁੱਕੇ ਸੀ।

ਫੋਟੋ ਕੈਪਸ਼ਨ ਹੋ ਚੀ ਮਿਨ ਸਮਾਰਕ

30 ਸਾਲ ਤੱਕ ਉਹ ਫਰਾਂਸ ,ਰੂਸ ਅਤੇ ਚੀਨ ਦਾ ਦੌਰਾ ਕਰਦੇ ਰਹੇ ਤਾਂ ਜੋ ਉੱਥੋਂ ਦੇ ਨੇਤਾਵਾਂ ਨੂੰ ਆਪਣੇ ਦੇਸ ਦੇ ਸਿਆਸੀ ਹਾਲਾਤਾਂ ਤੋਂ ਜਾਣੂ ਕਰਵਾਉਂਦੇ ਰਹਿਣ। ਨਾਲ ਹੀ ਵੇਅਤਨਾਮ ਦੀ ਆਜ਼ਾਦੀ ਵਿੱਚ ਮਦਦ ਲੈਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ।

ਹੋ ਚੀ ਮਿਨ ਦੀ ਮੌਤ ਸਮੇਂ ਵੇਅਤਨਾਮ ਦੋ ਹਿੱਸਿਆ ਵਿੱਚ ਵੰਡਿਆ ਹੋਇਆ ਸੀ। ਦੇਸ ਦੀ ਮੁੜ ਇਕਜੁੱਟਤਾ ਉਨ੍ਹਾਂ ਦਾ ਵੱਡਾ ਸੁਫ਼ਨਾ ਸੀ। ਉਨ੍ਹਾਂ ਦਾ ਇਹ ਸੁਫ਼ਨਾ ਉਨ੍ਹਾਂ ਦੀ ਮੌਤ ਤੋਂ 6 ਸਾਲ ਬਾਅਦ ਪੂਰਾ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)