ਯੂਰਪ 'ਚ ਵੱਟਸਐਪ ਲਈ 16 ਸਾਲ ਦੀ ਉਮਰ ਜ਼ਰੂਰੀ

Whatsapp on a phone screen Image copyright Getty Images

ਯੂਰਪੀ ਯੂਨੀਅਨ ਵਿੱਚ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਮਸ਼ਹੂਰ ਮੈਸੇਜ ਐਪ ਵੱਟਸਐਪ ਦਾ ਇਸਤੇਮਾਲ ਕਰਨ ਤੋਂ ਬੈਨ ਕੀਤਾ ਜਾ ਰਿਹਾ ਹੈ।

ਹਾਲੇ ਨੌਜਵਾਨਾਂ ਨੂੰ 13 ਸਾਲ ਦਾ ਹੋਣਾ ਜ਼ਰੂਰੀ ਹੈ ਪਰ ਯੂਰਪੀ ਯੂਨੀਅਨ ਦੀ ਨਵੀਂ ਡਾਟਾ ਪ੍ਰਿਵਸੀ ਰੈਗੁਲੇਸ਼ਨ ਦੇ ਮੱਦੇਨਜ਼ਰ ਕੰਪਨੀ ਨਿਯਮਾਂ ਵਿੱਚ ਬਦਲਾਅ ਕਰਨ ਜਾ ਰਹੀ ਹੈ।

ਐਪ ਜੋ ਕਿ ਫੇਸਬੁੱਕ ਦੇ ਅਧੀਨ ਹੈ, ਅਗਲੇ ਕੁਝ ਹਫਤਿਆਂ ਵਿੱਚ ਨਵੀਆਂ ਸ਼ਰਤਾਂ ਤਹਿਤ ਯੂਜ਼ਰਜ਼ ਤੋਂ ਉਮਰ ਪੁੱਛੇਗੀ।

ਇਹ ਸਪਸ਼ਟ ਨਹੀਂ ਹੈ ਕਿ ਉਮਰ ਕਿਵੇਂ ਤਸਦੀਕ ਕੀਤੀ ਜਾਵੇਗੀ।

ਨਿੱਜੀ ਡਾਟਾ ਦਾ ਕੰਟਰੋਲ ਯੂਜ਼ਰ ਦੇ ਹੱਥ

ਯੂਰਪੀ ਯੂਨੀਅਨ ਦੀ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੁਲੇਸ਼ਨ (ਜੀਡੀਪੀਆਰ) ਜੋ ਕਿ 25 ਮਈ ਤੋਂ ਲਾਗੂ ਹੋਣ ਜਾ ਰਹੀ ਹੈ, ਲੋਕਾਂ ਦੇ ਹੱਥਾਂ ਵਿੱਚ ਜ਼ਿਆਦਾ ਕੰਟਰੋਲ ਦੇਵੇਗੀ। ਕੰਪਨੀਆਂ ਹੁਣ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਦੀ ਜਾਣਕਾਰੀ ਨਹੀਂ ਲੈ ਸਕਣਗੀਆਂ।

ਉਨ੍ਹਾਂ ਕੋਲ ਨਿੱਜੀ ਡਾਟਾ ਡਿਲੀਟ ਕਰਨ ਦਾ ਬਦਲ ਵੀ ਹੋਵੇਗਾ।

Image copyright Getty Images

ਇਸ ਦੇ ਤਹਿਤ ਮਾਰਕਟਿੰਗ ਜਾਂ ਯੂਜ਼ਰ ਪ੍ਰੋਫਾਈਲ ਬਣਾਉਣ ਲਈ ਬੱਚਿਆਂ ਦੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਵੀ ਨਿਯਮ ਹਨ।

ਵੱਟਸਐਪ ਪਹਿਲਾਂ ਵੀ ਡਾਟਾ ਸਾਂਝਾ ਕਰਨ ਲਈ ਜਾਂਚ ਦੇ ਘੇਰੇ ਵਿੱਚ ਆਇਆ ਸੀ। ਵੱਟਸਐਪ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਯੂਰਪੀ ਯੂਨੀਅਨ ਵਿੱਚ 'ਪਾਰਦਰਸ਼ਿਤਾ ਦੀ ਨਵੀਂ ਬੁਲੰਦੀ ਤੇ' ਪਹੁੰਚੇਗੀ।

ਹਾਲਾਂਕਿ ਬਾਕੀ ਦੇਸਾਂ ਵਿੱਚ ਉਮਰ ਹੱਦ 13 ਹੀ ਬਰਕਰਾਰ ਰਹੇਗੀ।

ਕਿਹੜੀ ਜਾਣਕਾਰੀ ਐਪ ਕੋਲ?

  • ਨਵੇਂ ਬਦਲਾਅ ਦੇ ਨਾਲ ਹੁਣ ਯੂਜ਼ਰ ਇੱਕ ਰਿਪੋਰਟ ਡਾਉਨਲੋਡ ਕਰ ਸਕਣਗੇ ਜਿਸ ਵਿੱਚ ਇਹ ਜਾਣਕਾਰੀ ਹੋਵੇਗੀ ਕਿ ਉਨ੍ਹਾਂ ਦੀ ਕਿਹੜੀ ਜਾਣਕਾਰੀ ਐਪ ਕੋਲ ਹੈ।
  • ਇਸ ਵਿੱਚ ਡਿਵਾਈਸ ਦਾ ਮਾਡਲ, ਫੋਨ ਨੰਬਰ, ਗਰੁੱਪ ਅਤੇ ਬਲਾਕ ਕੀਤੇ ਨੰਬਰ ਹੁੰਦੇ ਹਨ।
  • ਫੇਸਬੁੱਕ ਜੋ ਕਿ ਨਿੱਜੀ ਡਾਟਾ ਸ਼ੇਅਰ ਕਰਨ ਲਈ ਪਹਿਲਾਂ ਹੀ ਅਲੋਚਨਾ ਝੱਲ ਚੁੱਕਿਆ ਹੈ ਹੁਣ ਨੌਜਵਾਨ ਯੂਜ਼ਰਜ਼ ਦੇ ਨਾਲ ਵੱਖਰੇ ਤਰੀਕੇ ਨਾਲ ਪੇਸ਼ ਆ ਰਿਹਾ ਹੈ।
  • ਜੀਡੀਪੀਆਰ ਦੇ ਤਹਿਤ 13 ਤੋਂ 15 ਸਾਲ ਦੇ ਨੌਜਵਾਨਾਂ ਨੂੰ ਹੁਣ ਮਾਪੇ ਜਾਂ ਇੱਕ ਸਰਪਰਸਤ (ਗਾਰਡੀਅਨ) ਨਾਮਜ਼ਦ ਕਰਨਾ ਪਵੇਗਾ ਜੋ ਉਸ ਨੂੰ ਵੱਟਸਐਪ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ।
  • ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵੱਟਸਐਪ ਦਾ ਇੱਕ ਨਿੱਜੀ ਵਰਜ਼ਨ ਨਹੀਂ ਮਿਲੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)