ਪਾਕਿਸਤਾਨੀ ਰੰਗਕਰਮੀ ਮਦੀਹਾ ਗੌਹਰ ਕਿਹੜੇ ਗੁਣਾਂ ਕਰਕੇ ਲੋਕਾਂ 'ਚ ਮਕਬੂਲ ਹੋਈ ਸੀ

ਮਦੀਹਾ ਗੌਹਰ Image copyright BBC/Kewal Dhaliwal

ਮਦੀਹਾ ਗੌਹਰ ਦੇ ਫ਼ੌਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਯਾਦ ਕਰਦਿਆਂ ਮੈਂ ਖ਼ਾਸ ਤੌਰ 'ਤੇ ਬੀਬੀਸੀ ਪੰਜਾਬੀ ਦੇ ਪਾਠਕਾਂ ਲਈ ਆਪਣੇ ਜਜ਼ਬਾਤ ਕੁਝ ਇਸ ਤਰ੍ਹਾਂ ਬਿਆਨ ਕਰ ਰਹੀ ਹਾਂ...

''ਮਦੀਹਾ ਗੌਹਰ ਪਾਕਿਸਤਾਨ ਦੀ ਮਸ਼ਹੂਰ ਰੰਗ ਕਰਮੀ ਤੇ ਅਦਾਕਾਰਾ ਸਨ, ਪਰ ਮੇਰਾ ਟਾਕਰਾ ਉਨ੍ਹਾਂ ਨਾਲ ਕੁਝ ਹੋਰ ਅੰਦਾਜ਼ ਵਿੱਚ ਹੋਇਆ।''

''ਮਦੀਹਾ ਗੌਹਰ ਦੀ ਦੁਨੀਆਂ ਵਿੱਚ ਪਛਾਣ ਤਾਂ ਅਜੋਕਾ ਥਿਏਟਰ ਗਰੁੱਪ ਨਾਲ ਹੀ ਏ, ਪਰ ਉਨ੍ਹਾਂ ਦਾ ਇੱਕ ਰੂਪ ਅੰਗਰੇਜ਼ੀ ਜ਼ੁਬਾਨ ਦੀ ਢਾਹਣੀ ਦਾ ਵੀ ਸੀ।''

ਪ੍ਰੋ. ਮਦੀਹਾ ਦਾ ਪਾਨ ਲਾਉਣ ਦਾ ਸਟਾਈਲ

''ਸੰਨ 1984 ਦੀ ਗੱਲ ਏ, ਜਦੋਂ ਮੈਂ 12ਵੀਂ ਜਮਾਤ 'ਚ ਪੜ੍ਹਦੀ ਸੀ, ਮਦੀਹਾ ਗੌਹਰ ਸਾਡੇ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਣ ਲਈ ਆਈ। ਉਦੋਂ ਤੱਕ ਮਦੀਹਾ ਗੌਹਰ ਮਸ਼ਹੂਰ ਹੋ ਚੁੱਕੀ ਸੀ।''

''ਸਾਡੇ ਲਈ ਇਹ ਬੜੀ ਨਵੇਕਲੀ ਤੇ ਦਿਲਚਸਪ ਗੱਲ ਸੀ ਕਿ ਉਹ ਸਾਡੇ ਕਾਲਜ 'ਚ ਪ੍ਰੋਫ਼ੈਸਰ ਬਣ ਕੇ ਆਈ ਸੀ ।''

Image copyright BBC/JATINDER BRAR
ਫੋਟੋ ਕੈਪਸ਼ਨ ਇੱਕ ਨਾਟਕ ਦੌਰਾਨ ਜੌਹਰਾ ਸਹਿਗਲ ਤੇ ਹੋਰ ਕਲਾਕਾਰਾਂ ਨਾਲ ਮਦੀਹਾ ਗੌਹਰ

''ਇਹ ਉਹ ਦੌਰ ਸੀ ਜਦੋਂ ਮੋਬਾਈਲ ਫ਼ੋਨ ਤੇ ਇੰਟਰਨੈੱਟ ਨਹੀਂ ਆਏ ਸਨ ਤੇ ਕੁੜੀਆਂ ਅਤੇ ਉਨ੍ਹਾਂ ਦੀਆਂ ਟੀਚਰਾਂ ਬਾਹਰ ਦੇ ਦੇਸ਼ਾਂ ਦੇ ਫ਼ੈਸ਼ਨ ਬਹੁਤਾ ਨਹੀਂ ਸੀ ਕਰਦੀਆਂ।''

''ਪਰ ਮਦੀਹਾ ਗੌਹਰ ਦਾ ਪਾਨ ਲਾਉਣ ਦਾ ਅੰਦਾਜ਼ ਬਾਕੀਆਂ ਔਰਤਾਂ ਨਾਲੋਂ ਮੌਡਰਨ ਸੀ, ਇਸ ਲਈ ਸਾਰੀਆਂ ਕੁੜੀਆਂ ਮਦੀਹਾ ਨੂੰ ਵੇਖ-ਵੇਖ ਕੇ ਬੜੀਆਂ ਖ਼ੁਸ਼ ਹੁੰਦੀਆਂ ਸਨ।''

''ਮਦੀਹਾ ਨੇ ਕੁਝ ਮਹੀਨੇ ਸਾਨੂੰ ਅੰਗਰੇਜ਼ੀ ਪੜ੍ਹਾਈ ਤੇ ਬੜੀ ਚੰਗੀ ਪੜ੍ਹਾਈ।''

ਮੌਡਰਨ ਅੰਦਾਜ਼ ਤੇ ਅੰਗਰੇਜ਼ੀ 'ਤੇ ਫ਼ਿਦਾ ਸਨ ਕੁੜੀਆਂ

''ਕਾਲਜ ਸਮੇਂ ਮਦੀਹਾ ਦਾ 'ਕਲਾਸ 'ਚ ਅੰਦਾਜ਼ ਕਾਫ਼ੀ ਸਖ਼ਤ ਰਿਹਾ।''

''ਉਹ ਆਪਣੀਆਂ ਸ਼ਾਗੀਰਦਾਂ ਨਾਲ ਬਹੁਤੀ ਘੁਲਦੀ-ਮਿਲਦੀ ਨਹੀਂ ਸੀ, ਲਿਹਾਜ਼ਾ ਉਸ ਨਾਲ ਗੱਪਾਂ ਮਾਰਨ ਦਾ ਕਦੇ ਮੌਕਾ ਨਹੀਂ ਮਿਲਿਆ।''

Image copyright Getty Images

''ਸਾਰੀਆਂ ਕੁੜੀਆਂ ਉਸ ਦੇ ਮੌਡਰਨ ਅੰਦਾਜ਼ ਤੇ ਅੰਗਰੇਜ਼ੀ ਬੋਲਣ ਦੇ ਤਰੀਕੇ 'ਤੇ ਫ਼ਿਦਾ ਹੁੰਦੀਆਂ ਸਨ।''

ਔਰਤਾਂ ਦੇ ਹੱਕ ਲਈ ਚੁੱਕੀ ਆਵਾਜ਼

''ਮਦੀਹਾ ਗੌਹਰ ਨੇ ਬਤੌਰ ਰੰਗ ਕਰਮੀ ਔਰਤਾਂ ਦੇ ਹੱਕ-ਹਕੂਕ ਲਈ ਆਪਣੇ ਥਿਏਟਰ ਰਾਹੀਂ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ।''

''ਉਸ ਦੀ ਇਸ ਕੋਸ਼ਿਸ਼ ਨੇ ਸਾਰੀਆਂ ਕੁੜੀਆਂ ਦੇ ਦਿਲਾਂ ਵਿੱਚ ਉਸ ਦਾ ਇੱਕ ਅਲੱਗ ਹੀ ਮੁਕਾਮ ਬਣਾਇਆ ਹੋਇਆ ਸੀ।''

''ਜਿੱਥੇ ਕੁਝ ਕੁੜੀਆਂ ਉਸ ਦੇ ਪਾਨ ਲਾਉਣ ਦੇ ਅੰਦਾਜ਼ ਨੂੰ ਅਪਣਾਉਣ ਦੀ ਚਾਹਤ ਰੱਖਦੀਆਂ ਸਨ, ਉੱਥੇ ਹੀ ਕੁਝ ਅਜਿਹੀਆਂ ਵੀ ਸਨ ਜੋ ਮਦੀਹਾ ਗੌਹਰ ਵਾਂਗ ਔਰਤਾਂ ਦੇ ਹਕੂਕ ਲਈ ਕੰਮ ਕਰਨ ਦੀ ਖੁਆਇਸ਼ ਵੀ ਰੱਖਦੀਆਂ ਸਨ।''

''ਮਦੀਹਾ ਗੌਹਰ ਨੇ ਆਮ ਲੋਕਾਂ ਅਤੇ ਖ਼ਾਸ ਤੌਰ 'ਤੇ ਔਰਤਾਂ ਦੀ ਸਮੱਸਿਆਵਾਂ ਲਈ ਤੇ ਔਰਤਾਂ ਨੂੰ ਤਾਲੀਮ ਤੋਂ ਮਹਿਰੂਮ ਕਰਨ ਦੇ ਵਿਰੁੱਧ ਜਿਹੜਾ ਕੰਮ ਕੀਤਾ ਉਹ ਉਨ੍ਹਾਂ ਦੀਆਂ ਸ਼ਾਗਿਰਦਾਂ ਵਿਚਾਲੇ ਉਨ੍ਹਾਂ ਦੀ ਸ਼ੌਹਰਤ ਦੀ ਵਜ੍ਹਾ ਬਣਿਆ।''

Image copyright Getty Images

''ਆਪਣੀਆਂ ਸ਼ਾਗਿਰਦਾਂ ਲਈ ਉਹ ਇੱਕ ਆਈਡਲ ਔਰਤ ਬਣ ਗਈ।''

''ਮਦੀਹਾ ਗੌਹਰ ਦੇ ਨਾਲ ਮੇਰੀਆਂ ਨਿੱਜੀ ਯਾਦਾਂ ਤਾਂ ਬਹੁਤੀਆਂ ਨਹੀਂ ਪਰ ਮੇਰੇ ਯੂਨੀਵਰਸਿਟੀ ਦੇ ਦੌਰ ਵਿੱਚ ਕੁਝ ਕਲਾਸ ਫੈਲੋ ਤੇ ਬੇਲੀ ਅਜਿਹੇ ਹਨ, ਜਿਹੜੇ ਮਦੀਹਾ ਗੌਹਰ ਦੇ ਬੜੇ ਕਰੀਬ ਰਹਿ ਚੁੱਕੇ ਹਨ।''

ਉਨ੍ਹਾਂ ਵਿੱਚੋਂ ਆਤਿਫ਼ ਰਿਜ਼ਵਾਨ ਵੀ ਇੱਕ ਹਨ, ਜੋ ਹੁਣ ਕੈਨੇਡਾ ਜਾ ਵਸੇ ਹਨ।

ਮੈਂ ਸੋਚਿਆ ਉਨ੍ਹਾਂ ਨੂੰ ਪੁੱਛਾਂ ਕਿ ਮਦੀਹਾ ਬਾਰੇ ਕੀ ਜਾਣਦੇ ਹਨ ਤੇ ਉਨ੍ਹਾਂ ਮਦੀਹਾ ਨਾਲ ਕਿਵੇਂ ਵਕਤ ਗੁਜ਼ਾਰਿਆ?

ਆਤਿਫ਼ ਸਭ ਤੋਂ ਪਹਿਲਾਂ ਇਹ ਦੱਸੋ ਕਿ ਮਦੀਹਾ ਗੌਹਰ ਨਾਲ ਤੁਹਾਡੀ ਜਾਣ-ਪਛਾਣ ਕਦੋਂ ਹੋਈ?

''ਮਦੀਹਾ ਗੌਹਰ ਨਾਲ ਮੇਰੀ ਮੁਲਾਕਾਤ ਇਸ ਤਰ੍ਹਾਂ ਹੋਈ ਕਿ ਉਹ ਵੀ ਸਰਕਾਰੀ ਕਾਲਜ 'ਚ ਪੜ੍ਹਦੇ ਸਨ ਅਤੇ ਸਾਡੇ ਤੋਂ ਸੀਨੀਅਰ ਸਨ। ਉਸ ਦੌਰਾਨ ਥਿਏਟਰ ਵਿੱਚ ਇੱਕ ਦਿਨ ਉਨ੍ਹਾਂ ਪੁੱਛਿਆ, ''ਤੁਹਾਡੇ ਵਿੱਚੋਂ ਡਰਾਮਾ ਕੌਣ-ਕੌਣ ਕਰੇਗਾ?''

''ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਡਰਾਮਾ ਤੁਹਾਡੇ ਨਾਲ ਸ਼ੁਰੂ ਕਰਾਂਗੇ ਤੇ ਉਨ੍ਹਾਂ ਨੇ ਉਸ ਸਮੇਂ ਫ਼ਿਰ ਸਾਡਾ ਆਡੀਸ਼ਨ ਲਿਆ। ਕੁਝ ਦੋਸਤਾਂ ਨੂੰ ਨਾਲ ਲੈ ਕੇ ਅਸੀਂ ਡਰਾਮਾ ਸ਼ੁਰੂ ਕੀਤਾ, ਜਿਸ ਦਾ ਨਾਂ ਸੀ 'ਜਲੂਸ'''

Image copyright BBC/Jatinder Brar
ਫੋਟੋ ਕੈਪਸ਼ਨ ਜਤਿੰਦਰ ਬਰਾੜ ਤੇ ਹੋਰ ਸਾਥੀਆਂ ਨਾਲ ਮਦੀਹਾ

''ਅਸੀਂ ਇਸ ਡਰਾਮੇ ਦੀ ਰਿਹਰਸਲ ਸਰਕਾਰੀ ਕਾਲਜ ਦੇ ਓਪਨ ਏਅਰ ਥਿਏਟਰ ਵਿੱਚ ਸ਼ੁਰੂ ਕਰ ਦਿੱਤੀ।''

''ਉਹ ਮਾਰਸ਼ਲ ਲਾਅ ਦਾ ਦੌਰ ਸੀ ਤੇ ਜਲੂਸ ਡਰਾਮਾ ਐਂਟੀ ਮਾਰਸ਼ਲ ਲਾਅ ਸੀ।''

''ਜਦੋਂ ਇਸ ਬਾਬਤ ਪ੍ਰਿੰਸਿਪਲ ਨੂੰ ਖ਼ਬਰ ਹੋਈ ਕਿ ਅਸੀਂ ਇਹ ਡਾਰਾਮਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਉਨ੍ਹਾਂ ਨੇ ਸਾਡੇ 'ਤੇ ਬੈਨ ਲਗਾ ਦਿੱਤਾ।''

''ਫ਼ਿਰ ਅਸੀਂ ਉਹ ਡਰਾਮਾ ਐਨਸੀਏ ਕਾਲਜ 'ਚ ਸ਼ੁਰੂ ਕੀਤਾ, ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਵੀ ਇਸ ਡਰਾਮੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਵੀ ਕਿਹਾ ਕਿ ਤੁਸੀਂ ਇਹ ਡਰਾਮਾ ਨਹੀਂ ਕਰ ਸਕਦੇ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬਲੂਚਿਸਤਾਨ ਦਾ ਉਹ ਇਲਾਕਾ ਜਿੱਥੇ ਡਰ ਦੇ ਸਾਏ ਵਿੱਚ ਖੇਡੇ ਜਾਂਦੇ ਨੇ ਨਾਟਕ

''ਆਖ਼ਿਰ ਅਸੀਂ ਡਰਾਮਾ ਲੈ ਕੇ ਮਦੀਹਾ ਗੌਹਰ ਸਾਹਿਬਾ ਦੇ ਘਰ ਚਲੇ ਗਏ ਤੇ ਉੱਥੇ ਅਸੀਂ ਡਰਾਮੇ ਦੀ ਰਿਹਰਸਲ ਕੀਤੀ ਅਤੇ ਉਨ੍ਹਾਂ ਦੇ ਘਰ ਵਿੱਚ ਹੀ ਇਹ ਡਰਾਮਾ ਸਟੇਜ ਹੋਇਆ।''

''ਜਲੂਸ ਇੱਕ ਸਰਕਲ ਦਾ ਪਲੇਅ (ਨਾਟਕ) ਸੀ, ਚਾਰੇ ਪਾਸੇ ਤਮਾਸ਼ਬੀਨ ਬੈਠੇ ਸਨ ਤੇ ਅਸੀਂ ਇਹ ਨਾਟਕ ਖੇਡਿਆ।''

''ਜਦੋਂ ਇਸ ਡਰਾਮੇ ਦੇ ਪਰਚੇ ਛਪਣ ਦੀ ਵਾਰੀ ਆਈ ਤਾਂ ਉਸ ਦਾ ਨਾਂ ਰੱਖਿਆ ਗਿਆ ਅਜੋਕਾ ਥਿਏਟਰ।''

''ਸੋ ਇਸ ਤਰ੍ਹਾਂ ਅਜੋਕਾ ਥਿਏਟਰ ਗਰੁੱਪ ਹੋਂਦ ਵਿੱਚ ਆਇਆ ਤੇ ਇਸ ਗਰੁੱਪ ਦੀ ਪਹਿਲੀ ਰੂਹ-ਏ-ਰਵਾਂ ਸਨ ਮਦੀਹਾ ਗੌਹਰ।''

ਆਤਿਫ਼ ਰਿਜ਼ਵਾਨ, ਮਦੀਹਾ ਗੌਹਰ ਇੱਕ ਰੰਗ ਕਰਮੀ ਸਨ ਤੇ ਉਨ੍ਹਾਂ ਕਲਾ ਰਾਹੀਂ ਪਾਕਿਸਤਾਨ ਦੇ ਲੋਕਾਂ ਅਤੇ ਖ਼ਾਸ ਤੌਰ 'ਤੇ ਔਰਤਾਂ ਦੇ ਹਕੂਕ ਲਈ ਆਵਾਜ਼ ਚੁੱਕੀ, ਪਰ ਬਤੌਰ ਦੋਸਤ ਜਾਂ ਸਹਿ-ਰੰਗ ਕਰਮੀ ਤੁਸੀਂ ਉਨ੍ਹਾਂ ਨੂੰ ਕਿਵੇਂ ਦਾ ਜਾਣਿਆ?

''ਉਹ ਟੀਮ ਲੀਡਰ ਦੇ ਤੌਰ 'ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸਨ। ਉਸ ਦੌਰ 'ਚ ਅਸੀਂ ਵੱਖ-ਵੱਖ ਕਾਲਜ ਤੇ ਯੂਨੀਵਰਸਟੀਆਂ ਤੋਂ ਸਾਰੇ ਮੁੰਡੇ ਅਤੇ ਕੁੜੀਆਂ ਇੱਕਠੇ ਹੋਏ।''

''ਕਿਉਂ ਕਿ ਉਸ ਵਕਤ ਮਾਰਸ਼ਲ ਲਾਅ ਦੇ ਤਹਿਤ ਘੁਟਣ ਚੱਲ ਰਹੀ ਸੀ, ਮੁੰਡੇ-ਕੁੜੀਆਂ 'ਚ ਜਿਹੜੀ ਇਨਕਲਾਬੀ ਸੋਚ ਸੀ, ਉਸ ਨੂੰ ਇੱਕ ਲੜੀ ਵਿੱਚ ਪਰੋ ਕੇ ਮਦੀਹਾ ਉਸ ਸੋਚ ਨੂੰ ਅੱਗੇ ਲੈ ਕੇ ਤੁਰੇ।''

Image copyright Getty Images

''ਇਹੀ ਕਾਰਨ ਹੈ ਕਿ ਮਦੀਹਾ ਅਜੋਕਾ ਥਿਏਟਰ ਗਰੁੱਪ ਨੂੰ 1985 ਤੱਕ ਚਲਾਉਣ ਵਿੱਚ ਕਾਮਯਾਬ ਰਹੀ।''

''ਇਸ ਥਿਏਟਰ ਗਰੁੱਪ ਅਧੀਨ ਕਾਫ਼ੀ ਪ੍ਰੋਡਕਸ਼ਨ (ਨਾਟਕਾਂ ਦਾ ਨਿਰਮਾਣ) ਹੋਈਆਂ, ਜਿਨ੍ਹਾਂ 'ਚ ਸਭ ਤੋਂ ਪਹਿਲਾਂ ਜਲੂਸ, ਚਿਰਾਗ਼, ਚਾਕ ਚੱਕਰ, ਫ਼ਿਰ ਫ਼ੈਜ ਸਾਹਿਬ ਦੀਆਂ ਨਜ਼ਮਾਂ 'ਤੇ ਇੱਕ ਡਰਾਮਾ ਹੋਇਆ।''

''ਫ਼ਿਰ ਜਦੋਂ ਉਹ ਬਾਹਰ (ਵਿਦੇਸ਼) ਗਏ ਤਾਂ ਅਜੋਕਾ ਥਿਏਟਰ ਗਰੁੱਪ ਟੁੱਟ ਗਿਆ ਤੇ ਉਸ ਵਿੱਚੋਂ 2-3 ਲੜੀਆਂ ਨਿਕਲੀਆਂ, ਜਿਨ੍ਹਾਂ ਵਿੱਚ ਲੋਕ ਰਹੱਸ ਥਿਏਟਰ, ਕਿਰਸਾਨ ਥਿਏਟਰ ਸਨ।''

''ਇਸ ਤਰ੍ਹਾਂ ਜਿਹੜਾ ਅਜੋਕਾ ਥਿਏਟਰ ਗਰੁੱਪ ਮਦੀਹਾ ਗੌਹਰ ਲੈ ਕੇ ਚੱਲ ਰਹੇ ਸਨ, ਉਹ ਜ਼ਿਆਦਾ ਦੇਰ ਨਾ ਚੱਲ ਸਕਿਆ।''

ਤੁਸੀਂ ਉਨ੍ਹਾਂ ਦੇ ਡਰਾਮਇਆਂ 'ਚ ਅਦਾਕਾਰੀ ਵੀ ਕੀਤੀ, ਇਹ ਦੱਸੋ ਕਿ ਸਾਥੀ ਅਦਾਕਾਰਾਂ ਨਾਲ ਬਤੌਰ ਡਾਇਰੈਕਟਰ ਮਦੀਹਾ ਗੌਹਰ ਦਾ ਸਲੂਕ ਕਿਹੋ ਜਿਹਾ ਸੀ ਤੇ ਤੁਹਾਨੂੰ ਉਨ੍ਹਾਂ ਤੋਂ ਸਿੱਖਣ ਦਾ ਕਿੰਨਾਂ ਮੌਕਾ ਮਿਲਿਆ?

''ਉਹ ਟੀਮ ਬਣਾ ਕੇ ਚੱਲਣ ਵਾਲੀ ਸ਼ਖਸੀਅਤ ਸਨ। ਅਸੀਂ ਸਾਰੇ ਮੁੰਡੇ-ਕੁੜੀਆਂ ਉਨ੍ਹਾਂ ਨੂੰ ਇੱਕ ਉਸਤਾਦ ਦੇ ਤੌਰ 'ਤੇ, ਇੱਕ ਦੋਸਤ ਦੇ ਤੌਰ 'ਤੇ, ਇੱਕ ਵੱਡੀ ਭੈਣ ਦੇ ਤੌਰ 'ਤੇ ਮੰਨਦੇ ਸੀ....ਉਨ੍ਹਾਂ 'ਚ ਇੱਕ ਸ਼ਫ਼ਕਤ ਸੀ, ਪਿਆਰ ਸੀ ਅਤੇ ਇਸ ਕਰਕੇ ਹੀ ਟੀਮ ਚੱਲਦੀ ਰਹੀ।''

''ਜਦੋਂ ਮਦੀਹਾ ਬਾਹਰ ਚਲੇ ਗਏ ਤਾਂ ਸਾਰੇ ਵੱਖ-ਵੱਖ ਹੋ ਗਏ ਤਾਂ ਟੀਮ ਟੁੱਟ ਗਈ।''

''ਪਰ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਫ਼ਿਰ ਨਵੇਂ ਸਿਰੇ ਤੋਂ ਟੀਮ ਖੜੀ ਕੀਤੀ ਤੇ ਉਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ।''

''ਫ਼ਿਰ ਉਨ੍ਹਾਂ ਦੀ ਟੀਮ ਨੇ ਕਾਮਯਾਬ ਡਰਾਮੇ ਕੀਤੇ ਤੇ ਟੀਮ ਚੱਲਦੀ ਰਹੀ।''

''ਫ਼ਿਰ ਜਦੋਂ ਅਸੀਂ ਆਪਣਾ ਗਰੁੱਪ ਬਣਾ ਲਿਆ ਤਾਂ ਮੁਕਾਬਲੇਬਾਜ਼ੀ ਕਹਿ ਲਵੋ ਪਰ ਅਸੀਂ ਜਦੋਂ ਆਪਣੇ ਗਰੁੱਪ ਨਾਲ ਵੀਂ ਡਰਾਮੇ ਕਰਦੇ ਸੀ ਤਾਂ ਉਨ੍ਹਾਂ ਨਾਲ ਇੱਕ ਬੈਠਕ ਹੁੰਦੀ ਸੀ। ਆਹਮੋ ਸਾਹਮਣੇ ਅਸੀਂ ਪਲੇਅ ਕਰਦੇ ਸੀ ਤੇ ਇੱਕ ਅੱਛਾ ਮਾਹੌਲ ਰਿਹਾ।''

''ਰਫ਼ੀ ਪੀਰ ਥਿਏਟਰ ਫੈਸਟੀਵਲ 'ਚ ਸ਼ਮੂਲੀਅਤ ਕੀਤੀ, ਉਸ ਦੌਰਾਨ ਉਨ੍ਹਾਂ ਆਪਣੇ ਪਲੇਅ ਕੀਤੇ ਅਸੀਂ ਆਪਣੇ ਕੀਤੇ। ਉਨ੍ਹਾਂ ਸਾਡੇ ਕੰਮ ਦੀ ਤਾਰੀਫ਼ ਕੀਤੀ ਤੇ ਅਸੀਂ ਉਨ੍ਹਾਂ ਦੇ ਕੰਮ ਦੀ।''

Image copyright Getty Images

ਆਤਿਫ਼ ਤੁਹਾਡੇ ਗਰੁੱਪ ਦਾ ਕੀ ਨਾਂ ਸੀ ਅਤੇ ਜਦੋਂ ਤੁਹਾਡਾ ਮੁਕਾਬਲਾ ਮਦੀਹਾ ਗੌਹਰ ਨਾਲ ਸ਼ੁਰੂ ਹੋਇਆ ਤਾਂ ਤੁਹਾਡੇ ਉਨ੍ਹਾਂ ਨਾਲ ਜ਼ਾਤੀ ਤੌਰ 'ਤੇ ਰਿਸ਼ਤੇ ਕਿਵੇਂ ਦੇ ਰਹੇ?

''ਜਦੋਂ ਮਦੀਹਾ ਇੰਗਲੈਂਡ ਪੜ੍ਹਣ ਲਈ ਚਲੇ ਗਏ ਤਾਂ ਉਸ ਤੋਂ ਬਾਅਦ ਅਜੋਕਾ ਥਿਏਟਰ ਗਰੁੱਪ ਵੱਖ-ਵੱਖ ਹਿੱਸਿਆਂ 'ਚ ਵੰਡਿਆ ਗਿਆ।''

''ਕਿਉਂਕਿ ਉਸ ਨੂੰ ਚਲਾਉਣ ਵਾਲੀ ਸ਼ਖ਼ਸੀਅਤ ਕੋਲ ਨਹੀਂ ਸੀ ਤੇ ਉਸ ਗਰੁੱਪ 'ਚ ਜਿਹੜੀ ਪਹਿਲੀ ਵੰਡ ਪਈ ਉਹ ਪੰਜਾਬੀ ਪ੍ਰਚਾਰ ਕਮੇਟੀ ਨੇ ਆਪਣਾ ਗਰੁੱਪ ਬਣਾਇਆ ਲੋਕ ਰਹੱਸ ਦੇ ਨਾਂ ਨਾਲ।''

''ਲੋਕ ਰਹੱਸ ਦਾ ਮਕਸਦ ਸੀ ਕਿ ਅਸੀਂ ਸਿਰਫ਼ ਪੰਜਾਬੀ ਨੂੰ ਪ੍ਰਮੋਟ ਕਰਾਂਗੇ ਤੇ ਪੰਜਾਬੀ 'ਚ ਹੀ ਸਾਰੇ ਡਰਾਮੇ ਕਰਾਂਗੇ।''

''ਉਸ ਤੋਂ ਬਾਅਦ ਰਾਣਾ ਅਫ਼ਵਾਦ, ਮੈਂ ਤੇ ਸ਼ਾਹੀਦ ਲੋਨ ਅਸੀਂ ਤਿੰਨ ਜਣਿਆ ਨੇ ਆਪਣਾ ਇੱਕ ਗਰੁੱਪ ਬਣਾਇਆ, ਜਿਸ ਦਾ ਨਾਂ ਸੀ ਸਾਂਝ ਥਿਏਟਰ ਗਰੁੱਪ।''

''ਇਸ ਗਰੁੱਪ ਨੇ ਫ਼ਿਰ ਗਾਰਡਨ ਟਾਊਨ, ਲਾਹੌਰ 'ਚ ਡਰਾਮੇ ਸ਼ੁਰੂ ਕੀਤੇ, ਅਖ਼ਤਰ ਕਜ਼ਲ ਬਾਜ਼ ਦੇ ਘਰ ਅਸੀਂ ਪੱਕੀ ਸਟੇਜ ਬਣਾ ਲਈ ਕਿਉਂਕਿ ਮਾਰਸ਼ਲ ਲਾਅ ਦਾ ਦੌਰ ਸੀ ਤੇ ਬਾਹਰ ਕਿਤੇ ਸਰਕਾਰੀ ਜਾਂ ਪ੍ਰਾਈਵੇਟ ਹਾਲ 'ਚ ਡਰਾਮਾ ਕਰਨ ਦੀ ਇਜਾਜ਼ਤ ਨਹੀਂ ਸੀ ਮਿਲਦੀ।''

''ਜਦੋਂ ਮਦੀਹਾ ਇੰਗਲੈਂਡ ਤੋਂ ਪੜ੍ਹ ਕੇ ਵਾਪਸ ਆਏ ਤਾਂ ਉਨ੍ਹਾਂ ਅਜੋਕਾ ਥਿਏਟਰ ਦੇ ਨਾਂ ਨਾਲ ਹੀ ਆਪਣਾ ਗਰੁੱਪ ਦੁਬਾਰਾ ਬਣਾਇਆ।''

Image copyright Getty Images

''ਜ਼ਿਆਦਾਤਾਰ ਡਰਾਮੇ ਉਨ੍ਹਾਂ ਨੇ ਜਰਮਨ ਕਲਚਰ ਸੈਂਟਰ ਅਤੇ ਗੋਇਥੇ ਸੈਂਟਰ, ਗੁਲਬਰਗ, ਲਾਹੌਰ 'ਚ ਕੀਤੇ।''

''ਉਧਰ ਅਸੀਂ ਆਪਣੀ ਪੱਕੀ ਸਟੇਜ ਬਣਾ ਲਈ ਸੀ, ਪਰ ਸਾਡੇ ਦਰਮਿਆਨ ਚੰਗਾ ਉਸਤਾਦ-ਸ਼ਾਗਿਰਦ ਵਾਲਾ ਤੇ ਦੋਸਤਾਨਾ ਮਾਹੌਲ ਵੀ ਰਿਹਾ।''

''ਅਸੀਂ ਇੱਕ-ਦੂਜੇ ਦੇ ਸਾਹਮਣੇ ਨਾਟਕਾਂ 'ਚ ਕੰਮ ਵੀ ਕਰਦੇ ਰਹੇ।''

''ਜਦੋਂ ਥਿਏਟਰ ਫ਼ੈਸਟੀਵਲ ਲਈ ਇੰਟਰਨੈਸ਼ਨਲ ਪੱਧਰ 'ਤੇ ਨੋਮੀਨੇਸ਼ਨ ਗਈਆਂ ਤਾਂ ਦੋ ਦਫ਼ਾ ਇਸ ਤਰ੍ਹਾਂ ਹੋਇਆ ਕਿ ਸਾਡੇ ਨਾਟਕਾਂ ਦੀ ਸਿਲੈਕਸ਼ਨ ਹੋਈ ਅਤੇ ਅਜੋਕਾ ਥਿਏਟਰ ਦੀ ਨਾ ਹੋ ਸਕੀ।''

''ਪਰ ਜਦੋਂ ਵੀ ਅਸੀਂ ਮਿਲਦੇ ਸੀ ਚੰਗੇ ਤਾਲੁਕਾਤ ਨਾਲ ਮਿਲਦੇ ਸੀ ਤੇ ਜਿਵੇਂ ਮੁਕਾਬਲੇਬਾਜ਼ੀ 'ਚ ਇੱਕ ਦੂਜੇ ਨੂੰ ਟਿੱਚਰਾਂ ਕਰ ਲੈਂਦੇ ਹਾਂ ਜਾਂ ਸ਼ੁਗਲ ਕਰ ਲੈਂਦੇ ਹਾਂ ਉਸ ਤਰ੍ਹਾਂ ਦੋਸਤਾਨਾ ਤੇ ਮੁਹੱਬਤ ਦਾ ਰਵੱਈਆ ਮਦੀਹਾ ਗੌਹਰ ਨਾਲ ਸਾਡਾ ਰਿਹਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)