ਕਿਉਂ ਕਿਮ ਜੋਂਗ ਹੋਏ ਦੱਖਣੀ ਕੋਰੀਆ ਨਾਲ ਗੱਲਬਾਤ ਲਈ ਰਾਜ਼ੀ, ਜਾਣੋ ਸਮਿਟ ਦੇ ਪਿੱਛੇ ਦੀ ਕਹਾਣੀ

ਕੋਰੀਆ Image copyright Getty Images

ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ-ਉਨ ਅਤੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਸ਼ੁੱਕਰਵਾਰ ਸਵੇਰੇ ਇੱਕ ਉੱਚ ਪੱਧਰੀ ਬੈਠਕ ਤਹਿਤ ਪੈਨਮੰਜੋਮ ਦੇ ਟਰੂਸ ਪਿੰਡ ਵਿੱਚ ਮੁਲਾਕਾਤ ਕਰ ਰਹੇ ਹਨ।

2007 ਤੋਂ ਬਾਅਦ ਇਹ ਆਪਣੇ ਕਿਸਮ ਦੀ ਪਹਿਲੀ ਉੱਚ ਪੱਧਰੀ ਬੈਠਕ ਹੈ ਅਤੇ ਇਸ ਬੈਠਕ ਤੋਂ ਉਮੀਦ ਇਹ ਲਗਾਈ ਜਾ ਰਹੀ ਹੈ ਕਿ ਇਸ ਦੌਰਾਨ ਫ਼ੋਕਸ ਪਰਮਾਣੂ ਹਥਿਆਰਾਂ ਨੂੰ ਛੱਡਣ ਅਤੇ ਰਿਸ਼ਤਿਆਂ ਨੂੰ ਬਿਹਤਰ ਕਰਨ 'ਤੇ ਹੋਵੇਗਾ।

ਇਸ ਸਾਲ ਹੋਈਆਂ ਸਰਦ ਓਲੰਪਿਕਸ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਸੁਧਰੇ ਰਿਸ਼ਤਿਆਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਉੱਤਰੀ ਕੋਰੀਆ ਦੇ ਇਰਾਦਿਆਂ ਬਾਰੇ ਵੀ ਸ਼ੱਕ ਹੈ। 20 ਅਪ੍ਰੈਲ ਨੂੰ ਉੱਤਰੀ ਕੋਰੀਆ ਨੇ ਆਪਣੇ ਪਰਮਾਣੂ ਅਤੇ ਮਿਜ਼ਾਇਲ ਟੈਸਟਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ।

ਹੋ ਕੀ ਰਿਹਾ ਹੈ?

2016 ਅਤੇ 2017 ਵਿੱਚ ਉੱਤਰੀ ਕੋਰੀਆ ਵੱਲੋਂ ਲੜੀਵਾਰ ਹੋਏ ਮਿਜ਼ਾਇਲਾਂ ਦੇ ਟੈਸਟ ਕਰਕੇ ਉੱਤਰੀ ਅਤੇ ਦੱਖਣੀ ਕੋਰੀਆ ਵਿਚਾਲੇ ਬਹੁਤ ਤਣਾਅ ਰਿਹਾ ਸੀ।

ਉੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਦੇ ਵਿਸਥਾਰ ਕਰਕੇ ਉਸ ਉੱਤੇ ਸਖ਼ਤ ਕੌਮਾਂਤਰੀ ਪਾਬੰਦੀਆਂ ਲੱਗੀਆਂ ਸਨ। ਇਸ ਵਰਤਾਰੇ ਨੂੰ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ-ਹੋ ਨੇ ''ਪਹਿਲਾਂ ਕਦੇ ਨਾ ਹੋਏ ਬੇਇਨਸਾਫ਼ੀ ਵਾਲੇ ਕੰਮ'' ਦੱਸਿਆ ਸੀ।

Image copyright Reuters
ਫੋਟੋ ਕੈਪਸ਼ਨ ਕਿਮ ਜੋਂਗ ਉਨ ਦੀ ਪੁਰਾਣੀ ਤਸਵੀਰ

ਹੈਰਾਨੀ ਉਦੋਂ ਹੋਈ ਸੀ ਜਦੋਂ ਨਵੇਂ ਸਾਲ ਮੌਕੇ ਆਪਣੇ ਭਾਸ਼ਣ ਵਿੱਚ ਕਿਮ ਜੋਂਗ-ਉਨ ਨੇ ਇੱਕ ਵਫ਼ਦ ਨੂੰ ਸਰਦ ਓਲੰਪਿਕਸ 'ਚ ਭੇਜਣ ਦੀ ਅਤੇ ਅੰਤਰ ਕੋਰੀਆਈ ਰਿਸ਼ਤਿਆਂ 'ਚ ਸੁਧਾਰ ਦੀ ਇੱਛਾ ਜ਼ਾਹਿਰ ਕੀਤੀ ਸੀ।

ਸਿਓਲ ਨੇ ਕਿਮ ਦੀ ਇਸ ਪੇਸ਼ਕਸ਼ ਦਾ ਸਵਾਗਤ ਕੀਤਾ ਅਤੇ ਉੱਤਰ ਕੋਰੀਆ ਦੀ ਖੇਡਾਂ 'ਚ ਸ਼ਮੂਲੀਅਤ ਨੂੰ ਲੈ ਕੇ ਲੜੀਵਾਰ ਬੈਠਕਾਂ ਨੂੰ ਸ਼ੁਰੂ ਕੀਤਾ।

ਇਹ ਨਵੇਂ ਰਿਸ਼ਤੇ ਓਲੰਪਿਕ ਦੇ ਬਾਅਦ ਵੀ ਜਾਰੀ ਰਹੇ ਅਤੇ ਅਖੀਰ ਵਿੱਚ ਇਹ ਰਿਸ਼ਤੇ ਅੰਤਰ-ਕੋਰੀਆਈ ਸਿਖਰ ਸੰਮੇਲਨ ਦੇ ਐਲਾਨ ਤੱਕ ਜਾ ਪਹੁੰਚੇ।

20 ਅਪ੍ਰੈਲ ਨੂੰ ਕਿਮ ਨੇ ਐਲਾਨ ਕੀਤਾ ਕਿ ਉੱਤਰੀ ਕੋਰੀਆ ਪਰਮਾਣੂ ਅਤੇ ਮਿਜ਼ਾਈਲ ਪ੍ਰੀਖਣਾਂ ਨੂੰ ਰੋਕ ਦੇਵੇਗਾ ਕਿਉਂਕਿ ਉਹ 'ਪਰਮਾਣੂ ਸ਼ਕਤੀ ਵਾਲਾ ਦੇਸ' ਬਣ ਗਿਆ ਹੈ ਇਸ ਲਈ ਹੁਣ ਇਹ ਪ੍ਰੀਖਣ "ਲੋੜੀਂਦੇ" ਨਹੀਂ ਹਨ।

Image copyright AFP

ਕਿਮ ਦੇ ਇਸ ਐਲਾਨ ਦਾ ਸਵਾਗਤ ਕੌਮਾਂਤਰੀ ਪੱਧਰ 'ਤੇ ਹੋਇਆ ਪਰ ਦੱਖਣੀ ਕੋਰੀਆ ਦੇ ਕੁਝ ਸਿਆਸੀ ਦਲਾਂ ਅਤੇ ਮੀਡੀਆ ਅਦਾਰਿਆਂ ਨੇ ਉੱਤਰੀ ਕੋਰੀਆ ਦੇ ਮਨਸ਼ਾ 'ਤੇ ਸ਼ੱਕ ਜ਼ਾਹਿਰ ਕੀਤਾ।

ਉੱਤਰੀ ਕੋਰੀਆ ਨੇ ਅਜਿਹਾ ਐਲਾਨ ਪਹਿਲੀ ਵਾਰ ਨਹੀਂ ਕੀਤਾ ਹੈ।

ਉੱਚ ਪੱਧਰੀ ਬੈਠਕ ਦੇ ਫਾਇਨਲ ਏਜੰਡੇ ਦਾ ਅਜੇ ਐਲਾਨ ਨਹੀਂ ਹੋਇਆ ਪਰ ਦੋਵੇਂ ਲੀਡਰਾਂ ਦੀ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਅਤੇ ਦੋਵੇਂ ਦੇਸਾਂ ਦੇ ਸਬੰਧ ਸੁਧਾਰਣ ਬਾਰੇ ਗੱਲ ਹੋਣ ਦੀ ਉਮੀਦ ਹੈ।

ਹੁਣ ਤੱਕ ਪ੍ਰਤੀਕਿਰਿਆ ਕੀ ਰਹੀ?

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨੇ ਉੱਤਰੀ ਕੋਰੀਆ ਦੇ ਨਾਲ ਘਟਦੇ ਤਣਾਅ ਦਾ ਸਵਾਗਤ ਕੀਤਾ ਹੈ।

19 ਅਪ੍ਰੈਲ ਨੂੰ ਉਨ੍ਹਾਂ ਕਿਹਾ ਸੀ, ''ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ, ਕੁਝ ਮਹੀਨੇ ਪਹਿਲਾਂ ਯੁੱਧ ਦਾ ਪਰਛਾਵਾਂ ਕੋਰੀਅਨ ਪ੍ਰਾਇਦੀਪ ਵਿੱਚ ਫ਼ੌਜੀ ਤਣਾਅ ਕਾਰਨ ਵਧਿਆ ਸੀ।''

18 ਅਪ੍ਰੈਲ ਨੂੰ ਉੱਤਰੀ ਕੋਰੀਆ ਦੇ ਰੋਡੋਂਗ ਸਿਨਮੁੰਨ ਅਖ਼ਬਾਰ ਨੇ ਸਮਿਟ ਦੇ ਹੋਣ ਪਿੱਛੇ ਕਿਮ ਦੀ "ਦ੍ਰਿੜ ਇੱਛਾ ਅਤੇ ਮਹਾਨ ਫ਼ੈਸਲੇ" ਨੂੰ ਵਜ੍ਹਾ ਦੱਸਿਆ ਸੀ।

ਕਿਮ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਅਖ਼ਬਾਰ ਨੇ ਕਿਹਾ ਕਿ "ਆਜ਼ਾਦ ਰੂਪ ਵਿੱਚ ਮੁੜ ਇੱਕਠੇ ਹੋਣ ਦਾ ਉਹ ਦਿਨ ਜ਼ਰੂਰ ਆਵੇਗਾ, ਜਿਸ ਦੀ ਸਾਡੀ ਕੌਮ ਨੇ ਕਈ ਵਾਰ ਇੱਛਾ ਕੀਤੀ ਹੈ।"

Image copyright Getty Images

ਉੱਤਰੀ ਕੋਰੀਆ ਦੇ ਪਰਮਾਣੂ ਪ੍ਰੀਖਣਾਂ ਨੂੰ ਰੋਕਣ ਦੇ ਫ਼ੈਸਲੇ ਤੋਂ ਬਾਅਦ ਕਈ ਪ੍ਰਤੀਕਰਮ ਸਾਹਮਣੇ ਆਏ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ''ਉੱਤਰੀ ਕੋਰੀਆ ਦਾ ਇਹ ਫ਼ੈਸਲਾ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਵੱਲ ਚੰਗਾ ਕਦਮ ਹੈ ਅਤੇ ਇਹ ਪੂਰੀ ਦੁਨੀਆਂ ਦੀ ਇੱਛਾ ਹੈ।''

ਦੱਖਣੀ ਕੋਰੀਆ ਦੀ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਨੇ ਕਿਹਾ, ''ਉੱਤਰੀ ਕੋਰੀਆ ਦਾ ਮਤਾ ਕੋਰੀਆਈ ਪ੍ਰਾਇਦੀਪ ਉੱਤੇ ਸ਼ਾਂਤੀ ਅਤੇ ਦੋਹਾਂ ਮੁਲਕਾਂ ਨੂੰ ਖੁਸ਼ਹਾਲੀ ਵੱਲ ਪਹੁੰਚਾਵੇਗਾ।''

ਸਾਊਥ ਕੋਰੀਆ ਦੇ ਰੋਜ਼ਾਨਾ ਅਖ਼ਬਾਰ ਹੈਂਕਯੋਰੇਹ ਨੇ ਉੱਤਰੀ ਕੋਰੀਆ ਦੇ ਇਸ ਕਦਮ ਨੂੰ ''ਪਿਓਂਗਯਾਂਗ ਦੀ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਦੀ ਗੰਭੀਰਤਾ ਦਾ ਇੱਕ ਸਪਸ਼ਟ ਸੰਕੇਤ'' ਦੱਸਿਆ ਹੈ।

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਇਸ ਐਲਾਨ ਦੀ ਪ੍ਰਸ਼ੰਸਾ ਕੀਤੀ, ਖ਼ਬਰ ਏਜੰਸੀ KCNA ਨੇ ਇਸ ਨੂੰ ''ਆਰਥਿਕ ਅਤੇ ਪਰਮਾਣੂ ਵਿਕਾਸ ਦੇ ਮੋਰਚਿਆਂ ਦੇ ਸਮਕਾਲੀ ਵਿਕਾਸ ਦੀ ਜਿੱਤ'' ਦੱਸਿਆ।

ਹਾਲਾਂਕਿ ਦੱਖਣੀ ਕੋਰੀਆ ਦੇ ਕੁਝ ਮੀਡੀਆ ਅਦਾਰੇ ਅਤੇ ਨੇਤਾ ਪਿਓਂਗਯਾਂਗ ਦੇ ਇਸ ਕਦਮ ਨੂੰ ਸ਼ੱਕੀ ਨਿਗਾਹ ਨਾਲ ਦੇਖਦੇ ਹਨ।

ਕੰਜ਼ਰਵੇਟਿਵ ਰੋਜ਼ਾਨਾ ਅਖ਼ਬਾਰ ਜੂੰਗਐਂਗ ਲਬੋ ਮੁਤਾਬਕ ਪਾਬੰਦੀਆਂ ਅਤੇ ਕੌਮਾਂਤਰੀ ਦਬਾਅ ਕਰਕੇ ਕਿਮ ਨੇ ਇਹ ਐਲਾਨ ਕੀਤਾ ਹੈ।

Image copyright Getty Images

ਅਖ਼ਬਾਰ ਨੇ ਲਿਖਿਆ, ''ਜਦੋਂ ਕੌਮਾਂਤਰੀ ਪਾਬੰਦੀਆਂ ਅਤੇ ਦਬਾਅ ਦਾ ਉੱਤਰੀ ਕੋਰੀਆ ਉੱਤੇ ਸੀ, ਤਾਂ ਇਹ ਐਲਾਨ ਉੱਤਰੀ ਕੋਰੀਆ ਦੇ ਆਰਥਿਕ ਵਿਕਾਸ ਲਈ ਲਾਜ਼ਮੀ ਸੀ ਅਤੇ ਕਿਮ ਜੋਂਗ-ਉਨ ਨੂੰ ਪਤਾ ਸੀ ਕਿ ਉਹ ਮੁਸ਼ਕਿਲ ਵਿੱਚ ਹਨ।''

ਵਿਰੋਧੀ ਲਿਬਰਟੀ ਕੋਰੀਆ ਪਾਰਟੀ ਨੇ ਕਿਹਾ ਕਿ ਉੱਤਰੀ ਕੋਰੀਆ ਦੀ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਪ੍ਰਤੀਬੱਧਤਾ ''ਪੂਰਨ, ਪੁਸ਼ਟੀਯੋਗ ਅਤੇ ਸਥਾਈ''ਨਹੀਂ ਹੈ।

ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਉੱਤਰੀ ਕੋਰੀਆ ਦੇ ਇਸ ਐਲਾਨ ਦਾ ਸਵਾਗਤ ਕਰਦੇ ਹੋਏ ਇਸ ਨੂੰ ''ਹਾਂਮੁਖੀ ਕਾਰਜ'' ਦੱਸਿਆ ਹੈ।

ਪਰ ਉਨ੍ਹਾਂ ਨਾਲ ਹੀ ਕਿਹਾ ਕਿ ਜਪਾਨ ਵੱਲੋਂ ਉੱਤਰੀ ਕੋਰੀਆ ਉੱਤੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਨੂੰ ਛੱਡਣ ਲਈ ਦਬਾਅ ਬਣਾਉਣ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਸਮਿਟ ਦੌਰਾਨ ਕੀ ਕੁਝ ਹੋ ਸਕਦਾ ਹੈ?

ਉੱਤਰੀ ਕੋਰੀਆ ਦੇ ਪਰਮਾਣੂ ਪ੍ਰੀਖਣਾਂ ਨੂੰ ਰੋਕਣ ਦੇ ਐਲਾਨ ਤੋਂ ਪਰੇ ਦੱਖਣੀ ਕੋਰੀਆ ਵੱਲੋਂ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਖ਼ਤਮ ਕਰਨ ਲਈ ਦਬਾਅ ਪਾਉਣ ਦੀ ਸੰਭਾਵਨਾ ਹੈ।

ਬਿਨ੍ਹਾਂ ਨਾਂ ਦੱਸੇ ਇੱਕ ਦੱਖਣੀ ਕੋਰੀਆਈ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ, ਯੋਨਹੈਪ ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ ਅਜਿਹੇ ਯਤਨਾਂ ਨੂੰ ''ਮਜ਼ਬੂਤ ਪੁਸ਼ਟੀ'' ਦੀ ਲੋੜ ਪਵੇਗੀ।

ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਅਤੇ ਦੋਵਾਂ ਮੁਲਕਾਂ ਵਿਚਾਲੇ ਬਿਹਤਰ ਰਿਸ਼ਤਿਆਂ ਲਈ ਆਰਥਿਕ ਸਹਿਯੋਗ ਦੀ ਅਹਿਮ ਭੂਮਿਕਾ ਰਹੇਗੀ, ਪਰ ਪਾਬੰਦੀਆਂ ਰਾਹ ਦਾ ਰੋੜਾ ਰਹਿਣਗੀਆਂ।

Image copyright Getty Images

ਦੋਵੇਂ ਮੁਲਕ ਇੱਕ ਪੂਰਨ ਸ਼ਾਂਤੀ ਸਮਝੌਤੇ ਲਈ ਵਿਚਾਰ ਕਰ ਸਕਦੇ ਹਨ ਤਾਂ ਜੋ ਅਧਿਕਾਰਿਤ ਤੌਰ 'ਤੇ ਕੋਰੀਆਈ ਜੰਗ ਦਾ ਅੰਤ ਕੀਤਾ ਜਾ ਸਕੇ, ਜਿਵੇਂ ਕਿ 1953 ਵਿੱਚ ਇੱਕ ਜੰਗੀ ਸਮਝੌਤਾ ਪਾਸ ਹੋਇਆ ਸੀ।

27 ਅਪ੍ਰੈਲ ਦੀ ਇਹ ਮੀਟਿੰਗ ਆਉਣ ਵਾਲੇ ਸਮੇਂ ਵਿੱਚ ਕਿਮ ਜੋਂਗ-ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਮਈ ਜਾਂ ਜੂਨ 'ਚ ਹੋਣ ਵਾਲੀ ਸਮਿਟ ਲਈ ਜ਼ਮੀਨੀ ਪੱਧਰ 'ਤੇ ਤਿਆਰੀ ਲਈ ਉਮੀਦ ਦੇ ਤੌਰ 'ਤੇ ਵੀ ਦੇਖੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)