ਪੇਰੂ 'ਚ 140 ਬੱਚਿਆਂ ਦੀ 'ਬਲੀ' ਦੇ ਨਿਸ਼ਾਨ ਮਿਲੇ

ਬੱਚਿਆਂ ਅਤੇ ਇਲੀਮਿਆਂ ਦੇ ਕੰਕਾਲ Image copyright GABRIEL PRIETO/NATIONAL GEOGRAPHIC

ਨੈਸ਼ਨਲ ਜੀਓਗ੍ਰਾਫਿਕ ਸੁਸਾਇਟੀ ਦੀ ਖੋਜ ਨੇ ਰੌਂਗਟੇ ਖੜ੍ਹੇ ਕਰਨ ਵਾਲਾ ਖੁਲਾਸਾ ਕੀਤਾ ਹੈ।

ਪੁਰਾਤੱਤਵ ਮਾਹਿਰਾਂ ਨੂੰ ਇੱਕੋ ਵੇਲੇ ਬਲੀ ਦੇ ਕੇ ਦਫ਼ਨਾਏ ਗਏ ਬੱਚਿਆਂ ਦੀ ਇੱਕ ਸਮੂਹਿਕ ਕਬਰ ਮਿਲੀ ਹੈ। ਦਾਅਵੇ ਮੁਤਾਬਕ ਇਹ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਸਮੂਹਿਕ ਬਾਲ-ਬਲੀ ਦੀ ਘਟਨਾ ਹੋ ਸਕਦੀ ਹੈ।

ਪੇਰੂ ਦੇ ਉੱਤਰੀ ਤਟੀ ਖੇਤਰ ਵਿੱਚ ਮਿਲੀ ਕਬਰ ਤਕਰੀਬਨ 550 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਇਸ ਵਿੱਚ 140 ਬੱਚਿਆਂ ਦੇ ਕੰਕਾਲ ਮਿਲੇ ਹਨ।

ਇਹ ਇਲਾਕਾ ਪੁਰਾਤਨ ਚਿੰਮੂ ਸੱਭਿਅਤਾ ਨਾਲ ਸਬੰਧਤ ਖਿੱਤੇ ਦੇ ਨੇੜੇ ਮੌਜੂਦਾ ਟਰੂਜੀਲੋ ਸ਼ਹਿਰ ਦੇ ਨੇੜੇ ਪੈਂਦਾ ਹੈ।

ਖੋਜ ਮੁਤਾਬਕ ਊਠ ਵਰਗੇ ਜਾਨਵਰ ਲਾਮਾ ਦੇ 200 ਬੱਚਿਆਂ ਦੀ ਬਲੀ ਵੀ ਇਨਸਾਨੀ ਬੱਚਿਆਂ ਦੇ ਨਾਲ ਹੀ ਦਿੱਤੀ ਗਈ ਸੀ। ਲਾਮਾ ਇੱਕ ਊਠ ਪ੍ਰਜਾਤੀ ਦਾ ਜਾਨਵਰ ਹੈ।

ਇਹ ਖੋਜ ਨੈਸ਼ਨਲ ਜੀਓਗ੍ਰਾਫਿਕ ਸੁਸਾਇਟੀ ਵੱਲੋਂ ਦਿੱਤੀ ਗਰਾਂਟ ਨਾਲ ਕੀਤੀ ਗਈ ਹੈ ਇਸ ਲਈ ਇਸ ਖੋਜ ਦੇ ਨਤੀਜੇ ਨੈਸ਼ਨਲ ਜੀਓਗ੍ਰਾਫਿਕ ਦੀ ਵੈੱਬਸਾਇਟ ਉੱਤੇ ਨਸ਼ਰ ਕੀਤੇ ਗਏ ਹਨ।

40 ਬੱਚਿਆਂ ਤੇ 74 ਲਾਮਿਆਂ ਦੇ ਕੰਕਾਲ

ਖੋਜੀ ਟੀਮ ਦੇ ਮੁੱਖ ਖੋਜਕਾਰਾਂ ਵਿੱਚੋਂ ਇੱਕ ਜੌਹਨ ਵੇਰਾਨੋ ਨੇ ਪਬਲੀਕੇਸ਼ਨ ਨੂੰ ਦੱਸਿਆ, "ਮੈਂ ਆਪਣੇ ਤੌਰ 'ਤੇ ਕਦੇ ਅਜਿਹੀ ਉਮੀਦ ਨਹੀਂ ਕੀਤੀ ਸੀ ਅਤੇ ਮੈਨੂੰ ਲਗਦਾ ਹੈ ਕਿ ਨਾ ਹੀ ਕਿਸੇ ਹੋਰ ਨੇ ਅਜਿਹੀ ਕਲਪਨਾ ਕੀਤੀ ਹੋਵੇਗੀ।

ਇੱਕ 3500 ਸਾਲ ਪੁਰਾਣੇ ਮੰਦਰ ਦੇ ਖੰਡਰ ਦੀ ਖੁਦਾਈ ਦੌਰਾਨ, ਸਾਲ 2011 ਵਿੱਚ ਮਨੁੱਖੀ ਬਲੀ ਦੀ ਇੱਕ ਥਾਂ ਦਾ ਪਤਾ ਲਗਿਆ ਸੀ। ਇਹ ਥਾਂ ਹੂਆਂਚਕਿਊਟੋ-ਲਾਸ ਲਾਮਾਜ਼ ਵਿੱਚ ਸੀ। ਖੁਦਾਈ ਦੌਰਾਨ 40 ਬੱਚਿਆਂ 74 ਲਾਮਿਆਂ ਦੇ ਕੰਕਾਲ ਮਿਲੇ ਸਨ।

Image copyright GABRIEL PRIETO/NATIONAL GEOGRAPHIC
ਫੋਟੋ ਕੈਪਸ਼ਨ ਬੱਚਿਆਂ ਅਤੇ ਇਲੀਮਿਆਂ ਨੂੰ ਇਕੱਠਿਆ ਹੀ ਦਫਨਿਆ ਗਿਆ ਸੀ।

ਨੈਸ਼ਨਲ ਜੀਓਗ੍ਰਾਫਿਕ ਦੀ ਰਿਪੋਰਟ ਮੁਤਾਬਕ ਇਸ ਹਫ਼ਤੇ ਐਲਾਨੀ ਗਈ 140 ਬੱਚਿਆਂ ਦੀ ਸੂਚੀ ਵਿੱਚ ਪੀੜ੍ਹਤਾਂ ਦੀ ਉਮਰ 5 ਤੋਂ 14 ਸਾਲਾਂ ਦੇ ਵਿਚਕਾਰ ਹੈ ਉਨ੍ਹਾਂ ਵਿੱਚੋਂ ਵਧੇਰੇ ਬੱਚਿਆਂ ਦੀ ਉਮਰ ਅੱਠ ਤੋਂ 12 ਸਾਲ ਸੀ।

ਬੱਚਿਆਂ ਦੇ ਦਿਲ ਕੱਢੇ ਗਏ ਸਨ

ਬੱਚਿਆਂ ਦੀ ਛਾਤੀ ਦੀ ਹੱਡੀ (ਸਟਰਨਮ) ਉੱਪਰ ਕੱਟੇ ਜਾਣ ਦੇ ਨਿਸ਼ਾਨ ਹਨ। ਸਟਰਨਮ ਹੱਡੀ ਛਾਤੀ ਦੇ ਕੇਂਦਰ ਵਿੱਚ ਹੁੰਦੀ ਹੈ। ਬੱਚਿਆਂ ਦੀਆਂ ਪੱਸਲੀਆਂ ਵੀ ਨੁਕਸਾਨੀਆਂ ਹੋਈਆਂ ਹਨ- ਇਸ ਤੋਂ ਸੰਕੇਤ ਮਿਲਦੇ ਹਨ ਕਿ ਬੱਚਿਆਂ ਦੇ ਦਿਲ ਕੱਢੇ ਗਏ ਸਨ।

ਇਸ ਤੋਂ ਇਲਾਵਾ ਬੱਚਿਆਂ ਉੱਪਰ ਸੰਧੂਰ ਵਰਗੇ ਪਦਾਰਥ ਦਾ ਲੇਪ ਵੀ ਕੀਤਾ ਹੋਇਆ ਸੀ- ਜਿਸ ਦੀ ਵਰਤੋਂ ਆਮ ਤੌਰ 'ਤੇ ਬਲੀ ਦੀਆਂ ਰਸਮਾਂ ਦੌਰਾਨ ਕੀਤੀ ਜਾਂਦੀ ਸੀ।

ਬੱਚਿਆਂ ਦੇ ਨਾਲ ਹੀ ਬਲੀ ਦਿੱਤੇ ਗਏ ਇਲੀਮਿਆਂ ਦੀ ਉਮਰ ਵੀ 18 ਮਹੀਨਿਆਂ ਤੋਂ ਘੱਟ ਸੀ ਅਤੇ ਉਨ੍ਹਾਂ ਨੂੰ ਪੂਰਬ ਵੱਲ ਐਂਡੇਸ ਦੀਆਂ ਪਹਾੜੀਆਂ ਵੱਲ ਮੂੰਹ ਕਰਕੇ ਦਫ਼ਨਾਇਆ ਗਿਆ ਸੀ।

ਦੂਜੇ ਖੋਜਕਾਰ ਗੈਬਰਿਏਲ ਪ੍ਰੀਏਟੋ ਨੇ ਕਿਹਾ, "ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਕੀ ਹੋਇਆ ਸੀ ਤਾਂ ਉਨ੍ਹਾਂ ਦਾ ਪਹਿਲਾ ਸਵਾਲ ਹੁੰਦਾ ਹੈ, ਕਿਉਂ?

ਕੱਢੀ ਗਈ ਰਹਿੰਦ ਖੂੰਹਦ ਵਿੱਚੋਂ ਕਈ ਸੰਕੇਤ ਮਿਲਦੇ ਨੇ। ਜਿਸ ਗਾਰੇ ਦੀਆਂ ਤਹਿ ਵਿੱਚ ਇਹ ਕੰਕਾਲ ਦਬੇ ਮਿਲੇ ਹਨ, ਉਹ ਮੀਂਹ ਅਤੇ ਹੜ੍ਹਾਂ ਕਾਰਨ ਬਣੀ ਹੋਵੇਗੀ। ਗਾਰੇ ਦੀਆਂ ਇਸ ਤਰ੍ਹਾਂ ਦੀਆਂ ਪਰਤਾਂ ਖੁਸ਼ਕ ਖੇਤਰ ਵਿੱਚ ਪਏ ਮੀਂਹ ਅਤੇ ਹੜ੍ਹਾਂ ਕਾਰਨ ਬਣੀਆਂ ਹੋ ਸਕਦੀਆਂ ਹਨ। ਕਈ ਮਹੀਨਿਆਂ ਤੱਕ ਚੱਲਣ ਵਾਲੇ ਅਜਿਹੇ ਖ਼ਤਰਨਾਕ ਮੌਸਮ ਨੂੰ ਅਲ-ਨੀਨੋ (El Niño) ਕਿਹਾ ਜਾਂਦਾ ਹੈ।

ਮੌਸਮ ਦੀ ਕਰੋਪੀ ਰੋਕਣ ਲਈ ਦਿੱਤੀ ਗਈ ਸੀ ਬਲੀ

ਨੈਸ਼ਨਲ ਜੀਓਗ੍ਰਾਫਿਕਸ ਦੀ ਰਿਪੋਰਟ ਮੁਤਾਬਕ ਇਸ ਮੌਸਮ ਕਾਰਨ ਖਿੱਤੇ ਦੇ ਸਮੁੰਦਰ ਵਿਚਾਲੇ ਮੱਛੀ ਪਾਲਣ ਉੱਤੇ ਅਸਰ ਪਿਆ ਹੋਵੇਗਾ ਅਤੇ ਸਮੁੰਦਰੀ ਹੜ੍ਹਾਂ ਨੇ ਚਿੰਮੂ ਦੇ ਤਟੀ ਖੇਤਰਾਂ ਵਿੱਚ ਨਹਿਰਾਂ ਦੇ ਬੁਨਿਆਦੀ ਢਾਂਚੇ ਦਾ ਵੀ ਨੁਕਸਾਨ ਕੀਤਾ ਹੋਵੇਗਾ।

Image copyright Getty Images
ਫੋਟੋ ਕੈਪਸ਼ਨ ਬੱਚਿਆਂ ਦੇ ਨਾਲ ਹੀ ਬਲੀ ਦਿੱਤੇ ਗਏ ਲਾਮਿਆਂ ਦੀ ਉਮਰ ਵੀ 18 ਮਹੀਨਿਆਂ ਤੋਂ ਘੱਟ ਸੀ (ਸੰਕੇਤਕ ਸਤਵੀਰ)

ਜੀਵ-ਪੁਰਾਤੱਤਵ ਵਿਗਿਆਨੀ ਹਾਗੇਨ ਕਲੌਜ਼ ਨੇ ਨੈਸ਼ਨਲ ਜਿਊਗ੍ਰਾਫ਼ਿਕ ਨੂੰ ਦੱਸਿਆ ਕਿ ਜਦੋਂ ਮੌਸਮੀ ਬਦਲਾਅ ਦੇ ਇਸ ਦੌਰ ਵਿੱਚ ਤਬਾਹੀ ਰੋਕਣ ਲਈ ਵੱਡਿਆਂ ਦੀਆਂ ਬਲੀਆਂ ਨਾਲ ਕੋਈ ਫਰਕ ਨਹੀਂ ਪਿਆ ਹੋਵੇਗਾ ਤਾਂ ਬੱਚਿਆਂ ਦੀ ਬਲੀ ਦਿੱਤੀ ਗਈ ਹੋਵੇਗੀ।

ਉਨ੍ਹਾਂ ਕਿਹਾ,"ਲੋਕ ਉਸੇ ਚੀਜ਼ ਦੀ ਕੁਰਬਾਨੀ ਦਿੰਦੇ ਸਨ ਜੋ ਉਨ੍ਹਾਂ ਨੂੰ ਸਭ ਤੋਂ ਵੱਧ ਪਿਆਰੀ ਹੁੰਦੀ ਸੀ ਉਨ੍ਹਾਂ ਨੂੰ ਲੱਗਿਆ ਹੋਵੇਗਾ ਕਿ ਬਾਲਗਾਂ ਦੀ ਬਲੀ ਦਾ ਮੀਂਹ ਰੋਕਣ ਵਿੱਚ ਕੋਈ ਲਾਭ ਨਹੀਂ ਮਿਲਿਆ ਤਾਂ ਨਵੇਂ ਕਿਸਮ ਦੀ ਬਲੀ ਦੀ ਲੋੜ ਮਹਿਸੂਸ ਕੀਤੀ ਗਈ ਹੋਵੇਗੀ।"

ਕਾਰਬਨ ਡੇਟਿੰਗ ਤਕਨੀਕ ਰਾਹੀਂ ਇਸ ਘਟਨਾ ਦੇ 1400 ਤੋਂ 1450 ਈਸਵੀਂ ਸੰਨ ਦੌਰਾਨ ਵਾਪਰਨ ਦਾ ਅੰਦਾਜ਼ਾ ਲਾਇਆ ਗਿਆ ਹੈ।

ਚਿੰਮੂ ਲੋਕ, ਚੰਦਰਮਾਂ ਦੀ ਪੂਜਾ ਕਰਦੇ ਸਨ ਅਤੇ ਉਨ੍ਹਾਂ ਨੂੰ ਕੁਝ ਦਹਾਕਿਆਂ ਬਾਅਦ ਹੀ ਇਨਕਾ ਸੱਭਿਅਤਾ ਨੇ ਗੁਲਾਮ ਬਣਾ ਲਿਆ ਸੀ। ਇਸ ਤੋਂ 50 ਸਾਲ ਬਾਅਦ ਸਪੈਨਿਸ਼ ਲੋਕਾਂ ਨੇ ਦੱਖਣੀ ਅਮਰੀਕਾ ਵਿੱਚ ਆ ਕੇ ਇਨਕਾ ਸਾਮਰਾਜ ਨੂੰ ਹਰਾ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ