ਕੀ ਬੀਪੀਓ ਸੈਕਟਰ ਵਿੱਚ ਵਿਅਤਨਾਮ ਦੇ ਸਕਦਾ ਭਾਰਤ ਨੂੰ ਟੱਕਰ?

ਵਿਅਤਨਾਮ

ਵਿਅਤਨਾਮ ਬਿਜ਼ਨੈਸ ਪ੍ਰੋਸੈਸ ਆਊਟਸੋਰਸਿੰਗ ਜਾਂ ਬੀਪੀਓ ਜਗਤ ਦਾ ਇੱਕ ਤੇਜ਼ੀ ਨਾਲ ਉਭਰਦਾ ਦੇਸ ਹੈ। ਭਾਰਤ ਹੁਣ ਵੀ ਇਸ ਉਦਯੋਗ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਦੇਸ ਹੈ। ਚੀਨ ਦੂਜੇ ਨੰਬਰ 'ਤੇ ਅਤੇ ਫਿਲੀਪੀਨਸ ਤੀਜੇ ਸਥਾਨ 'ਤੇ ਹੈ।

ਪਰ ਵਿਅਤਨਾਮ ਦੀ ਗਿਣਤੀ ਹੁਣ ਬੀਪੀਓ ਉਦਯੋਗ ਦੇ 10 ਵੱਡੇ ਦੇਸਾਂ ਵਿੱਚ ਹੁੰਦੀ ਹੈ।

ਕੀ ਹੈ ਬੀਪੀਓ?

ਪੈਸੇ ਦੀ ਬਚਤ ਲਈ ਵੱਡੇ ਅਤੇ ਮਹਿੰਗੇ ਦੇਸਾਂ ਦੀਆਂ ਕੰਪਨੀਆਂ ਆਪਣੇ ਬੈਕ ਆਫਿਸ ਦੇ ਕੰਮ ਨੂੰ ਸਸਤੇ ਦੇਸਾਂ ਵਿੱਚ ਭੇਜਦੀਆਂ ਹਨ। ਇਨ੍ਹਾਂ ਵਿੱਚ ਦਸਤਾਵੇਜ਼, ਡਾਟਾ ਅਤੇ ਕਾਲ ਸੈਂਟਰ, ਖ਼ਾਸ ਕੰਮ ਹਨ।

ਸਸਤੇ ਦੇਸਾਂ ਵਿੱਚ ਦਿਹਾੜੀ ਅਤੇ ਤਨਖਾਹ ਘਟ ਹੋਣ ਕਾਰਨ ਵੱਡੀਆਂ ਕੰਪਨੀਆਂ ਆਪਣੇ ਇਨ੍ਹਾਂ ਕੰਮਾਂ ਨੂੰ ਇਨ੍ਹਾਂ ਦੇਸਾਂ ਵਿੱਚ ਭੇਜਦੀਆਂ ਹਨ। ਇਸ ਪ੍ਰਕਿਰਿਆ ਨੂੰ ਬਿਜ਼ਨੈਸ ਪ੍ਰੋਸੈਸ ਆਊਟਸੌਰਸਿੰਗ ਕਹਿੰਦੇ ਹਨ।

ਪੂਰੀ ਦੁਨੀਆਂ ਦੀ ਗੱਲ ਕਰੀਏ ਤਾਂ ਇਹ ਉਦਯੋਗ ਜਾਂ ਵਪਾਰ 280 ਅਰਬ ਡਾਲਰ ਦਾ ਹੈ। ਅਮਰੀਕਾ ਅਜਿਹੇ ਕੰਮਾਂ ਨੂੰ ਸਸਤੇ ਦੇਸਾਂ ਵਿੱਚ ਭੇਜਣ ਵਾਲਾ ਸਭ ਤੋਂ ਵੱਡਾ ਦੇਸ ਹੈ। ਅਮਰੀਕਾ ਦਾ 65 ਪ੍ਰਤੀਸ਼ਤ ਕੰਮ ਭਾਰਤ ਨੂੰ ਭੇਜਿਆ ਜਾਂਦਾ ਹੈ।

ਭਾਰਤ ਵਿੱਚ 2015 ਦੀ ਰਿਪੋਰਟ ਮੁਤਾਬਕ ਇਹ ਉਦਯੋਗ 30 ਅਰਬ ਡਾਲਰ ਸਾਲਾਨਾ ਦਾ ਹੈ। ਚੀਨ ਵਿੱਚ 24 ਅਰਬ ਦਾ ਅਤੇ ਵਿਅਤਨਾਮ ਵਿੱਚ ਇਹ ਉਦਯੋਗ 2 ਅਰਬ ਡਾਲਰ 'ਤੇ ਟਿਕਿਆ ਹੈ।

ਇਸ ਤਰ੍ਹਾਂ ਵਿਅਤਨਾਮ ਭਾਰਤ ਤੋਂ ਕਿੰਨਾ ਪਿੱਛੇ ਹਨ। ਪਰ ਦੋ ਕਾਰਨਾਂ ਕਰਕੇ ਸਾਰਿਆਂ ਦੀ ਨਜ਼ਰਾਂ ਵਿਅਤਨਾਮ 'ਤੇ ਹਨ।

ਇੱਕ ਤਾਂ ਇੱਥੇ ਇਸ ਉਦਯੋਗ ਦੀ ਵਿਕਾਸ ਦਰ 20 ਫੀਸਦ ਸਾਲਾਨਾ ਹੈ ਅਤੇ ਦੂਜਾ ਇਹ ਕਿ ਇਸ ਦੇਸ ਨੇ ਆਪਣਾ ਵੱਖਰਾ ਰਸਤਾ ਚੁਣਿਆ ਹੈ ਅਤੇ ਵੱਖਰੀ ਮਾਰਕਿਟ ਵੀ।

ਅਸੀਂ ਇਸ ਉਦਯੋਗ ਦੀ ਤਰੱਕੀ ਦੇਖਣ ਵਿਅਤਨਾਮ ਦੀ ਸਭ ਤੋਂ ਵੱਡੀ ਬੀਪੀਓ ਕੰਪਨੀ ਡਿਜੀ ਟੈਕਸ ਦੇ ਦਫ਼ਤਰ ਗਏ। ਬੰਗਲੁਰੂ ਵਿੱਚ ਅਸੀਂ ਕਈ ਤਰ੍ਹਾਂ ਦਫ਼ਤਰ ਦੇਖੇ ਹਨ।

ਮੈਨੂੰ ਲੱਗਿਆ ਇਹ ਦਫ਼ਤਰ ਬੰਗਲੁਰੂ ਵਿੱਚ ਵੀ ਹੋ ਸਕਦਾ ਸੀ। ਉੱਥੇ ਮਾਹੌਲ, ਉਹੀ ਉਤਸ਼ਾਹ ਅਤੇ ਉੱਥੇ ਨੌਜਵਾਨ ਐਨਰਜੀ।

ਕੰਪਨੀ ਦੇ ਮਾਲਕ ਫ੍ਰੈਂਕ ਸ਼ੇਲੇਨਬਰਗ ਜਰਮਨੀ ਦੇ ਹੈ। ਉਨ੍ਹਾਂ ਇਹ ਕੰਪਨੀ 2002 ਵਿੱਚ ਖੋਲੀ ਹੈ।

ਉਹ ਕਹਿੰਦੇ ਹਨ, "ਕੰਪਨੀ ਖੋਲ੍ਹਣ ਤੋਂ ਪਹਿਲਾਂ ਮੈਂ ਭਾਰਤ ਅਤੇ ਕਈ ਹੋਰ ਦੇਸਾਂ ਦਾ ਦੌਰਾ ਕੀਤਾ। ਸਾਨੂੰ ਲੱਗਾ ਕਿ ਭਾਰਤ ਵਾਈਸ ਯਾਨਿ ਕਾਲ ਸੈਂਟਰ ਵਿੱਚ ਕਾਫੀ ਪ੍ਰਗਤੀਸ਼ੀਲ ਹੈ ਅਤੇ ਇੱਥੋਂ ਦੇ ਨੌਜਵਾਨ ਅੰਗਰੇਜ਼ੀ ਵਿੱਚ ਮਹਾਰਤ ਰਖਦੇ ਹਨ। ਅਸੀਂ ਸੋਚਿਆ ਅਸੀਂ ਭਾਰਤ ਨਾਲ ਮੁਕਾਬਲਾ ਨਹੀਂ ਕਰ ਸਕਦੇ।"

"ਇਸ ਲਈ ਅਸੀਂ ਫੋਕਸ ਕੀਤਾ ਗ਼ੈਰ ਅੰਗਰੇਜ਼ੀ ਭਾਸ਼ਾ ਵਾਲੇ ਦਸਤਾਵੇਜ਼ਾਂ 'ਤੇ ਕਿਉਂਕਿ ਮੈਂ ਜਰਮਨੀ ਤੋਂ ਹਾਂ ਤਾਂ ਮੈਂ ਜਰਮਨ ਭਾਸ਼ਾ ਵਾਲੀਆਂ ਕੰਪਨੀਆਂ ਤੋਂ ਕੰਮ ਲਿਆ। "

ਬੀਪੀਓ ਦਾ ਵੱਡਾ ਕੇਂਦਰ

ਪਰ ਫ੍ਰੈਂਕ ਦੇ ਵਿਅਤਨਾਮ ਆਉਣ ਦੇ ਕੀ ਕਾਰਨ ਸਨ?

ਇਸ 'ਤੇ ਉਹ ਕਹਿੰਦੇ ਹਨ, "ਵਿਅਤਨਾਮ ਵਿੱਚ ਤਨਖਾਹ ਬਹੁਤ ਘਟ ਹੈ। ਚੀਨ ਅਤੇ ਭਾਰਤ ਨਾਲੋਂ ਵੀ ਘਟ। ਦੂਜਾ ਇੱਥੋਂ ਦੀ ਸਰਕਾਰ ਨੇ ਕਈ ਤਰ੍ਹਾਂ ਦੀਆਂ ਛੋਟਾਂ ਦੇਣ ਦਾ ਐਲਾਨ ਕੀਤਾ ਹੈ। ਕੰਮ ਨਵਾਂ ਸੀ। ਇੱਥੇ ਇਹ ਉਦਯੋਗ ਸ਼ੁਰੂ ਨਹੀਂ ਹੋਇਆ ਸੀ। ਇਸ ਲਈ ਇੱਥੇ ਆ ਗਏ।"

ਵਿਅਤਨਾਮ ਦਾ ਬੀਪੀਓ ਉਦਯੋਗ ਭਾਰਤ ਨਾਲੋਂ ਵੱਖ ਹੈ। ਭਾਰਤ ਵਿੱਚ ਵਾਈਸ ਦਾ ਕੰਮ ਵਧੇਰੇ ਹੈ ਜਦਕਿ ਵਿਅਤਨਾਮ ਵਿੱਚ ਦਸਤਾਵੇਜ਼ਾਂ ਦਾ।

ਫ੍ਰੈਂਕ ਕਹਿੰਦੇ ਹਨ, "ਹੁਣ ਵਿਅਤਨਾਮ ਦਸਤਾਵੇਜ਼ਾਂ ਦੇ ਬੀਪੀਓ ਦਾ ਇੱਕ ਵੱਡਾ ਕੇਂਦਰ ਬਣ ਗਿਆ ਹੈ। ਇਸ ਉਦਯੋਗ ਵਿੱਚ ਅੱਜ 20 ਤੋਂ 30 ਹਜ਼ਾਰ ਲੋਕ ਕੰਮ ਕਰਦੇ ਹਨ।"

ਵਿਅਤਨਾਮ ਬੈਕ ਆਫਿਸ ਲਈ ਕਿਉਂ ਆਈਆ ਪਸੰਦ?

ਬੀਪੀਓ ਉਦਯੋਗ ਵਿੱਚ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਦੇਸ ਜਿਨ੍ਹਾਂ ਕਾਰਨਾਂ ਕਰ ਕੇ ਹੈ ਉਹ ਕਾਰਨ ਵਿਅਤਨਾਮ ਵਿੱਚ ਵੀ ਮੌਜੂਦ ਹਨ।

ਭਾਰਤ ਦੀ ਤਰ੍ਹਾਂ ਵੀ ਨੌਜਵਾਨਾਂ ਦੀ ਆਬਾਦੀ ਵਧ ਹੈ। ਸਿਆਸੀ ਸਥਿਰਤਾ ਹੈ, ਸਰਕਾਰ ਹਰ ਪਾਸਿਓਂ ਇਸ ਉਦਯੋਗ ਨੂੰ ਵਧਾਉਣ ਲਈ ਨਿਜੀ ਕੰਪਨੀਆਂ ਦੀ ਮਦਦ ਕਰ ਰਹੀ ਹੈ।

ਤਨਖਾਹ ਭਾਰਤ ਤੋਂ ਵੀ ਘਟ ਹੈ ਅਤੇ ਬੁਨਿਆਦੀ ਢਾਂਚੇ ਦੀ ਗੱਲ ਕਰੀਏ ਤਾਂ ਇਹ ਭਾਰਤ ਤੋਂ ਵੀ ਬਿਹਤਰ ਹੈ।

ਭਾਰਤ ਦੇ ਬੀਪੀਓ ਉਦਯੋਗ ਵਿੱਚ ਵਿਅਤਨਾਮ ਦੇ ਤੇਜ਼ੀ ਨਾਲ ਵਧਦੇ ਕਦਮਾਂ ਦੀਆਂ ਆਵਾਜ਼ਾਂ ਸਾਫ਼ ਸੁਣਾਈ ਦੇਣ ਲੱਗੀਆਂ ਹਨ।

ਪਰ ਮਾਹਿਰ ਕਹਿੰਦੇ ਹਨ ਦੋਵੇਂ ਦੇਸ ਮਿਲ ਕੇ ਕੰਮ ਕਰ ਸਕਦੇ ਹਨ ਬਲਕਿ ਭਾਰਤ ਵਿਅਤਨਾਮ ਦੀ ਮਦਦ ਕਰ ਸਕਦਾ ਹੈ।

ਹੋ ਚੀ ਮਿਨ ਸਿਟੀ ਵਿੱਚ ਕੰਮ ਕਰਨ ਵਾਲੇ ਭਾਰਤੀ ਵਪਾਰੀ ਸੁਭਾਸ਼ ਕੁਮਾਰ ਕਹਿੰਦੇ ਹਨ, "ਬੀਪੀਓ ਵਿੱਚ ਭਾਰਤ ਵਿਅਤਨਾਮ ਤੋਂ ਕਾਫੀ ਅੱਗੇ ਹੈ। ਇਸ ਵਪਾਰ ਵਿੱਚ ਦੋਵੇਂ ਦੇਸਾਂ ਵਿਚਾਲੇ ਕੋਈ ਮੁਕਾਬਲਾ ਨਹੀਂ ਹੈ। ਦੋਵੇਂ ਪੱਖ ਮਿਲ ਕੇ ਕੰਮ ਕਰ ਸਕਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)