ਅਫ਼ਗਾਨਿਸਤਾਨ ਵਿੱਚ ਬੰਬ ਧਮਾਕੇ, 25 ਮੌਤਾਂ

Afghanistan Attack Image copyright Reuters

ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਹੋਏ ਦੋ ਬੰਬ ਧਮਾਕਿਆਂ ਵਿੱਚ 25 ਲੋਕਾਂ ਦੇ ਮਰਨ ਦੀ ਖ਼ਬਰ ਹੈ। ਮਰਨ ਵਾਲਿਆਂ ਵਿੱਚ ਖ਼ਬਰ ਏਜੰਸੀ ਏਐਫਪੀ ਦੇ ਫੋਟੋਗ੍ਰਾਫਰ ਸਮੇਤ ਕਈ ਹੋਰ ਪੱਤਰਕਾਰ ਵੀ ਸ਼ਾਮਿਲ ਹਨ।

ਮੋਟਰਸਾਈਕਲ 'ਤੇ ਸਵਾਰ ਇੱਕ ਹਮਲਾਵਰ ਨੇ ਪਹਿਲਾ ਧਮਾਕਾ ਕਾਬੁਲ ਦੇ ਸ਼ਸ਼ਦਰਾਕ ਜ਼ਿਲ੍ਹੇ ਵਿੱਚ ਕੀਤਾ। ਇਸ ਤੋਂ ਬਾਅਦ ਜਦੋਂ ਲੋਕ ਧਮਾਕੇ ਵਾਲੀ ਥਾਂ 'ਤੇ ਇੱਕਠੇ ਹੋਏ ਤਾਂ ਦੂਜਾ ਧਮਾਕਾ ਹੋਇਆ। ਉਸ ਸਮੇਂ ਇੱਥੇ ਪੱਤਰਕਾਰ ਵੀ ਮੌਜੂਦ ਸਨ।

ਏਐਫਪੀ ਨੇ ਕਿਹਾ ਕਿ ਉਸ ਦੇ ਚੀਫ ਫੋਟੋਗ੍ਰਾਫਰ ਸ਼ਾਹ ਮਕਾਏ ਦੀ ਮੌਤ ਹੋ ਗਈ ਹੈ। ਇੱਕ ਟਵੀਟ ਵਿੱਚ ਏਐਫਪੀ ਨੇ ਕਿਹਾ ਕਿ ਦੂਜਾ ਧਮਾਕਾ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ।

ਧਮਾਕੇ ਵਿੱਚ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ।

ਬੀਬੀਸੀ ਪੱਤਰਕਾਰ ਦੀ ਮੌਤ

ਬੀਬੀਸੀ ਪੱਤਰਕਾਰ ਅਹਿਮਦ ਸ਼ਾਹ ਦੀ ਪੂਰਬੀ ਅਫਗਾਨਿਸਤਾਨ ਦੇ ਖੋਸਤ ਸੂਬੇ ਵਿੱਚ ਹੋਏ ਹਮਲੇ ਵਿੱਚ ਮੌਤ ਹੋਈ ਹੈ। 29 ਸਾਲਾ ਅਹਿਮਦ ਸ਼ਾਹ ਬੀਬੀਸੀ ਅਫਗਾਨ ਸਰਵਿਸ ਲਈ ਇੱਕ ਸਾਲ ਤੋਂ ਵੱਧ ਵਕਤ ਤੋਂ ਕੰਮ ਕਰ ਰਹੇ ਸੀ।

ਬੀਬੀਸੀ ਵਰਲਡ ਸਰਵਿਸ ਦੇ ਡਾਇਰੈਕਟਰ ਜੇਮੀ ਐਂਗਸ ਨੇ ਬਿਆਨ ਜਾਰੀ ਕਰ ਕੇ ਕਿਹਾ, "ਇਹ ਸਾਡੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਾਡੀ ਸੰਵੇਦਨਾ ਅਹਿਮਦ ਸ਼ਾਹ ਦੇ ਪਰਿਵਾਰ, ਦੋਸਤਾਂ ਅਤੇ ਪੂਰੀ ਬੀਬੀਸੀ ਅਫਗਾਨ ਟੀਮ ਨਾਲ ਹੈ।''

ਖੋਸਟ ਪੁਲਿਸ ਦੇ ਮੁਖੀ ਅਬਦੁੱਲ ਹਨਨ ਨੇ ਬੀਬੀਸੀ ਨੂੰ ਦੱਸਿਆ ਕਿ ਅਹਿਮਦ ਸ਼ਾਹ ਨੂੰ ਅਣਪਛਾਤੇ ਹਮਲਾਵਰਾਂ ਨੇ ਮਾਰਿਆ ਹੈ ਅਤੇ ਹਮਲੇ ਦੇ ਪਿੱਛੇ ਦੇ ਮਕਸਦ ਬਾਰੇ ਜਾਂਚ ਕੀਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)