ਸੀਰੀਆ 'ਚ ਹੋਏ ਹਮਲਿਆਂ 'ਚ 'ਅਸਦ ਹਮਾਇਤੀਆਂ' ਦੀ ਮੌਤ

ਸੀਰੀਆ ਮਿਜ਼ਾਇਲ Image copyright FB.COM/MAHARDA.NOW

ਐਤਵਾਰ ਰਾਤ ਨੂੰ ਉੱਤਰੀ ਕੋਰੀਆ ਵਿੱਚ ਕਈ ਫੌਜੀ ਟਿਕਾਣਿਆਂ 'ਤੇ ਹੋਏ ਮਿਜ਼ਾਈਲ ਹਮਲਿਆਂ ਵਿੱਚ ਦਰਜਨਾਂ ਸਰਕਾਰ ਹਮਾਇਤੀ ਲੜਾਕੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਸੀਰੀਆਈ ਫੌਜ ਅਨੁਸਾਰ ਹਮਾ ਅਤੇ ਅਲੇੱਪੋ ਸੂਬੇ ਵਿੱਚ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਭਾਵੇਂ ਫੌਜ ਨੇ ਹਮਲੇ ਵਿੱਚ ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਬਾਰੇ ਤੁਰੰਤ ਇਹ ਜਾਣਕਾਰੀ ਨਹੀਂ ਦਿੱਤੀ ਹੈ ਪਰ ਬਰਤਾਨੀਆ ਸਥਿਤ ਇੱਕ ਨਿਗਰਾਨੀ ਗਰੁੱਪ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ 26 ਸਰਕਾਰ ਹਮਾਇਤੀ ਲੋਕ ਮਾਰੇ ਗਏ ਹਨ ਜਿਨ੍ਹਾਂ ਵਿੱਚ ਵਧੇਰੇ ਇਰਾਨੀ ਮੂਲ ਦੇ ਹਨ।

ਅਜੇ ਇਹ ਸਪਸ਼ਟ ਨਹੀਂ ਹੈ ਕਿ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ। ਪੱਛਮੀ ਦੇਸ ਅਤੇ ਇਸਰਾਈਲ, ਸੀਰੀਆ ਦੇ ਅੰਦਰ ਹਮਲੇ ਕਰਦੇ ਰਹੇ ਹਨ।

ਮਿਜ਼ਾਈਲ ਹਮਲੇ

ਇਸੇ ਮਹੀਨੇ ਅਮਰੀਕਾ, ਬਰਤਾਨੀਆ ਅਤੇ ਫਰਾਂਸ ਨੇ ਸੀਰੀਆ ਵਿੱਚ ਤਿੰਨ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਸੀ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਇਨ੍ਹਾਂ ਦੇਸਾਂ ਦਾ ਕਹਿਣਾ ਹੈ ਕਿ ਇਹ ਟਿਕਾਣੇ ਸੀਰੀਆ ਸਰਕਾਰ ਦੇ ਕੈਮੀਕਲ ਹਥਿਆਰਾਂ ਦੇ ਪ੍ਰੋਗਰਾਮ ਨਾਲ ਜੁੜੇ ਹੋਏ ਸੀ।

ਇਸੇ ਦੌਰਾਨ ਇਸਰਾਈਲ ਨੇ ਹੋਮਸ ਸੂਬੇ ਵਿੱਚ ਇੱਕ ਹਵਾਈ ਅੱਡੇ 'ਤੇ ਹਮਲਾ ਕੀਤਾ ਹੈ। ਰਿਪੋਰਟ ਅਨੁਸਾਰ ਇਹ ਹਵਾਈ ਅੱਡੇ ਦਾ ਇਸਤੇਮਾਲ ਇਰਾਨ ਦੇ ਡਰੋਨ ਕਮਾਂਡ ਸੈਂਟਰ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ ਅਤੇ ਇੱਥੇ ਇਰਾਨ ਦੀ ਉੱਨਤ ਹਵਾਈ ਰੱਖਿਆ ਪ੍ਰਣਾਲੀ ਵੀ ਤਾਇਨਾਤ ਹੈ।

ਇਸ ਹਮਲੇ ਵਿੱਚ 14 ਫੌਜੀ ਮਾਰੇ ਗਏ ਸੀ ਜਿਨ੍ਹਾਂ ਵਿੱਚ 7 ਇਰਾਨੀ ਸਨ।

ਇਸਰਾਈਲ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਸੀਰੀਆ ਦੇ ਅੰਦਰ ਇਰਾਨ ਦੀ ਫੌਜੀ ਮੌਜੂਦਗੀ ਮਜ਼ਬੂਤ ਨਹੀਂ ਹੋਣ ਦੇਵੇਗਾ। ਇਰਾਨ ਸੀਰੀਆ ਦਾ ਸਹਿਯੋਗੀ ਦੇਸ ਹੈ।

ਸੀਰੀਆ ਦੀ ਅਧਿਕਾਰਤ ਸਮਾਚਾਰ ਏਜੰਸੀ 'ਸਨਾ' ਨੇ ਇੱਕ ਉੱਚ ਫੌਜੀ ਸੂਤਰ ਦੇ ਹਵਾਲੇ ਨਾਲ ਕਿਹਾ ਹੈ ਕਿ ਜਿਨ੍ਹਾਂ ਟਿਕਾਣਿਆਂ 'ਤੇ ਹਮਲਾ ਹੋਇਆ ਹੈ ਉਹ ਇੱਕ ਨਵੇਂ ਹਮਲੇ ਲਈ ਖੁੱਲ੍ਹੇ ਸਨ।

Image copyright AFP
ਫੋਟੋ ਕੈਪਸ਼ਨ ਕਥਿਤ ਹਮਲੇ ਤੋਂ ਕੁਝ ਘੰਟੇ ਬਾਅਦ ਹੀ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਈਰਾਨ ਦੇ ਐੱਮਪੀ ਅਲਾਉਦੀਨ ਬੋਰੂਜੇਰਦੀ ਨਾਲ ਮੁਲਕਾਤ ਕੀਤੀ ਹੈ।

ਫੌਜੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਬਾਗੀਆਂ ਦੀ ਰਾਜਧਾਨੀ ਦਮਿਸ਼ਕ ਦੇ ਨੇੜੇ ਹਾਰ ਤੋਂ ਬਾਅਦ ਹੋਇਆ ਹੈ।

ਹਾਲ ਵਿੱਚ ਹੀ ਸੀਰੀਆਈ ਸਰਕਾਰੀ ਫੌਜੀਆਂ ਨੇ ਪੂਰਬੀ ਗੂਟਾ ਖੇਤਰ ਨੂੰ ਬਾਗੀਆਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਸੀ।

ਇਲਜ਼ਾਮ ਕੀ ਹਨ?

ਬਰਤਾਨੀਆ ਸਥਿਤ ਨਿਗਰਾਨੀ ਸਮੂਹ 'ਸੀਰੀਅਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ' ਦਾ ਕਹਿਣਾ ਹੈ ਕਿ ਹਮਲੇ ਵਿੱਚ ਹਮਾ ਸ਼ਹਿਰ ਦੇ ਦੱਖਣ ਵਿੱਚ ਸਥਿਤ 47ਵੀਂ ਬ੍ਰਿਗੇਡ ਦੇ ਫੌਜੀ ਅੱਡੇ 'ਤੇ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਡੀਪੂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਰਿਪੋਰਟਾਂ ਅਨੁਸਾਰ ਹਮਾ ਦੇ ਪੱਛਮ ਵਿੱਚ ਸਥਿਤ ਸਲਹਾਬ ਇਲਾਕੇ ਅਤੇ ਅਲੇੱਪੋ ਦੇ ਨੇੜੇ ਸਥਿਤ ਨੈਰਾਬ ਫੌਜੀ ਹਵਾਈ ਅੱਡੇ 'ਤੇ ਵੀ ਮਿਜ਼ਾਈਲ ਹਮਲੇ ਹੋਏ ਸਨ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਉੱਥੇ ਹੀ ਈਰਾਨ ਦੀ ਤਸਨੀਮ ਨਿਊਜ਼ ਏਜੰਸੀ ਨੇ ਇਰਾਨ ਹਮਾਇਤੀ ਅਫਗਾਨ ਮਿਲਿਸ਼ੀਆ ਦੇ ਕਮਾਂਡਰ ਦੇ ਹਵਾਲੇ ਤੋਂ ਕਿਹਾ ਹੈ ਕਿ ਅਲੇੱਪੋ ਦੇ ਨੇੜੇ ਉਨ੍ਹਾਂ ਦੇ ਹਵਾਈ ਅੱਡੇ 'ਤੇ ਹਮਲਾ ਨਹੀਂ ਹੋਇਆ ਹੈ।

ਸੀਰੀਅਨ ਔਬਜ਼ਰਵੇਟਰੀ ਫੌਰ ਹਿਊਮਨ ਰਾਈਟਸ ਨੇ ਆਪਣੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਮਾਰੇ ਗਏ 26 ਲੜਾਕਿਆਂ ਵਿੱਚੋਂ ਚਾਰ ਸੀਰੀਆਈ ਹਨ ਅਤੇ ਬਾਕੀ ਵਿਦੇਸ਼, ਜਿਨ੍ਹਾਂ ਵਿੱਚ ਜ਼ਿਆਦਾਤਰ ਇਰਾਨੀ ਹਨ।

ਹਮਲੇ ਵਿੱਚ ਕਰੀਬ 60 ਲੜਾਕੇ ਜ਼ਖਮੀ ਵੀ ਹੋਏ ਹਨ। ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਮਰਨ ਵਾਲਿਆਂ ਦੀ ਤਾਦਾਦ ਵਧ ਸਕਦੀ ਹੈ।

ਐਸਓਐੱਚਆਰ ਦਾ ਕਹਿਣਾ ਹੈ ਕਿ ਹਮਲੇ ਕੀਤੇ ਜਾਣ ਦੇ ਤਰੀਕੇ ਨਾਲ ਲਗਦਾ ਹੈ ਕਿ ਇਸਦੇ ਪਿੱਛੇ ਇਸਰਾਈਲ ਹੋ ਸਕਦਾ ਹੈ।

ਪਰ ਇਸਰਾਈਲ ਦੇ ਇੰਟੇਲੀਜੈਂਸ ਮੰਤਰੀ ਇਸਰਾਈਲ ਕਾਤਜ਼ ਨੇ ਸੋਮਵਾਰ ਸਵੇਰ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਹਮਲੇ ਦੀ ਜਾਣਕਾਰੀ ਨਹੀਂ ਹੈ।

ਉਨ੍ਹਾਂ ਇਸਰਾਈਲ ਦੇ ਆਰਮੀ ਰੇਡੀਓ ਨੂੰ ਕਿਹਾ, "ਸੀਰੀਆ ਵਿੱਚ ਚਲ ਰਹੀ ਹਿੰਸਾ ਅਤੇ ਅਸਥਿਰਤਾ ਦੇ ਪਿੱਛੇ ਵੱਡਾ ਕਾਰਨ ਇਰਾਨ ਵੱਲੋਂ ਉੱਥੇ ਆਪਣੀ ਫੌਜੀ ਮੌਜੂਦਗੀ ਸਥਾਪਿਤ ਕਰਨਾ ਹੈ। ਇਸਰਾਈਲ ਸੀਰੀਆ ਵਿੱਚ ਉੱਤਰੀ ਮੋਰਚਾ ਨਹੀਂ ਖੁੱਲ੍ਹਣ ਦੇਵੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)