ਖੰਘ ਦੀ ਦਵਾਈ ਇੱਕ ਪੀੜ੍ਹੀ ਨੂੰ ਤਬਾਹ ਕਰ ਰਹੀ ਹੈ

ਨਸ਼ਾ
ਫੋਟੋ ਕੈਪਸ਼ਨ ਨਾਈਜੀਰੀਆ ਵਿੱਚ ਖੰਘ ਦੀ ਦਵਾਈ ਦੇ ਅਮਲੀ ਸਮਾਜ ਦੇ ਹਰੇਕ ਤਬਕੇ ਵਿੱਚ ਹਨ

ਜਦੋਂ ਬੀਬੀਸੀ ਦੀ ਰੂਨਾ ਮਾਇਰ ਦੇ ਛੋਟੇ ਭਰਾ ਨੂੰ ਖੰਘ ਦੀ ਦਵਾਈ ਦੀ ਆਦਤ ਪੈ ਗਈ ਤਾਂ ਉਨ੍ਹਾਂ ਓਪੀਔਡ ਆਧਾਰਿਤ ਦਵਾਈ ਬਣਾਉਣ ਵਾਲੇ ਵਿਅਕਤੀਆਂ ਦੀ ਤਲਾਸ਼ ਸ਼ੁਰੂ ਕੀਤੀ।

ਇਹ ਤਲਾਸ਼ ਉਨ੍ਹਾਂ ਨੂੰ ਨਾਈਜੀਰੀਆ ਦੇ ਅੰਡਰਵਰਲਡ ਦੀ ਡੁੰਘਾਈ ਤੱਕ ਲੈ ਗਈ ਅਤੇ ਉਨ੍ਹਾਂ ਨੂੰ ਇੱਕ ਮਹਾਮਾਰੀ ਦਾ ਪਤਾ ਲੱਗਿਆ ਜੋ ਪੱਛਮੀ ਅਫਰੀਕਾ ਦੀ ਨੌਜਵਾਨੀ ਨੂੰ ਤਬਾਹ ਕਰ ਰਹੀ ਸੀ।

ਜੁਨੈਦ ਹਸਨ ਨੇ ਦੱਸਿਆ, "ਜਿੱਥੇ ਬਹੁਤੇ ਸਕੂਲੀ ਬੱਚੇ ਹੋਣ ਅਤੇ ਜਦੋਂ ਉਨ੍ਹਾਂ ਨੂੰ ਇਸ ਦਾ ਸਵਾਦ ਪੈ ਜਾਵੇ ਤਾਂ ਉਹ ਇਸ ਨੂੰ ਹੋਰ ਲੈਂਦੇ ਰਹਿਣ ਲਈ ਕਹਿਣਗੇ।"

ਜਦੋਂ ਮੈਂ ਜੁਨੈਦ ਕੋਲੋਂ ਇਹ ਗੱਲ ਸੁਣੀ ਤਾਂ ਹੈਰਾਨ ਰਹਿ ਗਈ।

ਜਿਸ ਚੀਜ਼ ਬਾਰੇ ਉਹ ਗੱਲ ਕਰ ਰਿਹਾ ਸੀ ਉਸ ਨੂੰ ਮੈਂ ਪਹਿਲਾਂ ਹੀ ਮਹਿਸੂਸ ਕਰ ਚੁੱਕੀ ਸੀ। ਕੋਡੀਨ ਤੋਂ ਬਣੀ ਖੰਘ ਦੀ ਦਵਾਈ ਨਾਲ ਨਾਈਜੀਰੀਆ ਦੇ ਨੌਜਵਾਨ ਪਹਿਲਾਂ ਹੀ ਲੱਗ ਚੁੱਕੇ ਹਨ।

ਮੇਰੇ ਆਪਣੇ ਸ਼ਹਿਰ ਲਾਗੋਸ ਵਿੱਚ ਇੱਕ 14 ਸਾਲ ਦੀ ਕੁੜੀ ਵੀ ਇਸ ਦੀ ਵਰਤੋਂ ਨਾਲ ਘਿਰ ਚੁੱਕੀ ਹੈ, ਉਸ ਦੇ ਮਾਪਿਆਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਪਣੀ ਧੀ ਦੀ ਸਹਾਇਤਾ ਕਿਵੇਂ ਕਰਨ।

ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਕਾਨੋ ਦਾ ਨੌਜਵਾਨ ਮਹੀਨਿਆਂ ਬੱਧੀ ਇਹ ਦਵਾਈ ਪੀਣ ਕਰਕੇ ਪਾਗਲ ਹੋ ਗਿਆ ਸੀ, ਉਸ ਨੂੰ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਬੰਨ੍ਹ ਕੇ ਰੱਖਿਆ ਗਿਆ ਸੀ ਅਤੇ ਉਸ ਉੱਤੇ ਮੱਖੀਆਂ ਭਿਣਕ ਰਹੀਆਂ ਸਨ।

ਮੇਰਾ ਆਪਣਾ ਭਰਾ ਕੋਡੀਨ ਦਾ ਆਦੀ ਰਿਹਾ ਹੈ। ਸਾਡੇ ਪਿਤਾ ਦੀ ਮੌਤ ਮਗਰੋਂ ਉਹ ਸਟਰੌਬਰੀ ਦੇ ਸਵਾਦ ਵਾਲੀ ਦਵਾਈ ਦਾ ਆਦੀ ਹੋ ਗਿਆ ਸੀ।

ਦੁੱਖ, ਤਣਾਅ ਅਤੇ ਸ਼ਾਂਤੀ ਅਜਿਹੇ ਕੁਝ ਕਾਰਨ ਹਨ ਜਿਨ੍ਹਾਂ ਦੀ ਤਲਾਸ਼ ਵਿੱਚ ਨਾਈਜੀਰੀਅਨ ਇਸ ਨਸ਼ੇ ਦੇ ਆਦੀ ਹੋ ਜਾਂਦੇ ਹਨ।

ਸੰਗੀਤਕਾਰ ਇਸ ਦੀ ਮਸਤੀ ਦਾ ਗੁਣਗਾਣ ਕਰਦੇ ਹਨ। ਤਸਕਰ ਇਸ ਨੂੰ ਨਾਈਟ ਕਲੱਬਾਂ ਅਤੇ ਗਲੀਆਂ ਤੱਕ ਪਹੁੰਚਾਉਂਦੇ ਹਨ।

ਕਿਸ਼ੋਰ ਬੱਚੇ 'ਸਿਰਪ ਪਾਰਟੀਆਂ' ਵਿੱਚ ਇਸ ਨੂੰ ਸੌਫਟ ਡਰਿੰਕ ਵਿੱਚ ਮਿਲਾ ਕੇ ਜਾਂ ਸਿੱਧਿਆ ਹੀ ਪੀਂਦੇ ਹਨ।

ਬੀਬੀਸੀ ਨੇ ਦਵਾਈ ਕੰਪਨੀਆਂ ਦੇ ਇੱਕ ਮੁਲਾਜ਼ਮ (ਹੁਸੈਨ) ਨੂੰ ਦਵਾਈ ਦੇ ਗੈਰ ਕਾਨੂੰਨੀ ਸੌਦੇ ਕਰਦਿਆਂ ਕਈ ਮਹੀਨਿਆਂ ਤੱਕ ਗੁਪਤ ਰੂਪ ਵਿੱਚ ਫਿਲਮਾਇਆ ਹੈ।

ਹਾਲਾਂ ਕਿ ਦਵਾਈ ਦਾ ਨਿਰਮਾਣ ਜਾਂ ਇਸ ਦੀ ਵਰਤੋਂ ਗੈਰ ਕਾਨੂੰਨੀ ਨਹੀਂ ਹੈ ਪਰ ਇਸ ਨੂੰ ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਜਾਂ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਕੋਲ ਫਾਰਮਿਸੂਊਟਿਕਲ ਲਾਈਸੈਂਸ ਨਾ ਹੋਵੇ ਵੇਚਣਾ ਗੈਰ-ਕਾਨੂੰਨੀ ਹੈ।

ਹੁਸੈਨ ਨੇ ਸਾਨੂੰ ਫੜੇ ਜਾਣ ਤੋਂ ਬਚਣ ਦਾ ਢੰਗ ਦੱਸਿਆ, "ਜੇ ਕੋਈ 100 ਡੱਬੇ ਵੀ ਖਰੀਦਣੇ ਚਾਹੇ ਤਾਂ ਅਸੀਂ ਉਸ ਨੂੰ ਰਸੀਦ ਨਹੀਂ ਦੇਵਾਂਗੇ।"

ਫੋਟੋ ਕੈਪਸ਼ਨ ਨਸ਼ੇੜੀਆਂ ਨੂੰ ਸੰਗਲ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ ਤਾਂ ਕਿ ਉਹ ਆਪਣੇ-ਆਪ ਨੂੰ ਜਾਂ ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾ ਸਕਣ

ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਾਇਓਰਾਜ ਕੰਪਨੀ ਦੀ ਨੀਤੀ ਦੇ ਖ਼ਿਲਾਫ਼ ਹੈ, ਪਰ ਇਸ ਨਾਲ ਦਵਾਈ ਬਲੈਕ ਮਾਰਕਿਟ ਵਿੱਚ ਵੱਡੀ ਮਾਤਰਾ ਵਿੱਚ ਪਹੁੰਚ ਰਹੀ ਹੈ।

ਅਸੀਂ ਬਾਇਓਰਾਜ ਨੂੰ ਇਸ ਦੀ ਸੂਚਨਾ ਦਿੱਤੀ ਕਿ ਸਾਡੇ ਕੋਲ ਹੁਸੈਨ ਦੇ ਅਜਿਹੇ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਹੋਣ ਦੇ ਸਬੂਤ ਹਨ।

ਕੰਪਨੀ ਨੇ ਇਸ ਬਾਰੇ ਇੱਕ ਬਿਆਨ ਰਾਹੀਂ ਪ੍ਰਤੀਕਿਰਿਆ ਦਿੱਤੀ, ਉਨ੍ਹਾਂ ਕਿਹਾ ਅਸੀਂ ਕੋਡੀਨ ਦਵਾਈ ਸਿਰਫ ਕਾਨੂੰਨੀ ਤਰੀਕੇ ਨਾਲ ਵੇਚਦੇ ਹਾਂ।

ਹੁਸੈਨ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ, ਕੰਪਨੀ ਦੇ ਚੇਅਰਮੈਨ ਬਿਓਕੋ ਰੈਹਮੋਨ ਆਪ ਇਸ ਦੀ ਵਿਕਰੀ ਦੀ ਨਿਗਰਾਨੀ ਕਰਦੇ ਹਨ।

ਬਾਕੀ ਓਪੀਔਡ ਵਾਂਗ ਕੋਡੀਨ ਵੀ ਹੈਰੋਈਨ ਪਰਿਵਾਰ ਦਾ ਰਸਾਇਣ ਹੈ। ਇਹ ਇੱਕ ਚੰਗਾ ਦਰਦ ਨਿਵਾਰਕ ਹੈ, ਪਰ ਜੇ ਵਧੇਰੇ ਮਾਤਰਾ ਵਿੱਚ ਲਈ ਜਾਵੇ ਤਾਂ ਸਰੂਰ ਲਿਆ ਸਕਦਾ ਹੈ।

ਇਸ ਦੀ ਲਤ ਲੱਗਣ ਦੀ ਪੂਰੀ ਸੰਭਾਵਨਾ ਹੁੰਦੀ ਹੈ ਅਤੇ ਇਸ ਦੇ ਸਰੀਰ ਤੇ ਦਿਮਾਗ ਉੱਤੇ ਬੁਰੇ ਅਸਰ ਹੋ ਸਕਦੇ ਹਨ।

ਕਾਨੋ ਦੇ ਡੋਰਾਈ ਮੁੜਵਸੇਬਾ ਕੇਂਦਰ ਵਿੱਚ, ਮੈਂ ਇੱਕ ਵਿਅਕਤੀ ਨੂੰ ਮਿਲੀ ਜੋ, ਸਟਾਫ ਦੇ ਦੱਸਣ ਮੁਤਾਬਕ ਦਵਾਈ ਕਰਕੇ ਪਾਗਲ ਹੋ ਗਿਆ ਸੀ।

ਉਸ ਨੂੰ ਗਿੱਟਿਆਂ ਤੋਂ ਇੱਕ ਸੰਗਲ ਲਗਾ ਕੇ ਇੱਕ ਦਰਖਤ ਨਾਲ ਬੰਨ੍ਹਿਆ ਹੋਇਆ ਸੀ। ਉਹ ਚੀਕਾਂ ਮਾਰ ਰਿਹਾ ਸੀ ਅਤੇ ਬਾਹਾਂ ਨੂੰ ਝਟਕ ਰਿਹਾ ਸੀ।

ਮੁੜਵਸੇਬਾ ਕੇਂਦਰ ਦੇ ਇੰਚਾਰਜ ਅਧਿਕਾਰੀ ਨੇ ਕਿਹਾ, "ਉਹ ਹਾਲੇ ਵੀ ਨਸ਼ਾ ਛੱਡਣ ਕਰਕੇ ਹੋਣ ਵਾਲੀ ਪ੍ਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ।"

ਕੋਡੀਨ ਕਫ਼ ਸੀਰਪ - ਪ੍ਰੇਸ਼ਾਨੀ ਦਾ ਪੱਧਰ

  • ਕੋਡੀਨ ਇੱਕ ਦਰਦ ਨਿਵਾਰਕ ਦਵਾਈ ਹੈ ਪਰ ਇੱਕ ਨਸ਼ਾ ਵੀ ਹੈ। ਵੱਧ ਮਾਤਰਾ ਵਿੱਚ ਲੈਣ ਕਰਕੇ ਇਸ ਨਾਲ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ।
  • ਇਹ ਅਕਸਰ ਸੌਫਟ ਡਰਿੰਕ ਨਾਲ ਮਿਲਾਕੇ ਪੀਤਾ ਜਾਂਦੀ ਹੈ ਅਤੇ ਵਿਦਿਆਰਥੀਆਂ ਵੱਲੋਂ ਵਰਤਿਆ ਜਾਂਦਾ ਹੈ।
  • ਕੋਡੀਨ ਇੱਕ ਵਿਦੇਸ਼ੀ ਉਤਪਾਦ ਹੈ, ਪਰ ਖੰਘ ਲਈ ਦਵਾਈ (ਕਫ਼ ਸੀਰਪ) ਨੂੰ ਨਾਈਜੀਰੀਆਂ ਦੀਆਂ 20 ਤੋਂ ਵੱਧ ਕੰਪਨੀਆਂ ਬਣਾਉਂਦੀਆਂ ਹਨ।
  • ਨਾਈਜੀਰੀਆ ਦੀ ਡਰੱਗ ਏਨਫੋਰਸਮੈਂਟ ਏਜੰਸੀ ਨਸ਼ਿਆਂ ਖ਼ਿਲਾਫ਼ ਲੜ ਰਹੀ ਹੈ। ਹਾਲ ਹੀ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਇੱਕੋਂ ਘਰ ਤੋਂ ਏਜੰਸੀ ਨੇ 24 ਹਜ਼ਾਰ ਬੋਤਲਾਂ ਕੋਡੀਨ ਸੀਰਪ ਦੀਆਂ ਬਰਾਮਦ ਕੀਤੀਆਂ ਹਨ।
  • ਕੋਡੀਨ ਸੀਰਪ ਲੈਣ ਦੀ ਲੱਤ ਦੀ ਸਮੱਸਿਆ ਪੂਰੇ ਅਫ਼ਰੀਕਾ ਵਿੱਚ ਹੈ, ਜਿੰਨਾ 'ਚ ਕੀਨੀਆ, ਘਾਨਾ, ਨਾਈਜਰ ਅਤੇ ਛਾਡ ਦੀਆਂ ਰਿਪੋਰਟਾਂ ਵੀ ਸ਼ਾਮਿਲ ਹਨ।
  • ਨਸ਼ੇ ਦੀਆਂ ਕਈ ਰਿਪੋਰਟਾਂ ਤੋਂ ਬਾਅਦ 2016 'ਚ ਭਾਰਤ ਨੇ ਕੋਡੀਨ ਕਫ਼ ਸੀਰਪ ਦੇ ਕਈ ਬ੍ਰਾਂਡਜ਼ 'ਤੇ ਪਾਬੰਦੀ ਲਗਾਈ ਸੀ।

ਇਸ ਦਵਾਈ ਦੀ ਵਾਧੂ ਮਾਤਰਾ 'ਚ ਵਰਤੋਂ ਕਰਕੇ ਗੁਰਦਿਆਂ ਦੇ ਖ਼ਰਾਬ ਹੋਣ ਤੋਂ ਇਲਾਵਾ, ਮਾਨਸਿਕ ਤੇ ਹੋਰ ਸਰੀਰਿਕ ਪ੍ਰੇਸ਼ਾਨੀਆਂ ਤੇ ਬਿਮਾਰੀਆਂ ਦਾ ਵਾਧੂ ਖ਼ਤਰਾ ਰਹਿੰਦਾ ਹੈ।

ਮੁੜ ਵਸੇਬਾ ਕੇਂਦਰ 'ਚ ਭਰਤੀ ਇਸ ਦੀ ਵਰਤੋਂ ਕਰਨ ਵਾਲੇ ਨੌਜਵਾਨ ਆਪੇ ਤੋਂ ਬਾਹਰ ਹੋ ਜਾਂਦੇ ਹਨ ਅਤੇ ਕੇਂਦਰ ਦੇ ਕਰਮੀਆਂ 'ਤੇ ਹਮਲਾ ਵੀ ਕਰ ਦਿੰਦੇ ਹਨ।

ਉਸੈਨੀ ਨੇ ਮੈਨੂੰ ਦੱਸਿਆ ਕਿ ਉਹ ਮੰਜੇ 'ਤੇ ਨਹੀਂ ਰਹਿ ਸੱਕਦਾ ਕਿਉਂਕਿ ਉਸ ਨੇ ਮੰਜਾ ਤੋੜ ਦਿੱਤਾ ਹੈ, ਇਹੀ ਨਹੀਂ ਉਸ ਨੇ ਖਿੜਕੀਆਂ ਵੀ ਤੋੜ ਦਿੱਤੀਆਂ ਹਨ ਅਤੇ ਖ਼ੁਦ ਨੂੰ ਨੁਕਸਾਨ ਪਹੁੰਚਾਇਆ ਹੈ।

ਮੈਂ ਦੇਖਿਆ ਕਿ ਕਈ ਨੌਜਵਾਨਾਂ ਦੇ ਮਾਂ-ਪਿਓ ਰੋਂਦੇ ਰਹਿੰਦੇ ਹਨ।

ਦਵਾਈਆਂ ਦੀ ਇੱਕ ਕੰਪਨੀ 'ਚ ਕੰਮ ਕਰਦਾ ਨੌਜਵਾਨ, ਜਿਹੜਾ ਗ਼ੈਰ-ਕਾਨੂੰਨੀ ਤੌਰ 'ਤੇ ਬਲੈਕ ਮਾਰਕਿਟ 'ਚ ਇਹ ਕੋਡੀਨ ਸੀਰਪ ਵੇਚਦਾ ਹੈ ਜਾਣਦਾ ਹੈ ਕਿ ਇਹ ਬਹੁਤ ਨਸ਼ੇ ਵਾਲੀ ਚੀਜ਼ ਹੈ।

ਇਸ ਤੋਂ ਇਲਾਵਾ ਮਦੂਬੂਇਕੇ, ਜਿਹੜੇ ਕਿ ਇੱਕ ਕੰਪਨੀ 'ਚ ਕੰਮ ਕਰਦੇ ਹਨ, ਉਨ੍ਹਾਂ ਸਾਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਕੋਡੀਨ ਦੀਆਂ 60 ਬੋਤਲਾਂ ਹੋਟਲ ਕਮਰੇ 'ਚ ਵੇਚੀਆਂ।

ਹਰ ਵਰਗ 'ਤੇ ਇਸ ਦਾ ਅਸਰ

ਉੱਤਰੀ ਨਾਈਜੀਰੀਆ ਦੇ ਕਾਨੋ ਵਿੱਚ ਡਰੱਗ ਏਨਫ਼ੋਰਸਮੈਂਟ ਏਜੰਸੀ ਅਕਸਰ ਹੀ ਛਾਪੇਮਾਰੀ ਕਰਦੀ ਰਹਿੰਦੀ ਹੈ।

ਅਫ਼ਸਰਾਂ ਨੇ ਸਾਨੂੰ ਛਾਪੇਮਾਰੀ ਦੌਰਾਨ ਦੋ ਟੰਨ ਸੀਰਪ ਦਿਖਾਇਆ।

ਉਨ੍ਹਾਂ ਸਾਨੂੰ ਉਹ ਹਥਿਆਰ ਵੀ ਦਿਖਾਏ ਜਿਹੜੇ ਡਰੱਗ ਦੇ ਕਾਰੋਬਾਰ ਨਾਲ ਜੁੜੇ ਗੈਂਗਸ ਵੱਲੋਂ ਇਸਤੇਮਾਲ ਕੀਤੇ ਜਾਂਦੇ ਹਨ।

ਇਸ ਵਿੱਚ ਤਲਵਾਰ ਤੋਂ ਲੈ ਕੇ ਚਾਕੂ ਤੇ ਹੋਰ ਤੇਜ਼ ਹਥਿਆਰ ਸ਼ਾਮਿਲ ਹਨ।

ਕਾਨੋ ਵਿੱਚ ਡਰੱਗ ਏਨਫ਼ੋਰਸਮੈਂਟ ਏਜੰਸੀ ਇਸ ਸੀਰਪ ਦੀ ਵਰਤੋਂ ਦੇ ਪੱਧਰ ਨੂੰ ਦੇਖ਼ ਕੇ ਸੰਘਰਸ਼ ਕਰ ਰਹੀ ਹੈ।

ਨਾਈਜੀਰੀਅਨ ਸੈਨੇਟ ਦੇ ਅੰਦਾਜ਼ੇ ਮੁਤਾਬਕ ਕੋਡੀਨ ਸੀਰਪ ਦੀਆਂ ਤਿੰਨ ਮਿਲਿਅਨ ਬੋਤਲਾਂ ਦੀ ਵਰਤੋਂ ਇੱਕ ਦਿਨ ਵਿੱਚ ਸਿਰਫ਼ ਦੋ ਸੂਬਿਆਂ ਕਾਨੋ ਅਤੇ ਜਿਗਾਵਾ 'ਚ ਹੁੰਦੀ ਹੈ।

ਡਰੱਗ ਏਨਫ਼ੋਰਸਮੈਂਟ ਏਜੰਸੀ ਦੇ ਕਮਾਂਡਰ ਹਮਜ਼ਾ ਉਮਰ ਮੁਤਾਬਕ ਉਹ ਹਾਲੇ ਤੱਕ ਇਸ ਧੰਦੇ ਨਾਲ ਜੁੜੇ 10 ਫੀਸਦ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇ ਹਨ।

ਉਹ ਅੱਗੇ ਕਹਿੰਦੇ ਹਨ, ''ਇਸ ਦੀ ਵਰਤੋਂ ਹਰ ਜਮਾਤ ਦੇ ਲੋਕ ਕਰਦੇ ਹਨ, ਕਿਸ ਲੇਵਲ 'ਤੇ ਕਰਦੇ ਹਨ ਇਸ ਨਾਲ ਫ਼ਰਕ ਨਹੀਂ ਪੈਂਦਾ...ਅਮੀਰ-ਗ਼ਰੀਬ, ਪੜ੍ਹੇ-ਲਿਖੇ ਤੇ ਅਨਪੜ੍ਹ, ਭਿਖਾਰੀ ਤੋਂ ਲੈ ਕੇ ਹੁਣੇ-ਹੁਣੇ ਚੱਲਣਾ ਸਿਖਣ ਵਾਲੇ ਜਵਾਕ।''

ਉਧਰ ਮੁੜ ਵਸੇਬਾ ਕੇਂਦਰ ਵਿੱਚ ਉਸੈਨੀ ਕੋਡੀਨ ਦੀ ਵਰਤੋਂ ਦੇ ਉਸ ਪੱਧਰ ਨੂੰ ਮਾਪ ਰਹੇ ਹਨ ਜਿਸ ਦੀ ਵਰਤੋਂ ਕਰਕੇ ਕਈ ਨੌਜਵਾਨਾਂ ਨੂੰ ਕੇਂਦਰ ਵਿੱਚ ਲਿਆਂਦਾ ਗਿਆ।

ਉਹ ਕਦੇ ਹਰ ਹਫ਼ਤੇ ਦੋ ਤੋਂ ਤਿੰਨ ਕੇਸ ਦੇਖਦੇ ਸਨ, ਪਰ ਹੁਣ ਇਨ੍ਹਾਂ ਕੇਸਾਂ ਦੀ ਗਿਣਤੀ ਸੱਤ ਤੋਂ ਅੱਠ ਅਤੇ ਕਦੇ-ਕਦੇ ਦੱਸ ਤੱਕ ਪਹੁੰਚ ਜਾਂਦੀ ਹੈ।

ਉਨ੍ਹਾਂ ਮੁਤਾਬਕ ਕਿਸੇ ਜਵਾਕ ਨੂੰ ਵੀ ਨਸ਼ੇ ਦੀ ਵਰਤੋਂ ਕਰਕੇ ਇੱਥੇ ਲਿਆ ਜਾਂਦਾ ਹੈ ਤਾਂ ਉਸ ਦੀ ਵਜ੍ਹਾ ਕੋਡੀਨ ਹੀ ਹੁੰਦੀ ਹੈ।

ਖਿੜਕੀਆਂ ਤੋਂ ਬਗੈਰ ਬਣੇ ਇੱਕ ਕਮਰੇ ਵਿੱਚ ਅਸੀਂ 16 ਸਾਲ ਦੀ ਹਿਜਾਬ ਪਾਈ ਇੱਕ ਕੁੜੀ ਨੂੰ ਮਿਲੇ।

ਉਸ ਨੂੰ ਮੁੜ ਵਸੇਬਾ ਕੇਂਦਰ ਤੋਂ ਛੁੱਟੀ ਮਿਲੇ ਦੋ ਮਹੀਨੇ ਹੋ ਚੁੱਕੇ ਹਨ ਅਤੇ ਉਸ ਦਾ ਸਰੀਰ ਅਜੇ ਵੀ ਕੰਬ ਰਿਹਾ ਹੈ।

ਉਸ ਨੇ ਸਾਨੂੰ ਦੱਸਿਆ ਕਿ ਉਸ ਨੂੰ ਇਹ ਸੀਰਪ ਉਸ ਦਾ ਬੁਆਏਫਰੈਂਡ ਲਿਆ ਕਿ ਦਿੰਦਾ ਸੀ ਅਤੇ ਉਹ ਸਕੂਲ ਦੀ ਛੁੱਟੀ ਤੋਂ ਬਾਅਦ ਇਸ ਨੂੰ ਪੀਂਦੀ ਸੀ।

ਸੀਰਪ ਦੇ ਕਰੇਜ਼ ਨਾਲ ਲਬਰੇਜ਼ ਨਾਈਜੀਰੀਅਨ ਨੌਜਵਾਨਾਂ ਨੂੰ ਉਹ ਸੁਣੇਹਾ ਦਿੰਦੀ ਹੈ, ''ਮੈਂ ਸਲਾਹ ਦੇਵਾਂਗੀ ਕਿ ਉਹ ਇਸ ਵੱਲ ਨਾ ਜਾਣ, ਜੇ ਉਹ ਜਾਣਗੇ ਤਾਂ ਆਪਣੀ ਜ਼ਿੰਦਗੀ ਤਬਾਹ ਕਰ ਲੈਣਗੇ।''

ਇਹ BBC Africa ਦੀ ਨਵੀਂ ਇਨਵੈਸਟੀਗੇਸ਼ਨ ਯੂਨਿਟ Africa Eye ਦੀ ਪਹਿਲੀ ਰਿਪੋਰਟ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)