ਕੀ ਤੁਹਾਡੀ ਖੁਰਾਕ ਮੀਨੋਪੌਜ਼ ਦਾ ਸਮਾਂ ਤੈਅ ਕਰ ਸਕਦੀ ਹੈ?

ਪਾਸਤਾ Image copyright Getty Images

ਇੱਕ ਰਿਸਰਚ ਅਨੁਸਾਰ ਖੁਰਾਕ ਵਿੱਚ ਵੱਧ ਕਾਰਬੋਹਾਈਡ੍ਰੇਟਸ ਹੋਣ ਨਾਲ ਮੀਨੋਪੌਜ਼ ਛੇਤੀ ਸ਼ੁਰੂ ਹੋ ਸਕਦਾ ਹੈ।

ਯੂਕੇ ਵਿੱਚ ਪਾਇਆ ਗਿਆ ਕਿ ਪਾਸਤਾ ਅਤੇ ਵੱਧ ਚੌਲ ਖਾਣ ਨਾਲ ਔਰਤਾਂ ਨੂੰ ਮੀਨੋਪੌਜ਼ ਡੇਢ ਸਾਲ ਪਹਿਲਾਂ ਹੀ ਆ ਗਿਆ।

ਹਾਲਾਂਕਿ, ਯੁਨੀਵਰਸਿਟੀ ਆਫ ਲੀਡਸ ਵਿੱਚ 914 ਔਰਤਾਂ 'ਤੇ ਸਟੱਡੀ ਦੱਸਦੀ ਹੈ ਕਿ ਤਲੀ ਹੋਈ ਮੱਛੀ, ਮਟਰ ਅਤੇ ਫਲੀਆਂ ਵੱਧ ਖਾਣ ਨਾਲ ਮੀਨੋਪੌਜ਼ ਵਿੱਚ ਦੇਰੀ ਹੋ ਸਕਦੀ ਹੈ।

ਮਾਹਿਰਾਂ ਮੁਤਾਬਕ ਜੀਨਜ਼ ਵੀ ਮੀਨੋਪੌਜ਼ ਦਾ ਸਮਾਂ ਤੈਅ ਕਰਨ ਵਿੱਚ ਇੱਕ ਕਾਰਕ ਹੋ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਖੁਰਾਕ ਨਾਲ ਕਿੰਨਾ ਵੱਡਾ ਫਰਕ ਪੈਂਦਾ ਹੈ।

ਕੀ ਸਨ ਖੋਜ ਦੇ ਨਤੀਜੇ?

ਦ ਜਰਨਲ ਆਫ ਐਪੀਡਿਮਿਔਲਜੀ ਅਤੇ ਕਮਿਊਨਿਟੀ ਹੈਲਥ ਵਿੱਚ ਇਹ ਰਿਸਰਚ ਛਪੀ ਸੀ ਜਿੱਥੇ ਔਰਤਾਂ ਨੂੰ ਉਨ੍ਹਾਂ ਦੀ ਖੁਰਾਕ ਬਾਰੇ ਪੁੱਛਿਆ ਗਿਆ।

ਪਾਇਆ ਗਿਆ ਕਿ ਮਟਰ, ਫਲੀਆਂ, ਦਾਲ ਅਤੇ ਛੋਲਿਆਂ ਦੀ ਖੁਰਾਕ ਨਾਲ ਡੇਡ ਸਾਲ ਤੱਕ ਮੀਨੋਪੌਜ਼ ਵਿੱਚ ਦੇਰੀ ਹੋਈ।

ਹਾਲਾਂਕਿ ਵੱਧ ਕਾਰਬੋਹਾਈਡ੍ਰੇਟਸ ਖਾਸ ਕਰ ਕੇ ਚੌਲ ਅਤੇ ਪਾਸਤਾ ਖਾਣ ਨਾਲ ਮੀਨੋਪੌਜ਼ ਡੇਢ ਸਾਲ ਪਹਿਲਾਂ ਹੀ ਆ ਗਿਆ।

Image copyright Getty Images

ਇਸ ਰਿਸਰਚ ਵਿੱਚ ਹੋਰ ਚੀਜ਼ਾਂ 'ਤੇ ਵੀ ਧਿਆਨ ਦਿੱਤਾ ਗਿਆ ਜੋ ਮੀਨੋਪੌਜ਼ 'ਤੇ ਅਸਰ ਪਾ ਸਕਦੀਆਂ ਹਨ ਜਿਵੇਂ ਕਿ ਭਾਰ, ਪ੍ਰਜਣਨ ਦਾ ਇਤਿਹਾਸ ਅਤੇ ਐੱਚਆਰਟੀ ਦਾ ਇਸਤੇਮਾਲ। ਹਾਲਾਂਕਿ ਜੈਨੇਟਿਕ ਕਾਰਕਾਂ ਨੂੰ ਰਿਸਰਚ ਵਿੱਚ ਨਹੀਂ ਲਿਆ ਗਿਆ।

ਇਹ ਨਤੀਜੇ ਸਿਰਫ ਨਿਰੀਖਣ ਦੇ ਆਧਾਰ 'ਤੇ ਕੱਢੇ ਗਏ ਹਨ, ਫੇਰ ਵੀ ਰਿਸਰਚਰ ਨਤੀਜਿਆਂ ਪਿੱਛੇ ਕੁਝ ਤਰਕ ਦਿੰਦੇ ਹਨ।

ਜਿਵੇਂ ਕਿ ਫਲੀਆਂ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ, ਜਿਸ ਕਾਰਨ ਲੰਮੇ ਸਮੇਂ ਤੱਕ ਮਾਹਵਾਰੀ ਹੋ ਸਕਦੀ ਹੈ।

ਸਿਹਤ 'ਤੇ ਅਸਰ

ਰਿਸਰਚ ਕਰਨ ਵਾਲੀ ਨਿਊਟਰੀਸ਼ਨਲ ਐਪੀਡਿਮਿਓਲਜੀ ਦੀ ਪ੍ਰੋਫੈਸਰ ਜਨੈਟ ਕੇਡ ਨੇ ਦੱਸਿਆ ਕਿ ਮੀਨੋਪੌਜ਼ ਦਾ ਸਮਾਂ ਕੁਝ ਔਰਤਾਂ ਦੀ ਸਿਹਤ 'ਤੇ ਡੂੰਘਾ ਅਸਰ ਪਾ ਸਕਦਾ ਹੈ।

ਉਨ੍ਹਾਂ ਕਿਹਾ, ''ਮੀਨੋਪੌਜ਼ ਦੇ ਸ਼ੁਰੂਆਤ ਵਿੱਚ ਹੀ ਖੁਰਾਕ ਬਾਰੇ ਸਮਝ ਉਨ੍ਹਾਂ ਔਰਤਾਂ ਲਈ ਸਹਾਇਕ ਹੋ ਸਕਦੀ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਮੀਨੋਪੌਜ਼ ਨਾਲ ਜੁੜੇ ਪ੍ਰਭਾਵਾਂ ਦਾ ਇਤਿਹਾਸ ਰਿਹਾ ਹੈ।''

ਛੇਤੀ ਮੀਨੋਪੌਜ਼ ਹੋਣ ਵਾਲੀਆਂ ਔਰਤਾਂ ਨੂੰ ਔਸਟਿਓਪੈਰੌਸਿਸ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਰਹਿੰਦਾ ਹੈ। ਦੂਜੀ ਤਰਫ ਦੇਰ ਨਾਲ ਮੀਨੋਪੌਜ਼ ਹੋਣ ਨਾਲ ਛਾਤੀ, ਗਰਭ ਅਤੇ ਓਵਰੀ ਵਿੱਚ ਕੈਂਸਰ ਦਾ ਖਤਰਾ ਰਹਿੰਦਾ ਹੈ।

Image copyright Getty Images

ਸੇਂਟ ਜੌਰਜ ਯੂਨੀਵਰਸਿਟੀ ਆਫ ਲੰਡਨ ਦੇ ਸਾਬਕਾ ਪ੍ਰੋਫੈਸਰ ਅਤੇ ਸੁਸਾਈਟੀ ਆਫ ਐਨਡੋਕ੍ਰੀਨੌਲਜੀ ਦੇ ਮੈਂਬਰ ਪ੍ਰੋਫੈਸਰ ਸੈਫਰਨ ਵਾਈਟਹੈੱਡ ਨੇ ਕਿਹਾ, ''ਮੀਨੋਪੌਜ਼ ਦੇ ਸਮੇਂ ਨੂੰ ਸਟੱਡੀ ਕਰਨਾ ਵਧੀਆ ਗੱਲ ਹੈ ਪਰ ਮੰਨਣਾ ਮੁਸ਼ਕਲ ਹੈ ਕਿ ਸਿਰਫ਼ ਖੁਰਾਕ ਨਾਲ ਮੀਨੋਪੌਜ਼ ਦਾ ਸਮਾਂ ਤੈਅ ਕੀਤਾ ਜਾ ਸਕਦਾ ਹੈ। ਇਸ ਵਿੱਚ ਹੋਰ ਵੀ ਕਈ ਕਾਰਕ ਸ਼ਾਮਲ ਹਨ।''

ਸੀਨੀਅਰ ਪ੍ਰੋਫੈਸਰ ਡਾਕਟਰ ਚੰਨਾ ਜਯਾਸੇਨਾ ਨੇ ਦੱਸਿਆ ਕਿ ਸ਼ਰੀਰ ਦਾ ਮੌਟਾਬੌਲਿਜ਼ਮ ਵੀ ਮਾਹਵਾਰੀ ਲਈ ਅਹਿਮ ਹੁੰਦਾ ਹੈ।

ਉਨ੍ਹਾਂ ਕਿਹਾ, ''ਇਹ ਕਹਿ ਦੇਣਾ ਦਿਲਚਸਪ ਹੋ ਸਕਦਾ ਹੈ ਕਿ ਖੁਰਾਕ ਕਰਕੇ ਮੀਨੋਪੌਜ਼ ਵਿੱਚ ਦੇਰੀ ਹੋ ਰਹੀ ਹੈ। ਪਰ ਇਹ ਰਿਸਰਚ ਸਾਬਤ ਨਹੀਂ ਕਰਦੀ ਕਿ ਖੁਰਾਕ ਕਰਕੇ ਅਜਿਹਾ ਹੁੰਦਾ ਹੈ। ਜਦੋਂ ਤੱਕ ਸਾਡੇ ਕੋਲ ਸਬੂਤ ਨਹੀਂ ਆ ਜਾਂਦੇ, ਲੋਕਾਂ ਨੂੰ ਆਪਣੀ ਖੁਰਾਕ ਬਦਲਣ ਦਾ ਕੋਈ ਕਾਰਨ ਨਹੀਂ ਦਿਸਦਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)