'ਮੈਂ 100 ਬੰਦੇ ਕਤਲ ਕੀਤੇ ਤੇ ਕੋਈ ਅਫ਼ਸੋਸ ਨਹੀਂ'

ਲੜਾਕੇ Image copyright Getty Images

ਪਿਛਲੇ 7 ਸਾਲਾਂ ਤੋਂ ਸੀਰੀਆ ਵਿੱਚ ਭਿਆਨਕ ਯੁੱਧ ਚੱਲ ਰਿਹਾ ਹੈ। ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਬਾਗੀਆਂ ਅਤੇ ਇਸਲਾਮਿਕ ਸਟੇਟ ਵਰਗੇ ਜੇਹਾਦੀ ਗਰੁੱਪਾਂ ਨਾਲ ਮੁਕਾਬਲਾ ਕਰ ਰਹੀ ਹੈ।

ਜੰਗ 'ਚ ਸ਼ਾਮਲ ਦਲਾਂ ਦੀਆਂ ਭਿਆਨਕ ਲੜਾਈਆਂ ਦਾ ਸ਼ਹਿਰ ਰੱਕਾ ਮੈਦਾਨ ਬਣਿਆ ਰਿਹਾ ਹੈ। ਇਹ ਕਹਾਣੀ ਉਸ ਸ਼ਾਂਤਮਈ ਪ੍ਰਦਰਸ਼ਨਕਾਰੀ ਦੀ ਹੈ, ਜਿਹੜਾ ਖ਼ੂਨ-ਖ਼ਰਾਬੇ 'ਚ ਫਸ ਗਿਆ ਅਤੇ ਇੱਕ ਖ਼ਤਰਨਾਕ ਕਾਤਲ ਬਣ ਗਿਆ।

ਚਿਤਾਵਨੀ: ਇਸ ਕਹਾਣੀ 'ਚ ਤਸ਼ਦੱਦ ਅਤੇ ਹਿੰਸਾ ਦਾ ਜ਼ਿਕਰ ਹੈ। ਕੁਝ ਲੋਕ ਇਸ ਤੋਂ ਪਰੇਸ਼ਾਨ ਹੋ ਸਕਦੇ ਹਨ। ਕੁਝ ਕਿਰਦਾਰਾਂ ਦੇ ਨਾਂ ਬਦਲੇ ਗਏ ਹਨ।

ਖ਼ਾਲਿਦ (ਬਦਲਿਆ ਹੋਇਆ ਨਾਂ) ਨੇ ਰੱਕਾ 'ਚ ਚੱਲ ਰਹੀ ਹਿੰਸਾ ਦੇ ਪ੍ਰਭਾਵ ਹੇਠਾਂ ਕਾਤਲ ਬਣਨ ਦਾ ਫ਼ੈਸਲਾ ਨਹੀਂ ਕੀਤਾ, ਸਗੋਂ ਉਸ ਨੂੰ ਇੱਕ ਖ਼ਾਸ ਸੱਦਾ ਭੇਜਿਆ ਗਿਆ ਸੀ।

6 ਲੋਕਾਂ ਨੂੰ ਉੱਤਰੀ-ਪੱਛਮੀ ਸੀਰੀਆ ਦੇ ਅਲੋਪੋ 'ਚ ਇੱਕ ਏਅਰਫ਼ੀਲਡ 'ਚ ਪਹੁੰਚਣ ਲਈ ਕਿਹਾ ਗਿਆ।

ਇੱਥੇ ਇੱਕ ਫਰਾਂਸਿਸੀ ਟ੍ਰੇਨਰ ਉਨ੍ਹਾਂ ਨੂੰ ਪਿਸਤੌਲ, ਸਨਾਈਪਰ ਰਾਇਫ਼ਲ ਅਤੇ ਬਿਨ੍ਹਾਂ ਆਵਾਜ਼ ਵਾਲੇ ਹਥਿਆਰਾਂ ਨਾਲ ਕਤਲ ਕਰਨ ਦੀ ਟ੍ਰੇਨਿੰਗ ਦੇਣ ਵਾਲਾ ਸੀ।

ਇੱਥੇ ਉਨ੍ਹਾਂ ਤਰੀਕੇ ਨਾਲ ਕਤਲ ਕਰਨਾ ਸਿੱਖਿਆ। ਉਨ੍ਹਾਂ ਕੈਦੀਆਂ ਨੂੰ ਨਿਸ਼ਾਨਾ ਬਣਾਇਆ।

ਉਹ ਦੱਸਦੇ ਹਨ, ''ਅਸੀਂ ਹਿਰਾਸਤ 'ਚ ਲਏ ਗਏ ਸਰਕਾਰੀ ਬਲਾਂ ਦੇ ਫ਼ੌਜੀਆਂ 'ਤੇ ਅਭਿਆਸ ਕਰਦੇ ਸੀ। ਉਨ੍ਹਾਂ ਨੂੰ ਇੱਕ ਮੁਸ਼ਕਿਲ ਥਾਂ 'ਤੇ ਰੱਖਿਆ ਜਾਂਦਾ ਸੀ, ਫ਼ਿਰ ਅਸੀਂ ਸਨਾਈਪਰ ਰਾਇਫ਼ਲ ਰਾਹੀਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਸੀ।''

Image copyright Getty Images

''ਕਈ ਵਾਰ ਉਹ ਕੈਦੀਆਂ ਦਾ ਇੱਕ ਗਰੁੱਪ ਭੇਜਦੇ ਅਤੇ ਬਾਕੀਆਂ ਨੂੰ ਨੁਕਸਾਨ ਪਹੁੰਚਾਏ ਬਗੈਰ ਕਿਸੇ ਇੱਕ ਨੂੰ ਮਾਰਨ ਲਈ ਕਹਿੰਦੇ ਸਨ।''

'ਬਹੁਤੀ ਵਾਰ ਅਸੀਂ ਮੋਟਰਸਾਈਕਲ 'ਤੇ ਬਹਿ ਕੇ ਕਤਲ ਕਰਦੇ ਸੀ, ਇੱਕ ਵਿਅਕਤੀ ਮੋਟਰਸਾਈਕਲ ਚਲਾਉਂਦਾ ਅਤੇ ਅਸੀਂ ਪਿੱਛੇ ਬੈਠਦੇ ਸੀ। ਨਿਸ਼ਾਨਾ ਬਣਾਏ ਜਾਣ ਵਾਲੇ ਦੀ ਕਾਰ ਦੇ ਕੋਲ ਅਸੀਂ ਮੋਟਰਸਾਈਕਲ ਲੈ ਕੇ ਜਾਂਦੇ ਸੀ ਤੇ ਫ਼ਿਰ ਗੋਲੀ ਮਾਰ ਦਿੰਦੇ ਸੀ, ਉਸ ਕੋਲ ਬਚਣ ਦਾ ਕੋਈ ਮੌਤਾ ਨੂੰ ਹੁੰਦਾ।''

ਖ਼ਾਲਿਦ ਨੇ ਲੋਕਾਂ ਦਾ ਪਿੱਛਾ ਕਰਨਾ ਸਿੱਖਿਆ। ਉਸ ਨੇ ਕਾਰਾਂ ਦੇ ਕਾਫ਼ਲੇ ਦਾ ਧਿਆਨ ਭਟਕਾਉਣ ਦਾ ਢੰਗ ਸਿੱਖਿਆ ਤਾਂ ਜੋ ਦੂਜਾ ਕਾਤਲ ਨਿਸ਼ਾਨਾ ਲਗਾ ਸਕੇ।

ਇਹ ਇੱਕ ਖ਼ੂਨੀ ਅਤੇ ਗ਼ੈਰ-ਮਨੁੱਖੀ ਸਿੱਖਿਆ ਸੀ ਜਿਹੜੀ ਖ਼ਾਲਿਦ ਹਾਸਲ ਕਰ ਰਿਹਾ ਸੀ।

ਪਰ 2013 ਦੇ ਮੱਧ 'ਚ ਜਦੋਂ ਸੀਰੀਆਈ ਫ਼ੌਜ ਰੱਕਾ ਤੋਂ ਪਿੱਛੇ ਹੱਟ ਰਹੀ ਸੀ ਤਾਂ ਉਦੋਂ ਉੱਥੇ ਜੜ੍ਹਾਂ ਮਜ਼ਬੂਤ ਕਰ ਰਹੇ ਕੱਟੜਪੰਥੀ ਸਮੂਹ ਅਹਰਾਰ-ਅਲ-ਸ਼ਾਮ ਦੇ ਕਮਾਂਡਰਾ ਨੂੰ ਇਹੀ ਤਰੀਕਾ ਸਹੀ ਲੱਗ ਰਿਹਾ ਸੀ।

ਇਹ ਸਮੂਹ ਉੱਤਰੀ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਅਤੇ ਵਿਰੋਧੀਆਂ ਦਾ ਖ਼ਾਤਮਾ ਕਰਨਾ ਚਾਹੁੰਦਾ ਸੀ।

ਮੈਂ ਥੋੜ੍ਹਾ ਧਾਰਮਿਕ ਸੀ...

ਖ਼ਾਲਿਦ ਵੀ ਇਸ ਗਰੁੱਪ ਦੇ ਕਈ ਕਮਾਂਡਰਾਂ ਵਿੱਚੋਂ ਇੱਕ ਸੀ ਅਤੇ ਉਹ ਰੱਕਾ ਦੇ ਸੁਰੱਖਿਆ ਮਹਿਕਮੇ ਦੀ ਜਿੰਮੇਦਾਰੀ ਵੀ ਸੰਭਾਲ ਰਿਹਾ ਸੀ।

Image copyright AFP

ਉਦ ਦੱਸਦਾ ਹੈ, ''ਮੈਂ ਥੋੜ੍ਹਾ ਧਾਰਮਿਕ ਸੀ ਅਤੇ ਧਰਮ ਨੂੰ ਲੈ ਕੇ ਜ਼ਿਆਦਾ ਸਖ਼ਤ ਨਹੀਂ ਸੀ। ਮੈਂ ਧਾਰਮਿਕ ਯਾਤਰਾਵਾਂ ਦਾ ਪ੍ਰਬੰਧ ਕਰਨ ਦਾ ਕੰਮ ਕਰਦਾ ਸੀ।''

ਸਰਕਾਰ-ਵਿਰੋਧੀ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੇ ਦਿਨ ਨੂੰ ਯਾਦ ਕਰਦਾ ਹੋਇਆ ਕਹਿੰਦਾ ਹੈ, ''ਉਹ ਆਜ਼ਾਦੀ ਦਾ ਇੱਕ ਸ਼ਾਨਦਾਰ ਅਹਿਸਾਸ ਸੀ, ਜਿਸ 'ਚ ਸਰਕਾਰ ਦਾ ਵੀ ਡਰ ਘੁਲਿਆ ਹੋਇਆ ਸੀ।''

''ਸਾਨੂੰ ਲੱਗਿਆ ਕਿ ਅਸੀਂ ਆਪਣੇ ਦੇਸ਼ ਲਈ ਕੁਝ ਕਰ ਰਹੇ ਹਾਂ, ਅਸੀਂ ਆਜ਼ਾਦੀ ਲਿਆ ਰਹੇ ਹਾਂ ਅਤੇ ਬਸ਼ਰ ਅਲ ਅਸਦ ਤੋਂ ਇਲਾਵਾ ਕਿਸੇ ਹੋਰ ਨੂੰ ਰਾਸ਼ਟਰਪਤੀ ਚੁਣਨ 'ਚ ਸਮਰੱਥ ਹੋ ਰਹੇ ਹਾਂ, ਸਾਡੇ ਗਰੁੱਪ 'ਚ 25-30 ਤੋਂ ਵੱਧ ਲੋਕ ਨਹੀਂ ਸੀ।''

ਖ਼ਾਲਿਦ ਦੱਸਦਾ ਹੈ ਕਿ ਪ੍ਰਦਰਸ਼ਨਾਂ ਦੀ ਸ਼ੁਰੂਆਤ 'ਚ ਕਿਸੇ ਨੇ ਨਹੀਂ ਸੀ ਸੋਚਿਆ ਕਿ ਉਨ੍ਹਾਂ ਨੂੰ ਹਥਿਆਰ ਚੁੱਕਣੇ ਪੈਣਗੇ।

''ਸਾਡੇ ਅੰਦਰ ਇਨੀਂ ਹਿੰਮਤ ਨਹੀਂ ਸੀ, ਪਰ ਸੁਰੱਖਿਆ ਦਸਤਿਆਂ ਨੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਬੁਰੀ ਤਰ੍ਹਾਂ ਕੁੱਟਿਆ।''

ਇੱਕ ਦਿਨ ਖ਼ਾਲਿਦ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ।

''ਉਨ੍ਹਾਂ ਮੈਨੂੰ ਮੇਰੇ ਘਰੋਂ ਚੁੱਕਿਆ ਅਤੇ ਕ੍ਰਿਮਿਨਲ ਸੁਰੱਖਿਆ ਵਿਭਾਗ ਲੈ ਗਏ। ਇਸ ਤੋਂ ਬਾਅਦ ਕਈ ਹੋਰ ਵਿਭਾਗਾਂ 'ਚ ਵੀ ਲਿਜਾਇਆ ਗਿਆ। ਰਾਜਨੀਤਿਕ ਸੁਰੱਖਿਆ, ਕੌਮੀ ਸੁਰੱਖਿਆ ਅਤੇ ਅੰਤ 'ਚ ਕੇਂਦਰੀ ਜੇਲ੍ਹ ਭੇਜਿਆ ਗਿਆ, ਜਿੱਥੇ ਮੈਂ ਇੱਕ ਮਹੀਨੇ ਤੱਕ ਰਿਹਾ।''

''ਜਦੋਂ ਮੈਂ ਕੇਂਦਰੀ ਜੇਲ੍ਹ ਗਿਆ ਤਾਂ ਮੈਂ ਨਾ ਤਾਂ ਤੁਰ ਸਕਦਾ ਸੀ ਤੇ ਨਾ ਸੌਂ ਸਕਦਾ ਸੀ, ਮੇਰੀ ਕਮਰ 'ਚ ਬਹੁਤ ਜ਼ਿਆਦਾ ਪੀੜ ਸੀ।''

ਖ਼ਾਲਿਦ ਕਹਿੰਦਾ ਹੈ ਕਿ ਉਸ 'ਤੇ ਬਹੁਤਾ ਤਸ਼ਦੱਦ ਕ੍ਰਿਮਿਨਲ ਸਿਕਿਓਰਿਟੀ ਵਿਭਾਗ ਦੇ ਇੱਕ ਗਾਰਡ ਨੇ ਕੀਤਾ, ਜਿਸ ਨੇ ਉਸ ਨੂੰ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਤਸਵੀਰ ਅੱਗੇ ਗੋਡੇ ਟੇਕਣ 'ਤੇ ਮਜਬੂਰ ਕੀਤਾ।

ਗਾਰਡ ਨੇ ਕਿਹਾ, ''ਤੁਹਾਡਾ ਅੱਲ੍ਹਾ ਮਰ ਜਾਵੇਗਾ ਪਰ ਇਹ ਨਹੀਂ ਮਰਨਗੇ, ਅੱਲ੍ਹਾ ਖ਼ਤਮ ਹੋ ਜਾਵੇਗਾ ਪਰ ਅਸਦ ਹਮੇਸ਼ਾ ਰਹਿਣਗੇ।'

''ਹਰ ਦੂਜੇ ਦਿਨ ਉਸ ਗਾਰਡ ਦੀ ਹੀ ਡਿਊਟੀ ਲੱਗਦੀ ਸੀ ਤੇ ਜਦੋਂ ਉਹ ਆਉਂਦਾ ਸੀ ਮੈਨੂੰ ਪਤਾ ਹੁੰਦਾ ਸੀ ਕਿ ਮੇਰੇ 'ਤੇ ਤਸ਼ਦੱਦ ਢਾਹੇਗਾ।''

''ਉਹ ਮੈਨੂੰ ਛੱਤ ਨਾਲ ਬਨ੍ਹ ਕੇ ਟੰਗ ਦਿੰਦਾ ਸੀ ਤੇ ਕੱਪੜੇ ਲਾਹੁਣ ਲਈ ਮਜਬੂਰ ਕਰਦਾ ਸੀ, ਮੇਰੀ ਢੂਹੀ 'ਤੇ ਤਸ਼ਦੱਦ ਢਾਹੁੰਦਾ ਸੀ।''

''ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਨਫ਼ਰਤ ਕਰਦਾ ਹਾਂ ਤੇ ਚਾਹੁੰਦਾ ਹਾਂ ਕਿ ਤੇਰੀ ਮੌਤ ਮੇਰੇ ਹੱਥੋਂ ਹੋਵੇ।''

ਜੇਲ੍ਹ ਤੋਂ ਅੱਧ ਮਰਿਆ ਨਿਕਲਿਆ

''ਮੈਂ ਜੇਲ੍ਹ ਵਿੱਚੋਂ ਅੱਧਾ ਮਰਿਆ ਹੋਇਆ ਨਿਕਲਿਆ, ਜਦੋਂ ਮੈਂ ਸੈਂਟਰਲ ਜੇਲ੍ਹ ਪਹੁੰਚਿਆ ਤਾਂ ਬਾਕੀ ਕੈਦੀ ਮੈਨੂੰ ਦੇਖ ਕੇ ਰੋ ਪਏ, ਮੈਨੂੰ ਸਟ੍ਰੈਚਰ 'ਤੇ ਪਾਇਆ ਗਿਆ ਸੀ।''

Image copyright AFP

''ਮੈਂ ਫ਼ੈਸਲਾ ਕੀਤਾ ਜੇ ਅੱਲ੍ਹਾ ਨੇ ਮੇਰੀ ਜਾਨ ਬਚਾਈ ਤਾਂ ਮੈਂ ਉਸ ਨੂੰ ਜ਼ਰੂਰ ਮਾਰ ਦੇਵਾਂਗਾ, ਭਾਵੇਂ ਉਹ ਕਿਤੇ ਵੀ ਹੋਵੇ।''

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਖ਼ਾਲਿਦ ਨੇ ਸਰਕਾਰ ਦੇ ਖ਼ਿਲਾਫ਼ ਹਥਿਆਰ ਚੁੱਕ ਲਏ।

ਉਹ ਦੱਸਦਾ ਹੈ ਕਿ ਉਨ੍ਹਾਂ ਸੀਰੀਆ ਦੀ ਫ਼ੌਜ ਦੀ 17ਵੀਂ ਰਿਜ਼ਰਵ ਡਿਵੀਜ਼ਨ ਦੇ 35 ਜਵਾਨਾਂ ਨੂੰ ਫ਼ੌਜ 'ਚੋਂ ਭੱਜਣ ਦੀ ਵਿੱਚ ਮਦਦ ਕੀਤੀ।

ਕਈ ਫ਼ੌਜੀਆਂ ਨੂੰ ਖ਼ਾਲਿਦ ਨੇ ਅਗਵਾ ਕਰ ਲਿਆ ਅਤੇ ਉਨ੍ਹਾਂ ਕੋਲ ਜੋ ਵੀ ਸੀ ਉਸ ਨੂੰ ਵੇਚ ਗਿਆ ਤਾਂ ਜੋ ਬੰਦੂਕਾਂ ਖ਼ਰੀਦੀਆਂ ਜਾ ਸਕਣ।

ਉਹ ਕਹਿੰਦਾ ਹੈ ਉਨ੍ਹਾਂ ਨੇ ਕੁਝ ਸੋਹਣੀਆਂ-ਸੁਣਖੀਆਂ ਕੁੜੀਆਂ ਦੀ ਮਦਦ ਲਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਤੰਗ-ਪਰੇਸ਼ਾਨ ਕਰਨ ਵਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਫਸਾ ਲਿਆ।

ਖ਼ਾਲਿਦ ਨੇ ਉਨ੍ਹਾਂ ਦੀ ਜਾਨ ਤਾਂ ਬਖਸ਼ ਦਿੱਤੀ ਪਰ ਬਦਲੇ ਵਿੱਚ ਫੌਜ ਛੱਡਣ ਦੇ ਐਲਾਨ ਵਾਲੇ ਝੂਠੇ ਵੀਡੀਓਜ਼ ਬਣਵਾ ਲਏ ਤਾਂ ਜੋ ਉਹ ਦੁਬਾਰਾ ਰਾਸ਼ਟਰਪਤੀ ਅਸਦ ਦੀ ਫੌਜ 'ਚ ਸ਼ਾਮਲ ਨਾ ਹੋ ਸਕਣ।

ਆਪਣੇ ਪਹਿਲੇ ਬੰਧਕ ਤੋਂ ਨੇ ਫ਼ਿਰੌਤੀ 'ਚ ਏਕੇ-47 ਜਾਂ ਏਕੇ-47 ਖ਼ਰੀਦਣ ਲਈ ਜ਼ਰੂਰੀ ਪੈਸੇ ਮੰਗੇ ਸਨ, ਪਰ ਇੱਕ ਵਿਅਕਤੀ ਖ਼ਾਲਿਦ ਤੋਂ ਨਹੀਂ ਬਚ ਸਕਿਆ, ਉਹ ਗਾਰਡ ਜਿਹੜਾ ਖ਼ਾਲਿਦ 'ਤੇ ਤਸ਼ਦੱਦ ਢਾਹੁੰਦਾ ਸੀ।

''ਮੈਂ ਲੋਕਾਂ ਤੋਂ ਕ੍ਰਿਮਿਨਲ ਸਿਕਿਓਰਟੀ ਵਿਭਾਗ ਦੇ ਉਸ ਗਾਰਡ ਬਾਰੇ ਪਤਾ ਕੀਤਾ ਅਤੇ ਅਸੀਂ ਉਸਦੇ ਘਰ ਤੱਕ ਪਹੁੰਚ ਗਏ, ਫ਼ਿਰ ਅਸੀਂ ਉਸ ਨੂੰ ਅਗਵਾ ਕਰ ਲਿਆ।''

''ਉਸ ਨੇ ਮੈਨੂੰ ਇੱਕ ਗੱਲ ਕਹੀ ਸੀ ਜਿਹੜੀ ਮੈਨੂੰ ਯਾਦ ਰਹੀ, ਉਸ ਨੇ ਕਿਹਾ ਸੀ ਜੇ ਮੈਂ ਉਸਦੀ ਜੇਲ੍ਹ ਤੋਂ ਜ਼ਿੰਦਾ ਬਚ ਜਾਵਾਂ ਅਤੇ ਬਾਅਦ 'ਚ ਉਹ ਮੇਰੇ ਹੱਥ ਆ ਜਾਵੇ ਤਾਂ ਮੈਂ ਉਸ 'ਤੇ ਦਯਾ ਨਾ ਕਰਾਂ, ਮੈਂ ਉਂਝ ਹੀ ਕੀਤਾ ਜਿਵੇਂ ਉਸ ਨੇ ਕਿਹਾ ਸੀ।''

ਇੰਝ ਬਣ ਗਿਆ ਕਾਤਲ

''ਮੈਂ ਉਸ ਨੂੰ ਕੇਂਦਰੀ ਜੇਲ੍ਹ ਦੇ ਕੋਲ ਇੱਕ ਖ਼ੇਤ 'ਚ ਲੈ ਗਿਆ...ਮੈਂ ਉਸ ਦੇ ਦੋਵੇ ਹੱਥ ਵੱਢ ਦਿੱਤੇ। ਉਸਦੀ ਜ਼ੁਬਾਨ ਬਾਹਰ ਕੱਢ ਕੇ ਕੈਂਚੀ ਨਾਲ ਵੱਢ ਦਿੱਤੀ, ਪਰ ਫ਼ਿਰ ਵੀਂ ਮੇਰਾ ਦਿਲ ਨਹੀਂ ਭਰਿਆ...ਉਸ ਨੇ ਮੌਤ ਦੇਣ ਦੀ ਭੀਖ ਮੰਗੀ ਤੇ ਮੈਂ ਆਪਣਾ ਬਦਲਾ ਲੈ ਲਿਆ, ਮੈਨੂੰ ਕੋਈ ਡਰ ਨਹੀਂ ਸੀ।''

''ਮੈਂ ਉਸ 'ਤੇ ਬਹੁਤ ਤਸ਼ਦੱਦ ਕੀਤਾ, ਟੌਰਚਰ ਕਰਨ ਦੇ ਕਈ ਤਰੀਕੇ ਅਪਣਾਏ...ਪਰ ਮੈਨੂੰ ਅਫ਼ਸੋਸ ਨਹੀਂ ਹੁੰਦਾ, ਸਗੋਂ ਜੇ ਉਹ ਫ਼ਿਰ ਜ਼ਿੰਦਾ ਹੋ ਜਾਵੇ ਤਾਂ ਮੈਂ ਉਸਦੇ ਨਾਲ ਫ਼ਿਰ ਉਹ ਸਭ ਕਰਾਂਗਾ।''

''ਜੇ ਉਸਦੀ ਸ਼ਿਕਾਇਤ ਕਰਨ ਦੀ ਕੋਈ ਥਾਂ ਹੁੰਦੀ, ਕੋਈ ਹੁੰਦਾ ਜਿਸ ਤੋਂ ਮੈਂ ਉਸਦੀ ਸ਼ਿਕਾਇਤ ਕੀਤੀ ਹੁੰਦੀ ਤਾਂ ਸ਼ਾਇਦ ਮੈਂ ਉਸ ਨਾਲ ਇਹ ਸਭ ਨਾ ਕੀਤਾ ਹੁੰਦਾ...ਪਰ ਉਸ ਸਮੇਂ ਕੋਈ ਨਹੀਂ ਸੀ, ਜਿਸ ਤੋਂ ਉਸਦੀ ਸ਼ਿਕਾਇਤ ਕੀਤੀ ਜਾ ਸਕੇ, ਕੋਈ ਸਰਕਾਰ ਨਹੀਂ ਸੀ ਜਿਹੜੀ ਉਸ ਨੂੰ ਰੋਕ ਸਕੇ।''

ਖ਼ਾਲਿਦ ਨੂੰ ਕ੍ਰਾਂਤੀ 'ਚ ਵਿਸ਼ਵਾਸ ਨਹੀਂ ਰਿਹਾ ਸੀ। ਸਗੋਂ ਉਸ ਦਾ ਇੱਕ ਹੀ ਟੀਚਾ ਹੈ, ਜ਼ਿੰਦਾ ਰਹਿਣ ਲਈ ਰੋਜ਼ ਸੰਘਰਸ਼ ਕਰਨਾ ਅਤੇ ਛੇਤੀ ਹੀ ਭਿਆਨਕ ਸੀਰੀਆਈ ਸੰਘਰਸ਼ 'ਚ ਇੱਕ ਹੋਰ ਖ਼ਤਰਨਾਕ ਦਲ ਨਾਲ ਜੁੜ ਗਿਆ, ਉਹ ਇਸਲਾਮਿਕ ਸਟੇਟ ਦਾ ਹਤਿਆਰਾ ਬਣ ਗਿਆ।

ਦੋਸਤੀ ਜਾਂ ਧੋਖਾ, ਰਣਨੀਤੀ ਨੂੰ ਲੈ ਕੇ ਲੜਾਈਆਂ, ਸੱਤਾ ਸੰਤੁਲਨ 'ਚ ਬਦਲਾਅ। ਇਨ੍ਹਾਂ ਕਾਰਨਾਂ ਕਰਕੇ ਸੀਰੀਆ ਦੇ ਬਾਗ਼ੀ ਦਲ ਬਦਲਦੇ ਰਹੇ, ਕਈ ਵਾਰ ਤਾਂ ਬਹੁਤ ਜਲਦੀ-ਜਲਦੀ।

ਖ਼ਾਲਿਦ ਨੇ ਆਪਣੇ ਆਪ ਨੂੰ ਟ੍ਰੇਨਿੰਗ ਦੇਣ ਵਾਲੇ ਅਹਰਾਰ-ਅਲ-ਸ਼ਾਮ ਗਰੁੱਪ ਦਾ ਸਾਥ ਛੱਡਿਆ ਅਤੇ ਨੁਸਰਾ ਫਰੰਟ ਨਾਲ ਜੁੜ ਗਿਆ। ਉਸ ਸਮੇਂ ਇਹ ਸੰਗਠਨ ਸੀਰੀਆ 'ਚ ਅਲ-ਕਾਇਦਾ ਨਾਲ ਅਧਿਕਾਰਿਕ ਰੂਪ ਨਾਲ ਜੁੜਿਆ ਸੀ।

2014 ਦੀ ਸ਼ੁਰੂਆਤ 'ਚ ਹੀ, ਇਸਲਾਮਿਕ ਸਟੇਟ ਨੇ, ਜਿਸ ਦਾ ਖ਼ਾਲਿਦ ਤੇ ਹੋਕ ਮੁੰਡੇ ਮਜ਼ਾਕ ਉਡਾਉਂਦੇ ਸਨ, ਬਾਗ਼ੀ ਦਲਾਂ ਨੂੰ ਰੱਕਾ ਤੋਂ ਬਾਹਰ ਕਰ ਦਿੱਤਾ। ਰੱਕਾ ਸ਼ਹਿਰ ਇਸਲਾਮਿਕ ਸਟੇਟ ਦੀ ਸਵੈ-ਘੋਸ਼ਿਤ ਰਾਜਧਾਨੀ ਬਣ ਗਿਆ।

ਲੜਾਕਿਆਂ ਨੇ ਨਾਗਰਿਕਾਂ ਨੂੰ ਡਰਾਉਣ ਲਈ ਚੌਕਾਂ 'ਤੇ ਲੋਕਾਂ ਦੇ ਸਿਰ ਵੱਢ ਦਿੱਤੇ, ਜਿਸ ਨੇ ਆਵਾਜ਼ ਚੁੱਕੀ ਉਸ ਨੂੰ ਗੋਲੀ ਮਾਰ ਦਿੱਤੀ।

ਖ਼ਾਲਿਦ ਕਹਿੰਦਾ ਹੈ, ''ਇਸਲਾਮਿਕ ਸਟੇਟ ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਲੋਕਾਂ ਦੀ ਜਾਨ ਲੈ ਲੈਂਦਾ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਜ਼ਬਤ ਕਰ ਲੈਂਦਾ ਸੀ।''

''ਜੇ ਤੁਸੀਂ ਕਹਿ ਦਿੱਤਾ ਕਿ ਓ ਮੁਹੰਮਦ ਤਾਂ ਉਹ ਇਸ਼ਨਿੰਦਾ ਦਾ ਇਲਜ਼ਾਮ ਲਗਾ ਕੇ ਜਾਨ ਲੈ ਲੈਂਦੇ। ਤਸਵੀਰ ਲੈਣ, ਮੋਬਾਈਲ ਦੇ ਇਸਤੇਮਾਲ ਕਰਨ 'ਤੇ ਸਜ਼ਾ ਦਿੱਤੀ ਜਾਂਦੀ। ਸਿਗਰਟ ਪੀਣ 'ਤੇ ਜੇਲ੍ਹ ਭੇਜ ਦਿੱਤਾ ਜਾਂਦਾ। ਉਹ ਸਭ ਕਰ ਰਹੇ ਸੀ - ਕਤਲ, ਲੁੱਟਾਂ-ਖੋਹਾਂ ਅਤੇ ਇੱਥੋਂ ਤੱਕ ਕੇ ਬਲਾਤਕਾਰ।''

''ਉਹ ਕਿਸੇ ਸ਼ਰੀਫ਼ ਔਰਤ 'ਤੇ ਜਿਨਸੀ ਸਬੰਧਾ ਦਾ ਦੋਸ਼ ਲਗਾ ਦਿੰਦੇ ਅਤੇ ਫ਼ਿਰ ਉਸ ਨੂੰ ਚੌਕਾਂ 'ਤੇ ਪੱਥਰਾਂ ਨਾਲ ਕੁੱਟ-ਕੁੱਟ ਕੇ ਮਾਰ ਦਿੰਦੇ ਸਨ, ਮੈਂ ਤਾਂ ਕਦੇ ਆਪਣੇ ਛੋਟੇ ਭਰਾ-ਭੈਣਾਂ ਦੇ ਸਾਹਮਣੇ ਮੁਰਗਾ ਵੀ ਹਲਾਲ ਨਹੀਂ ਕੀਤਾ ਸੀ।''

ਡਬਲ ਏਜੰਟ ਬਣਨ ਦਾ ਫ਼ੈਸਲਾ ਅਤੇ...

ਜਿਹਾਦੀ ਨੇ ਬਾਗ਼ੀ ਦਲਾਂ ਦੇ ਉੱਚ ਕਮਾਂਡਰ ਨੂੰ ਕਾਫ਼ੀ ਪੈਸਿਆਂ ਅਤੇ ਸੱਤਾ ਦੇ ਅਹੁਦਿਆਂ ਬਦਲੇ ਖ਼ਰੀਦ ਲਿਆ। ਖ਼ਾਲਿਦ ਨੂੰ ਸੁਰੱਖਿਆ ਮੁਖੀ ਦਾ ਅਹੁਦਾ ਦਿੱਤਾ ਗਿਆ।

ਉਸ ਨੂੰ ਦਫ਼ਤਰ ਦਿੱਤਾ ਗਿਆ ਅਤੇ ਇਸਲਾਮਿਕ ਸਟੇਟ ਲੜਾਕਿਆਂ ਨੂੰ ਹੁਕਮ ਦੇਣ ਦਾ ਹੱਕ ਦਿੱਤਾ ਗਿਆ। ਉਹ ਸਮਝ ਗਿਆ ਕਿ ਇਸ ਤੋਂ ਮਨ੍ਹਾ ਕਰਨ ਦਾ ਮਤਲਬ ਹੈ ਆਪਣੀ ਮੌਤ ਦੇ ਵਾਰੰਟ 'ਤੇ ਹਸਤਾਖ਼ਰ ਕਰਨਾ। ਉਸ ਨੇ ਇੱਕ ਖ਼ੌਫ਼ਨਾਕ ਵਿਅਕਤੀਗਤ ਸਮਝੌਤਾ ਕਰ ਲਿਆ ਸੀ।

''ਮੈਂ ਹਾਂ ਕਹਿ ਦਿੱਤੀ ਪਰ ਅਲ-ਨੁਸਰਾ ਦੇ ਸੀਨੀਅਰ ਨੇਤਾ ਅਬੁ-ਅਲ-ਅੱਬਾਸ ਦੀ ਸਹਿਮਤੀ ਨਾਲ ਮੈਂ ਡਬਲ ਏਜੰਟ ਬਣ ਗਿਆ। ਮੈਂ ਸਾਹਮਣਿਓਂ ਇਸਲਾਮਿਕ ਸਟੇਟ ਦਾ ਦੋਸਤ ਸੀ ਪਰ ਪਿੱਠ ਪਿੱਛੇ ਦੁਸ਼ਮਨ। ਮੈਂ ਇਸਲਾਮਿਕ ਸਟੇਟ ਦੇ ਲੜਾਕਿਆਂ ਨੂੰ ਅਗਵਾਹ ਕੀਤਾ ਅਤੇ ਉਨ੍ਹਾਂ ਦੇ ਕਤਲ ਕੀਤੇ। ਮੈਂ ਜਿਹੜੇ ਪਹਿਲੇ ਲੜਾਕੇ ਨੂੰ ਅਗਵਾ ਕੀਤਾ ਉਹ ਇੱਕ ਸੀਰੀਆਈ ਸੀ ਅਤੇ ਇਸਲਾਮਿਕ ਸਟੇਟ ਦੇ ਟ੍ਰੇਨਿੰਗ ਕੈਂਪ ਦਾ ਨੇਤਾ ਸੀ।''

''ਮੈਂ ਇਸਲਾਮਿਕ ਸਟੇਟ ਨੂੰ ਹਰ ਉਹ ਜਾਣਕਾਰੀ ਦਿੰਦਾ ਜਿਹੜੀ ਅਬੁ ਅਲ ਅੱਬਾਸ ਚਾਹੁੰਦੇ ਸਨ ਕਿ ਮੈਂ ਦੇਵਾਂ। ਕੁਝ ਜਾਣਕਾਰੀਆਂ ਸਹੀ ਹੁੰਦੀਆਂ ਤਾਂ ਜੋ ਇਸਲਾਮਿਕ ਸਟੇਟ ਦਾ ਮੇਰੇ 'ਤੇ ਭਰੋਸਾ ਕਾਇਮ ਹੋ ਜਾਵੇ, ਪਰ ਇਸੇ ਸਮੇਂ ਮੈਂ ਉਨ੍ਹਾਂ ਦੇ ਰਾਜ਼ ਵੀ ਲੈ ਰਿਹਾ ਸੀ।''

ਅਲ ਨੁਸਰਾ ਫਰੰਟ ਨੇ ਸਾਲ 2013 'ਚ ਇਸਲਾਮਿਕ ਸਟੇਟ ਦੇ ਨੇਤਾ ਅਬੁ ਬਕ੍ਰ ਅਲ ਬਗ਼ਦਾਦੀ ਦੇ ਗੱਠਜੋੜ ਦੇ ਮਤੇ ਨੂੰ ਠੁਕਰਾ ਦਿੱਤਾ ਸੀ ਅਤੇ ਦੂਜੇ ਵਿਰੋਧੀ ਦਲਾਂ ਨਾਲ ਹੱਥ ਮਿਲਾ ਲਿਆ ਸੀ। ਅਜਿਹੇ 'ਚ ਉਸ ਕੋਲ ਇਸਲਾਮਿਕ ਸਟੇਟ ਦੀ ਜਾਸੂਸੀ ਕਰਨ ਦੇ ਕਾਰਨ ਸਨ।

ਖ਼ਾਲਿਦ ਦਾ ਡਬਲ ਏਜੰਟ ਬਣਨ ਦਾ ਫ਼ੈਸਲਾ ਮੌਤ ਨੂੰ ਗਲੇ ਲਗਾਉਣ ਵਰਗਾ ਸੀ ਪਰ ਉਹ ਲੋਕ ਹੋਰ ਸਨ ਜਿਹੜੇ ਮਾਰੇ ਜਾ ਰਹੇ ਸਨ। ਖ਼ਾਲਿਦ ਦੱਸਦਾ ਹੈ ਕਿ ਉਸ ਨੇ ਇਸਲਾਮਿਕ ਸਟੇਟ ਦੇ ਕਹਿਣ 'ਤੇ 16 ਲੋਕਾਂ ਦੇ ਕਤਲ ਕੀਤੇ। ਇਨ੍ਹਾਂ ਲੋਕਾਂ ਨੂੰ ਆਵਾਜ਼ ਨਾ ਕਰਨ ਵਾਲੀ ਬੰਦੂਤ ਨਾਲ ਉਨ੍ਹਾਂ ਦੇ ਘਰਾਂ 'ਚ ਹੀ ਮਾਰਿਆ ਗਿਆ ਸੀ।

ਖ਼ਾਲਿਦ ਕਹਿੰਦਾ ਹੈ ਕਿ ਉਨ੍ਹਾਂ ਲੋਕਾਂ ਨੇ ਪੈਸਿਆਂ ਬਦਲੇ ਆਪਣਾ ਧਰਮ ਵੇਚ ਦਿੱਤਾ ਸੀ, ਉਹ ਅਹਰਾਰ-ਅਲ-ਸ਼ਾਮ ਅਤੇ ਫ੍ਰੀ ਸੀਰੀਅਨ ਆਰਮੀ ਨੂੰ ਧੋਖਾ ਦੇ ਰਹੇ ਸਨ। ਪੱਛਮੀ ਦੇਸ਼ਾਂ ਦੇ ਸਮਰਥਣ ਵਾਲੇ ਦਲ ਫ੍ਰੀ ਸੀਰੀਅਨ ਆਰਮੀ ਨੇ ਹੀ ਸਭ ਤੋਂ ਪਹਿਲਾਂ ਸਰਕਾਰੀ ਫ਼ੌਜ ਨੂੰ ਰੱਕਾ ਤੋਂ ਬਾਹਰ ਕੱਢਿਆ ਸੀ।

ਜਿਹੜੇ ਲੋਕਾਂ ਦਾ ਖ਼ਾਲਿਦ ਨੇ ਕਤਲ ਕੀਤਾ ਉਨ੍ਹਾਂ ਵਿੱਚੋਂ ਇੱਕ ਅਲ-ਬਾਬ ਦੇ ਰਹਿਣ ਵਾਲੇ ਇਸਲਾਮੀ ਮਾਮਲਿਆਂ ਦੇ ਵਿਦਵਾਨ ਸਨ। ਉਹ ਦੱਸਦਾ ਹੈ, ''ਮੈਂ ਉਨ੍ਹਾਂ ਦਾ ਬੂਹਾ ਖੜਕਾਇਆ ਅਤੇ ਘਰ 'ਚ ਵੜਦੇ ਹੀ ਬੰਦੂਕ ਉਨ੍ਹਾਂ 'ਤੇ ਰੱਖ ਦਿੱਤੀ, ਉਨ੍ਹਾਂ ਦੀ ਪਤਨੀ ਰੌਲਾ ਪਾਉਣ ਲੱਗੀ, ਉਹ ਸਮਝ ਗਏ ਸਨ ਕਿ ਮੈਂ ਉਨ੍ਹਾਂ ਨੂੰ ਮਾਰਨ ਆਇਆ ਹਾਂ।''

''ਉਨ੍ਹਾਂ ਮੈਨੂੰ ਕਿਹਾ ਕਿ ਤੁਸੀਂ ਕੀ ਚਾਹੁੰਦੇ ਹੋ, ਪੈਸਾ, ਜਿਨਾਂ ਹੈ ਸਾਰਾ ਲੈ ਜਾਓ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਪੈਸਾ ਨਹੀਂ ਚਾਹੁੰਦਾ...ਫ਼ਿਰ ਮੈਂ ਉਨ੍ਹਾਂ ਦੀ ਪਤਨੀ ਨੂੰ ਦੂਜੇ ਕਮਰੇ 'ਚ ਬੰਦ ਕਰ ਦਿੱਤਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇ ਤੁਸੀਂ ਮੇਰੀ ਪਤਨੀ ਦੇ ਨਾਲ ਸੌਂਣਾ ਚਾਹੁੰਦੇ ਹੋ ਤਾਂ ਸੌਂ ਜਾਓ ਪਰ ਮੇਰੀ ਜਾਨ ਬਖ਼ਸ਼ ਦਿਓ...ਉਨ੍ਹਾਂ ਦੀਆਂ ਗੱਲਾਂ ਨੇ ਮੈਨੂੰ ਉਨ੍ਹਾਂ ਦਾ ਕਤਲ ਕਰਨ ਲਈ ਪ੍ਰਰਿਤ ਕਰ ਦਿੱਤਾ।''

''ਮੈਂ ਆਮ ਨਾਗਰਿਕ ਹੋ ਗਿਆ ਹਾਂ''

ਰੱਕਾ 'ਚ ਇਸਲਾਮਿਕ ਸਟੇਟ ਦੀ ਅਮੀਰਾਂ (ਨੇਤਾਵਾਂ) ਨੂੰ ਐਸ਼ ਪਸੰਦ ਸੀ। ਉਹ ਉਨ੍ਹਾਂ ਲੋਕਾਂ ਦਾ ਰੈਗੂਲਰ ਤੌਰ 'ਤੇ ਕਤਲ ਕਰਵਾਉਂਦੇ ਸਨ ਜਿਹੜੇ ਉਨ੍ਹਾਂ ਦੀ ਥਾਂ ਲੈ ਸਕਦੇ ਹੋਣ।

ਕਈ ਵਾਰ ਉਹ ਮੌਤਾਂ ਲਈ ਅਮਰੀਕਾ ਦੀ ਅਗਵਾਈ ਦੇ ਗੱਠਜੋੜ ਦੇ ਲੜਾਕੂ ਜਹਾਜ਼ਾਂ ਨੂੰ ਜਿੰਮੇਵਾਰ ਦੱਸ ਦਿੰਦੇ ਸਨ। ਕਈ ਵਾਰ ਉਹ ਮਾਰੇ ਗਏ ਲੋਕਾਂ ਦੀ ਪਰਵਾਹ ਹੀ ਨਹੀਂ ਕਰਦੇ ਸਨ।

ਇਸਲਾਮਿਕ ਸਟੇਟ ਦੇ ਨਾਲ ਜੁੜਨ ਦੇ ਮਹੀਨੇ ਬਾਅਦ ਹੀ ਖ਼ਾਲਿਦ ਨੂੰ ਅਹਿਸਾਸ ਹੋ ਗਿਆ ਕਿ ਉਸ ਦਾ ਨੰਬਰ ਵੀ ਕਦੇ ਵੀ ਆ ਸਕਦਾ ਹੈ।

ਹੁਣ ਖ਼ਾਲਿਦ ਆਪਣੀ ਜਾਨ ਬਚਾ ਕੇ ਭੱਜ ਰਿਹਾ ਸੀ। ਉਹ ਪਹਿਲਾਂ ਕਾਰ ਰਾਹੀਂ ਦੀਰ-ਅਜ਼ੂਰ ਗਿਆ ਤੇ ਫ਼ਿਰ ਤੁਰਕੀ ਪਹੁੰਚ ਗਿਆ।

Image copyright bulentkilic/afp

ਇਹ ਪੁੱਛਣ 'ਤੇ ਕੀ ਉਸ ਨੂੰ ਕੋਈ ਅਫ਼ਸੋਸ ਹੈ ਜਾਂ ਇੱਕ ਦਿਨ ਫੜੇ ਜਾਣ ਦਾ ਡਰ ਹੈ ਤਾਂ ਉਹ ਇਨਾਂ ਹੀ ਕਹਿੰਦਾ ਹੈ, ''ਮੈਂ ਸਿਰਫ਼ ਇਹੀ ਸੋਚਦਾ ਸੀ ਕਿ ਕਿਵੇਂ ਬਚ ਕੇ ਨਿਕਲਾਂ ਅਤੇ ਜ਼ਿੰਦਾ ਰਹਾਂ।''

''ਜੋ ਮੈਂ ਕੀਤਾ ਉਹ ਅਪਰਾਧ ਨਹੀਂ ਹੈ, ਜਦੋਂ ਕੋਈ ਤੁਹਾਡੇ ਪਿਤਾ 'ਤੇ, ਭਰਾ 'ਤੇ ਬੰਦੂਕ ਰੱਖ ਦੇਵੇ ਅਤੇ ਉਨ੍ਹਾਂ ਨੂੰ ਮਾਰੇ ਜਾਂ ਰਿਸ਼ਤੇਦਾਰਾਂ ਨੂੰ ਮਾਰੇ, ਤੁਸੀਂ ਚੁੱਪ ਨਹੀਂ ਰਹਿ ਸਕਦੇ ਅਤੇ ਕੋਈ ਵੀ ਤਾਕਤ ਤੁਹਾਨੂੰ ਨਹੀਂ ਰੋਕ ਸਕਦੀ, ਮੈਂ ਜੋ ਕੀਤਾ ਉਹ ਆਪਣੀ ਸੁਰੱਖਿਆ ਲਈ ਕੀਤਾ।''

''ਮੈਂ ਸਰਕਾਰ ਅਤੇ ਇਸਲਾਮਿਕ ਸਟੇਟ ਖ਼ਿਲਾਫ਼ ਲੜਾਈ 'ਚ 100 ਤੋਂ ਵੱਧ ਲੋਕਾਂ ਦਾ ਕਤਲ ਕੀਤਾ, ਪਰ ਮੈਂ ਇੱਕ ਵੀ ਅਜਿਹੇ ਵਿਅਕਤੀ ਨੂੰ ਨਹੀਂ ਮਾਰਿਆ ਜਿਹੜਾ ਬੇਗੁਨਾਹ ਹੋਵੇ। ਮੈਨੂੰ ਕੋਈ ਅਫ਼ਸੋਸ ਨਹੀਂ ਹੈ, ਅੱਲਾਹ ਜਾਣਦਾ ਹੈ ਕਿ ਮੈਂ ਕਿਸੇ ਆਮ ਨਾਗਰਿਕ ਜਾਂ ਬੇਗੁਨਾਹ ਵਿਅਕਤੀ ਦੀ ਜਾਨ ਨਹੀਂ ਲਿੱਤੀ ਹੈ।''

''ਮੈਂ ਜਦੋਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦਾਂ ਹਾਂ ਤਾਂ ਲਗਦਾ ਹੈ ਕਿ ਮੈਂ ਕੋਈ ਰਾਜਕੁਮਾਰ ਹਾਂ, ਮੈਨੂੰ ਰਾਤ ਨੂੰ ਸਕੂਨ ਨਾਲ ਨੀਂਦ ਆਉਂਦੀ ਹੈ, ਕਿਉਂਕਿ ਹਰ ਉਹ ਵਿਅਕਤੀ ਜਿਸ ਨੂੰ ਮਾਰਨ ਲਈ ਮੈਨੂੰ ਕਿਹਾ ਗਿਆ ਉਹ ਮਰਨ ਦੇ ਹੀ ਲਾਇਕ ਸੀ।''

''ਸੀਰੀਆ ਨੂੰ ਛੱਡਣ ਦੇ ਬਾਅਦ ਹੁਣ ਮੈਂ ਇੱਕ ਵਾਰ ਫ਼ਿਰ ਤੋਂ ਆਮ ਨਾਗਰਿਕ ਹੋ ਗਿਆ ਹਾਂ, ਹੁਣ ਜਦੋਂ ਕੋਈ ਮੈਨੂੰ ਗ਼ਲਤ ਗੱਲ ਕਹਿੰਦਾ ਹੈ ਕਾਂ ਮੈਂ ਬਸ ਇਹੀ ਜਵਾਬ ਦਿੰਦਾ ਹਾਂ - ਜਿਵੇਂ ਤੁਹਾਡੀ ਮਰਜ਼ੀ।''

ਖ਼ਾਲਿਦ ਨੂੰ ਬੀਬੀਸੀ ਦੀ ਡਾਕਿਊਮੈਂਟਰੀ ਸੀਰੀਆ - ਦ ਵਰਲਡਸ ਵਾਰ ਲਈ ਇੰਟਰਵਿਊ ਕੀਤਾ ਗਿਆ ਹੈ, ਇਹ ਡਾਕਿਊਮੈਂਟਰੀ 26 ਮਈ ਅਤੇ 2 ਜੂਨ ਨੂੰ ਬੀਬੀਸੀ ਵਰਲਡ ਨਿਊਜ਼ 'ਤੇ ਦਿਖਾਈ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)