ਬਲਾਗ: ਆਖ਼ਰ ਪਾਕਿਸਤਾਨ 'ਚ ਅਸਲ ਸੱਤਾ ਕਿਸਦੇ ਹੱਥ?

ਨਵਾਜ਼ ਸ਼ਰੀਫ਼ ਤੇ ਅੱਬਾਸੀ Image copyright AFP

ਲੋਕਤੰਤਰ ਦੇ ਦੋ ਥੰਮ੍ਹ ਹਨ-ਸੱਤਾ ਧਿਰ ਤੇ ਵਿਰੋਧੀ ਧਿਰ ਪਰ ਬੀਤੇ ਦਿਨਾਂ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਕੌਣ ਕਿਹੜੇ ਪਾਸੇ ਹੈ।

ਪਾਕਿਸਤਾਨ ਵਿੱਚ ਸੱਤਾ ਧਿਰ ਮੁਸਲਿਮ ਲੀਗ (ਨਵਾਜ਼) ਦੀ ਹੈ ਪਰ ਵਿਰੋਧੀ ਧਿਰ ਵੀ ਮੁਸਲਿਮ ਲੀਗ (ਨਵਾਜ਼) ਦਾ ਹੀ ਲੱਗਦਾ ਹੈ।

ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਹਰ ਥਾਂ ਕਹਿ ਰਹੇ ਹਨ ਕਿ 'ਮੈਂ ਭਾਵੇਂ ਦੇਸ ਦਾ ਪ੍ਰਧਾਨ ਮੰਤਰੀ ਹਾਂ, ਪਰ ਮੇਰੇ ਪ੍ਰਧਾਨ ਮੰਤਰੀ ਤਾਂ ਨਵਾਜ਼ ਸ਼ਰੀਫ਼ ਹੀ ਹਨ।'

ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਅੱਬਾਸੀ ਨੇ ਕਿਹਾ ਕਿ ਅਗਲੀਆਂ ਚੋਣਾਂ, ਚੋਣ ਕਮਿਸ਼ਨ ਨਹੀਂ ਬਲਕਿ ਦੂਜੇ ਗ੍ਰਹਿ ਤੋਂ ਆ ਕੇ ਏਲੀਅਨਜ਼ ਕਰਵਾਉਣਗੇ।

ਇਹ ਗੱਲ ਕੋਈ ਵਿਰੋਧੀ ਧਿਰ ਦਾ ਨੇਤਾ ਕਹਿੰਦਾ ਤਾਂ ਸਮਝ ਵਿੱਚ ਆ ਜਾਂਦੀ ਕਿ ਵਿਰੋਧੀਆਂ ਦਾ ਕੰਮ ਹੀ ਹਰ ਚੀਜ਼ ਵਿੱਚ ਨੁਕਸ ਕੱਢਣਾ ਹੈ ਪਰ ਕਿਸੇ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਅਗਲੀਆਂ ਚੋਣਾਂ ਏਲੀਅਨਜ਼ ਕਰਵਾਉਣਗੇ, ਸਰਕਾਰ ਦਾ ਬੇਚਾਰਾਪਣ ਜ਼ਾਹਰ ਕਰਦਾ ਹੈ।

ਬੌਸ ਵੀ ਪ੍ਰਧਾਨ ਮੰਤਰੀ ਹੀ ਹੈ...

ਪ੍ਰਧਾਨ ਮੰਤਰੀ ਦਾ ਇਸ਼ਾਰਾ ਕੁਝ ਖੁਫ਼ੀਆ ਏਜੰਸੀਆਂ ਵੱਲ ਹੈ ਪਰ ਦੁਖ ਦੀ ਗੱਲ ਇਹ ਹੈ ਕਿ ਇਨ੍ਹਾਂ ਖੁਫ਼ੀਆਂ ਏਜੰਸੀਆਂ ਦੇ ਬੌਸ ਵੀ ਪ੍ਰਧਾਨ ਮੰਤਰੀ ਹੀ ਹਨ, ਭਾਵੇਂ ਕਾਗਜ਼ਾਂ 'ਚ ਹੀ ਸਹੀ।

Image copyright Getty Images

ਪਰ ਸ਼ਾਇਦ ਇਹ ਐਨੇ ਤਾਕਤਵਰ ਹਨ ਕਿ ਖ਼ੁਦ ਬੌਸ ਯਾਨਿ ਪ੍ਰਧਾਨ ਮੰਤਰੀ ਕਿਸੇ 'ਸਤੀ-ਸਵਿਤਰੀ' ਵਾਂਗ ਇਨ੍ਹਾਂ ਸੰਸਥਾਵਾਂ ਦਾ ਨਾਂ ਲੈਣ ਦੀ ਥਾਂ ਮੂੰਹ ਲੁਕਾ ਕੇ ਸਿਰਫ਼ ਇਹੀ ਕਹਿ ਸਕਦਾ ਹੈ-ਮੁੰਨੇ ਦੇ ਅੱਬਾ, ਅਜੀ ਸੁਣਦੇ ਹੋ...!

ਇਸੇ ਤਰ੍ਹਾਂ ਭ੍ਰਿਸ਼ਟਾਚਾਰ ਦਾ ਪਤਾ ਲਗਾਉਣ ਲਈ ਸੀਬੀਆਈ ਦੀ ਤਰ੍ਹਾਂ ਦੀ ਏਜੰਸੀ ਨੈਬ ਸੁਪਰੀਮ ਕੋਰਟ ਦੇ ਹੁਕਮ 'ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ 'ਤੇ ਵੀ ਪ੍ਰਧਾਨ ਮੰਤਰੀ ਅੱਬਾਸੀ ਨੇ ਇਲਜ਼ਾਮ ਲਗਾਇਆ ਕਿ ਇਹ ਸੰਸਥਾ ਨੈਬ (ਨੈਸ਼ਨਲ ਅਕਾਊਂਟੀਬਿਲਟੀ ਬਿਊਰੋ) ਕਿਸੇ ਹੋਰ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਅੱਬਾਸੀ ਦੀ ਪਾਰਟੀ

ਸਪੱਸ਼ਟ ਹੈ ਕਿ ਇਹ ਇਸ਼ਾਰਾ ਵੀ ਮੁੰਨੇ ਦੇ ਅੱਬਾ ਵੱਲ ਹੀ ਹੈ। ਇਸ ਤੋਂ ਵੀ ਦਿਲਚਸਪ ਵਤੀਰਾ ਪ੍ਰਧਾਨ ਮੰਤਰੀ ਦੀ ਪਾਰਟੀ ਮੁਸਲਿਮ ਲੀਗ (ਨਵਾਜ਼) ਦੇ ਇੱਕ ਮੈਂਬਰ ਸ਼ਾਹਬਾਜ਼ ਸ਼ਰੀਫ਼ ਦਾ ਹੈ।

Image copyright Getty Images

ਉਹ ਹਰ ਥਾਂ ਇਹ ਕਹਿੰਦੇ ਫਿਰਦੇ ਹਨ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਗਈ ਤਾਂ ਅਸੀਂ ਕਰਾਚੀ ਨੂੰ ਨਿਊ ਯੌਰਕ ਬਣਾ ਦਿਆਂਗੇ। ਪੂਰੇ ਮੁਲਕ ਵਿੱਚ ਆਧੁਨਿਕ ਰਾਜ ਮਾਰਗਾਂ ਦਾ ਜਾਲ ਵਿਛਾ ਦੇਵਾਂਗੇ।

ਸਿੰਧ, ਬਲੂਚਿਸਤਾਨ ਅਤੇ ਖੈਬਰ ਪਖ਼ਤੂਨਖਵਾ ਨੂੰ ਵੀ ਪੰਜਾਬ ਦੇ ਬਰਾਬਰ ਤਰੱਕੀ ਦੇਵਾਂਗੇ, ਵਗੈਰਾ-ਵਗੈਰਾ।

ਕਿਸੇ ਵਿੱਚ ਹੌਸਲਾ ਨਹੀਂ ਕਿ ਸ਼ਾਹਬਾਜ਼ ਸ਼ਰੀਫ਼ ਨੂੰ ਹਲੂਣ ਕੇ ਕੋਈ ਦੱਸ ਸਕੇ ਕਿ ਭਾਈ ਸਾਹਬ ਜ਼ਰਾ ਬੈਠੋ, ਤੁਹਾਡੇ ਸਿਰ 'ਤੇ ਠੰਡੇ ਪਾਣੀ ਦੀ ਬਾਲਟੀ ਤਾਂ ਪਾ ਦਿਆਂ, ਤਾਂ ਕਿ ਤੁਸੀਂ ਹੋਸ਼ ਵਿੱਚ ਆ ਜਾਓ।

ਨੌਂ ਸਾਲਾਂ ਤੋਂ ਸਰਕਾਰ ਚਲਾਉਣ ਵਾਲੀ ਪਾਰਟੀ...

ਤੁਸੀਂ ਵਿਰੋਧੀ ਧਿਰ 'ਚ ਨਹੀਂ ਹੋ। ਤੁਸੀਂ ਤਾਂ ਆਪ ਸਰਕਾਰ ਹੋ। ਕੁਝ ਅਜਿਹਾ ਹੀ ਰਵੱਈਆ ਸਿੰਧ ਵਿੱਚ ਪਿਛਲੇ ਨੌਂ ਸਾਲ ਸਰਕਾਰ ਚਲਾਉਣ ਵਾਲੀ ਪੀਪਲਜ਼ ਪਾਰਟੀ ਦਾ ਵੀ ਹੈ।

Image copyright Getty Images

ਮਹਾਂ ਮੰਤਰੀ ਹਰ ਜਲਸੇ ਵਿੱਚ ਕਹਿ ਰਹੇ ਹਨ ਕਿ ਜੇ ਜਨਤਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਸਿੰਧ ਨੂੰ ਐਨੀ ਤਰੱਕੀ ਦਿਆਂਗੇ ਕਿ ਸਿੰਧ ਨੇ ਸੋਚੀ ਵੀ ਨਹੀਂ ਹੋਣੀ।

ਲਗਦਾ ਹੈ ਗਰਮੀ ਨੇ ਸਾਰਿਆਂ ਦਾ ਦਿਮਾਗ ਘੁੰਮਾ ਦਿੱਤਾ ਹੈ।

ਮਹਾਂ ਮੰਤਰੀ ਦੀਆਂ ਅਜਿਹੀਆਂ ਗੱਲਾਂ ਤੋਂ ਬਾਅਦ ਹੁਣ ਸਿੰਧੀ ਜਨਤਾ ਇਹ ਸੋਚ ਰਹੀ ਹੈ ਕਿ 'ਮਹਾਂ' ਦੇ ਨਾਲ ਹੁਣ ਹੋਰ ਕੀ-ਕੀ ਜੋੜਿਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)