ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਤੋੜਿਆ ਗਿਆ ਇਰਾਨ ਪਰਮਾਣੂ ਸਮਝੌਤਾ ਕੀ ਹੈ?

ਟਰੰਪ Image copyright Getty Images

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਓਬਾਮਾ ਪ੍ਰਸਾਸ਼ਨ ਦੇ ਫ਼ੈਸਲੇ ਨੂੰ ਪਲਟਦਿਆਂ ਇਰਾਨ ਪਰਮਾਣੂ ਸਮਝੌਤੇ ਤੋਂ ਪੈਰ ਪਿੱਛੇ ਖਿੱਚ ਲਿਆ ਹੈ। ਟਰੰਪ ਨੇ ਕਿਹਾ ਹੈ, 'ਮੈਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਗਲੇ-ਸੜੇ ਸਮਝੌਤੇ ਨਾਲ ਅਸੀਂ ਇਰਾਨ ਦੇ ਪਰਮਾਣੂ ਬੰਬ ਨਹੀਂ ਰੋਕ ਸਕਦੇ'

ਟਰੰਪ ਦਾ ਕਹਿਣਾ ਸੀ ਕਿ ਇਰਾਨ ਸਮਝੌਤੇ ਦਾ ਮੂਲ ਹੀ ਨੁਕਸਦਾਰ ਹੈ, ਜੇਕਰ ਅਸੀਂ ਕੁਝ ਨਹੀਂ ਕਰਦੇ ਤਾਂ ਅਸੀਂ ਜਾਣਦੇ ਹਾਂ ਕਿ ਇਸ ਦਾ ਸਿੱਟਾ ਕੀ ਹੋਵੇਗਾ।

ਟਰੰਪ ਨੇ ਅੱਗੇ ਕਿਹਾ, "ਇਸ ਲਈ ਮੈਂ ਅੱਜ ਐਲਾਨ ਕਰ ਰਿਹਾ ਹਾਂ ਕਿ ਅਮਰੀਕਾ ਇਰਾਨ ਪ੍ਰਮਾਣੂ ਸਮਝੌਤਾ ਵਾਪਸ ਲੈ ਲਵੇਗਾ।"

ਟਰੰਪ ਨੇ ਕਿਹਾ, "ਅਸੀ ਸਖ਼ਤ ਆਰਥਿਕ ਪਾਬੰਦੀਆਂ ਦੀ ਸ਼ੁਰੂਆਤ ਕਰਾਂਗੇ, ਕੋਈ ਵੀ ਰਾਸ਼ਟਰ ਜੋ ਈਰਾਨ ਨੂੰ ਪਰਮਾਣੂ ਹਥਿਆਰ ਜੁਟਾਉਣ ਵਿਚ ਮਦਦ ਕਰਦਾ ਹੈ, ਨੂੰ ਵੀ ਅਮਰੀਕਾ ਦੀਆਂ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।

ਇਰਨ ਦਾ ਕੀ ਕਹਿਣਾ ਹੈ?

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਆਪਣੇ ਹੀ ਕੀਤੇ ਵਾਦੇ ਦੀ ਇੱਜ਼ਤ ਨਹੀਂ ਕਰਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਟਾਮਿਕ ਐਨਰਜੀ ਸੰਸਥਾ ਨੂੰ ਤਿਆਰ ਰਹਿਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਹੋਰਾਂ ਦੇਸਾ ਨਾਲ ਇਸ ਬਾਰੇ ਗੱਲ ਕਰਗੇ ਜੋ ਇਸ ਸਮਝੌਤੇ ਦਾ ਹਿੱਸਾ ਹਨ।

ਇਰਾਨ ਪਰਮਾਣੂ ਸਮਝੌਤੇ ਦੀ ਪਿੱਠਭੂਮੀ

2015 ਵਿੱਚ ਇਰਾਨ ਨੇ ਦੁਨੀਆਂ ਦੀਆਂ ਮਹਾਂਸ਼ਕਤੀਆਂ ਸਮਝੇ ਜਾਂਦੇ ਮੁਲਕਾਂ ਦੇ P5+1ਗਰੁੱਪ ਨਾਲ ਇੱਕ ਸਮਝੌਤੇ ਉੱਤੇ ਸਹੀ ਪਾਈ। ਇਸ ਸਮਝੌਤੇ ਵਿੱਚ ਅਮਰੀਕਾ, ਯੂਕੇ, ਫਰਾਂਸ, ਚੀਨ,ਰੂਸ ਤੇ ਜਰਮਨੀ ਸ਼ਾਮਲ ਸਨ।

ਇਰਾਨ ਵਲੋਂ ਪਰਮਾਣੂ ਹਥਿਆਰ ਵਿਕਸਤ ਕਰਨ ਦੀਆਂ ਕਥਿਤ ਕੋਸ਼ਿਸ਼ਾਂ ਖ਼ਿਲਾਫ਼ ਕਈ ਸਾਲਾਂ ਦੀ ਖਿੱਚੋਤਾਣ ਤੋਂ ਬਾਅਦ ਇਹ ਸਮਝੌਤਾ ਸਿਰੇ ਚੜਿਆ ਸੀ।

Image copyright AFP

ਭਾਵੇਂ ਕਿ ਇਰਾਨ ਇਹ ਕਹਿੰਦਾ ਰਿਹਾ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀ ਤੇ ਵਿਕਾਸ ਕਾਰਜਾਂ ਉੱਤੇ ਆਧਾਰਿਤ ਸੀ ਪਰ ਦੁਨੀਆਂ ਨੇ ਇਸ ਉੱਤੇ ਭਰੋਸਾ ਨਹੀਂ ਕੀਤਾ ਸੀ।

ਕਈ ਸਾਲਾਂ ਦੀ ਜ਼ਿੱਦ ਉੱਤੇ ਅੜੇ ਰਹਿਣ ਤੋਂ ਬਾਅਦ ਇਰਾਨ ਜਰਮਨੀ ਨਾਲ ਗੱਲਬਾਤ ਕਰਨ ਲਈ ਤਿਆਰ ਹੋਇਆ।

ਅਮਰੀਕਾ, ਯੂ.ਕੇ., ਫਰਾਂਸ, ਰੂਸ ਅਤੇ ਚੀਨ ਸਣੇ 6 ਮੁਲਕਾਂ ਨਾਲ ਕੀਤੇ ਸਮਝੌਤੇ ਤਹਿਤ ਇਰਾਨ ਨੇ ਆਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਕਰ ਦਿੱਤਾ ਸੀ, ਜਿਸ ਬਦਲੇ ਇਰਾਨ ਉੱਤੇ ਲਗਾਈਆਂ ਆਰਥਿਕ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਸੀ।

ਸਾਂਝੇ ਸਮੂਹਕ ਐਕਸ਼ਨ ਪਲਾਨ (JCPOA) ਤਹਿਤ ਇਰਾਨ ਨੇ ਆਪਣਾ ਪਰਮਾਣੂ ਪ੍ਰੋਗਰਾਮ ਸੀਮਤ ਕਰਨ ਅਤੇ ਕੌਮਾਂਤਰੀ ਨਿਗਰਾਨਾਂ ਤੋਂ ਜਾਂਚ ਕਰਵਾਉਣਾ ਸਵਿਕਾਰ ਕਰ ਲਿਆ।

ਯੂਰੇਨੀਅਮ ਵਰਤੋਂ

Image copyright Getty Images

ਯੂਰੇਨੀਅਮ ਦੀ ਵਰਤੋਂ ਦੋ ਤਰ੍ਹਾਂ ਨਾਲ ਹੁੰਦੀ ਹੈ, ਰਿਐਕਟਰ ਵਿੱਚ ਬਾਲਣ ਦੇ ਤੌਰ ਉੱਤੇ ਅਤੇ ਪਰਮਾਣੂ ਹਥਿਆਰਾਂ ਲਈ ਵੀ।

ਇਰਾਨ ਦੇ ਨਾਤਾਨਜ਼ ਅਤੇ ਫੋਰਡੋ ਦੋ ਪਰਮਾਣੂ ਟਿਕਾਣੇ ਹਨ, ਜਿੱਥੇ ਯੂਰੇਨੀਅਮ ਹੈਕਸਾਫੋਲਰਾਇਡ ਗੈਸ ਨੂੰ ਸੈਂਟਰੀਫਿਊਗ ਤਕਨੀਕ ਰਾਹੀ ਫੌਸਿਲ ਆਇਸੋਟੋਪ, ਯੂ-235 ਵਿੱਚ ਵੱਖ ਕੀਤਾ ਜਾਂਦਾ ਹੈ।

ਯੂ-235 ਦੀ 3 ਤੋ 4 ਫੀਸਦ ਮਾਤਰਾ ਵਾਲੇ ਯੂਰੇਨੀਅਮ ਦੀ ਵਰਤੋਂ ਬਿਜਲੀ ਪਰਮਾਣੂ ਪਲਾਂਟ ਵਿੱਚ ਬਾਲਣ ਦੇ ਤੌਰ ਉੱਤੇ ਹੁੰਦੀ ਹੈ ਜਦਕਿ ਹਥਿਆਰਾਂ ਲਈ 90 ਫੀਸਦ ਮਾਤਰਾ ਵਾਲਾ ਯੂਰੇਨੀਅਮ ਵਰਤਿਆਂ ਜਾਂਦਾ ਹੈ।

ਜਲਾਈ 2015 ਵਿੱਚ ਇਰਾਨ ਕੋਲ ਕਰੀਬ 20,000 ਸੈਂਟੀਫਿਊਗਜ਼ ਸਨ, ਸਮਝੌਤੇ ਤਹਿਤ ਇਸ ਨੂੰ 5060 ਤੱਕ ਸੀਮਤ ਕੀਤਾ ਜਾਣਾ ਸੀ ਅਤੇ ਜਨਵਰੀ 2016 ਤੋਂ ਸਮਝੌਤਾ ਲਾਗੂ ਹੋਣ ਤੋਂ 15 ਸਾਲ ਬਾਅਦ ਤੱਕ ਨਾਤਾਨਜ਼ ਵਿੱਚ 2026 ਤੱਕ ਇਸ ਨੂੰ ਇਸ ਪੁਰਾਣੀ ਸਮਰੱਥਾ ਤੱਕ ਕਾਇਮ ਰੱਖਣਾ ਹੈ।

ਇਰਾਨ ਦੇ ਪਰਮਾਣੂ ਸਟਾਕ ਨੂੰ 98 ਫੀਸਦੀ ਘਟਾ ਨੇ 300 ਕਿਲੋਗ੍ਰਾਮ ਕਰਨਾ ਤੇ ਇਸ ਦੀ ਇਨਰਿਚਮੈਂਚ ਨੂੰ 3.67 ਫੀਸਦ ਹੀ ਰੱਖਣਾ।

ਇਸ ਦੇ ਨਾਲ ਨਾਲ ਇਸ ਨੂੰ 2031 ਤੱਕ ਨਾ ਵਧਾਉਣ ਉੱਤੇ ਸਹਿਮਤੀ ਹੈ। ਜਨਵਰੀ 2016 ਤੋਂ ਬਾਅਦ ਇਰਾਨ ਨੇ ਆਪਣਾ ਪਰਮਾਣੂ ਸਟਾਕ ਰੂਸ ਨੂੰ ਭੇਜ ਕੇ ਆਪਣੀ ਸਟਾਕ ਸਮਰੱਥਾ ਕਾਫੀ ਘਟਾ ਲਈ ਹੈ।

2024 ਤੱਕ ਨਾਤਾਨਜ਼ ਵਿੱਚ ਪਰਮਾਣੂ ਗਤੀਵਿਧੀਆਂ ਨੂੰ ਸਿਰਫ਼ ਖੋਜ ਅਤੇ ਵਿਕਾਸ ਕਾਰਜਾਂ ਤੱਕ ਹੀ ਸੀਮਤ ਕੀਤਾ ਗਿਆ ਹੈ।

ਫੋਰਡੋ ਵਿੱਚ 2031 ਤੱਕ ਕੋਈ ਪਰਮਾਣੂ ਗਤੀਵਿਧੀ ਨਹੀਂ ਕੀਤੀ ਜਾਵੇਗੀ ਇਸ ਕੇਂਦਰ ਨੂੰ ਪਰਮਾਣੂ, ਭੌਤਿਕ ਵਿਗਿਆਨ ਅਤੇ ਤਕਨੀਕ ਕੇਂਦਰ ਵਿੱਚ ਬਦਲਿਆ ਜਾਵੇਗਾ। ਇੱਥੇ 1044 ਸੈਂਟੀਫਿਊਗਜ਼ ਨੂੰ ਆਈਸੋਟੋਪ ਵਿੱਚ ਬਦਲ ਕੇ ਦਵਾਈ, ਖੇਤੀ, ਉਦਯੋਗ ਤੇ ਸਾਇੰਸ ਕਾਰਜਾਂ ਲਈ ਵਰਤਿਆ ਜਾਵੇਗਾ।

ਪਲੂਟੋਨੀਅਮ ਦੀ ਵਰਤੋਂ

Image copyright AFP

ਇਰਾਨ ਦੇ ਅਰਕ ਕਸਬੇ ਵਿੱਚ ਹੈਵੀ-ਵਾਟਰ ਪਰਮਾਣੂ ਪਲਾਂਟ ਹੈ, ਜਿਸ ਦੀ ਵਰਤੋਂ ਪਰਮਾਣੂ ਬੰਬ ਬਣਾਉਣ ਵਿੱਚ ਹੁੰਦੀ ਹੈ। ਪਹਿਲਾਂ ਵਿਸ਼ਵ ਸ਼ਕਤੀਆਂ ਨੇ ਇਸ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ ਪਰ ਬਾਅਦ ਵਿੱਚ ਹੋਏ ਸਮਝੌਤੇ ਤਹਿਤ ਇਸ ਰਿਐਕਟਰ ਨੂੰ 2013 ਵਿੱਚ ਬਾਲਣ ਨਾ ਦੇਣ ਦੀ ਸਹਿਮਤੀ ਹੋਈ ।

ਸਮਝੌਤੇ ਤਹਿਤ ਇਰਾਨ ਇਸ ਪਲਾਂਟ ਨੂੰ ਨਵੇਂ ਤਰੀਕੇ ਨਾਲ ਰੀ-ਡਿਜ਼ਾਇਨ ਕਰਨ ਲਈ ਸਹਿਮਤ ਹੋ ਗਿਆ ਤਾਂ ਜੋ ਇੱਥੇ ਹੈਵੀ-ਵਾਟਰ ਦਾ ਉਤਪਾਦਨ ਨਾ ਹੋਵੇ। ਸਾਲ 2031 ਤੱਕ ਇਰਾਨ ਵਾਧੂ ਹੈਵੀ-ਵਾਟਰ ਦਾ ਉਤਪਾਦਨ ਨਾ ਕਰਨ ਲਈ ਵੀ ਸਹਿਮਤ ਹੋਇਆ।

ਗੁਪਤ ਗਤੀਵਿਧੀਆਂ

Image copyright AFP

JCPOA ਸਮਝੌਤੇ ਉੱਤੇ ਤਸੱਲੀ ਜ਼ਾਹਰ ਕਰਦਿਆਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਇਰਾਨ ਦੀਆਂ ਗੁਪਤ ਪਰਮਾਣੂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਹੋਰ ਚੌਕਸੀ ਵਰਤਣ ਦੀ ਮੰਗ ਰੱਖੀ।

ਇਰਾਨ ਨੇ ਅਮਰੀਕੀ ਮੰਗ ਮੁਤਾਬਕ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ, ਗੋਲਬਲ ਨਿਊਕਲੀਅਰ ਵਾਚਡੌਗ ਤੋਂ ਲਗਾਤਾਰ ਨਿਗਰਾਨੀ ਕਰਵਾਉਣਾ ਮੰਨ ਲਿਆ।

ਇਹ ਏਜੰਸੀਆਂ ਇਰਾਨ ਦੀਆਂ ਐਲਾਨੀਆਂ ਪਰਮਾਣੂ ਸਾਇਟਾਂ ਅਤੇ ਗੁਪਤ ਪਰਮਾਣੂ ਟਿਕਾਣਿਆਂ ਦੀ ਨਿਗਰਾਨੀ ਕਰਦੀਆਂ ਹਨ।

ਇਰਾਨ ਨੇ ਇਨ੍ਹਾਂ ਦੀ ਨਿਗਰਾਨੀ ਲਈ ਉਚੇਚੇ ਪ੍ਰਬੰਧ ਕੀਤੇ ਹਨ ਅਤੇ 2031 ਤੱਕ ਇਰਾਨ ਨੇ ਨਿਗਰਾਨੀ ਦੀ ਮੰਗ ਕੀਤੇ ਜਾਣ ਉੱਤੇ 24 ਦਿਨਾਂ ਅੰਦਰ ਦਾ ਪ੍ਰਬੰਧ ਕਰਵਾਉਣਾ ਹੁੰਦਾ ਹੈ।

ਬਰੇਕ-ਆਊਟ ਟਾਇਮ

Image copyright AFP

ਜੁਲਾਈ 2015 ਤੋਂ ਪਹਿਲਾਂ ਓਬਾਮਾ ਪ੍ਰਸਾਸ਼ਨ ਨੇ ਦਾਅਵਾ ਕੀਤਾ ਸੀ ਕਿ ਇਰਾਨ ਕੋਲ 90 ਫੀਸਦ ਇਨਰਿਚਡ ਯੂਰੇਨੀਅਮ ਹੈ ਅਤੇ ਇਹ ਪਰਮਾਣੂ ਬੰਬ ਬਣਾਉਣਾ ਚਾਹੇ ਤਾਂ 2-3 ਮਹੀਨਿਆਂ ਵਿੱਚ 10 ਪਰਮਾਣੂ ਬੰਬ ਬਣਾ ਸਕਦਾ ਹੈ।

ਅਮਰੀਕੀ ਮਾਹਰਾਂ ਨੇ ਫੈਸਲਾ ਕੀਤਾ ਕਿ ਬੰਬ ਬਣਾਉਣ ਦੇ ਸਮੇਂ( ਬਰੇਕ ਆਊਟ ਟਾਇਮ) ਨੂੰ ਵਧਾ ਕਿ ਇੱਕ ਸਾਲ ਤੱਕ ਕੀਤਾ ਜਾਵੇ।

JCPOA ਸਮਝੌਤੇ ਤਹਿਤ ਅਮਰੀਕਾ ਨੇ ਯਕੀਨੀ ਬਣਾਇਆ ਕਿ ਬੰਬ ਬਣਾਉਣ ਲਈ ਲੋੜੀਦੇ ਪ੍ਰਮੁੱਖ ਤੱਤ ਇਰਾਨ ਚੋਂ ਬਾਹਰ ਕੀਤੇ ਜਾਣ, ਇਰਾਨ ਨੇ ਇਸ ਲਈ ਸਹਿਮਤੀ ਦਿੱਤੀ ਕਿ ਉਹ ਪਰਾਮਣੂ ਬੰਬ ਬਣਾਉਣ ਲਈ ਖੋਜ ਅਤੇ ਵਿਕਾਸ ਦੀਆਂ ਗਤੀਵਿਧੀਆਂ ਬੰਦ ਕਰੇਗਾ।

ਦਸੰਬਰ 2015 ਵਿੱਚ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਬੋਰਡ ਆਫ਼ ਗਵਰਨਰਜ਼ ਨੇ ਆਪਣੀ ਇੱਕ ਦਹਾਕਾ ਲੰਬੀ ਜਾਂਚ ਖਤਮ ਕਰਨ ਦਾ ਐਲਾਨ ਕੀਤਾ।

ਏਜੰਸੀ ਦੇ ਡੀਜੀ ਯੂਕਿਆ ਆਮਾਨੋ ਨੇ ਜਾਂਚ ਰਿਪੋਰਟ ਵਿੱਚ ਸਾਫ਼ ਕੀਤਾ ਕਿ ਸਾਂਝੇ ਯਤਨਾਂ ਸਦਕਾ ਪਰਮਾਣੂ ਟਿਕਾਣਿਆ ਤੇ ਸਹੂਲਤਾਂ ਬਾਰੇ ਜਾਂਚ ਪੂਰੀ ਕਰ ਲਈ ਗਈ ਹੈ।

ਰਿਪੋਰਟ ਮੁਤਾਬਕ ਭਾਵੇ ਇਰਾਨ 2009 ਤੱਕ ਪਰਮਾਣੂ ਗਤੀਵਿਧੀਆਂ ਕਰਦਾ ਰਿਹਾ ਪਰ ਉਸ ਤੋਂ ਬਾਅਦ ਏਜੰਸੀ ਨੂੰ ਇਸ ਬਾਬਤ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ।

ਪਾਬੰਦੀਆਂ ਚੁੱਕਣਾ

Image copyright AFP

ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ, ਅਮਰੀਕਾ ਤੇ ਯੂਰਪੀਅਨ ਯੂਨੀਅਨ ਨੇ ਸਾਂਝੇ ਰੂਪ ਵਿੱਚ ਪਾਬੰਦੀਆਂ ਲਾਈਆਂ , ਜਿਨ੍ਹਾਂ ਕਾਰਨ 2012 ਤੋਂ 2016 ਤੱਕ ਇਕੱਲੇ ਤੇਲ ਕਾਰੋਬਾਰ ਵਿੱਚ ਹੀ ਇਰਾਨ ਨੂੰ 160 ਬਿਲੀਅਨ ਡਾਲਰ ਦਾ ਘਾਟਾ ਹੋਇਆ।

ਸਮਝੌਤੇ ਤਹਿਤ ਤੇਲ ਕਾਰੋਬਾਰ ਦੇ ਵਿਦੇਸ਼ਾਂ ਵਿੱਚ ਜਮ੍ਹਾਂ 100 ਬਿਲੀਅਨ ਡਾਲਰਾਂ ਦਾ ਇਰਾਨ ਨੂੰ ਸਿੱਧਾ ਲਾਭ ਮਿਲਿਆ , ਜਿਨ੍ਹਾਂ ਦੀ ਪਹਿਲਾਂ ਅਦਾਇਗੀ ਨੂੰ ਰੋਕ ਦਿੱਤਾ ਗਿਆ ਸੀ।

ਅਗਰ ਇਰਾਨ ਸਮਝੌਤੇ ਦੀ ਉਲੰਘਣਾ ਕਰਦਾ ਹੈ ਤਾਂ 10 ਸਾਲ ਪਹਿਲਾਂ ਵਾਲੀਆਂ ਪਾਬੰਦੀਆਂ ਮੁੜ ਲਾਗੂ ਹੋ ਜਾਣਗੀਆਂ ਅਤੇ ਇਨ੍ਹਾਂ ਦਾ ਸਮਾਂ 5 ਸਾਲ ਹੋਰ ਵਧ ਜਾਵੇਗਾ।

ਜੇਕਰ ਜਾਇੰਟ ਕਮਿਸ਼ਨਰ ਵਿਵਾਦ ਨੂੰ ਨਹੀਂ ਸੁਲਝਾ ਪਾਉਂਦਾ ਤਾਂ ਮਾਮਲਾ ਸਯੁੰਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਜਾਵੇਗਾ।

ਇਰਾਨ ਨੇ ਸੰਯੁਕਤ ਰਾਸ਼ਟਰ ਦੀਆਂ ਹਥਿਆਰ ਵਿਰੋਧੀ ਪਾਬੰਦੀਆਂ ਨੂੰ ਲਾਗੂ ਰੱਖਣ ਉੱਤੇ ਵੀ ਸਹਿਮਤੀ ਦਿੱਤੀ ਸੀ। ਜਦੋਂ ਕਿ ਇਹ ਪਰਮਾਣੂ ਊਰਜਾ ਏਜੰਸੀ ਦੀ ਰਿਪੋਰਟ ਕਿ ਇਰਾਨ ਦਾ ਪਰਮਾਣੂ ਪ੍ਰੋਗਰਾਮ ਸਾਂਤੀ ਕਾਰਜਾਂ ਲਈ ਹੈ, ਤੋਂ ਬਾਅਦ ਖਤਮ ਹੋ ਗਈਆਂ ਸਨ ।

ਬੈਲੇਸਟਿਕ ਮਿਜ਼ਾਇਲ ਦੀ ਦਰਾਮਦ ਉੱਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਵੀ 8 ਸਾਲ ਲਈ ਲਾਗੂ ਰੱਖਣ ਉੱਤੇ ਇਰਾਨ ਦੀ ਸਹਿਮਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)