ਹੁਣ ਗੂਗਲ ਤੈਅ ਕਰੇਗਾ ਡੁਹਾਡੀ ਕਿਸੇ ਨਾਲ ਵੀ ਮੁਲਾਕਾਤ ਦਾ ਸਮਾਂ

Image copyright Getty Images

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਫੋਨ ਜਾਂ ਕੰਪਿਊਟਰ ਤੁਹਾਡੇ ਲਈ ਫੋਨ ਕਰੇ ਅਤੇ ਸਾਹਮਣੇ ਵਾਲੇ ਤੋਂ ਮਿਲਣ ਲਈ ਸਮਾਂ ਲੈ ਕੇ ਤੁਹਾਨੂੰ ਦੱਸ ਵੀ ਦੇਵੇ।ਤਾਂ ਅਜਿਹਾ ਜਲਦੀ ਹੀ ਹੋਣ ਜਾ ਰਿਹਾ ਹੈ।

ਗੂਗਲ ਦੇ ਚੀਫ ਐਗਜ਼ੀਕੀਊਟਿਵ ਸੁੰਦਰ ਪਿਚਾਈ ਨੇ ਗੂਗਲ ਦੇ ਇੱਕ ਨਵੇਂ 'ਪ੍ਰਯੋਗ' ਬਾਰੇ ਦੱਸਿਆ ਹੈ। ਜਿਸ ਮੁਤਾਬਕ ਹੁਣ ਤੁਹਾਡਾ ਫੋਨ ਹੀ ਤੁਹਾਡੇ ਲਈ ਕਿਸੇ ਨਾਲ ਮੁਲਾਕਾਤ ਦਾ ਸਮਾਂ ਤੈਅ ਕਰਵਾ ਦੇਵੇਗਾ।

ਗੂਗਲ ਡੁਪਲੈਕਸ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਤੁਹਾਡੇ ਲਈ ਬੋਲ ਕੇ ਗੱਲਬਾਤ ਕਰ ਸਕੇਗਾ।

ਗੂਗਲ ਆਈਓ ਡਿਵੈਲਪਰਾਂ ਦੀ ਸਾਲਾਨਾ ਕਾਨਫਰੰਸ ਵਿੱਚ ਜਾਰੀ ਕੀਤੀ ਤਕਨੀਕ ਵਿੱਚ ਇਸ ਪੜਾਅ 'ਤੇ ਇਹ ਸੁਵਿਧਾ ਕਿਸੇ ਭਾਰਤੀ ਭਾਸ਼ਾ ਵਿੱਚ ਤਾਂ ਨਹੀਂ ਸਗੋਂ ਸਿਰਫ਼ ਅੰਗਰੇਜ਼ੀ ਵਿੱਚ ਹੀ ਉਪਲੱਬਧ ਹੋ ਸਕੇਗੀ।

ਜੇ ਇਸ ਤਕਨੀਕ ਨੇ ਉਮੀਦ ਮੁਤਾਬਕ ਕੰਮ ਕੀਤਾ ਤਾਂ ਇਸ ਨਾਲ ਗੂਗਲ ਆਪਣੇ ਮੁਕਾਬਲੇ ਦੀਆਂ ਹੋਰ ਕੰਪਨੀਆਂ ਦੇ ਵਰਚੂਅਲ ਅਸਿਸਟੈਂਟਾਂ, ਐਮੇਜ਼ੌਨ ਦੀ ਅਲੈਕਸਾ ਅਤੇ ਐਪਲ ਦੀ ਸੀਰੀ ਤੋਂ ਬਹੁਤ ਅੱਗੇ ਲੰਘ ਜਾਵੇਗਾ।

ਪਿਛਲੇ ਮਹੀਨਿਆਂ ਦੌਰਾਨ ਗੂਗਲ ਅਤੇ ਐਮੇਜ਼ੌਨ ਨੇ ਆਪਣੇ ਸਪੀਕਰ ਗੂਗਲ ਹੋਮ ਅਤੇ ਐਮੇਜ਼ੌਨ ਈਕੋ ਬਾਜ਼ਾਰ ਵਿੱਚ ਉਤਾਰੇ ਹਨ।

ਇਨਸਾਨੀ ਆਵਾਜ਼ ਵਰਗੀ ਆਵਾਜ਼

ਪਹਿਲਾਂ ਤੋਂ ਰਿਕਾਰਡ ਕੀਤੀਆਂ ਆਵਾਜ਼ਾਂ ਵਿੱਚ ਸਾਫਟਵੇਅਰ ਨੇ ਦੋ ਇਨਸਾਨਾਂ ਨਾਲ ਗੱਲਬਾਤ ਕਰਕੇ ਪਹਿਲਾਂ ਵਾਲ ਕਟਾਉਣ ਲਈ ਦੁਕਾਨ ਤੋਂ ਸਮਾਂ ਪੱਕਾ ਕੀਤਾ ਅਤੇ ਫੇਰ ਇੱਕ ਰੈਸਟੋਰੈਂਟ ਵਿੱਚ ਬੁਕਿੰਗ ਕੀਤੀ।

ਇੱਕ ਵਾਰ ਤਾਂ ਗੂਗਲ ਅਸਿਸਟੈਂਟ ਦੇ ਸਿੱਧੇ ਸਵਾਲਾਂ ਤੋਂ ਇੱਕ ਮੁਲਾਜ਼ਮ ਉਲਝ ਗਿਆ।

Image copyright Getty Images

ਕੰਪਿਊਟਰ ਦੀ ਆਵਾਜ਼ ਇਸ ਤਰ੍ਹਾਂ ਦੇ ਪਹਿਲੇ ਸਾਫਟਵੇਅਰਾਂ ਨਾਲੋਂ ਬਿਹਤਰ ਸੀ। ਇਸ ਵਿੱਚ ਇਨਸਾਨੀ ਆਵਾਜ਼ ਦੀ ਖ਼ਾਸੀਅਤ 'ਹਮਮ' ਵਰਗੀਆਂ ਆਵਾਜ਼ਾਂ ਵੀ ਹਨ।

ਕਿਤੇ ਵੀ ਇਸ ਨੇ ਆਪਣੀ ਪਛਾਣ ਇੱਕ ਮਸ਼ੀਨ ਵਜੋਂ ਨਹੀਂ ਦੱਸੀ।

ਸੁੰਦਰ ਪਿਚਾਈ ਨੇ ਦੱਸਿਆ ਕਿ "ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਸ ਨਾਲ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਵਪਾਰ ਲਈ ਲਾਭਦਾਇਕ ਹੋਵੇਗਾ।"

ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਇਸ ਸਾਫਟਵੇਅਰ ਦੀ ਵਰਤੋਂ ਵਪਾਰਕ ਅਦਾਰਿਆਂ ਵਿੱਚ ਫੋਨ ਕਰਕੇ ਉਨ੍ਹਾਂ ਦੀ ਛੁੱਟੀ ਅਤੇ ਕੰਮ ਦੇ ਸਮੇਂ ਬਾਰੇ ਪਤਾ ਕਰਨ ਲਈ ਕੀਤੀ ਜਾਵੇਗੀ। ਇਸ ਤੋਂ ਪ੍ਰਾਪਤ ਜਾਣਕਾਰੀ ਗੂਗਲ ਦੇ ਉਨ੍ਹਾਂ ਅਦਾਰਿਆਂ ਨਾਲ ਜੁੜੇ ਸਫ਼ਿਆਂ ਨੂੰ ਅਪਡੇਟ ਕਰਨ ਲਈ ਕੀਤੀ ਜਾਵੇਗੀ।

ਕੀ ਗਾਹਕ ਪਲੇਟਫਾਰਮ ਬਦਲਣਾ ਸ਼ੁਰੂ ਕਰ ਦੇਣਗੇ?

ਪ੍ਰਦਰਸ਼ਨ ਦੇਖਣ ਮਗਰੋਂ ਕੰਸਲਟੈਂਸੀ ਕ੍ਰੀਏਟਿਵ ਸਟਰੈਟਿਜੀਜ਼ ਦੇ ਇੱਕ ਵਿਸ਼ਲੇਸ਼ਕ ਬੈਨ ਬਜਾਰਾਨ ਨੇ ਕਿਹਾ, "ਇਸ ਦੀ ਸਚਾਈ 'ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਸੀ।"

"ਗਾਹਕਾਂ ਲਈ ਇਹ ਕਿੰਨਾਂ ਮੁੱਲਵਾਨ ਹੋ ਸਕਦਾ ਹੈ, ਇਸ ਨੂੰ ਤੁਸੀਂ ਘੱਟ ਨਹੀਂ ਸਮਝ ਸਕਦੇ।

"ਐਪਲ ਇਸ ਵਿੱਚ ਪਛੜਿਆ ਨਹੀਂ ਰਹਿ ਸਕਦਾ ਕਿਉਂਕਿ ਮੈਨੂੰ ਲੱਗ ਰਿਹਾ ਹੈ ਕਿ ਇਸ ਕਰਕੇ ਗਾਹਕ ਪਲੇਟਫਾਰਮ ਬਦਲਣਾ ਸ਼ੁਰੂ ਕਰ ਦੇਣਗੇ।"

ਦੂਸਰੇ ਮਾਹਿਰਾਂ ਨੇ ਹਾਲਾਂਕਿ ਟਿੱਪਣੀ ਕੀਤੀ ਕਿ ਜੇ ਇਹ ਸਾਫਟਵੇਅਰ ਪ੍ਰਚਲਿੱਤ ਕਰਨਾ ਹੈ ਤਾਂ ਲੋਕਾਂ ਨੂੰ ਇਸ 'ਤੇ ਭਰੋਸਾ ਕਰਨ ਲਈ ਮਨਾਉਣਾ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)