ਨੇਪਾਲ ਦੇ ਲੋਕ ਅੱਜ ਵੀ ਝੱਲ ਰਹੇ ਹਨ ਨੋਟਬੰਦੀ ਦੀ ਮਾਰ

ਨੋਟਬੰਦੀ
ਫੋਟੋ ਕੈਪਸ਼ਨ ਮਿਥਿਲਾ ਉਪਾਧਿਆ ਦਿੱਲੀ ਵਿੱਚ ਸੀ ਜਦੋਂ ਨੋਟਬੰਦੀ ਦਾ ਐਲਾਨ ਹੋਇਆ, ਉਨ੍ਹਾਂ ਦੇ ਪਤੀ ਦੀਪ ਕੁਮਾਰ ਉਪਾਧਿਆ ਭਾਰਤ ਵਿੱਚ ਨੇਪਾਲ ਦੇ ਰਾਜਦੂਤ ਸੀ।

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਤੀਜੀ ਵਾਰ ਨੇਪਾਲ ਦੌਰੇ 'ਤੇ ਜਾ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ ਨੇਪਾਲੀ ਨੇਤਾਵਾਂ ਨਾਲ ਮੋਦੀ ਦੀ ਗੱਲਬਾਤ ਦਾ ਇੱਕ ਵਿਸ਼ਾ ਹੋ ਸਕਦਾ ਹੈ ਨਵੰਬਰ 2016 ਦੀ ਨੋਟਬੰਦੀ ਦੀ ਮਾਰ ਝੱਲਣ ਵਾਲੇ ਨੇਪਾਲੀ ਲੋਕ।

ਅੱਜ ਵੀ ਨੇਪਾਲ ਦੇ ਕੇਂਦਰੀ ਬੈਂਕ ਵਿੱਚ ਕਰੀਬ ਅੱਠ ਕਰੋੜ ਰੁਪਏ ਦੇ ਪੁਰਾਣੇ ਨੋਟ ਪਏ ਹਨ।

ਭਾਰਤ ਵਿੱਚ ਨੋਟਬੰਦੀ ਦੇ ਦਿਨ ਤਾਂ ਤੁਹਾਨੂੰ ਯਾਦ ਹੋਣਗੇ-ਏਟੀਐਮ ਦੇ ਸਾਹਮਣੇ ਲੰਬੀਆਂ ਲਾਈਨਾਂ, ਸਰਕਾਰ ਨੂੰ ਕੋਸਦੇ ਛੋਟੇ ਵਪਾਰੀ ਅਤੇ ਰੱਦੀ ਹੋ ਚੁੱਕੇ 500 ਤੇ 1000 ਦੇ ਨੋਟਾਂ ਨੂੰ ਬਦਲਾਉਣ ਲਈ ਬੈਂਕਾਂ ਸਾਹਮਣੇ ਭੀੜ।

ਨੋਟਬੰਦੀ ਦੇ ਕਾਰਨ ਭਾਰਤ ਦੇ ਗੁਆਂਢੀ ਦੇਸ ਨੇਪਾਲ ਵਿੱਚ ਵੀ ਲੋਕ ਬੇਹੱਦ ਤਕਲੀਫ਼ ਵਿੱਚ ਰਹੇ।

ਭਾਰਤੀ ਰੁਪਏ 'ਤੇ ਭਰੋਸਾ ਘੱਟ ਹੋਇਆ ਹੈ

ਭਾਰਤ ਵਿੱਚ ਤਾਂ ਲੋਕਾਂ ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬਦਲਣ ਦਾ ਮੌਕਾ ਮਿਲਿਆ ਪਰ ਨੇਪਾਲ ਵਿੱਚ ਜਿਨ੍ਹਾਂ ਲੋਕਾਂ ਕੋਲ ਭਾਰਤੀ ਮੁਦਰਾ ਸੀ ਉਹ ਅੱਜ ਤੱਕ ਇਸ ਮੌਕੇ ਦੀ ਉਡੀਕ ਕਰ ਰਹੇ ਹਨ।

Image copyright Getty Images

ਨੋਟਬੰਦੀ ਤੋਂ ਪਹਿਲਾਂ ਨੇਪਾਲ ਵਿੱਚ 500 ਅਤੇ 1000 ਦੇ ਭਾਰਤੀ ਨੋਟਾਂ ਦੀ ਚੰਗੀ ਵੱਡੀ ਗਿਣਤੀ ਸੀ।

ਨੋਟਬੰਦੀ ਤੋਂ ਪਹਿਲਾਂ ਲੋਕ 25000 ਰੁਪਏ ਤੱਕ ਨੇਪਾਲ ਲਿਆ ਸਕਦੇ ਸੀ। ਇਸ ਤੋਂ ਇਲਾਵਾ ਨੇਪਾਲ ਦੇ ਕੁੱਲ ਵਪਾਰ ਦਾ 70 ਫ਼ੀਸਦ ਹਿੱਸਾ ਭਾਰਤ ਨਾਲ ਹੈ ਇਸ ਲਈ ਲੋਕ ਆਪਣੇ ਕੋਲ ਭਾਰਤੀ ਨੋਟ ਰੱਖਦੇ ਹਨ।

ਨੋਟਬੰਦੀ ਦੇ ਐਲਾਨ ਨਾਲ 500 ਅਤੇ 1000 ਰੁਪਏ ਦੇ ਭਾਰਤੀ ਨੋਟ ਰੱਖਣ ਵਾਲੇ ਨੇਪਾਲੀ ਲੋਕਾਂ ਨੂੰ ਝਟਕਾ ਲੱਗਿਆ ਸੀ।

ਨੇਪਾਲ ਦੇ ਕੇਂਦਰੀ ਬੈਂਕ 'ਨੇਪਾਲ ਰਾਸ਼ਟਰ ਬੈਂਕ' ਦੇ ਇੱਕ ਅਧਿਕਾਰੀ ਮੁਤਾਬਕ ਨੋਟਬੰਦੀ ਤੋਂ ਬਾਅਦ ਲੋਕਾਂ ਦਾ ''ਭਾਰਤੀ ਮੁਦਰਾ ਤੋਂ ਭਰੋਸਾ'' ਘਟਿਆ ਹੈ।

ਭਾਰਤ ਦਾ ਭਰੋਸਾ, ਨੇਪਾਲ ਦਾ ਇੰਤਜ਼ਾਰ

ਨੇਪਾਲ ਰਾਸ਼ਟਰ ਬੈਂਕ ਦੀ ਤਿਜੌਰੀ ਵਿੱਚ ਅੱਜ ਵੀ 500 ਅਤੇ 1000 ਦੇ ਕਰੀਬ ਅੱਠ ਕਰੋੜ ਦੀ ਕੀਮਤ ਦੇ ਨੋਟ ਮੌਜੂਦ ਹਨ।

ਆਮ ਲੋਕਾਂ ਕੋਲ ਕਿੰਨੇ ਨੋਟ ਹਨ ਇਸ ਬਾਰੇ ਕੋਈ ਅੰਕੜਾ ਨਹੀਂ ਹੈ।

ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅਪ੍ਰੈਲ ਵਿੱਚ ਭਾਰਤ ਯਾਤਰਾ ਤੋਂ ਪਹਿਲਾਂ ਕਿਹਾ ਸੀ ਕਿ ਉਹ ਭਾਰਤੀ ਅਧਿਕਾਰੀਆਂ ਨੂੰ ਇਹ ਮੁੱਦਾ ਹੱਲ ਕਰਨ ਲਈ ਕਹਿਣਗੇ, ਪਰ ਭਾਰਤੀ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਦੱਸਿਆ ਕਿ ਕਿਸੇ ਵੀ ਬੈਠਕ ਵਿੱਚ ਇਸ ਮੁੱਦੇ ਨੂੰ ਨਹੀਂ ਚੁੱਕਿਆ ਗਿਆ।

ਇਸ 'ਤੇ ਨੇਪਾਲ ਵਿੱਚ ਪ੍ਰਧਾਨ ਮੰਤਰੀ ਓਲੀ ਦੀ ਨਿਖੇਧੀ ਹੋਈ।

ਸਫ਼ਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਓਲੀ ਦੇ ਇੱਕ ਨਜ਼ਦੀਕੀ ਅਧਿਕਾਰੀ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨਾਲ ਇਸ ਮੁੱਦੇ 'ਤੇ ਅਧਿਕਾਰਤ ਗੱਲਬਾਤ ਹੋਈ ਹੈ ਅਤੇ ਨੇਪਾਲ ਨੂੰ ਗੱਲਬਾਤ ਦਾ ਭਰੋਸਾ ਦਿਵਾਇਆ ਗਿਆ ਹੈ ਪਰ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਪਾਣੀ ਵਿੱਚ ਨੋਟ ਰੋੜ੍ਹ ਨਹੀਂ ਸਕਦੇ...

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਨੇਪਾਲ ਦੇ ਰਾਜਦੂਤ ਮੰਜੀਵ ਸਿੰਘ ਪੁਰੀ ਨੇ ਕਿਹਾ ਕਿ ਦੋਵਾਂ ਦੇਸਾਂ ਵਿੱਚ ਅਧਿਕਾਰਤ ਗੱਲਬਾਤ ਜਾਰੀ ਹੈ।

Image copyright Getty Images

ਉਨ੍ਹਾਂ ਨੇ ਕਿਹਾ,''ਨੇਪਾਲ ਵਿੱਚ ਲੋਕਾਂ ਨੂੰ ਉਹ ਹੀ ਸਮਾਂ ਸੀਮਾ ਉਪਲਬਧ ਸੀ ਜਿਹੜੀ ਭਾਰਤ ਵਿੱਚ ਤੁਹਾਨੂੰ ਅਤੇ ਮੈਨੂੰ ਸੀ। ਨੇਪਾਲ ਵਿੱਚ ਵੀ ਲੋਕ ਉਸ ਸਮਾਂ ਸੀਮਾ ਦੀ ਵਰਤੋਂ ਕਰ ਸਕਦੇ ਸੀ। ਸਾਡੇ ਅਤੇ ਨੇਪਾਲ ਵਿੱਚ ਅਧਿਕਾਰਤ ਗੱਲਬਾਤ ਚੱਲ ਰਹੀ ਹੈ। ਇਸ ਬਾਰੇ ਸਰਕਾਰਾਂ ਜਾਣੂ ਹਨ।''

ਜਦੋਂ ਨੋਟਬੰਦੀ ਦਾ ਐਲਾਨ ਹੋਇਆ, ਦਿੱਲੀ ਵਿੱਚ ਰਹਿੰਦੀ ਮਿਥਿਲਾ ਉਪਾਧਿਆ ਦੇ ਪਤੀ ਦੀਪ ਕੁਮਾਰ ਉਪਾਧਿਆ ਭਾਰਤ ਵਿੱਚ ਨੇਪਾਲ ਦੇ ਰਾਜਦੂਤ ਸਨ।

ਕਾਠਮੰਡੂ ਤੋਂ 300 ਕਿੱਲੋਮੀਟਰ ਦੂਰ ਗੌਤਮ ਬੁੱਧ ਦੇ ਜਨਮ ਸਥਾਨ ਲੁਬਿੰਨੀ ਨੇੜੇ ਆਪਣੇ ਦੋ ਮਜ਼ਿੰਲਾ ਘਰ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠੀ ਮਿਥਿਲਾ ਦੱਸਦੀ ਹੈ,''ਜਦੋਂ ਇਹ ਐਲਾਨ ਹੋਇਆ ਤਾਂ ਹਾਹਾਕਾਰ ਮਚ ਗਈ। ਦਿੱਲੀ ਵਿੱਚ ਸਾਨੂੰ ਬਹੁਤ ਪ੍ਰੇਸ਼ਾਨੀ ਹੋਈ।''

ਉਨ੍ਹਾਂ ਕੋਲ ਅੱਜ ਵੀ 500 ਅਤੇ 1000 ਦੇ ਨੋਟਾਂ ਦੀ 10-15 ਹਜ਼ਾਰ ਦੇ ਮੁੱਲ ਦੀ ਭਾਰਤੀ ਮੁਦਰਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇੱਕ ਦਿਨ ਭਾਰਤ ਸਰਕਾਰ ਉਨ੍ਹਾਂ ਨੂੰ ਬਦਲਾਉਣ ਦੀ ਸਹੂਲਤ ਮੁਹੱਈਆ ਕਰਵਾਏਗੀ।

''ਫਿਰ ਵੀ ਜੇਕਰ ਕੁਝ ਨਹੀਂ ਹੁੰਦਾ ਤਾਂ ਅਸੀਂ ਲੋਕਾਂ ਨੂੰ ਦਿਖਾਵਾਂਗੇ ਕਿ ਦੇਖੋ ਭਾਰਤ ਵਿੱਚ ਕਿਸੇ ਜ਼ਮਾਨੇ 'ਚ ਅਜਿਹਾ ਪੈਸਾ ਚਲਦਾ ਸੀ। ਹੋਰ ਕੀ ਕਰੀਏ? ਪਾਣੀ ਵਿੱਚ ਨੋਟ ਰੋੜ੍ਹ ਨਹੀਂ ਸਕਦੇ ਅਤੇ ਬਾਜ਼ਾਰ ਵਿੱਚ ਚੱਲੇਗਾ ਨਹੀਂ। ਸਾਡੀ ਗੱਲ ਛੱਡੋ, ਮੋਦੀ ਜੀ ਦੀ ਮਾਂ ਵੀ ਪੈਸੇ ਬਦਲਾਉਣ ਗਏ ਸੀ'', ਇਹ ਕਹਿ ਕੇ ਉਹ ਹੱਸਣ ਲੱਗੀ।

ਕਿੰਨਾ ਮੁਸ਼ਕਿਲ ਰਿਹਾ ਨੋਟ ਦਾ ਬਦਲਣਾ

ਮਿਥਿਲਾ ਦੇ ਘਰ ਦੀਆਂ ਵੱਖ-ਵੱਖ ਕੰਧਾਂ 'ਤੇ ਦਿੱਲੀ ਦੇ ਲੰਘੇ ਦਿਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ।

Image copyright Getty Images

ਉਨ੍ਹਾਂ ਨੇ ਦੱਸਿਆ ਕਿ ਨੇੜੇ ਹੀ ਬਹੁਤ ਸਾਰੇ ਲੋਕ ਰਹਿੰਦੇ ਹਨ ਜਿਹੜੇ ਅਜੇ ਵੀ ਪੁਰਾਣੇ ਨੋਟਾਂ ਨੂੰ ਬਦਲਾਉਣ ਦੀ ਆਸ ਵਿੱਚ ਬੈਠੇ ਹਨ, ਪਰ ਭਾਰਤ ਨਾਲ ਲੱਗਦੇ ਨੇਪਾਲ ਦੇ ਇਸ ਇਲਾਕੇ ਦੀ ਕੱਚੀ ਸੜਕ ਦਾ ਇਹ ਹਾਲ ਹੈ ਕਿ ਜੇਕਰ ਸਾਹਮਣੇ ਆ ਰਹੀ ਕੋਈ ਗੱਡੀ ਤੇਜ਼ ਰਫ਼ਤਾਰ ਤਾਂ ਲੰਘ ਜਾਵੇ ਤਾਂ ਕੁਝ ਸਮੇਂ ਲਈ ਧੂੜ ਦਾ ਬੱਦਲ ਸੂਰਜ ਦੀ ਰੋਸ਼ਨੀ ਨੂੰ ਲੁਕਾ ਲੈਂਦਾ ਹੈ।

ਮਿਥਿਲਾ ਦੇ ਨੇੜੇ ਬੈਠੀਆਂ ਤਿੰਨ ਔਰਤਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਨ੍ਹਾਂ ਨੇ ਤੀਰਥ ਯਾਤਰਾ 'ਤੇ 10 ਹਜ਼ਾਰ ਰੁਪਏ ਦੇ 500 ਅਤੇ ਹਜ਼ਾਰ ਦੇ ਨੋਟ ਖਰਚ ਕਰ ਦਿੱਤੇ ਜਦਕਿ ਦੂਜੀ ਮਹਿਲਾ 7000 ਰੁਪਏ ਦੇ ਨੋਟ ਧੱਕੇ ਨਾਲ ਲਖਨਊ ਦੇ ਡਾਕਟਰ ਨੂੰ ਦੇ ਆਈ।

ਤੀਜੀ ਮਹਿਲਾ ਨੇ ਕਿਹਾ, ਹੁਣ ਉਹ ਕੋਈ ਭਾਰਤੀ ਨੋਟ ਨਹੀਂ ਲੈਂਦੀ ,''ਕਿਤੇ ਫਿਰ ਕੋਈ ਪ੍ਰੇਸ਼ਾਨ ਨਾ ਹੋ ਜਾਵੇ.''

ਲੋਕਾਂ ਨੇ ਪੁਰਾਣੇ ਨੋਟ ਤੋਂ ਛੁਟਕਾਰਾ ਪਾਉਣ ਲਈ ਘਾਟੇ ਵਿੱਚ ਨੋਟ ਵੇਚੇ, ਭਾਰਤੀ ਰਿਸ਼ਤੇਦਾਰਾਂ ਤੋਂ ਮਦਦ ਲਈ ਤੇ ਹੋਰ ਵੀ ਕਈ ਤਰੀਕੇ ਵਰਤੇ।

ਭਾਰਤੀ ਸੀਮਾ 'ਤੇ ਰਹਿ ਰਹੇ ਲੋਕਾਂ ਲਈ ਸ਼ਾਇਦ ਲਈ ਆਸਾਨ ਰਿਹਾ ਹੋਵੇ ਪਰ ਦੂਰ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲਿਆਂ ਲਈ ਅਜਿਹਾ ਕਰਨਾ ਮੁਸ਼ਕਿਲ ਸੀ ਅਤੇ ਉਨ੍ਹਾਂ ਕੋਲ ਸਰਕਾਰਾਂ 'ਤੇ ਭਰੋਸਾ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ।

ਭਾਰਤੀ ਮੁਦਰਾ ਲੈ ਕੇ ਘਰ ਆਉਂਦੇ ਸੀ...

ਦਿੱਲੀ ਵਿੱਚ ਜਦੋਂ ਸਾਬਕਾ ਰਾਜਦੂਤ ਦੀਪ ਕੁਮਾਰ ਕੋਲ ਮਦਦ ਲਈ ਫੋਨ ਆਉਂਦੇ ਸੀ ਤਾਂ ਉਹ ਲੋਕਾਂ ਨੂੰ ਭਰੋਸਾ ਦਿਵਾਉਂਦੇ ਸੀ ਕਿ ਨੋਟ ਬਦਲਣ ਲਈ ਸਮੇਂ ਦਾ ਐਲਾਨ ਕੀਤਾ ਜਾਵੇਗਾ, ਪਰ ਅੱਜ ਤੱਕ ਅਜਿਹਾ ਨਹੀਂ ਹੋਇਆ।

Image copyright Getty Images

ਉਹ ਕਹਿੰਦੇ ਹਨ,''ਲੋਕ ਮੈਨੂੰ ਕਹਿੰਦੇ ਸੀ, ਦੇਖੋ ਅਸੀਂ ਘਰ ਵਾਲਿਆਂ ਤੋਂ ਲੁਕਾ ਕੇ ਪੈਸੇ ਜਮ੍ਹਾਂ ਕੀਤਾ ਸੀ। ਇੱਕ ਆਦਮੀ ਨੇ ਕਿਹਾ ਕਿ ਉਸ ਨੇ 60-65 ਹਜ਼ਾਰ ਜਮ੍ਹਾਂ ਕੀਤੇ ਸੀ ਅਤੇ ਹੁਣ ਉਨ੍ਹਾਂ ਪੈਸਿਆਂ ਦਾ ਕੀ ਕੀਤਾ ਜਾਵੇ।''

ਕਾਠਮੰਡੂ ਵਿੱਚ ਦਰਬਾਰ ਸੁਕੇਅਰ ਨੇੜੇ ਇੱਕ ਸ਼ਖ਼ਸ ਨੇ ਮੈਨੂੰ ਪੁੱਛਿਆ,''ਤੁਸੀਂ ਦੂਰ ਪਹਾੜਾਂ 'ਤੇ ਰਹਿਣ ਵਾਲੇ ਉਨ੍ਹਾਂ ਰਿਟਾਇਰਡ ਗੋਰਖਾ ਫੌਜੀਆਂ ਦੇ ਪਰਿਵਾਰਾਂ ਤੋਂ ਪੁੱਛੋਂ ਜਿਨ੍ਹਾਂ ਦਾ ਪਰਿਵਾਰ ਪੈਨਸ਼ਨ 'ਤੇ ਨਿਰਭਰ ਹਨ ਅਤੇ ਉਨ੍ਹਾਂ ਨੇ ਉਹ ਦਿਨ ਕਿਵੇਂ ਕਿਵੇਂ ਕੱਟੇ ਹੋਣਗੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਹੋਵੇਗਾ ਕਿ ਉਨ੍ਹਾਂ ਕੋਲ ਰੱਖੇ 500 ਤੇ 1000 ਦੇ ਨੋਟ ਬੇਕਾਰ ਹੋ ਗਏ ਹਨ? ਪਤਾ ਨਹੀਂ ਭਾਰਤ ਨੇ ਅਜਿਹਾ ਕਿਉਂ ਕੀਤਾ?''

ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਸ਼ਰਤ

ਨੋਟਬੰਦੀ ਨਾਲ ਪੈਨਸ਼ਨ ਧਾਰਕਾਂ, ਛੋਟੇ ਵਪਾਰੀਆਂ, ਸਾਰਿਆਂ ਨੂੰ ਵੱਡਾ ਝਟਕਾ ਲੱਗਿਆ, ਪਰ ਉਮੀਦ ਵੀ ਸੀ ਕਿ ਦੋਵੇਂ ਸਰਕਾਰਾਂ ਉਨ੍ਹਾਂ ਨਾਲ ਕੁਝ ਗ਼ਲਤ ਨਹੀਂ ਹੋਣ ਦੇਣਗੀਆਂ।

Image copyright Getty Images

ਨੋਟਬੰਦੀ ਤੋਂ ਪਹਿਲਾਂ ਲੋਕ 25 ਹਜ਼ਾਰ ਦੀ ਕੀਮਤ ਤੱਕ 500 ਅਤੇ 1000 ਰੁਪਏ ਦੇ ਨੋਟ ਨੇਪਾਲ ਲਿਆ ਸਕਦੇ ਸੀ ਅਤੇ ਉਨ੍ਹਾਂ ਨੂੰ ਨੇਪਾਲੀ ਨੋਟਾਂ ਵਿੱਚ ਬਦਲਾ ਸਕਦੇ ਸੀ।

ਨੋਟਬੰਦੀ ਦੇ ਐਲਾਨ 'ਤੇ ਨੇਪਾਲ ਰਾਸ਼ਟਰ ਬੈਂਕ ਨੇ ਤੁਰੰਤ 500 ਅਤੇ 1000 ਦੇ ਨੋਟਾਂ ਨੂੰ ਨੇਪਾਲੀ ਨੋਟਾਂ ਵਿੱਚ ਬਦਲਣ 'ਤੇ ਰੋਕ ਲਗਾ ਦਿੱਤੀ ਅਤੇ ਭਾਰਤ ਦੇ ਰਿਜ਼ਰਵ ਬੈਂਕ ਆਫ਼ ਇੰਡੀਆ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ।

500 ਅਤੇ ਹਜ਼ਾਰ ਦੇ ਭਾਰਤੀ ਨੋਟ ਵਾਪਿਸ ਲੈਣ 'ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਨੇਪਾਲ ਰਾਸ਼ਟਰ ਬੈਂਕ ਵਿਚਾਲੇ ਦੋ ਅਧਿਕਾਰਤ ਬੈਠਕਾਂ ਹੋਈਆਂ।

ਨੇਪਾਲ ਰਾਸ਼ਟਰ ਬੈਂਕ ਦੇ ਐਗਜ਼ੀਕਿਊਟਿਵ ਡਾਇਰੈਕਟਰ ਭੀਸ਼ਮ ਰਾਜ ਢੂੰਗਾਨਾ ਮੁਤਾਬਕ ਰਿਜ਼ਰਵ ਬੈਂਕ ਵੱਲੋਂ ਪ੍ਰਤੀ ਵਿਅਕਤੀ 4500 ਰੁਪਏ ਦੇ ਨੋਟ ਬਦਲਣ ਦੀ ਗੱਲ ਕਹੀ ਗਈ ਪਰ ਉਹ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ ਸੀ ਕਿਉਂਕਿ ਉਨ੍ਹਾਂ ਨੂੰ ਲੋਕਾਂ ਦੀ ਨਾਰਾਜ਼ਗੀ ਦਾ ਅੰਦੇਸ਼ਾ ਸੀ।

ਨੋਟ ਬਦਲਣ ਦੀ ਗੱਲ

ਯਾਦ ਰਹੇ ਪਹਿਲਾਂ ਲੋਕ 25000 ਰੁਪਏ ਤੱਕ ਨੇਪਾਲ ਲਿਆ ਸਕਦੇ ਸੀ ਅਤੇ ਹੁਣ ਉਨ੍ਹਾਂ ਤੋਂ ਸਿਰਫ਼ 4500 ਦੇ ਨੋਟ ਬਦਲਣ ਦੀ ਗੱਲ ਕਹਿਣਾ ਸੌਖਾ ਨਹੀਂ ਸੀ।

ਫੋਟੋ ਕੈਪਸ਼ਨ ਨੇਪਾਲ ਰਾਸ਼ਟਰ ਬੈਂਕ ਦੇ ਐਗਜ਼ੀਕਿਊਟਿਵ ਡਾਇਰੈਕਟਰ ਭੀਸ਼ਮ ਰਾਜ ਢੂੰਗਾਨਾ ਅਨੁਸਾਰ ਨੇਪਾਲੀ ਲੋਕਾਂ ਦਾ ਭਾਰਤੀ ਕਰੰਸੀ 'ਚ ਵਿਸ਼ਵਾਸ ਘਟਿਆ ਹੈ

ਉਹ ਕਹਿੰਦੇ ਹਨ,''ਇਨ੍ਹਾਂ ਕਾਰਨਾਂ ਕਰਕੇ ਅਸੀਂ (ਰਿਜ਼ਰਵ ਬੈਂਕ ਦੀ ) ਇਸ ਗੱਲ 'ਤੇ ਫ਼ੈਸਲਾ ਨਹੀਂ ਲੈ ਸਕੇ। ਮਾਮਲਾ ਅੱਜ ਤੱਕ ਲਟਕਿਆ ਹੋਇਆ ਹੈ।''

ਢੁੰਗਾਨਾ ਕਹਿੰਦੇ ਹਨ,''ਭਾਰਤੀ ਮੁਦਰਾ ਵਿੱਚ ਲੋਕਾਂ ਦਾ ਵਿਸ਼ਵਾਸ ਘਟਿਆ ਹੈ। ਭਾਰਤੀਆਂ ਨਾਲ ਸਾਡੇ ਚੰਗੇ ਸਬੰਧ ਹਨ ਪਰ ਇਸ ਮੁੱਦੇ ਨੂੰ ਕਿਉਂ ਨਹੀਂ ਸੁਲਝਾਇਆ ਗਿਆ? ਮੈਨੂੰ ਭੂਟਾਨ ਦੇ ਇੱਕ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਭੂਟਾਨ ਦੀ ਅੱਠ ਅਰਬ ਦੀ 500 ਅਤੇ ਹਜ਼ਾਰ ਰੁਪਏ ਦੀ ਭਾਰਤੀ ਮੁਦਰਾ ਬਦਲ ਦਿੱਤੀ ਫਿਰ ਸਾਡੇ ਨਾਲ ਇਹ ਭੇਦਭਾਵ ਕਿਉਂ ਕੀਤਾ ਗਿਆ?''

ਨੇਪਾਲ ਨੇ ਹੁਣ 100 ਰੁਪਏ ਤੋਂ ਵੱਡੀ ਭਾਰਤੀ ਮੁਦਰਾ ਨੂੰ ਰੱਖਣ, ਉਨ੍ਹਾਂ ਨੂੰ ਬਦਲਣ 'ਤੇ ਰੋਕ ਲਗਾ ਦਿੱਤੀ ਹੈ।

ਢੁੰਗਾਨਾ ਕਹਿੰਦੇ ਹਨ,''ਅਸੀਂ ਲੋਕਾਂ ਨੂੰ ਵਧੇਰੇ ਡਰਾਫ਼ਟ, ਕ੍ਰੈਡਿਟ ਅਤੇ ਡੈਬਿਟ ਕਾਰਡ ਵਰਤਣ ਲਈ ਕਹਿ ਰਹੇ ਹਾਂ। ਲੋਕਾਂ ਨੂੰ ਅਜੇ ਵੀ ਉਮੀਦ ਹੈ ਕਿ ਇੱਕ ਦਿਨ ਭਾਰਤ ਸਰਕਾਰ ਉਨ੍ਹਾਂ ਦੇ ਪੈਸੇ ਬਦਲ ਦਵੇਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)