ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਵਿਚਾਲੇ ਸਿੰਗਾਪੁਰ ਵਿੱਚ ਜੂਨ 'ਚ ਹੋਵੇਗੀ ਬੈਠਕ

ਕਿਮ ਜੋਂਗ ਤੇ ਟਰੰਪ Image copyright Getty Images
ਫੋਟੋ ਕੈਪਸ਼ਨ ਟਵੀਟ ਰਾਹੀ ਟਰੰਪ ਨੇ ਦਿੱਤੀ ਮੁਲਾਕਾਤ ਦੀ ਜਾਣਕਾਰੀ

ਅਮਰੀਕਾ ਦੇ ਰਾਸ਼ਟਪਤੀ ਡੌਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਨਾਲ ਮੁਲਾਕਾਤ ਕਰਨ ਦਾ ਐਲਾਨ ਕਰ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ-ਉਨ ਦੀ ਮੁਲਾਕਾਤ 12 ਜੂਨ ਨੂੰ ਸਿੰਗਾਪੁਰ ਵਿੱਚ ਹੋਵੇਗੀ। ਰਾਸ਼ਟਰਪਤੀ ਟਰੰਪ ਨੇ ਇਸ ਮੁਲਾਕਾਤ ਦਾ ਐਲਾਨ ਇੱਕ ਟਵੀਟ ਰਾਹੀ ਕੀਤਾ ਹੈ।

ਟਰੰਪ ਨੇ ਕਿਹਾ, 'ਅਸੀਂ ਦੋਵੇਂ ਕੋਸ਼ਿਸ਼ ਕਰਾਂਗੇ ਕਿ ਵਿਸ਼ਵ ਸ਼ਾਂਤੀ ਲਈ ਅਸੀਂ ਇਸ ਮੌਕੇ ਨੂੰ ਖਾਸ ਬਣਾ ਦੇਈਏ।'

ਟਰੰਪ ਨੇ ਕਿਮ ਜੌਂਗ ਨਾਲ ਮੁਲਾਕਾਤ ਕਰਨ ਦਾ ਸੱਦਾ ਮਾਰਚ ਮਹੀਨੇ ਵਿੱਚ ਸਵਿਕਾਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਤਿੱਖੀ ਬਿਆਨਬਾਜ਼ੀ ਹੁੰਦੀ ਰਹੀ ਹੈ। ਪਰ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਸ਼ੁਰੂ ਹੋਈ ਨਵੀਂ ਵਾਰਤਾ ਨੇ ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਗੱਲਬਾਤ ਦਾ ਰਾਹ ਖੋਲ਼ ਦਿੱਤਾ ਹੈ।

ਇੱਕ ਦਿਨ ਪਹਿਲਾਂ ਹੀ ਉੱਤਰੀ ਕੋਰੀਆ ਨੇ ਆਪਣੀਆਂ ਜੇਲ੍ਹਾਂ ਵਿੱਚ ਬੰਦ ਤਿੰਨ ਅਮਰੀਕੀ ਕੈਦੀਆਂ ਨੂੰ ਰਿਹਾਅ ਕੀਤਾ ਸੀ।ਰਾਸ਼ਟਰਪਤੀ ਟਰੰਪ ਇਨ੍ਹਾਂ ਤਿੰਨਾਂ ਨੂੰ ਲੈਣ ਆਪ ਹਵਾਈ ਅੱਡੇ 'ਤੇ ਪਹੁੰਚੇ ਸਨ।

ਉੱਤਰੀ ਕੋਰੀਆ ਦੀ ਕੈਦ ਵਿੱਚੋਂ ਰਿਹਾਅ ਹੋ ਕੇ ਅਮਰੀਕਾ ਪੁੱਜੇ ਤਿੰਨ ਕੈਦੀਆਂ ਨੂੰ ਮਿਲਣ ਤੋਂ ਬਾਅਦ ਟਰੰਪ ਨੇ ਕਿਮ ਨਾਲ ਮੁਲਾਕਾਤ ਦੀ ਤਰੀਕ ਦਾ ਐਲਾਨ ਕਰ ਦਿੱਤਾ।

ਉੱਤਰੀ ਕੋਰੀਆ ਸੰਕਟ- 4 ਅਹਿਮ ਨੁਕਤੇ

ਸਭ ਤੋਂ ਰਹੱਸਮਈ ਮੁਲਕ ਦੀਆਂ ਤਸਵੀਰਾਂ

ਅਮਰੀਕਾ ਤੇ ਉੱਤਰੀ ਕੋਰੀਆ ਦੀ 70 ਸਾਲ ਪੁਰਾਣੀ ਦੁਸ਼ਮਣੀ

ਟਰੰਪ ਤੇ ਕਿਮ ਦੀ ਪੁਰਾਣੀ ਮੇਹਣੇਬਾਜ਼ੀ

ਇੱਕ ਦੂਜੇ ਵੱਲ ਦੋਸਤੀ ਦਾ ਹੱਥ ਵਧਾਉਣ ਅਤੇ ਫੜਨ ਵਾਲੇ ਦੋਵੇਂ ਆਗੂ ਕਦੇ ਇੱਕ ਦੂਜੇ ਦੀ ਬੇਇੱਜ਼ਤੀ ਕਰਨ ਦਾ ਕੋਈ ਮੌਕਾ ਨਹੀਂ ਗੁਆਉਂਦੇ ਸਨ ਤੇ ਰੱਜ ਕੇ ਅਪਾਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਸਨ।

ਦੋਹਾਂ ਦੀ ਸ਼ਬਦੀ ਜੰਗ ਉਸ ਸਮੇਂ ਆਪਣੇ ਸਿਖਰ 'ਤੇ ਪਹੁੰਚੀ ਜਦੋਂ ਕਿਮ ਨੇ ਟਰੰਪ 'ਤੇ ਵਿਅਕਤੀਗਤ ਹਮਲਾ ਕੀਤਾ।

ਉੱਤਰੀ-ਕੋਰੀਆ ਦੇ ਮੀਡੀਆ ਨੇ ਟਰੰਪ ਨੂੰ 'ਜ਼ਹਿਰੀਲੀ ਖੁੰਭ', 'ਕੀੜਾ', 'ਗੈਂਗਸਟਰ', 'ਠੱਗ', 'ਮਾਨਸਿਕ ਤੌਰ 'ਤੇ ਬੀਮਾਰ ਬੁੱਢਾ', 'ਬੀਮਾਰ ਕੁੱਤਾ' ਅਤੇ 'ਪਾਗਲ' ('ਡੋਟਾਰਡ') ਵਰਗੇ ਸ਼ਬਦਾਂ ਦੀ ਵਰਤੋਂ ਕੀਤੀ।

ਉੱਤਰੀ-ਕੋਰੀਆ ਦੇ ਮੀਡੀਆ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਕਦੇ ਕਿਮ ਜੋਂਗ ਉਨ ਨੂੰ ਮਧਰੇ ਤੇ ਮੋਟੋ ਨਹੀਂ ਕਿਹਾ।

ਉੱਤਰੀ-ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਨੇ 26 ਦਸੰਬਰ ਨੂੰ ਕਿਹਾ, "ਟਰੰਪ ਕਿਸਾਨਾਂ ਦੁਆਰਾ ਪਾਲੇ ਜਾਂਦੇ ਪਸ਼ੂਆਂ ਤੋਂ ਮਾੜੇ ਅਤੇ ਇੱਕ ਜਹਿਰੀਲੀ ਖੁੰਭ ਹੈ। ਉਹ ਇੱਕ ਪਾਗਲ ਬੁੱਢਾ ਹੈ।"

23 ਸਤੰਬਰ ਨੂੰ ਉੱਤਰੀ-ਕੋਰੀਆ ਦਾ ਸਰਕਾਰੀ ਅਖ਼ਬਾਰ ਨੇ ਰੋਡੋਂਗ ਸਿਨਮੁਨ ਨੇ ਟਰੰਪ ਬਾਰੇ ਲਿਖਿਆ ਕਿ ਉਹ ਇੱਕ " ਵਿਕਰਿਤ ਇਨਸਾਨ...ਇੱਕ ਸਿਆਸੀ ਗੁੰਡਾ, ਇੱਕ ਠੱਗ ਅਤੇ ਇੱਕ ਬਚਕਾਨਾ ਇਨਸਾਨ ਹੈ।"

4 ਨੁਕਤੇ ਜਿਨ੍ਹਾਂ 'ਤੇ ਕਿਮ ਹੋਇਆ ਰਾਜ਼ੀ

  • ਕਿਮ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਬੈਠਣ ਲਈ ਤਿਆਰ
  • ਪਰਮਾਣੂ ਪਸਾਰ ਨੂੰ ਰੋਕਣ ਲਈ ਬਚਨਬੱਧ
  • ਸਾਰੇ ਪਰਮਾਣੂ ਅਤੇ ਮਿਜ਼ਾਇਲ ਪ੍ਰੋਗਰਾਮ ਮੁਲਤਵੀ ਕਰਨ ਲਈ ਰਾਜ਼ੀ
  • ਦੱਖਣ ਕੋਰੀਆ ਤੇ ਅਮਰੀਕੀ ਫੌਜੀ ਮਸ਼ਕਾਂ ਤੇ ਇਤਰਾਜ਼ ਨਹੀਂ

ਆਖ਼ਰੀ ਨੁਕਤਾ ਸਭ ਤੋਂ ਵੱਧ ਧਿਆਨ ਦੀ ਮੰਗ ਕਰਦਾ ਹੈ। ਕੋਰੀਆਈ ਜੰਗ ਤੋਂ ਬਾਅਦ ਅਮਰੀਕਾ ਦੇ ਹਜ਼ਾਰਾਂ ਫੌਜੀ ਦੱਖਣ ਕੋਰੀਆ ਵਿੱਚ ਹੀ ਰੁਕੇ ਹੋਈ ਨੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਅਮਰੀਕਾ ਨਾਲ ਆਰ-ਪਾਰ ਦੀ ਲੜਾਈ ਲਈ ਉੱਤਰੀ ਕੋਰੀਆ ਤਿਆਰ ਕਿਉਂ?

70 ਸਾਲ ਪੁਰਾਣੀ ਦੁਸ਼ਮਣੀ ਖ਼ਤਮ ਹੋਵੇਗੀ?

ਅਮਰੀਕਾ ਅਤੇ ਉੱਤਰੀ ਕੋਰੀਆ ਦੀ 70 ਸਾਲ ਪੁਰਾਣੀ ਜੰਗ ਹੁਣ ਖ਼ਤਮ ਹੋਣ ਜਾ ਰਹੀ ਜਾਪਦੀ ਹੈ।

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਡੌਨਲਡ ਟਰੰਪ ਨਾਲ ਮੁਲਾਕਾਤ ਦਾ ਐਲਾਨ ਇਸ ਦਿਸ਼ਾ ਵਿੱਚ ਸਭ ਤੋਂ ਵੱਡਾ ਘਟਨਾਕ੍ਰਮ ਹੈ। ਇਸ ਤੋਂ ਪਹਿਲਾਂ ਕਿਮ ਜੋਂਗ ਦੱਖਣੀ ਕੋਰੀਆ ਜਾ ਕੇ ਉਨ੍ਹਾਂ ਨਾਲ ਵੀ ਅਮਨ ਐਲਾਨਨਾਮਾ ਕਰ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)