'ਮੋਦੀ ਨੌਟ ਵੈਲਕਮ', ਪ੍ਰਧਾਨ ਮੰਤਰੀ ਮੋਦੀ ਤੋਂ ਨਾਰਾਜ਼ ਕੁਝ ਨੇਪਾਲੀਆਂ ਨੇ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇ ਪੀ ਓਲੀ Image copyright BIKASH KARKI/GETTY IMAGES
ਫੋਟੋ ਕੈਪਸ਼ਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਕਰੀਬ 200 ਕਿੱਲੋਮੀਟਰ ਦੂਰ ਜਨਕਪੁਰ ਵਿੱਚ ਇੱਕ ਮੰਦਿਰ ਦਾ ਦੌਰਾ ਕਰਨ ਪਹੁੰਚੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲੀ ਪ੍ਰਧਾਨ ਮੰਤਰੀ ਕੇ ਪੀ ਓਲੀ

ਪ੍ਰਧਾਨ ਮੰਤਰੀ ਨਰਿੰਦੀ ਮੋਦੀ ਦੇ ਨੇਪਾਲ ਦੌਰੇ 'ਤੇ ਲੋਕ ਤਿੰਨ ਨਵੇਂ ਰਿਕਾਰਡਜ਼ ਦੀ ਗੱਲ ਕਰ ਰਹੇ ਹਨ।

ਪਹਿਲਾ ਇਹ ਕਿ ਕੋਈ ਭਾਰਤੀ ਪ੍ਰਧਾਨ ਮੰਤਰੀ ਆਪਣੇ ਕਾਰਜਕਾਲ ਵਿੱਚ ਤਿੰਨ ਵਾਰ ਨੇਪਾਲ ਨਹੀਂ ਆਇਆ। ਦੂਜਾ ਇਹ ਕਿ ਚਾਰ ਸਾਲਾਂ ਵਿੱਚ ਤਿੰਨ ਵਾਰ ਪ੍ਰਧਾਨ ਮੰਤਰੀ ਨੇਪਾਲ ਆਏ ਅਤੇ ਤੀਜਾ ਇਹ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੇ 33 ਦਿਨਾਂ ਬਾਅਦ ਬਾਅਦ ਭਾਰਤੀ ਪ੍ਰਧਾਨ ਮੰਤਰੀ ਨੇਪਾਲ ਆਏ।

ਸਾਲ 2014 ਵਿੱਚ ਨਰਿੰਦਰ ਮੋਦੀ ਦੀ ਨੇਪਾਲ ਯਾਤਰਾ ਤੋਂ ਸੰਦੇਸ਼ ਗਿਆ ਸੀ ਕਿ ਉੱਚੇ ਪੱਧਰ 'ਤੇ ਵੀ ਭਾਰਤ ਦੀ ਨੇਪਾਲ ਵਿੱਚ ਦਿਲਚਸਪੀ ਹੈ। ਪਰ ਸਤੰਬਰ 2015 ਵਿੱਚ 'ਨਾਕੇਬੰਦੀ' ਦੌਰਾਨ ਉਭਰੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਨੇ ਸਬੰਧਾਂ 'ਤੇ ਡੂੰਘੀ ਛਾਪ ਛੱਡੀ।

ਇਹ ਨਾਕੇਬੰਦੀ ਉਸ ਵੇਲੇ ਹੋਈ ਜਦੋਂ ਨੇਪਾਲ ਅਪ੍ਰੈਲ 2015 ਦੇ ਭੂਚਾਲ ਤੋਂ ਉਭਰ ਨਹੀਂ ਸਕਿਆ ਸੀ।

ਨੇਪਾਲ ਤੇਲ ਅਤੇ ਕਈ ਹੋਰ ਚੀਜ਼ਾਂ ਲਈ ਭਾਰਤ 'ਤੇ ਨਿਰਭਰ ਹੈ। ਇਹ ਉਹ ਦੌਰ ਸੀ ਜਦੋਂ ਪੈਟਰੋਲ, ਡੀਜ਼ਲ ਮਿਲ ਨਹੀਂ ਰਿਹਾ ਸੀ ਜਾਂ ਫਿਰ ਚਾਰ ਜਾਂ ਪੰਜ ਗੁਣਾ ਵੱਧ ਕੀਮਤਾਂ 'ਤੇ ਮਿਲ ਰਿਹਾ ਸੀ। ਖਾਣ ਦਾ ਸਮਾਨ, ਦਵਾਈਆਂ, ਸਭ ਚੀਜ਼ਾਂ ਦੀ ਘਾਟ ਹੋ ਗਈ ਸੀ। ਬੱਚੇ, ਬੁੱਢੇ ਸੜਕਾਂ 'ਤੇ ਨਿਕਲ ਕੇ 'ਬਲੌਕੇਡ' ਦੇ ਵਿਰੋਧ ਵਿੱਚ ਨਾਅਰੇ ਲਗਾ ਰਹੇ ਸੀ।

ਭਾਰਤ ਨੇ ਕਿਹਾ ਨੇਪਾਲ ਵਿੱਚ ਸਪਲਾਈ 'ਚ ਰੁਕਾਵਟ ਦਾ ਕਾਰਨ ਨੇਪਾਲ ਦੇ ਅੰਦਰੂਨੀ ਹਾਲਾਤ ਸੀ। ਪਰ ਨੇਪਾਲ ਸਰਕਾਰ ਤੋਂ ਲੈ ਕੇ ਦਰਬਾਰ ਸੁਕੇਅਰ 'ਤੇ ਰੇੜੀ ਲਗਾਉਣ ਵਾਲੇ ਲੋਕ ਭਾਰਤ ਨੂੰ ਜ਼ਿੰਮੇਦਾਰ ਮੰਨਦੇ ਹਨ।

ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਉੱਤੇ ਟਵਿੱਟਰ 'ਤੇ ਲੋਕ 'ਬਲੌਕੇਡ ਵਾਜ਼ ਕਰਾਈਮ','ਮੋਦੀ ਨੌਟ ਵੈਲਕਮ ਇਨ ਨੇਪਾਲ', 'ਮੋਦੀ ਤੋਂ ਸੌਰੀ ਫਾਰ ਬਲੌਕੇਡ' ਹੈਸ਼ਟੈਗ ਨਾਲ ਲਿਖ ਰਹੇ ਹਨ।

Image copyright AFP
ਫੋਟੋ ਕੈਪਸ਼ਨ ਸਾਲ 2015 ਦੀ ਨਾਕੇਬੰਦੀ ਦਾ ਨੇਪਾਲ ਦੇ ਬਾਜ਼ਾਰ 'ਤੇ ਵਿਆਪਕ ਅਸਰ ਹੋਇਆ ਸੀ

ਭੀਮ ਆਤਰੇ ਨੇ ਲਿਖਿਆ, 6 ਮਹੀਨੇ ਤੱਕ ਤੇਲ, ਖਾਦ ਸਮਾਨ, ਦਵਾਈਆਂ ਦੀ ਘਾਟ। ਦਰਦ ਅਜੇ ਵੀ ਤਾਜ਼ਾ ਹੈ ਮਿਸਟਰ ਮੋਦੀ।

ਮੋਦੀ ਨਾਲ ਨਰਾਜ਼ਗੀ ਪਰ ਭਾਰਤ ਵਿਰੋਧੀ ਨਹੀਂ

ਸ਼ੈਲੇਸ਼ ਪੋਖਰੇਲ ਨੇ ਟਵਿੱਟਰ 'ਤੇ ਲਿਖਿਆ,'' ਅਸੀਂ ਤੁਹਾਡਾ ਸਵਾਗਤ ਨਹੀਂ ਕਰ ਰਹੇ ਹਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਭਾਰਤ ਵਿਰੋਧੀ ਹਾਂ।''

ਕਾਠਮੰਡੂ ਦੇ ਕੇਂਦਰ ਵਿੱਚ ਦਰਬਾਰ ਸੁਕੇਅਰ ਦੇ ਨੇੜੇ ਹੌਲੀ ਆਵਾਜ਼ ਵਿੱਚ ਗੱਲ ਕਰਨ ਵਾਲੇ ਹਰੀਸ਼ੰਕਰ ਵੈਦ ਮਿਲੇ। ਆਲੇ-ਦੁਆਲੇ ਭੂਚਾਲ ਨਾਲ ਤਬਾਹ ਇਮਾਰਤਾਂ ਨੇ ਪੁਨਰ-ਨਿਰਮਾਣ ਦਾ ਕੰਮ ਚੀਨ ਅਤੇ ਅਮਰੀਕਾ ਦੀ ਮਦਦ ਨਾਲ ਚੱਲ ਰਿਹਾ ਸੀ।

ਵੈਦ ਨੇ ਦੱਸਿਆ,''ਹਾਲਾਤ ਲਈ ਨੇਪਾਲ ਅਤੇ ਭਾਰਤ ਦੋਵੇਂ ਜ਼ਿੰਮੇਦਾਰ ਹਨ। ਅਸੀਂ ਸੋਚਿਆ ਭਾਰਤ ਜਿੰਨੀ ਸਜ਼ਾ ਦੇਵੇਗਾ ਅਸੀਂ ਭੁਗਤਾਂਗੇ। ਮੋਦੀ ਨੇ ਭੂਚਾਲ ਤੋਂ ਬਾਅਦ ਇੱਕ ਖਰਬ ਡਾਲਰ ਦੇਣ ਦੀ ਗੱਲ ਕਹੀ ਸੀ, ਪਰ ਸਿਰਫ਼ 25 ਫ਼ੀਸਦ ਦਿੱਤਾ ਹੈ।''

ਰੋਜੀਤਾ ਸ਼੍ਰੇਸ਼ਠ ਨੇ ਕਿਹਾ,''ਹੁਣ ਮੋਦੀ ਆਏ ਹਨ ਤਾਂ ਚੰਗਾ ਕਰਕੇ ਜਾਣ। ਅਜਿਹੀਆਂ ਮੁਸ਼ਕਿਲਾਂ ਮੁੜ ਨਹੀਂ ਆਉਣੀਆਂ ਚਾਹੀਦੀਆਂ।''

ਜ਼ਿਕਰਯੋਗ ਹੈ ਸਤੰਬਰ 2015 ਵਿੱਚ ਮਧੇਸ਼ੀ ਸੰਗਠਨਾਂ ਨੇ ਅੰਦੋਲਨ ਚਲਾਇਆ ਅਤੇ ਇਲਜ਼ਾਮ ਲਾਇਆ ਕਿ ਨਵੇਂ ਸੰਵਿਧਾਨ ਵਿੱਚ ਉਨ੍ਹਾਂ ਦੇ ਅਧਿਕਾਰਾਂ, ਉਮੀਦਾਂ ਦਾ ਧਿਆਨ ਨਹੀਂ ਰੱਖਿਆ ਗਿਆ। ਭਾਰਤ ਨੇ ਨੇਪਾਲ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਲਾਹ ਦਿੱਤੀ ਸੀ।

ਨੇਪਾਲ ਵਿੱਚ ਮੰਨਿਆ ਜਾਂਦਾ ਹੈ ਕਿ ਭਾਰਤ ਨੇ ਮਧੇਸ਼ੀਆਂ ਦਾ ਪੱਖ ਲੈਣ ਲਈ ਅਤੇ ਨੇਪਾਲ ਨੂੰ ਸਜ਼ਾ ਦੇਣ ਦੇ ਇਰਾਦੇ ਨਾਲ ਸਮਾਨ ਦੀ ਸਪਲਾਈ ਰੋਕ ਦਿੱਤੀ। ਭਾਰਤ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦਾ ਹੈ।

Image copyright Pib
ਫੋਟੋ ਕੈਪਸ਼ਨ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਮੁੜ ਦੇਸ ਦੀ ਕਮਾਨ ਸੰਭਾਲਣ ਤੋਂ ਬਾਅਦ ਪਹਿਲੇ ਵਿਦੇਸ਼ੀ ਦੌਰੇ 'ਤੇ ਭਾਰਤ ਆਏ ਸੀ

ਨੇਪਾਲ ਵਿੱਚ ਭਾਰਤ ਦੇ ਰਾਜਦੂਤ ਮਨਜੀਵ ਸਿੰਘ ਪੁਰੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਭਵਿੱਖ ਵੱਲ ਦੇਖਣ ਦੀ ਗੱਲ ਕਹੀ ਪਰ ਕਾਠਮੰਡੂ ਵਿੱਚ ਲੋਕ ਭਾਰਤ ਦੇ ਨਾਲ ਸਬੰਧਾਂ 'ਤੇ ਕੁਝ ਸ਼ਬਦ ਕਹਿਣ ਤੋਂ ਬਾਅਦ 'ਬਲੌਕੇਡ' ਵਿੱਚ ਭਾਰਤ ਦੀ ਭੂਮਿਕਾ 'ਤੇ ਗੱਲ ਕਰਨ ਲੱਗਦੇ ਹਨ।

ਸਤੰਬਰ 2015 ਵਿੱਚ ਦੀਪ ਕੁਮਾਰ ਉਪਾਧਿਆ ਦਿੱਲੀ ਵਿੱਚ ਨੇਪਾਲ ਦੇ ਰਾਜਦੂਤ ਸੀ।

ਭਾਰਤ ਦੇ ਕਾਰਨ ਚੀਨ ਨੇੜੇ ਗਿਆ ਨੇਪਾਲ

ਕਾਠਮੰਡੂ ਦੇ ਪ੍ਰਦੂਸ਼ਣ ਅਤੇ ਸਿਆਸੀ ਗਰਮੀ ਤੋਂ 300 ਕਿੱਲੋਮੀਟਰ ਦੂਰ ਭਾਰਤੀ ਸੀਮਾ ਨਾਲ ਲੱਗੇ ਕਪਿਲਵਸਤੁ ਵਿੱਚ ਘਰ ਦੀ ਛੱਤ ਹੇਠਾਂ ਬੈਠੇ ਦੀਪ ਕੁਮਾਰ ਉਪਾਧਿਆ ਦੀ ਸ਼ਿਕਾਇਤ ਹੈ ਕਿ ਸੋਸ਼ਲ ਮੀਡੀਆ 'ਤੇ ਐਕਟਿਵ ਨਰਿੰਦਰ ਮੋਦੀ ਨੇ ਕਦੇ ਨੇਪਾਲ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ 'ਤੇ ਇੱਕ ਲਾਈਨ ਵੀ ਨਹੀਂ ਲਿਖੀ।

ਉਹ ਕਹਿੰਦੇ ਹਨ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਭਰੋਸਿਆਂ ਤੋਂ ਇਲਾਵਾਂ ਜ਼ਮੀਨ 'ਤੇ ਕੋਈ ਤਬਦੀਲੀ ਨਜ਼ਰ ਨਹੀਂ ਆਉਂਦੀ ਸੀ।

ਉਹ ਕਹਿੰਦੇ ਹਨ,''ਕਈ ਵਾਰ ਸੁਸ਼ਮਾ ਜੀ ਨੇ ਮੇਰੇ ਸਾਹਮਣੇ ਹੁਕਮ ਦਿੱਤੇ। ਪਰ ਮੁਸ਼ਕਿਲ ਹੱਲ ਹੋਣ ਵਿੱਚ ਸਮਾਂ ਲੱਗਦਾ ਸੀ।''

ਨੇਪਾਲ ਦੇ ਸਾਬਕਾ ਖਜ਼ਾਨਾ ਮੰਤਰੀ ਪ੍ਰਕਾਸ਼ ਚੰਦ ਲੋਹਨੀ ਨੇ ਆਪਣੇ ਆਰਾਮਦਾਇਕ ਘਰ ਵਿੱਚ ਉਨ੍ਹਾਂ ਮੁਸ਼ਕਿਲ ਦਿਨਾਂ ਨੂੰ ਯਾਦ ਕੀਤਾ,''ਸਾਡੇ ਘਰ ਵਿੱਚ 2-4 ਦਰਖ਼ਤ ਸੀ ਉਸ ਨੂੰ ਕੱਟ ਕੇ ਅਸੀਂ ਤਿਆਰੀ ਕੀਤੀ ਸੀ ਕਿ ਦੋ ਚਾਰ ਜਿੰਨਾ ਚੱਲੇਗਾ ਉਸ ਨੂੰ ਕੱਟ ਕੇ ਹੀ ਬਾਹਰ ਖਾਣਾ ਬਣਾਵਾਂਗੇ ਪਰ ਜੋ ਰਿਹਾ ਠੀਕ ਰਿਹਾ। ਸਾਨੂੰ ਝੁਕਣਾ ਨਹੀਂ ਚਾਹੀਦਾ। ਦਵਾਈਆਂ ਮਹਿੰਗੀਆਂ ਹੋ ਗਈਆਂ ਸੀ। ਬਲੌਕੇਡ ਦਾ ਗ਼ਰੀਬਾਂ 'ਤੇ ਸਭ ਤੋਂ ਵੱਧ ਅਸਰ ਪਿਆ ਸੀ।''

ਲੋਹਨੀ ਕਹਿੰਦੇ ਹਨ ਇਸੇ ਗੁੱਸੇ ਕਰਕੇ ਨੇਪਾਲ ਦਾ ਝੁਕਾਅ ਚੀਨ ਵੱਲ ਵਧਿਆ ਕਿਉਂਕਿ ''ਨੇਪਾਲ ਵਿੱਚ ਇਹ ਭਾਵਨਾ ਵਧੀ ਕਿ ਸਿਰਫ਼ ਭਾਰਤ 'ਤੇ ਨਿਰਭਰ ਨਹੀਂ ਰਿਹਾ ਜਾ ਸਕਦਾ।''

ਫੋਟੋ ਕੈਪਸ਼ਨ ਨੇਪਾਲ ਦੇ ਸਾਬਕਾ ਖਜ਼ਾਨਾ ਮੰਤਰੀ ਪ੍ਰਕਾਸ਼ ਚੰਦ ਲੋਹਨੀ

ਉਹ ਕਹਿੰਦੇ ਹਨ,''ਭਾਰਤ ਨੂੰ ਲੱਗਿਆ ਕਿ 10-15 ਦਿਨਾਂ ਵਿੱਚ ਨੇਪਾਲ ਗੋਢੇ ਲਾ ਦੇਵੇਗਾ ਪਰ ਇਹ ਗੱਲ ਗ਼ਲਤ ਸਾਬਤ ਹੋਈ। ਇਸ ਕਰਕੇ ਸਾਨੂੰ ਚੀਨ ਵੱਲ ਦੇਖਣਾ ਪਿਆ।

ਚੀਨ ਪਿਛਲੇ 10 ਸਾਲਾਂ ਵਿੱਚ ਟਰਾਂਸਿਟ ਟ੍ਰੀਟੀ ਲਈ ਜ਼ੋਰ ਦੇ ਰਿਹਾ ਸੀ ਪਰ ਅਸੀਂ ਅਜਿਹਾ ਨਹੀਂ ਕੀਤਾ। ਭਾਰਤ ਨੇ ਸਾਨੂੰ ਫੋਰਸ ਕੀਤਾ ਕਿ ਸਿਰਫ਼ ਭਾਰਤ 'ਤੇ ਨਿਰਭਰ ਰਹਿਣਾ ਖ਼ਤਰਨਾਕ ਹੈ...ਦੋ ਤਿੰਨ ਸਾਲਾਂ ਵਿੱਚ ਚੀਨ ਦੀ ਟਰੇਨ ਨੇਪਾਲ ਦੀ ਸੀਮਾ ਤੱਕ ਪਹੁੰਚ ਜਾਵੇਗੀ।''

'ਮੋਦੀ ਗੁੰਮਰਾਹ ਹੋ ਗਏ'

ਟਰਾਂਸਿਟ ਟ੍ਰੀਟੀ ਜਾਂ ਸਮਝੌਤਾ ਯਾਨਿ ਨੇਪਾਲ ਚੀਨ ਤੋਂ ਹੋ ਕੇ ਦੁਨੀਆਂ ਦੇ ਹੋਰਾਂ ਦੇਸਾਂ ਨਾਲ ਵਪਾਰ ਕਰ ਸਕੇਗਾ। ਨੇਪਾਲ ਹਰ ਪਾਸਿਓਂ ਜ਼ਮੀਨ ਨਾਲ ਘਿਰਿਆ ਹੈ ਇਸ ਲਈ ਸਮੁੰਦਰੀ ਵਪਾਰ ਲਈ ਉਸ ਨੂੰ ਕਲਕੱਤਾ ਬੰਦਰਗਾਹ 'ਤੇ ਨਿਰਭਰ ਰਹਿਣਾ ਪੈਂਦਾ ਹੈ।

ਲੋਹਨੀ ਕਹਿੰਦੇ ਹਨ ਕਿ ਕਲਕੱਤਾ ਬੰਦਰਗਾਹ ਵਿੱਚ ਕਿਸੇ ਵੀ ਗੜਬੜੀ ਦਾ ਸਿੱਧਾ ਅਸਰ ਸਮਾਨ ਦੀ ਸਪਲਾਈ ਅਤੇ ਵਾਪਰ 'ਤੇ ਪੈਂਦਾ ਹੈ ਅਤੇ ਭਾਰਤ ਇਸੇ ਨਿਰਭਰਤਾ ਦਾ ਫਾਇਦਾ ਚੁੱਕਦਾ ਹੈ।

ਨੇਪਾਲ ਦਾ ਕਰੀਬ 70 ਫ਼ੀਸਦ ਵਪਾਰ ਭਾਰਤ ਨਾਲ ਹੈ।

ਹਾਲਾਂਕਿ ਲੋਹਨੀ ਤੋਂ ਇਲਾਵਾ ਕਈ ਸੀਨੀਅਰ ਲੀਡਰ ਵੀ ਇਹ ਕਹਿੰਦੇ ਹਨ,''ਨਰਿੰਦਰ ਮੋਦੀ ਨੂੰ ਅਧਿਕਾਰੀਆਂ ਨੇ ਗ਼ਲਤ ਜਾਣਕਾਰੀਆਂ ਦਿੱਤੀਆਂ ਅਤੇ ਉਹ ਮਿਸਲੀਡ ਹੋ ਗਏ।''

ਭਾਰਤੀ ਮੀਡੀਆ ਵਿੱਚ ਕਈ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਚੀਨ ਦਾ ਪੱਖੀ ਦੱਸਿਆ ਜਾਂਦਾ ਹੈ।

ਇਸ 'ਤੇ ਸੀਨੀਅਰ ਪੱਤਰਕਾਰ ਯੁਬਰਾਜ ਘੀਮਿਰੇ ਹੱਸ ਕੇ ਕਹਿੰਦੇ ਹਨ ਕਿ ਇੱਕ ਸਮੇਂ ਓਲੀ ਨੂੰ ਉਨ੍ਹਾਂ ਦੀ ਪਾਰਟੀ ਵਿੱਚ ਭਾਰਤ ਦਾ ਪੱਖੀ ਕਿਹਾ ਜਾਂਦਾ ਸੀ।

ਉਹ ਕਹਿੰਦੇ ਹਨ,''ਓਲੀ ਦੀ ਪਾਰਟੀ ਭਾਰਤ ਦੇ ਨਾਲ ਮਹਾਕਾਲੀ ਪ੍ਰਾਜੈਕਟ ਸਮਝੌਤੇ ਖ਼ਿਲਾਫ਼ ਸੀ ਪਰ ਓਲੀ ਨੇ ਭਾਰਤ ਦਾ ਸਮਰਥਨ ਕੀਤਾ ਸੀ ਪਾਰਟੀ ਅੰਦਰ ਉਨ੍ਹਾਂ ਦਾ ਅਕਸ ਪ੍ਰੋ-ਇੰਡੀਆ ਦਾ ਸੀ। ਪਰ ਜਦੋਂ ਉਨ੍ਹਾਂ ਨੇ 'ਨਾਕੇਬੰਦੀ' ਦੌਰਾਨ ਨੇਪਾਲ ਦੇ ਆਮ ਸੈਂਟੀਮੈਂਟ ਦਾ ਸਾਥ ਦਿੱਤਾ ਤਾਂ ਭਾਰਤ ਵਿੱਚ ਉਨ੍ਹਾਂ ਨੂੰ ਐਂਟੀ-ਇੰਡੀਆ ਕਿਹਾ ਜਾਣ ਲੱਗਾ।''

ਫੋਟੋ ਕੈਪਸ਼ਨ ਚੀਨ ਨੇਪਾਲ ਵਿੱਚ ਕਈ ਤਰ੍ਹਾਂ ਦੇ ਕੰਮ ਕਰ ਰਿਹਾ ਹੈ

ਹਾਲਾਂਕਿ ਯੁਬਰਾਜ ਇਹ ਵੀ ਕਹਿੰਦੇ ਹਨ ਕਿ ਜਦੋਂ ਨੇਪਾਲ ਦੇ ਨੇਤਾਵਾਂ ਨੂੰ ਆਪਣੇ ਫਾਇਦੇ ਲਈ ਭਾਰਤ ਦੀ ਲੋੜ ਪੈਂਦੀ ਹੈ ਤਾਂ ਉਹ ਉਸ ਨੂੰ ਵਰਤਣ ਵਿੱਚ ਵੀ ਗੁਰੇਜ਼ ਨਹੀਂ ਕਰਦੇ।

ਸਾਲ 1996 ਦੇ ਮਹਾਕਾਲੀ ਸਮਝੌਤੇ ਦਾ ਮੁੱਖ ਹਿੱਸਾ ਪੰਚੇਸ਼ਵਰ ਪ੍ਰਾਜੈਕਟ ਸੀ ਜਿਸਦਾ ਮਕਸਦ ਪਾਣੀ ਦੀ ਮਦਦ ਨਾਲ 6400 ਮੈਗਾਵਾਟ ਬਿਜਲੀ ਪੈਦਾ ਕਰਨਾ ਸੀ। ਜਿਸਦੀ ਦੋਵੇਂ ਦੇਸ ਵਰਤੋਂ ਕਰਨ ਪਰ ਦੋ ਦਹਾਕੇ ਬਾਅਦ ਵੀ ਕੰਮ ਕਾਗਜ਼ 'ਤੇ ਵਧੇਰੇ ਅਤੇ ਗ੍ਰਾਊਂਡ 'ਤੇ ਘੱਟ ਹੋਇਆ।

ਦਰਅਸਲ ਨੇਪਾਲ ਵਿੱਚ ਲੋਕਾਂ ਦੇ ਕੋਲ ਭਾਰਤ ਦੇ ਅੱਦ ਵਿਚਾਲੇ ਲਟਕੇ ਵਾਅਦਿਆਂ ਦੀ ਸੂਚੀ ਹੈ।

ਮਹਾਂਕਾਲੀ ਸਮਝੌਤੇ 'ਤੇ ਦਸਤਖ਼ਤ ਕਰਨ ਵਾਲੇ ਸਾਬਕਾ ਵਿਦੇਸ਼ ਅਤੇ ਖਜ਼ਾਨਾ ਮੰਤਰੀ ਪ੍ਰਕਾਸ਼ ਚੰਦ ਲੋਹਨੀ ਪੁੱਛਦੇ ਹਨ,''ਜਦੋਂ ਭਾਰਤ ਨੂੰ ਮਹਾਂਕਾਲੀ ਸਮਝੌਤੇ ਵਿੱਚ ਦਿਲਸਪੀ ਨਹੀਂ ਸੀ ਤਾਂ ਤੁਸੀਂ ਉਸ 'ਤੇ ਦਸਤਖ਼ਤ ਕਿਉਂ ਕੀਤੇ? ਮੈਨੂੰ ਲਗਦਾ ਹੈ ਮਧੇਸ ਲਈ ਜ਼ਰੂਰੀ ਪੋਸਟਲ ਹਾਈਵੇ 'ਤੇ ਕੰਮ ਮੇਰੇ ਪੋਤੇ-ਦੋਹਤਿਆਂ ਦੇ ਜ਼ਮਾਨੇ ਵਿੱਚ ਹੀ ਹੋਵੇਗਾ।''

ਪੂਰੇ ਨਹੀਂ ਹੁੰਦੇ ਵਾਅਦੇ

ਚੀਨ ਦੇ ਕਾਠਮੰਡੂ ਵਿੱਚ ਬਣੇ ਨੈਸ਼ਨਲ ਆਰਮਡ ਪੁਲਿਸ ਫੋਰਸ ਅਕੈਡਮੀ 'ਤੇ ਕੰਮ ਸਾਲ 2015 ਵਿੱਚ ਸ਼ੁਰੂ ਕੀਤਾ ਅਤੇ 2017 ਵਿੱਚ ਇਸ ਨੂੰ ਨੇਪਾਲ ਦੇ ਹਵਾਲੇ ਕਰ ਦਿੱਤਾ। ਭਾਰਤ ਨੇ ਵੀ ਅਜਿਹੀ ਹੀ ਇੱਕ ਅਕੈਡਮੀ ਬਣਾਉਣ ਦਾ ਵਾਅਦਾ ਕੀਤਾ ਸੀ।

ਵੀਹ ਸਾਲ ਬਾਅਦ ਵੀ ਇਹ ਇੱਕ ਵਾਅਦਾ ਹੀ ਹੈ, ਹਾਲਾਂਕਿ ਇਸ ਦੇਰੀ ਲਈ ਸਥਾਨਕ ਕਾਰਨਾਂ ਨੂੰ ਵੀ ਜ਼ਿੰਮੇਦਾਰ ਮੰਨਿਆ ਜਾਂਦਾ ਹੈ।

ਨੈਸ਼ਨਲ ਆਰਮਡ ਪੁਲਿਸ ਫੋਰਸ ਅਕੈਡਮੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਦੋ ਤੋਂ ਢਾਈ ਸਾਲ ਤੱਕ ਚੀਨ ਦੀ ਕੰਪਨੀ ਵੱਲੋਂ 24 ਘੰਟੇ ਲਗਾਤਾਰ ਕੰਮ ਹੁੰਦੇ ਦੇਖਿਆ ਅਤੇ ਅੱਜ ਵੀ ਦੇਖ-ਰੇਖ ਨੂੰ ਲੈ ਕੇ ਕੰਪਨੀ ਤੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਦਾ ਹੈ ਜਦਕਿ ''ਭਾਰਤ ਦੀ ਪੁਲਿਸ ਅਕੈਡਮੀ ਦਾ ਪ੍ਰਾਜੈਕਟ 25 ਸਾਲਾਂ ਤੋਂ ਲਟਕਿਆ ਹੋਇਆ ਹੈ।''

ਭਾਰਤ ਤੋਂ ਇਹ ਸ਼ਿਕਾਇਤ ਨਵੀਂ ਨਹੀਂ ਹੈ। ਸ਼੍ਰੀਲੰਕਾ, ਅਫ਼ਰੀਕਾ, ਤੁਸੀਂ ਕਿਤੇ ਵੀ ਜਾਓ ਸਥਾਨਕ ਪ੍ਰਸਾਸਨ ਅਤੇ ਸਰਕਾਰਾਂ ਤੁਹਾਨੂੰ ਦੱਸਣਗੀਆਂ ਕਿ ਭਾਰਤ ਵੱਲੋਂ ਵਾਅਦੇ ਬਹੁਤ ਕੀਤੇ ਗਏ ਪਰ ਜ਼ਮੀਨ 'ਤੇ ਕੰਮ ਦੀ ਸਪੀਡ ਬਹੁਤ ਸੁਸਤ ਰਹੀ।

ਸੂਤਰ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਓਲੀ ਨੇ ਅਪ੍ਰੈਲ ਦੀ ਦਿੱਲੀ ਯਾਤਰਾ ਵਿੱਚ ਕਈ ਪ੍ਰਾਜੈਕਟਾਂ ਦੇ ਐਲਾਨ 'ਤੇ ਭਾਰਤੀ ਨੇਤਾਵਾਂ ਨੂੰ ਕਿਹਾ ਸੀ ਕਿ ਪਹਿਲਾਂ ਸਾਲਾਂ ਤੋਂ ਲਟਕੀ ਹੋਈ ਯਾਜਨਾਵਾਂ ਨੂੰ ਪੂਰਾ ਕਰਨ ਵਿੱਚ ਧਿਆਨ ਦੇਣ।

ਇਨ੍ਹਾਂ ਅੱਧ ਵਿਚਾਲੇ ਲਟਕੇ ਵਾਅਦਿਆਂ 'ਤੇ ਭਾਰਤ ਦੇ ਰਾਜਦੂਤ ਮਨਜੀਵ ਸਿੰਘ ਪੁਰੀ ਕਹਿੰਦੇ ਹਨ,''ਨੇਪਾਲ ਪੁਲਿਸ ਅਕੈਡਮੀ ਦੇ ਕਸੰਲਟੈਂਟ ਨਿਯੁਕਤ ਹੋਏ ਹਨ ਅਤੇ ਅਸੀਂ ਤੁਰੰਤ ਹੀ ਨੇਪਾਲ ਨੂੰ ਡਿਜ਼ਾਇਨ ਆਪਸ਼ਨ ਦੇਣ ਵਾਲੇ ਹਾਂ। ਪ੍ਰਾਜੈਕਟ ਅੱਗੇ ਵਧ ਰਹੇ ਹਨ.. ਕੁਝ ਹੀ ਮਹੀਨਿਆਂ 'ਚ ਜੈਨਗਰ ਤੋਂ ਜਨਕਪੁਰ ਤੱਕ ਬ੍ਰੌਡ ਗੇਜ ਰੇਲਵੇ ਲਾਈਨ ਆ ਜਾਵੇਗੀ। ਅਰੁਣ ਥ੍ਰੀ ਲੱਗਣ ਨਾਲ ਸੰਦੇਸ਼ ਜਾਣਾ ਚਾਹੀਦਾ ਹੈ ਕਿ ਪ੍ਰਾਜੈਕਟ ਸਿਰਫ਼ ਲਏ ਨਹੀਂ ਗਏ ਬਲਕਿ ਹਕੀਕਤ ਬਣ ਰਹੇ ਹਨ।''

ਮੋਦੀ ਦੀ ਨੇਪਾਲ ਯਾਤਰਾ ਦੌਰਾਨ 900 ਮੇਗਾਵਾਟ ਪ੍ਰਾਜੈਕਟ ਅਰੁਣ ਥ੍ਰੀ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

ਨੇਪਾਲੀ ਅਧਿਕਾਰੀ ਭੂਚਾਲ ਤੋਂ ਬਾਅਦ ਇੱਕ ਅਰਬ ਡਾਲਰ ਦੀ ਭਾਰਤੀ ਮਦਦ ਦੇ ਵਾਅਦੇ ਦਾ ਪੂਰਾ ਹੋਣ 'ਤੇ ਵੀ ਸਵਾਲ ਪੁੱਛਦੇ ਹਨ।

ਮਨਜੀਵ ਪੁਰੀ ਭਰੋਸਾ ਦਿਵਾਉਂਦੇ ਹਨ ਕਿ ਹਜ਼ਾਰਾਂ ਘਰਾਂ ਨੂੰ ਬਣਾਉਣ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਜਲਦੀ ਹੀ ਉਸ ਨੂੰ ਦੇਣ ਦਾ ਕੰਮ ਵੀ ਪੂਰੀ ਹੋ ਜਾਵੇਗਾ।

ਉੱਧਰ ਭਾਰਤ ਵਿੱਚ ਨੇਪਾਲ ਦੇ ਸਾਬਕਾ ਰਾਜਦੂਤ ਦੀਪ ਕੁਮਾਰ ਉਪਾਧਿਆ ਕਹਿੰਦੇ ਹਨ,''ਨੇਪਾਲ ਵਿੱਚ ਇਹ ਸੋਚ ਹੈ ਕਿ ਸਭ ਕੁਝ ਭਾਰਤ ਕਰਵਾਉਂਦਾ ਹੈ, ਪਰ ਦਿੱਲੀ ਵਿੱਚ ਨੇਪਾਲ ਬਾਰੇ ਸੋਚਣ ਦਾ ਸਮਾਂ ਕਿਸ ਕੋਲ ਹੈ। ਇਹ ਤਾਂ ਚੰਗਾ ਹੈ ਕਿ ਨੇਪਾਲ ਮਾਮਲੇ ਨੂੰ ਮੋਦੀ ਜੀ ਹੀ ਦੇਖ ਰਹੇ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)