ਈਰਾਨ ਪਰਮਾਣੂ ਸਮਝੌਤੇ ਨੂੰ ਬਚਾਉਣ ਲਈ ਕੀ-ਕੀ ਹੋ ਰਿਹਾ?

ਈਰਾਨ Image copyright AFP

ਈਰਾਨ ਨਾਲ ਪਰਮਾਣੂ ਸਮਝੌਤਾ ਬਚਾਉਣ ਲਈ ਯੂਰਪੀਅਨ ਮੁਲਕ ਕੀ ਕਰ ਰਹੇ ਹਨ। ਕਿਹੜਾ ਮੁਲਕ ਕਿਸ ਨਾਲ ਗੱਲ ਕਰ ਰਿਹਾ ਹੈ ਅਤੇ ਕੂਟਨੀਤਕ ਮੋਰਚੇ ਕੀ ਗਤੀਵਿਧੀਆਂ ਹਨ, ਇਨ੍ਹਾਂ ਸਵਾਲਾਂ ਉੱਤੇ ਲੋਕਾਂ ਦੀ ਜਗਿਆਸਾ ਟਿਕੀ ਹੋਈ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਈਰਾਨ ਪਰਮਾਣੂ ਸਮਝੌਤੇ ਤੋਂ ਹੱਥ ਪਿੱਛੇ ਖਿੱਚਣ ਤੋਂ ਬਾਅਦ ਯੂਰਪੀ ਮੁਲਕ ਇਰਾਨ ਉੱਤੇ ਮੁੜ ਅਮਰੀਕੀ ਪਾਬੰਦੀਆਂ ਲਾਏ ਜਾਣ ਖਿਲਾਫ਼ ਲਾਮਬੰਦੀ ਕਰਨ ਵਿੱਚ ਲੱਗੇ ਹੋਏ ਹਨ।

Image copyright Getty Images

ਜਰਮਨ ਚਾਂਸਲਰ ਐਂਜਲਾ ਮਾਰਕਲ ਨੇ ਇਸ ਬਾਬਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਚਲਾਈ ਹੈ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰ ਰਹੇ ਹਨ।

ਟਰੰਪ ਦਾ ਖ਼ਦਸ਼ਾ ਤੇ ਐਕਸ਼ਨ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਇਸ ਸਮਝੌਤੇ ਨੂੰ ਪਹਿਲਾਂ ਹੀ ਖ਼ਤਰਨਾਕ ਕਰਾਰ ਦੇ ਚੁੱਕੇ ਹਨ।

ਅਮਰੀਕਾ ਦਾ ਮੰਨਣਾ ਹੈ ਕਿ ਇਸ ਸਮਝੌਤੇ ਦੀ ਇੱਕ ਤੈਅ ਮਿਆਦ ਹੈ, ਜਿਸ ਦੇ ਖ਼ਤਮ ਹੋਣ ਤੋਂ ਬਾਅਦ ਈਰਾਨ ਦੇ ਬੈਲੇਸਟਿਕ ਮਿਜ਼ਾਇਲ ਪ੍ਰੋਗਰਾਮ ਉੱਤੇ ਕੋਈ ਲਗਾਮ ਨਹੀਂ ਰਹੇਗੀ।

Image copyright AFP

ਟਰੰਪ ਨੇ ਬੀਤੇ ਮੰਗਲਵਾਰ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਇਸ ਸਮਝੌਤੇ ਨੂੰ ਰੱਦ ਕਰਨ ਦਾ ਆਪਣਾ ਵਾਅਦਾ ਪੂਰਾ ਕਰਦਿਆ ਇਸ ਵਿੱਚੋਂ ਅਮਰੀਕੀ ਭਾਈਵਾਲੀ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।

ਟਰੰਪ ਦੇ ਐਲਾਨ ਮੁਤਾਬਕ ਈਰਾਨ ਖ਼ਿਲਾਫ਼ ਅਗਸਤ ਅਤੇ ਨਵੰਬਰ ਵਿੱਚ ਮੁੜ ਤੋਂ ਆਰਥਿਕ ਪਾਬੰਦੀਆਂ ਲਾਈਆਂ ਜਾਣਗੀਆਂ

ਯੂਰਪੀ ਸਮਝੌਤੇ ਦੇ ਪੱਖ 'ਚ ਕਿਉਂ

ਇਸ ਸਮਝੌਤੇ ਮੁਤਾਬਕ ਇਰਾਨ ਨੇ ਆਰਥਿਕ ਪਾਬੰਦੀਆਂ ਚੁੱਕਣ ਲਈ ਆਪਣਾ ਉਹ ਪਰਮਾਣੂ ਪ੍ਰੋਗਰਾਮ ਬੰਦ ਕਰਨ ਦਾ ਐਲਾਨ ਕੀਤਾ ਸੀ,ਜਿਸ ਬਾਰੇ ਇਹ ਇਨਕਾਰ ਕਰਦਾ ਰਿਹਾ ਕਿ ਉਹ ਪਰਮਾਣੂ ਹਥਿਆਰ ਬਣਾ ਰਿਹਾ ਹੈ।

ਅਮਰੀਕਾ ਸਣੇ ਇਸ ਸਮਝੌਤੇ ਉੱਤੇ ਤਿੰਨ ਯੂਰਪੀ ਸ਼ਕਤੀਆਂ ( ਬ੍ਰਿਟੇਨ, ਫਰਾਂਸ ਤੇ ਜਰਮਨ) ਤੋਂ ਇਲਾਵਾ ਏਸ਼ੀਆਈ ਦਿੱਗਜ਼ ਚੀਨ ਅਤੇ ਰੂਸ ਨੇ ਵੀ ਸਹੀ ਪਾਈ ਹੋਈ ਹੈ। ਅਮਰੀਕਾ ਤੋਂ ਬਿਨਾਂ ਬਾਕੀ ਮੁਲਕਾਂ ਨੂੰ ਲੱਗਦਾ ਹੈ ਕਿ ਇਰਾਨ ਉੱਤੇ ਕੰਟਰੋਲ ਰੱਖਣ ਲਈ ਇਹ ਸਮਝੌਤਾ ਕਾਰਗਰ ਹੈ।

ਸਭ ਤੋਂ ਵੱਡਾ ਕਾਰਨ ਸਮਝੌਤਾ ਟੁੱਟਣ ਨਾਲ ਯੂਰਪੀ ਮੁਲਕਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਵੇਗਾ ਅਤੇ ਇਸ ਦੀਆਂ ਕੰਪਨੀਆਂ ਨੂੰ ਇਰਾਨ ਨਾਲ ਕਾਰੋਬਾਰ ਬੰਦ ਕਰਨਾ ਪਵੇਗਾ।

Image copyright Reuters/JEWEL SAMAD/AFP/Getty Images

ਈਰਾਨ ਯੂਰਪੀ ਜਹਾਜ਼ ਉਤਪਾਦਕ ਕੰਪਨੀਆਂ ਤੋਂ 100 ਏਅਰਬੱਸਾਂ ਖਰੀਦਣ ਜਾ ਰਿਹਾ ਹੈ, ਆਰਥਿਕ ਸੌਦਾ ਵੀ ਖਤਰੇ ਵਿੱਚ ਪੈ ਗਿਆ ਹੈ।

ਸਮਝੌਤੇ ਨੂੰ ਬਚਾਉਣ ਲਈ ਕੀ ਹੋ ਰਿਹੈ

ਫਰਾਂਸ ਨੇ ਈਰਾਨ ਉੱਤੇ ਮੁੜ ਪਾਬੰਦੀਆਂ ਲਾਉਣ ਦੇ ਅਮਰੀਕੀ ਐਲਾਨ ਦਾ ਖੁੱਲ ਕੇ ਵਿਰੋਧ ਕੀਤਾ ਹੈ। ਮੁਲਕ ਦੇ ਆਰਥਿਕ ਮੰਤਰਾਲੇ ਦੇ ਮੰਤਰੀ ਬਰੂਨੋ ਲੀ ਮੇਰੀ ਨੇ ਇਸ ਨੂੰ ਨਾਸਹਿਣਯੋਗ ਫੈਸਲਾ ਕਹਿ ਕੇ ਭੰਡਿਆ ਹੈ। ਉਨ੍ਹਾਂ ਯੂਰਪ ਦੀ ਆਰਥਿਕ ਖੁਦਮੁਖਤਿਆਰੀ ਦੀ ਹਰ ਹੀਲੇ ਰਾਖ਼ੀ ਕਰਨ ਦੀ ਗੱਲ ਕਹੀ ਹੈ।

ਉਨ੍ਹਾਂ ਸਵਾਲ ਕੀਤਾ, ' ਅਸੀਂ ਅਮਰੀਕੀ ਫ਼ੈਸਲਿਆਂ ਨੂੰ ਗੋਡਿਆਂ ਭਾਰ ਹੋ ਕੇ ਮੰਨਣ ਲਈ ਪਿਛਲੱਗ ਕਿਉਂ ਬਣੀਏ?'

ਫਰਾਂਸ ਦੇ ਮੰਤਰੀ ਨੇ ਯੂਰਪੀ ਕਮਿਸ਼ਨ ਨੂੰ ਸਮਝੌਤਾ ਬਰਕਰਾਰ ਰੱਖਣ ਲਈ ਹਰ ਸੰਭਵ ਕਦਮ ਚੁੱਕਣ ਲਈ ਕਿਹਾ ਹੈ। ਇਸੇ ਦੌਰਾਨ ਜਰਮਨ ਦੇ ਤਰਜਮਾਨ ਓਲਫਰ ਸਕੋਲਜ਼ ਨੇ ਵੀ ਅਮਰੀਕੀ ਫੈਸਲੇ ਖ਼ਿਲਾਫ਼ ਵਿਰੋਧ ਦਰਜ ਕਰਵਾਉਣ ਲਈ ਅਮਰੀਕੀ ਖ਼ਜ਼ਾਨਾ ਮੰਤਰੀ ਸਟੀਵ ਮਿਊਚਿਨ ਨਾਲ ਗੱਲਬਾਤ ਕੀਤੀ।

ਡੋਨਿੰਗ ਸਟਰੀਟ ਮੁਤਾਬਕ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਨੇ ਟਰੰਪ ਨੂੰ ਫੋਨ ਕਰਕੇ ਸਾਫ਼ ਕਰ ਦਿੱਤਾ ਕਿ ਯੂਰਪੀ ਦੇਸ ਸਮਝੌਤੇ ਪ੍ਰਤੀ ਵਫ਼ਾਦਾਰੀ ਨਿਭਾਉਣਗੇ। ਜਿਸ ਤੋਂ ਬਾਅਦ ਦੋਵੇਂ ਆਗੂ ਇਸ ਲਈ ਸਹਿਮਤ ਹੋਏ ਕਿ ਇਹ ਗੱਲਬਾਤ ਰਾਹੀ ਤੈਅ ਕੀਤਾ ਜਾਵੇ ਕਿ ਯੂਰਪੀ ਕੰਪਨੀਆਂ ਨੂੰ ਆਰਥਿਕ ਪਾਬੰਦੀਆਂ ਤੋਂ ਛੂਟ ਕਿਵੇਂ ਮਿਲ ਸਕੇ।

ਕੂ਼ਟਨੀਤਕ ਫਰੰਟ 'ਤੇ ਹੋਰ ਕੀ ਗਤੀਵਿਧੀਆਂ

ਰੂਸ ਦੇ ਰਾਸ਼ਟਰਪਤੀ ਇਸ ਮਾਮਲੇ ਉੱਤੇ ਜਰਮਨ ਦੀ ਚਾਂਸਲਰ ਐਂਜਲਾ ਮਾਰਕਲ ਅਤੇ ਤੁਰਕੀ ਦੇ ਆਗੂ ਤਾਇਪ ਅਰਡੋਗਨ ਨਾਲ ਗੱਲਬਾਤ ਕਰ ਰਹੇ ਹਨ। ਮਾਰਕਲ ਦਾ ਕਹਿਣਾ ਹੈ ਕਿ ਸਮਝੌਤਾ ਕਾਇਮ ਰੱਖਣ ਲਈ ਈਰਾਨ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਕੌਮਾਂਤਰੀ ਸਮਝੌਤੇ ਨੂੰ ਤੋੜਨ ਦਾ ਇੱਕਪਾਸੜ ਐਲਾਨ ਵਿਸ਼ਵ ਪੱਧਰ ਉੱਤੇ ਭਰੋਸੇਯੋਗਤਾ ਨੂੰ ਸੱਟ ਮਾਰੇਗਾ।

ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਾਰਿਫ਼ ਇਸ ਹਫ਼ਤੇ ਦੌਰਾਨ ਚੀਨ, ਰੂਸ ਅਤੇ ਜਰਮਨ ਦਾ ਦੌਰਾ ਕਰਨਗੇ। ਜਦਕਿ ਮੰਗਲਵਾਰ ਨੂੰ ਜਰਮਨੀ, ਬ੍ਰਿਟੇਨ ਅਤੇ ਫਰਾਂਸ ਦੇ ਵਿਦੇਸ਼ ਮੰਤਰੀ ਰਣਨੀਤੀ ਘੜਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)