ਕੀ ਹੈ ਇਸਰਾਇਲ-ਫ਼ਲਸਤੀਨ ਵਿਚਾਲੇ ਸੰਘਰਸ਼ ਦੀ ਜੜ੍ਹ 'ਚ 'ਨਕਬਾ'?

ਇਸਰਾਇਲ Image copyright EPA

ਕੁਝ ਲੋਕਾਂ ਲਈ ਇਹ ਜਸ਼ਨ ਦਾ ਦਿਨ ਹੈ ਅਤੇ ਕਈਆਂ ਲਈ ਤਬਾਹੀ ਦਾ ਦਿਨ। ਇਹ ਇਸ ਗੱਲ 'ਤੇ ਤੈਅ ਹੋਵੇਗਾ ਕਿ ਤੁਸੀਂ ਗਾਜ਼ਾ ਪੱਟੀ ਦੇ ਕਿਸ ਪਾਸੇ ਖੜ੍ਹੇ ਹੋ।

ਇਸਰਾਇਲ 'ਚ 14 ਮਈ ਨੂੰ ਕੌਮੀ ਛੁੱਟੀ ਹੁੰਦੀ ਹੈ। 70 ਸਾਲ ਪਹਿਲਾਂ ਇਸ ਦਿਨ ਇੱਕ ਨਵੇਂ ਰਾਸ਼ਟਰ ਦੀ ਸਥਾਪਨਾ ਹੋਈ ਸੀ।

ਪਰ ਫ਼ਲਸਤੀਨੀਆਂ ਦੀ ਤਰਾਸਦੀ ਦੀ ਸ਼ੁਰੂਆਤ ਵੀ ਉਸ ਦਿਨ ਤੋਂ ਹੀ ਹੋ ਗਈ ਸੀ।

ਫ਼ਲਸਤੀਨੀ ਲੋਕ ਇਸ ਘਟਨਾ ਨੂੰ 14 ਮਈ ਦੀ ਥਾਂ 15 ਮਈ ਨੂੰ ਯਾਦ ਕਰਦੇ ਹਨ। ਉਹ ਇਸ ਨੂੰ ਸਾਲ ਦਾ ਸਭ ਤੋਂ ਮਨਹੂਸ ਦਿਨ ਮੰਨਦੇ ਹਨ।

15 ਮਈ ਨੂੰ ਉਹ 'ਨਕਬਾ' ਦਾ ਨਾਂ ਦਿੰਦੇ ਹਨ। ਨਕਬਾ ਦਾ ਮਤਲਬ ਹੈ 'ਤਬਾਹੀ', ਇਹ ਉਹ ਦਿਨ ਸੀ ਜਦੋਂ ਉਨ੍ਹਾਂ ਤੋਂ ਉਨ੍ਹਾਂ ਦੀ ਜ਼ਮੀਨ ਖੋਹੀ ਗਈ ਸੀ।

ਲੰਘੇ 20 ਸਾਲਾਂ 'ਚ 15 ਮਈ ਦੇ ਦਿਨ ਪ੍ਰਦਰਸ਼ਨ ਹੁੰਦੇ ਰਹੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਅਮਰੀਕੀ ਸਫਾਰਤਖ਼ਾਨਾ ਯੇਰੋਸ਼ਲਮ ਲਿਜਾਉਣ ’ਤੇ ਤਣਾਅ

ਇਸ ਸਾਲ ਵੀ ਹੋ ਰਹੇ ਹਨ, ਫ਼ਰਕ ਇੰਨਾ ਹੈ ਕਿ ਇਸ ਵਾਰ ਇਹ ਪਹਿਲਾਂ ਨਾਲੋਂ ਕਿਤੇ ਵੱਧ ਹਿੰਸਕ ਹੋ ਸਕਦੇ ਹਨ ਕਿਉਂਕਿ ਸੋਮਵਾਰ ਨੂੰ ਯੇਰੋਸ਼ਲਮ 'ਚ ਅਮਰੀਕੀ ਦੂਤਾਵਾਸ ਖੋਲ੍ਹੇ ਜਾਣ ਦਾ ਵਿਰੋਧ ਕਰ ਰਹੇ 55 ਫ਼ਲਸਤੀਨੀ ਇਸਰਾਇਲੀ ਫ਼ੌਜ ਦੀਆਂ ਗੋਲੀਆਂ ਨਾਲ ਮਾਰੇ ਗਏ ਹਨ।

ਯੇਰੋਸ਼ਲਮ ਦਾ ਪੇਂਚ

ਯੇਰੋਸ਼ਲਮ ਦਾ ਸਟੇਟਸ ਇਸਰਾਇਲ ਅਤੇ ਫ਼ਲਸਤੀਨ ਦੇ ਵਿਚਾਲੇ ਹਮੇਸ਼ਾ ਤੋਂ ਹੀ ਵਿਵਾਦ ਅਤੇ ਸੰਘਰਸ਼ ਦਾ ਮੁੱਦਾ ਬਣਿਆ ਰਿਹਾ ਹੈ ਕਿਉਂਕਿ ਇਸਰਾਇਲ ਇਸ ਨੂੰ ਆਪਣੀ 'ਅਣਵੰਡੀ ਰਾਜਧਾਨੀ' ਮੰਨਦਾ ਹੈ ਅਤੇ ਫ਼ਲਸਤੀਨੀ ਇਸ ਨੂੰ ਆਪਣੇ ਭਵਿੱਖ ਦੇ ਰਾਸ਼ਟਰ ਦਾ ਮੁੱਖ ਦਫ਼ਤਰ ਬਣਾਉਣ ਦੀ ਖ਼ਾਹਿਸ਼ ਰੱਖਦੇ ਹਨ।

ਮੰਗਲਵਾਰ ਨੂੰ ਹਜ਼ਾਰਾਂ ਲੋਕ ਬੀਤੇ ਕੱਲ੍ਹ ਮਰਨ ਵਾਲਿਆਂ ਦੇ ਜਨਾਜ਼ੇ 'ਚ ਸ਼ਾਮਿਲ ਹੋਣਗੇ।

ਇਹ ਕਲਪਨਾ ਕਰਨਾ ਮੁਸ਼ਕਿਲ ਨਹੀਂ ਕਿ ਲੋਕ ਗੁੱਸੇ ਨਾਲ ਭਰੇ ਹੋਣਗੇ, ਉਨ੍ਹਾਂ 'ਚੋਂ ਕਈ ਤਾਰਾਂ ਤੋੜ ਕੇ ਪੂਰਬੀ ਯੇਰੋਸ਼ਲਮ 'ਚ ਵੜਨ ਦੀ ਕੋਸ਼ਿਸ਼ ਕਰ ਸਕਦੇ ਹਨ ਕਿਉਂਕਿ ਉਹ ਉਸ ਨੂੰ ਆਪਣੀ ਜ਼ਮੀਨ ਮੰਨਦੇ ਹਨ।

ਕੀ ਹੈ ਨਕਬਾ ਤੇ ਇਸ ਨੂੰ ਕਿਉਂ ਯਾਦ ਕੀਤਾ ਜਾਂਦਾ ਹੈ?

ਨਕਬਾ ਮਤਲਬ ਤਬਾਹੀ ਦੇ ਦਿਨ ਦੀ ਸ਼ੁਰੂਆਤ 1998 'ਚ ਫ਼ਲਸਤੀਨੀ ਖ਼ੇਤਰ ਦੇ ਉਦੋਂ ਦੇ ਰਾਸ਼ਟਰਪਤੀ ਯਾਸਿਰ ਅਰਾਫ਼ਾਤ ਨੇ ਕੀਤੀ ਸੀ। ਇਸ ਦਿਨ ਫ਼ਲਸਤੀਨ 'ਚ ਲੋਕ 14 ਮਈ 1948 ਦੇ ਦਿਨ ਇਸਰਾਇਲ ਦੇ ਗਠਨ ਤੋਂ ਬਾਅਦ ਲੱਖਾਂ ਫ਼ਲਸਤੀਨੀਆਂ ਦੇ ਬੇਘਰ ਹੋਣ ਦੀ ਘਟਨਾ ਦਾ ਦੁਖ ਮਨਾਉਂਦੇ ਹਨ।

ਇਤਿਹਾਸਕਾਰ ਬੇਨੀ ਮੌਰਿਸ ਆਪਣੀ ਕਿਤਾਬ 'ਦਿ ਬਰਥ ਆਫ਼ ਦ ਰਿਵਾਈਜ਼ਡ ਪੈਲੇਸਟੀਨੀਅਨ ਰਿਫ਼ੀਊਜੀ ਪ੍ਰਾਬਲਮ' 'ਚ ਲਿਖਦੇ ਹਨ, ''14 ਮਈ 1948 ਦੇ ਅਗਲੇ ਦਿਨ ਸਾਢੇ ਸੱਤ ਲੱਖ ਫ਼ਲਸਤੀਨੀ, ਇਸਰਾਇਲੀ ਫ਼ੌਜ ਦੇ ਵੱਧਦੇ ਕਦਮਾਂ ਕਰਕੇ ਘਰ ਛੱਡ ਕੇ ਭੱਜੇ ਜਾਂ ਭਜਾਏ ਗਏ ਸਨ। ਕਈਆਂ ਨੇ ਖਾਲੀ ਹੱਥ ਹੀ ਆਪਣੇ ਘਰ ਛੱਡ ਦਿੱਤੇ ਸਨ।''

''ਕੁਝ ਲੋਕ ਘਰਾਂ ਨੂੰ ਤਾਲਾ ਲਗਾ ਕੇ ਭੱਜ ਗਏ, ਚਾਬੀਆਂ ਬਾਅਦ 'ਚ ਇਸ ਦਿਨ ਦੇ ਪ੍ਰਤੀਕ ਦੇ ਰੂਪ 'ਚ ਸੰਭਾਲ ਕੇ ਰੱਖੀਆਂ ਗਈਆਂ।''

Image copyright Getty Images
ਫੋਟੋ ਕੈਪਸ਼ਨ 15 ਮਈ 1948 ਨੂੰ ਕਈ ਲੋਕ ਆਪਣੇ ਘਰਾਂ 'ਚ ਤਾਲਾ ਲਗਾ ਕੇ ਭੱਜੇ ਸਨ, ਉਨ੍ਹਾਂ ਨੂੰ ਮੁੜ ਆਉਣ ਦੀ ਉਮੀਦ ਸੀ।

ਇਸਰਾਇਲ ਦਾ ਰਵੱਈਆ

ਪਰ ਇਸਰਾਇਲ ਇਸ ਕਹਾਣੀ ਨੂੰ ਨਹੀਂ ਮੰਨਦਾ। ਉਸਦਾ ਦਾਅਵਾ ਹੈ ਕਿ ਫ਼ਲਸਤੀਨੀ ਲੋਕ ਉਨ੍ਹਾਂ ਕਾਰਨ ਨਹੀਂ ਸਗੋਂ ਮਿਸਰ, ਜਾਰਡਨ, ਸੀਰੀਆ ਅਤੇ ਇਰਾਕ ਦੇ ਹਮਲੇ ਦੇ ਕਾਰਨ ਭੱਜੇ ਸਨ ਕਿਉਂਕਿ ਇਨ੍ਹਾਂ ਦੇਸ਼ਾਂ ਦੀਆਂ ਫ਼ੌਜਾਂ ਯਹੂਦੀ ਜਿੱਤ ਨੂੰ ਰੋਕਣਾ ਚਾਹੁੰਦੀਆਂ ਸਨ।

ਜਦੋਂ ਇਹ ਸੰਘਰਸ਼ ਖ਼ਤਮ ਹੋਇਆ ਤਾਂ ਇਸਰਾਇਲ ਨੇ ਫ਼ਲਸਤੀਨੀਆਂ ਨੂੰ ਮੁੜ ਆਉਣ ਨਹੀਂ ਦਿੱਤਾ।

ਇਸਰਾਇਲ ਦਾ ਤਰਕ ਸੀ ਕਿ ਉਨ੍ਹਾਂ ਮਕਾਨਾਂ ਦੇ ਮਾਲਿਕ ਗ਼ੈਰ ਹਾਜ਼ਰ ਹਨ ਇਸ ਲਈ ਉਨ੍ਹਾਂ ਨੂੰ ਜ਼ਬਤ ਕਰਨਾ ਵਾਜਿਬ ਹੈ।

ਇਸ ਤੋਂ ਬਾਅਦ ਸੰਯੂਕਤ ਰਾਸ਼ਟਰ ਨੇ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ 'ਤੇ ਕਈ ਰਿਫ਼ੀਊਜੀ ਕੈਂਪ ਖੋਲ੍ਹ ਦਿੱਤੇ। ਇਨ੍ਹਾਂ 'ਚੋਂ ਕੁਝ ਪੂਰਬੀ ਯੇਰੋਸ਼ਲਮ 'ਚ ਵੀ ਸਨ, ਪਰ ਉਦੋਂ ਤੋਂ ਹੀ ਦੋਵਾਂ ਧਿਰਾਂ ਵਿਚਾਲੇ ਤਣਾਅ ਅਤੇ ਸੰਘਰਸ਼ ਜਾਰੀ ਹੈ।

Image copyright EPA

ਫ਼ਲਸਤੀਨੀਆਂ ਲਈ ਨਕਬਾ ਉਸ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ। ਪਰ ਇਹ ਸ਼ਬਦ ਵੀ ਦੋਵਾਂ ਧਿਰਾਂ ਵਿਚਾਲੇ ਸੰਘਰਸ਼ ਦਾ ਕਾਰਨ ਰਿਹਾ ਹੈ।

ਇਸਰਾਇਲ ਅਜਿਹੇ ਕਿਸੇ 'ਤਬਾਹੀ ਦੇ ਦਿਨ' ਤੋਂ ਇਨਕਾਰ ਕਰਦਾ ਹੈ ਅਤੇ ਉਹ ਇਸ ਸ਼ਬਦ ਨੂੰ ਇਸਰਾਇਲ ਦੀ ਹੋਂਦ ਨੂੰ ਨਕਾਰਨ ਵਾਲਾ ਦਸਦਾ ਹੈ।

ਖ਼ੈਰ, ਹਰ ਸਾਲ 15 ਮਈ ਨੂੰ ਫ਼ਲਸਤੀਨੀ ਇਸਰਾਇਲ ਦੇ ਨਾਲ ਹੋਏ ਸੰਘਰਸ਼ਾਂ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੀ ਰਾਇ 'ਚ ਨਕਬਾ 15 ਮਈ 1948 ਨੂੰ ਹੀ ਖ਼ਤਮ ਨਹੀਂ ਹੋਇਆ ਸੀ।

ਉਹ ਉਦੋਂ ਤੋਂ ਲੈ ਕੇ ਹੁਣ ਤੱਕ ਇਸਰਾਇਲ ਦੇ ਨਾਲ ਤਣਾਅ ਵਾਲੇ ਰਿਸ਼ਤਿਆਂ ਨੂੰ ਨਕਬਾ ਦਾ ਹਿੱਸਾ ਮੰਨਦੇ ਹਨ।

Image copyright Getty Images

ਹੋਰ ਝੜਪਾਂ

ਇਸਰਾਇਲ ਦੇ ਗਠਨ ਅਤੇ ਲੱਖਾਂ ਫ਼ਲਸਤੀਨੀਆਂ ਦੇ ਪਲਾਇਨ ਕਰਨ ਤੋਂ ਬਾਅਦ, ਫ਼ਲਸਤੀਨੀ ਰਾਸ਼ਟਰੀ ਅੰਦੋਲਨ ਵੈਸਟ ਬੈਂਕ ਅਤੇ ਗਾਜ਼ਾ 'ਚ ਇੱਕਜੁੱਟ ਹੋਣ ਲੱਗਿਆ।

ਸਾਲ 1956 'ਚ ਸ਼ਵੇਜ਼ ਨਹਿਰ 'ਤੇ ਕਬਜ਼ੇ ਨੂੰ ਲੈ ਕੇ ਮਿਸਰ ਅਤੇ ਇਸਰਾਇਲ ਇੱਕ ਵਾਰ ਫ਼ਿਰ ਆਹਮੋ-ਸਾਹਮਣੇ ਸਨ। ਹਾਲਾਂਕਿ ਇਹ ਮਾਮਲਾ ਜੰਗ 'ਚ ਨਹੀਂ ਸਗੋਂ ਇਸਰਾਇਲ, ਫਰਾਂਸ ਅਤੇ ਇੰਗਲੈਂਡ 'ਤੇ ਕੌਮਾਂਤਰੀ ਦਬਾਅ ਨਾਲ ਸੁਲਝਿਆ।

ਸਾਲ 1967 'ਚ ਹੋਏ ਛੇ ਦਿਨਾਂ ਦੇ ਯੁੱਧ ਦੌਰਾਨ ਯਹੂਦੀਆਂ ਅਤੇ ਅਰਬਾਂ ਵਿਚਾਲੇ ਮੁੜ ਸੰਘਰਸ਼ ਸ਼ੁਰੂ ਹੋ ਗਿਆ ਅਤੇ ਉਸ ਸਾਲ ਪੰਜ ਜੂਨ ਤੱਕ ਜੋ ਕੁਝ ਹੋਇਆ ਉਸਦਾ ਅਸਰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।

ਇਸ ਇਤਿਹਾਸਿਕ ਯੁੱਧ 'ਚ ਇਸਰਾਇਲ ਦੀ ਜਿੱਤ ਨੇ ਉਸ ਨੂੰ ਬੇਹੱਦ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ।

ਇਸਰਾਇਲ ਨੇ ਮਿਸਰ ਤੋਂ ਗਾਜ਼ਾ ਪੱਟੀ ਅਤੇ ਸਿਨਾਈ ਪ੍ਰਾਇਦੀਪ, ਜਾਰਡਨ ਤੋਂ ਪੂਰਬੀ ਯੇਰੋਸ਼ਲਮ ਸਣੇ ਵੈਸਟ ਬੈਂਕ ਅਤੇ ਸੀਰੀਆ ਤੋਂ ਗੋਲਨ ਹਾਈਟਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ।

ਇੱਕ ਵਾਰ ਫ਼ਿਰ ਪੰਜ ਲੱਖ ਫ਼ਲਸਤੀਨੀ ਘਰ-ਬਾਰ ਛੱਡ ਕੇ ਭੱਜੇ।

Image copyright Getty Images

ਇਸ ਤੋਂ ਬਾਅਦ 1973 'ਚ ਯੋਮ ਕਿਪੁੱਰ ਯੁੱਧ ਹੋਇਆ। ਇਸ ਜੰਗ 'ਚ ਮਿਸਰ ਅਤੇ ਸੀਰੀਆ ਇਸਰਾਇਲ ਤੋਂ ਲੋਹਾ ਲੈ ਰਹੇ ਸਨ। ਮਿਸਰ ਨੇ ਸਿਨਾਈ ਪ੍ਰਾਇਦੀਪ ਨੂੰ ਤਾਂ ਛੁੜਾ ਲਿਆ, ਪਰ ਗਾਜ਼ਾ ਪੱਟੀ ਨੂੰ ਵਾਪਿਸ ਹਾਸਿਲ ਨਹੀਂ ਕਰ ਸਕਿਆ।

ਛੇ ਸਾਲ ਬਾਅਦ ਮਿਸਰ ਇਸਰਾਇਲ ਦੇ ਨਾਲ ਸ਼ਾਂਤੀ ਸਮਝੌਤਾ ਕਰਨ ਵਾਲਾ ਪਹਿਲਾ ਅਰਬ ਦੇਸ਼ ਬਣਿਆ। ਇਸ ਰਾਹ 'ਤੇ ਬਾਅਦ 'ਚ ਜਾਰਡਨ ਵੀ ਚੱਲਿਆ।

ਸਾਲ 1967 'ਚ ਹੋਈ ਜੰਗ ਤੋਂ ਕੁਝ ਦਿਨ ਪਹਿਲਾਂ ਯਾਸਿਰ ਅਰਾਫ਼ਾਤ ਨੇ ਲਿਬਰੇਸ਼ਨ ਆਫ਼ ਪੇਲੇਸਟਾਇਨ ਆਰਗੇਨਾਈਜ਼ੇਸ਼ਨ ਯਾਨਿ ਪੀਐਲਓ ਦਾ ਗਠਨ ਕੀਤਾ। ਇਸ ਨਵੇਂ ਗੁੱਟ 'ਚ ਕਈ ਪੁਰਾਣੇ ਸੰਗਠਨ ਸ਼ਾਮਿਲ ਹੋਏ।

Image copyright Getty Images
ਫੋਟੋ ਕੈਪਸ਼ਨ ਯਾਸਿਰ ਅਰਾਫ਼ਾਤ ਨੇ ਪੀਐਲਓ ਦਾ ਗਠਨ ਕੀਤਾ ਸੀ

ਪੀਐਲਓ ਨੇ ਪਹਿਲਾਂ ਜਾਰਡਨ ਅਤੇ ਫ਼ਿਰ ਲੇਬਨਾਨ ਤੋਂ ਇਸਰਾਇਲ ਦੇ ਵਿਰੁੱਧ ਆਪਰੇਸ਼ਨ ਸ਼ੁਰੂ ਕਰ ਦਿੱਤੇ।

ਸਾਲ 1994 ਆਉਂਦੇ-ਆਉਂਦੇ ਗਾਜ਼ਾ ਪੱਟੀ ਇੱਕ ਵਾਰ ਮੁੜ ਫ਼ਲਸਤੀਨੀਆਂ ਦੇ ਕਬਜ਼ੇ 'ਚ ਆ ਗਈ, ਪਰ ਇੱਥੇ 2008, 2009, 2012 ਅਤੇ 2014 'ਚ ਕਈ ਖ਼ੂਨੀ ਸੰਘਰਸ਼ ਹੋਏ।

ਤਾਜ਼ਾ ਹਿੰਸਾ ਦੇ ਦੌਰ ਦੀਆਂ ਜੜ੍ਹਾਂ 70 ਸਾਲ ਪਹਿਲਾਂ 14 ਮਈ ਨੂੰ ਹੋਈਆਂ ਘਟਨਾਵਾਂ ਨਾਲ ਜੁੜੀਆਂ ਹਨ। ਇਸ ਕਾਰਨ ਅੱਜ ਹੋਰ ਵੀ ਹਿੰਸਾ ਦਾ ਖ਼ਤਰਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)