ਉੱਤਰੀ ਕੋਰੀਆ ਅਮਰੀਕਾ ਨਾਲ ਵਾਰਤਾ ਬਦਲੇ ਕੀ ਚਾਹੁੰਦਾ ਹੈ?

ਕਿਮ ਜੋਂਗ-ਉਨ Image copyright EPA

ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਸੰਮੇਲਨ ਵਿੱਚ ਹਿੱਸਾ ਲੈਣ ਬਾਰੇ ਵਿਚਾਰ ਕਰਨਗੇ ਜੇਕਰ ਅਮਰੀਕਾ ਨੇ ਉਨ੍ਹਾਂ 'ਤੇ ਪਰਮਾਣੂ ਹਥਿਆਰ ਛੱਡਣ ਲਈ ਜ਼ੋਰ ਪਾਇਆ। ਓਧਰ ਅਮਰੀਕਾ ਨੇ ਕਿਹ ਹੈ ਕਿ ਉਨ੍ਹਾਂ ਵੱਲੋਂ ਬੈਠਕ ਦੀਆਂ ਤਿਆਰੀਆਂ ਜਾਰੀ ਹਨ।

ਬੀਬੀਸੀ ਦੀ ਏਸ਼ੀਆ ਬਿਜ਼ਨਸ ਪੱਤਰਕਾਰ ਕ੍ਰਿਸ਼ਮਾ ਵਾਸਵਾਨੀ ਨੇ ਆਪਣੀ ਰਿਪੋਰਟ ਵਿੱਚ ਕਿਮ ਜੋਂਗ ਦੇ ਤਾਜ਼ਾ ਗੁੱਸੇ ਵਾਲੇ ਰੁਖ਼ ਨੂੰ ਨਵਾਂ ਪੈਂਤੜਾ ਕਰਾਰ ਦਿੱਤਾ ਹੈ।

ਕਿਮ ਜੋਂਗ ਵਲੋਂ 12 ਜੂਨ ਦੀ ਉੱਤਰੀ ਕੋਰੀਆ-ਅਮਰੀਕਾ ਵਿਚਾਲੇ ਹੋਣ ਜਾ ਰਹੀ ਸਿੰਗਾਪੁਰ ਵਾਰਤਾ ਰੱਦ ਦੀ ਧਮਕੀ ਦਿੱਤੀ ਗਈ ਹੈ।

ਪਰਮਾਣੂ ਤੋਂ ਬਾਅਦ ਆਰਥਿਕ ਵਿਕਾਸ

ਮਹੀਨਾ ਪਹਿਲਾਂ ਦੱਖਣੀ ਕੋਰੀਆ ਜਾ ਕੇ ਅਮਨ ਸ਼ਾਤੀ ਦੇ ਬੂਟੇ ਲਾਉਣ ਅਤੇ ਨਵਾਂ ਇਤਿਹਾਸ ਲਿਖਣ ਦੀਆਂ ਕਸਮਾਂ ਖਾਣ ਵਾਲਾ ਕਿਮ ਜੋਂਗ ਹੁਣ ਦੱਖਣੀ ਕੋਰੀਆ ਨੂੰ ਮੁੜ ਅੱਖਾਂ ਦਿਖਾਉਣ ਲੱਗ ਪਿਆ ਹੈ।

ਅਸਲ ਵਿੱਚ ਕਿਮ ਜੋਂਗ ਉਨ ਆਪਣੇ ਏਜੰਡੇ ਉੱਤੇ ਪੂਰੀ ਤਰ੍ਹਾਂ ਫੋਕਸ ਹੈ। ਉਹ ਪਹਿਲਾਂ ਵੀ ਪਰਮਾਣੂ ਪ੍ਰੋਗਰਾਮ ਦੇ ਨਾਲ-ਨਾਲ ਉੱਤਰ ਕੋਰੀਆ ਦੀ ਆਰਥਿਕਤਾ ਦੇ ਵਿਕਾਸ ਦੀ ਸੋਚ ਪ੍ਰਗਟਾ ਚੁੱਕੇ ਹਨ।

ਰਿਪੋਰਟ ਵਿੱਚ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਆਪਣਾ ਪਰਮਾਣੂ ਵਿਕਾਸ ਦਾ ਟੀਚਾ ਹਾਸਲ ਕਰ ਲਿਆ ਹੈ ਅਤੇ ਹੁਣ ਉਹ ਆਰਥਿਕ ਫਰੰਟ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੁੰਦਾ ਹੈ। ਇਸੇ ਲਈ ਉਹ ਆਪਣੇ ਖ਼ਿਲਾਫ਼ ਲੱਗੀਆਂ ਆਰਥਿਕ ਪਾਬੰਦੀਆਂ ਨੂੰ ਖ਼ਤਮ ਕਰਾਉਣ ਲਈ ਗਰਾਉਂਡ ਤਿਆਰ ਕਰ ਰਿਹਾ ਹੈ।

Image copyright Reuters

ਰਿਪੋਰਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਅਮਰੀਕਾ ਦਾ ਇਹ ਬਿਆਨ ਕਾਬਲ-ਏ-ਗੌਰ ਹੈ ਕਿ ਉੱਤਰ ਕੋਰੀਆ ਦੇ ਪਰਮਾਣੂ ਅਪਸਾਰ ਪ੍ਰਤੀ ਬਚਨਬੱਧਤਾ ਕਾਰਨ ਨਿੱਜੀ ਕੰਪਨੀਆਂ ਦੇ ਨਿਵੇਸ਼ ਦਾ ਰਾਹ ਖੁੱਲ੍ਹ ਸਕਦਾ ਹੈ।

ਅਮਰੀਕਾ ਨੂੰ ਗੁੱਸਾ ਦਿਖਾ ਕੇ ਕਿਮ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਚੀਨ ਸਣੇ ਉਸਦੇ ਦੂਜੇ ਵਪਾਰਕ ਭਾਈਵਾਲਾਂ ਨੂੰ ਪਾਬੰਦੀਆਂ ਹਟਾਉਣ ਲਈ ਮਜਬੂਰ ਕਰੇ।

ਉੱਤਰੀ ਕੋਰੀਆ ਦੀ ਸਰਕਾਰੀ ਮੀਡੀਆ ਮੁਤਾਬਕ, ਉੱਤਰੀ ਕੋਰੀਆ ਨੇ ਆਪਣੇ ਗੁਆਂਢੀ ਦੇਸ ਅਤੇ ਅਮਰੀਕਾ ਵੱਲੋਂ ਜਾਰੀ ਸੰਯੁਕਤ ਫੌਜੀ ਅਭਿਆਸ ਤੋਂ ਨਰਾਜ਼ ਹੋ ਕੇ ਇਹ ਫ਼ੈਸਲਾ ਲਿਆ ਹੈ।

ਉੱਤਰੀ ਤੇ ਦੱਖਣੀ ਕੋਰੀਆ ਵਿਚਕਾਰ ਹੋਣੀ ਸੀ 'ਫੌਲੋ-ਅਪ' ਮੁਲਾਕਾਤ

ਉੱਤਰੀ ਕੋਰੀਆ ਦੀ ਸਮਾਚਾਰ ਏਜੰਸੀ ਕੇਸੀਐਨਏ ਨੇ ਲਿਖਿਆ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਦਾ ਸਾਂਝਾ ਅਭਿਆਸ 'ਉਕਸਾਵਾ' ਹੈ।

ਰੱਦ ਕੀਤੀ ਗਈ ਗੱਲਬਾਤ ਅਣਅਧਿਕਾਰਤ ਖੇਤਰ ਵਿੱਚ ਬੁੱਧਵਾਰ ਨੂੰ ਹੋਣੀ ਸੀ ਅਤੇ ਇਸ 'ਤੇ ਇਸੇ ਹਫ਼ਤੇ ਸਹਿਮਤੀ ਬਣੀ ਸੀ। ਇਸ ਗੱਲਬਾਤ ਵਿੱਚ ਦੋਵੇਂ ਦੇਸਾਂ ਦੇ ਨੁਮਾਇੰਦੇ 27 ਅਪ੍ਰੈਲ ਨੂੰ ਦੋਵਾਂ ਦੇਸਾਂ ਦੇ ਮੁਖੀਆਂ ਵਿਚਾਲੇ ਹੋਈ ਗੱਲਬਾਤ ਵਿੱਚ ਬਣੀ ਸਹਿਮਤੀ ਨੂੰ ਅੱਗੇ ਵਧਾਉਣ 'ਤੇ ਵਿਚਾਰ ਕਰਨ ਵਾਲੇ ਸੀ।

Image copyright Getty Images
ਫੋਟੋ ਕੈਪਸ਼ਨ ਦੱਖਣੀ ਕੋਰੀਆਈ ਰਾਸ਼ਟਰਪਤੀ ਮੁਨ ਜੇ-ਇਨ ਅਤੇ ਉੱਤਰੀ ਕੋਰੀਆਈ ਨੇਤਾ ਮਿਕ ਜੋਂਗ-ਉਨ

ਪਨਮੁਨਜੋਮ ਕੋਰੀਆਈ ਪ੍ਰਾਇਦੀਪ ਦੀ ਇਕਲੌਤੀ ਅਜਿਹੀ ਥਾਂ ਹੈ ਜਿੱਥੇ ਉੱਤਰੀ ਕੋਰੀਆ, ਦੱਖਣੀ ਕੋਰੀਆ ਅਤੇ ਅਮਰੀਕੀ ਫੌਜੀ ਇੱਕ ਦੂਜੇ ਨਾਲ ਰੁਬਰੂ ਹੁੰਦੇ ਹਨ। ਸਾਲ 1953 ਦੇ ਬਾਅਦ ਤੋਂ ਇੱਥੇ ਯੁੱਧ ਵਿਰਾਮ ਲਾਗੂ ਹੈ।

ਉੱਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਅਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਮੁਨ ਜੇ-ਇਨ ਨੇ ਦੁਤਰਫ਼ੀ ਮੁਲਾਕਾਤ ਤੋਂ ਬਾਅਦ ਕੋਰੀਆਈ ਪ੍ਰਾਇਦੀਪ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੀ ਸਹਿਮਤੀ ਜਤਾਈ ਸੀ।

ਦੋਵਾਂ ਨੇ 1953 ਦੇ ਯੁੱਧ ਵਿਰਾਮ ਨੂੰ ਅਧਿਕਾਰਤ ਤੌਰ 'ਤੇ ਇਸ ਸਾਲ ਸ਼ਾਂਤੀ ਸਮਝੌਤੇ ਵਿੱਚ ਬਦਲਣ ਦੀ ਇੱਛਾ ਜਤਾਈ ਸੀ।

ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਹੁੰਦੇ ਰਹੇ ਹਨ ਯੁੱਧ ਅਭਿਆਸ

ਮਾਰਚ ਵਿੱਚ ਦੁਨੀਆਂ ਨੇ ਟਰੰਪ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਕਿਮ ਜੋਂਗ-ਉਨ ਤੋਂ ਮੁਲਾਕਾਤ ਦਾ ਪ੍ਰਸਤਾਵ ਮਿਲਿਆ ਹੈ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ।

Image copyright Getty Images
ਫੋਟੋ ਕੈਪਸ਼ਨ 27 ਅਪ੍ਰੈਲ ਨੂੰ ਹੋਈ ਸੀ ਦੋਵੇਂ ਦੇਸਾਂ ਦੇ ਮੁਖੀਆਂ ਦੀ ਇਤਿਹਾਸਕ ਬੈਠਕ

ਟਰੰਪ ਨੇ ਉਸ ਸਮੇਂ ਟਵੀਟ ਕੀਤਾ ਸੀ,''ਅਸੀਂ ਦੋਵੇਂ ਮਿਲ ਕੇ ਇਸ ਨੂੰ ਵਿਸ਼ਵ ਸ਼ਾਂਤੀ ਲਈ ਇੱਕ ਬਹੁਤ ਵਿਸ਼ੇਸ਼ ਪਲ ਬਣਾਉਣ ਦੀ ਕੋਸ਼ਿਸ਼ ਕਰਾਂਗੇ।''

ਬੀ-52 ਬਮਵਰਸ਼ਕ ਅਤੇ ਐਫ-15 ਦੇ ਜੈੱਟ ਸਮੇਤ ਕਰੀਬ 100 ਲੜਾਕੂ ਜਹਾਜ਼ਾਂ ਨੇ ਸ਼ੁੱਕਰਵਾਰ ਨੂੰ 'ਮੈਕਸ ਥੰਡਰ' ਯੁੱਧ ਅਭਿਆਸ ਸ਼ੁਰੂ ਕੀਤਾ ਸੀ।

ਅਮਰੀਕਾ ਅਤੇ ਦੱਖਣੀ ਕੋਰੀਆ 1953 ਦੇ ਦੋ ਪੱਖੀ ਸਮਝੌਤੇ ਤਹਿਤ ਇਸ ਤਰ੍ਹਾਂ ਦੇ ਯੁੱਧ ਅਭਿਆਸ ਕਰਦੇ ਰਹੇ ਹਨ। ਪਰ ਉੱਤਰ ਕੋਰੀਆ ਇਸ ਗੱਲ 'ਤੇ ਇਤਰਾਜ਼ ਜਤਾਉਂਦਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)