ਉਹ ਕਹਾਣੀ ਜਿਸ ਨੂੰ ਪੜ੍ਹ ਕੇ ਸਿਕੰਦਰ ਮਹਾਨ ਬਣ ਗਿਆ

ਸਿਕੰਦਰ, ਇਤਿਹਾਸ, ਸਾਹਿਤ Image copyright REBECCA HENDIN

ਯੂਨਾਨ ਦੇ ਸਮਰਾਟ ਸਿਕੰਦਰ ਨੂੰ ਦੁਨੀਆਂ ਸਿਕੰਦਰ ਮਹਾਨ ਜਾਂ 'ਅਲੈਗਜ਼ੈਂਡਰ ਦਿ ਗਰੇਟ' ਕਹਿੰਦੀ ਹੈ।

ਅਸੀਂ, ਤੁਸੀਂ ਸਿਕੰਦਰ ਨੂੰ ਮਹਾਨ ਇਸ ਲਈ ਕਹਿੰਦੇ ਹਾਂ ਕਿ ਉਸ ਨੇ ਬਹੁਤ ਘੱਟ ਵਿੱਚ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਆਪਣੀ ਸੱਤਾ ਦਾ ਵਿਸਤਾਰ ਕਰ ਲਿਆ ਸੀ।

ਸਿਰਫ਼ 32 ਸਾਲ ਦੀ ਉਮਰ ਵਿੱਚ ਮਰਨ ਤੋਂ ਪਹਿਲਾਂ ਸਿਕੰਦਰ ਨੇ ਗਰੀਸ ਦੇ ਸਦੀਆਂ ਪੁਰਾਣੇ ਦੁਸ਼ਮਣ ਫ਼ਾਰਸ ਨੂੰ ਆਪਣੀ ਫੌਜ ਅੱਗੇ ਗੋਡੇ ਟੇਕਣ ਲਈ ਮਜਬੂਰ ਕੀਤਾ ਦਿੱਤਾ। ਉਸ ਨੇ ਸੱਭਿਆਤਾਵਾਂ ਦੇ ਕੇਂਦਰ ਰਹੇ ਮੱਧ-ਪੂਰਬ ਯਾਨਿ ਅੱਜ ਦੇ ਤਮਾਮ ਅਰਬ ਦੇਸਾਂ 'ਤੇ ਆਪਣੀ ਹਕੂਮਤ ਕਾਇਮ ਕਰ ਲਈ ਸੀ।

ਸਿਕੰਦਰ ਦੇ ਮਹਾਨ ਬਣਨ ਅਤੇ ਐਨੀ ਕਾਮਯਾਬੀ ਹਾਸਲ ਕਰਨ ਵਿੱਚ ਸਭ ਤੋਂ ਵੱਡਾ ਰੋਲ ਉਸਦੇ ਉਸਤਾਦ ਅਰਸਤੂ ਦੀ ਦਿੱਤੀ ਹੋਈ ਸਿੱਖਿਆ ਮੰਨੀ ਜਾਂਦੀ ਹੈ।

ਅਰਸਤੂ ਸੀ ਸਿਕੰਦਰ ਦੇ ਸਿੱਖਿਅਕ

ਕੀ ਤੁਸੀਂ ਜਾਣਦੇ ਹੋ ਕਿ ਅਰਸਤੂ ਨੇ ਸਿਕੰਦਰ ਨੂੰ ਕੀ ਪੜ੍ਹਾਇਆ ਸੀ?

ਅਸਲ ਵਿੱਚ ਅਰਸਤੂ ਨੇ ਸਿਕੰਦਰ ਨੂੰ ਇੱਕ ਕਹਾਣੀ ਸੁਣਾਈ ਸੀ, ਇਹ ਕਹਾਣੀ ਕੁਝ ਕਲਪਨਾ ਅਤੇ ਕੁਝ ਹਕੀਕਤ ਦੇ ਸੁਮੇਲ ਨਾਲ ਬਣੀ ਸੀ।

ਕਹਾਣੀ ਸੀ ਟ੍ਰਾਇ ਦੇ ਯੁੱਧ ਦੀ, ਜਿਸ ਨੂੰ ਯੂਨਾਨੀ ਕਵੀ ਹੋਮਰ ਨੇ ਆਪਣੇ ਮਹਾਕਾਵਿ 'ਇਲੀਅਡ' ਵਿੱਚ ਵਿਸਤਾਰ ਨਾਲ ਬਿਆਨ ਕੀਤਾ ਹੈ।

Image copyright Alamy

ਇਹ ਕਹਾਣੀ ਤਮਾਮ ਇਨਸਾਨੀ ਜਜ਼ਬਿਆਂ ਦਾ ਜੋੜ ਹੈ। ਇਸ਼ਕ ਅਤੇ ਮੁਹੱਬਤ ਹੈ। ਨਫ਼ਰਤ ਹੈ। ਇਸ ਵਿੱਚ ਵੀਰ ਰਸ ਹੈ। ਇਸ ਵਿੱਚ ਇਨਸਾਨ ਦੇ ਅਦਭੁੱਤ ਚਮਤਕਾਰਾਂ ਨੂੰ ਵੀ ਬਿਆਨ ਕੀਤਾ ਗਿਆ ਹੈ।

ਇਲੀਅਡ ਇੱਕ ਅਜਿਹਾ ਮਹਾਕਾਵਿ ਹੈ, ਜਿਸ ਨੇ ਸਿਕੰਦਰ ਨੂੰ ਜਿੱਤ ਦੇ ਜਜ਼ਬੇ ਨਾਲ ਭਰ ਦਿੱਤਾ। ਉਸ ਨੇ ਟ੍ਰਾਇ ਦੀ ਲੜਾਈ ਨਾਲ ਗਰੀਕ ਰਾਜਿਆਂ ਦੀ ਇੱਕਜੁਟਤਾ ਅਤੇ ਯੁੱਧ ਦੀ ਰਣਨੀਤੀ ਦਾ ਸਬਕ ਸਿੱਖਿਆ ਅਤੇ ਫਿਰ ਦੁਨੀਆਂ ਜਿੱਤ ਲਈ।

ਉਹ ਕਹਾਣੀ ਜਿਸ ਨੇ ਸਿਕੰਦਰ ਨੂੰ ਮਹਾਨ ਬਣਾਇਆ

ਕਹਾਣੀਆਂ ਦਾ ਸਾਡੀ ਸੱਭਿਅਤਾ ਨਾਲ ਡੂੰਘਾ ਰਿਸ਼ਤਾ ਹੈ। ਪੂਰਬ ਤੋਂ ਪੱਛਮ ਤੱਕ, ਉੱਤਰ ਤੋਂ ਦੱਖਣ ਤੱਕ, ਦੁਨੀਆਂ ਦੇ ਹਰ ਹਿੱਸੇ ਵਿੱਚ ਕਿੱਸਾਗੋਈ ਇਨਸਾਨੀ ਸੱਭਿਅਤਾ ਦੇ ਵਿਕਾਸ ਦੇ ਹਰ ਦੌਰ ਵਿੱਚ ਸ਼ਾਮਲ ਰਹੀ ਹੈ।

ਬਚਪਨ ਵਿੱਚ ਅਸੀਂ ਸਾਰਿਆਂ ਨੇ ਆਪਣੀ ਦਾਦੀ, ਨਾਨੀ ਤੋਂ ਕਹਾਣੀਆਂ ਜ਼ਰੂਰੀ ਸੁਣੀਆਂ ਹਨ। ਰਾਜਾ-ਰਾਣੀ ਦੀ ਕਹਾਣੀ, ਸੱਤ ਭੈਣਾਂ ਦੀ ਕਹਾਣੀ, ਅਲੀ ਬਾਬਾ ਅਤੇ ਚਾਲੀ ਚੋਰ, ਪੰਚਤੰਤਰ ਦੀਆਂ ਕਹਾਣੀਆਂ ਆਦਿ।

ਹਰ ਕਹਾਣੀ ਦੇ ਅਖ਼ੀਰ ਵਿੱਚ ਇੱਕ ਸਿੱਖਿਆ ਹੁੰਦੀ ਸੀ। ਨਾਲ ਹੀ ਸ਼ਬਦਾਂ ਜ਼ਰੀਏ ਉਸ ਦੌਰ ਦਾ ਖ਼ਾਕਾ ਖਿੱਚਿਆ ਜਾਂਦਾ ਸੀ, ਜਿਸ ਨਾਲ ਬੱਚਿਆਂ ਨੂੰ ਉਸ ਦੌਰ ਦੇ ਸਮਾਜ ਦੇ ਤੌਰ-ਤਰੀਕਿਆਂ ਨਾਲ ਚਾਲ-ਚਲਣ ਦੀ ਜਾਣਕਾਰੀ ਮਿਲਦੀ ਸੀ।

ਕਹਾਣੀਆਂ ਕਹਿਣ ਅਤੇ ਲਿਖਣ ਦਾ ਕੰਮ ਹਰ ਦੌਰ ਵਿੱਚ ਰਿਹਾ ਹੈ। ਅਰਬ ਦੇਸਾਂ ਵਿੱਚ ਅਲਿਫ਼-ਲੈਲਾ ਲਿਖੀ ਗਈ, ਤਾਂ ਭਾਰਤ ਵਿੱਚ ਪੰਚਤੰਤਰ ਦੀਆਂ ਕਹਾਣੀਆਂ। ਮਹਾਭਾਰਤ ਅਤੇ ਰਮਾਇਣ ਵਰਗੇ ਮਹਾਕਾਵਿ ਲਿਖੇ ਗਏ।

ਕਹਾਣੀਆਂ ਦੀ ਕਦਰ ਸਿਰਫ਼ ਕਿਤਾਬਾਂ ਦੇ ਪੰਨਿਆਂ ਤੱਕ ਹੀ ਨਹੀਂ ਹੈ ਬਲਕਿ ਇਨਸਾਨੀ ਜ਼ਿੰਦਗੀ ਵਿੱਚ ਵੀ ਉਨ੍ਹਾਂ ਦੀ ਕੀਮਤ ਹੈ।

Image copyright Alamy

ਖ਼ੁਦ ਅਰਸਤੂ ਦਾ ਕਹਿਣਾ ਸੀ ਕਿ ਸਾਹਿਤ ਅਤੇ ਕਹਾਣੀਆਂ ਸਿਰਫ਼ ਇਨਸਾਨ ਦਾ ਮਨੋਰੰਜਨ ਨਹੀਂ ਕਰਦੀ ਬਲਕਿ ਇਨ੍ਹਾਂ ਦਾ ਇਨਸਾਨੀਅਤ ਦਾ ਪਾਠ ਸਿਖਾਉਣ ਅਤੇ ਕਾਇਦੇ-ਕਾਨੂੰਨ ਬਣਾਉਣ ਵਿੱਚ ਵੀ ਅਹਿਮ ਰੋਲ ਹੁੰਦਾ ਹੈ।

ਇਸ ਤੋਂ ਇਲਾਵਾ ਗ਼ਜ਼ਲਾਂ, ਨਜ਼ਮ, ਕਵਿਤਾ, ਦੋਹੇ, ਛੰਦ ਅਤੇ ਰੁਬਾਈ ਇਨਸਾਨੀ ਜਜ਼ਬਾਤ ਬਿਆਨ ਕਰਦੇ ਹਨ। ਇਹ ਸਭ ਬਿਹਤਰ ਇਨਸਾਨ ਬਣਾਉਣ ਵਿੱਚ ਅਹਿਮ ਰੋਲ ਨਿਭਾਉਂਦੀ ਹੈ।

ਚੀਨ ਵਿੱਚ ਸਰਕਾਰੀ ਅਧਿਕਾਰੀ ਲਿਖਦੇ ਸੀ ਕਵਿਤਾ

ਅਜਿਹਾ ਨਹੀਂ ਹੈ ਕਿ ਸਾਰੀ ਦੁਨੀਆਂ ਵਿੱਚ ਸਾਹਿਤ ਲਿਖਣ ਦੀ ਸ਼ੁਰੂਆਤ ਮਹਾਕਾਵਿ ਜਾਂ ਉਸ ਦੌਰ ਦੇ ਰਾਜੇ-ਮਹਾਰਾਜਿਆਂ ਦੀ ਹਾਰ-ਜਿੱਤ ਦੀਆਂ ਕਹਾਣੀਆਂ ਲਿਖਣ ਨਾਲ ਹੋਈ ਹੋਵੇ।

ਬਹੁਤੀਆਂ ਥਾਵਾਂ 'ਤੇ ਇਸਦੀ ਸ਼ੁਰੂਆਤ ਕਵਿਤਾਵਾਂ ਨਾਲ ਵੀ ਹੋਈ ਹੈ। ਚੀਨ ਵਿੱਚ ਸਾਹਿਤ ਦੀ ਸ਼ੁਰੂਆਤ ਨਜ਼ਮਾਂ ਲਿਖਣ ਨਾਲ ਹੋਈ। ਇੱਥੇ ਕਵਿਤਾਵਾਂ ਲਿਖਣ ਦਾ ਕੰਮ ਸਿਰਫ਼ ਸ਼ਾਇਰ ਨਹੀਂ ਕਰਦੇ ਸੀ ਬਲਕਿ ਹਕੂਮਤ ਵਿੱਚ ਵੱਡੇ ਅਹੁਦਿਆਂ 'ਤੇ ਬੈਠਣ ਵਾਲਿਆਂ ਨੂੰ ਵੀ ਕਵਿਤਾ ਲਿਖਣ ਲਈ ਇਮਤਿਹਾਨ 'ਚੋਂ ਲੰਘਣਾ ਪੈਂਦਾ ਸੀ।

ਚੀਨ ਵਿੱਚ ਸਾਰੇ ਵੱਡੇ ਅਧਿਕਾਰੀਆਂ ਨੂੰ ਕਵਿਤਾ ਕਹਿਣ ਅਤੇ ਉਸਦੀਆਂ ਬਾਰੀਕੀਆਂ ਦੀ ਸਮਝ ਹੋਣੀ ਜ਼ਰੂਰੀ ਸੀ।

ਪੂਰਬੀ ਏਸ਼ੀਆ ਵਿੱਚ ਗਾਣਿਆਂ ਅਤੇ ਕਵਿਤਾਵਾਂ ਦਾ ਸਮੂਹ ਇੱਥੋਂ ਦੇ ਸਾਹਿਤ ਦਾ ਵੱਡਾ ਹਿੱਸਾ ਰਿਹਾ ਹੈ।

Image copyright Alamy

ਚੀਨ ਤੋਂ ਹੀ ਪ੍ਰਭਾਵਿਤ ਹੋ ਕੇ ਜਾਪਾਨ ਵਿੱਚ ਵੀ ਕਵਿਤਾ ਦੀ ਧੁਨ ਨੂੰ ਖ਼ੂਬ ਅਜ਼ਮਾਇਆ ਗਿਆ। ਮੁੱਢਲੇ ਦੌਰ ਵਿੱਚ ਜਾਪਾਨ 'ਚ ਔਰਤਾਂ ਨੂੰ ਚੀਨੀ ਸਾਹਿਤ ਪੜ੍ਹਨ ਦੀ ਇਜਾਜ਼ਤ ਨਹੀਂ ਸੀ।

ਪਰ ਕਹਿੰਦੇ ਹਨ ਕਿ ਜਿੱਥੇ ਚਾਹ, ਉੱਥੇ ਰਾਹ। ਪਾਬੰਦੀ ਦੇ ਬਾਵਜੂਦ ਜਾਪਾਨ ਵਿੱਚ ਸਾਹਿਤ ਦੀ ਦੁਨੀਆਂ ਨੂੰ ਵੱਡਾ ਤੋਹਫ਼ਾ ਇੱਕ ਨਾਵਲ ਦੇ ਤੌਰ 'ਤੇ ਮਿਲਿਆ ਜਿਸਦਾ ਨਾਮ ਸੀ 'ਦਿ ਟੇਲ ਆਫ਼ ਜੇਂਜੀ'। ਇਸ ਨੂੰ ਇੱਕ ਔਰਤ ਨੇ ਲਿਖਿਆ ਸੀ ਜਿਸਦਾ ਨਾਮ ਸੀ ਮੁਰਾਸਾਕੀ ਸ਼ਿਕਿਬੂ।

ਇਸ ਮਹਿਲਾ ਨੇ ਆਪਣੇ ਭਰਾ ਨੂੰ ਪੜ੍ਹਦੇ ਵੇਖ ਕੇ ਲਿਖਣਾ ਸਿੱਖਿਆ ਸੀ। ਫਿਰ ਉਸ ਨੇ ਕਰੀਬ ਹਜ਼ਾਰ ਪੰਨਿਆਂ ਵਾਲਾ ਮਾਸਟਰ ਪੀਸ ਤਿਆਰ ਕੀਤਾ। ਆਪਣੇ ਨਾਵਲ ਨੂੰ ਆਲ੍ਹਾ ਦਰਜ ਦਾ ਸਾਹਿਤ ਬਣਾਉਣ ਲਈ ਉਸ ਨੇ ਕਰੀਬ 800 ਕਵਿਤਾਵਾਂ ਇਸ ਵਿੱਚ ਸ਼ਾਮਲ ਕੀਤੀਆਂ।

ਸਾਹਿਤ ਯਾਨਿ ਕਿੱਸੇ-ਕਹਾਣੀਆਂ ਦੀ ਦੁਨੀਆਂ ਵਿੱਚ ਕ੍ਰਾਂਤੀ ਲਿਆਉਣ ਦਾ ਸਿਹਰਾ ਅਰਬ ਦੇਸਾਂ ਦੇ ਸਿਰ ਬੰਨ੍ਹਿਆ ਜਾਂਦਾ ਹੈ ਜਿਨ੍ਹਾਂ ਨੇ ਚੀਨ ਤੋਂ ਕਾਗ਼ਜ਼ ਬਣਾਉਣ ਦੀ ਕਲਾ ਸਿੱਖੀ ਅਤੇ ਉਸ ਨੂੰ ਇੱਕ ਬੇਹੱਦ ਕਾਮਯਾਬ ਕਾਰੋਬਾਰ ਦੇ ਰੂਪ ਵਿੱਚ ਅੱਗੇ ਵਧਾਇਆ।

ਕਾਗ਼ਜ਼ ਦੀ ਖੋਜ ਤੋਂ ਪਹਿਲਾਂ ਕਹਾਣੀਆਂ ਮੂੰਹ ਜ਼ੁਬਾਨੀ ਸੁਣਾ ਕੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਈ ਜਾਂਦੀ ਸੀ।

ਜਦੋਂ ਇਨਸਾਨ ਨੇ ਲਿਖਣਾ ਸ਼ੁਰੂ ਕੀਤਾ ਤਾਂ ਉਸ ਨੇ ਆਪਣੇ ਵਿਚਾਰ ਦਰਖ਼ਤਾਂ ਦੇ ਛਿਲਕਿਆਂ 'ਤੇ ਦਰਜ ਕੀਤੇ। ਪੱਥਰਾਂ 'ਤੇ ਉਕੇਰੇ। ਕਾਗ਼ਜ਼ ਹੋਂਦ ਵਿੱਚ ਆਉਣ ਤੋਂ ਬਾਅਦ ਤਾਂ ਤਸਵੀਰ ਹੀ ਬਦਲ ਗਈ। ਅਰਬ ਦੇਸਾਂ ਵਿੱਚ ਵੀ ਅਲਿਫ਼-ਲੈਲਾ ਦੀਆਂ ਕਹਾਣੀਆਂ ਇਸੇ ਤਰ੍ਹਾਂ ਇਕੱਠੀਆਂ ਕੀਤੀਆਂ ਗਈਆਂ ਸਨ।

ਕਹਾਣੀਆਂ ਹੋਣ, ਕਵਿਤਾਵਾਂ ਜਾਂ ਫਿਰ ਮਹਾਕਾਵਿ ਸਾਰੇ ਮਨੁੱਖਤਾ ਦੇ ਇਤਿਹਾਸ ਦਾ ਅਟੁੱਟ ਹਿੱਸਾ ਹੈ। ਜੰਨਤ ਅਤੇ ਦੋਜ਼ਖ਼ ਦਾ ਤਸੱਵਰ ਪੂਰੀ ਤਰ੍ਹਾਂ ਧਾਰਮਿਕ ਹੈ। ਪਰ ਇਤਾਲਵੀ ਕਵੀ ਦਾਂਤੇ ਨੇ ਇਸ ਤਸੱਵਰ ਨੂੰ ਬਹੁਤ ਹੀ ਖ਼ੂਬਸੁਰਤ ਅਤੇ ਮਜ਼ਾਕੀਆਂ ਅੰਦਾਜ਼ ਵਿੱਚ ਪੇਸ਼ ਕੀਤਾ ਹੈ 'ਡਿਵਾਈਨ ਕਾਮੇਡੀ' ਵਿੱਚ।

ਕਾਗਜ਼ ਦੀ ਕਾਢ ਨੇ ਸਾਹਿਤ ਨੂੰ ਇਕੱਠਾ ਕਰਨ ਵਿੱਚ ਮਦਦ ਕੀਤੀ ਸੀ। ਪ੍ਰਿੰਟਿੰਗ ਦੀ ਖੋਜ ਨੇ ਇਸ ਨੂੰ ਘਰ-ਘਰ ਤੱਕ ਪਹੁੰਚਾ ਦਿੱਤਾ। ਪ੍ਰਿੰਟਿੰਗ ਤੋਂ ਬਾਅਦ ਨਾਵਲ ਲਿਖਣਾ ਸ਼ੁਰੂ ਹੋ ਗਿਆ।

ਖ਼ਾਸ ਤੌਰ 'ਤੇ ਔਰਤਾਂ ਲਈ ਵੱਡੇ ਪੈਮਾਨੇ 'ਤੇ ਨਾਵਲ ਲਿਖੇ ਜਾਣ ਲੱਗੇ।

Image copyright Alamy

ਨਵੇਂ ਉਭਰਦੇ ਦੇਸਾਂ ਨੇ ਆਪਣੀ ਆਜ਼ਾਦੀ ਲਈ ਮਾਡਰਨ ਨਾਵਲ ਦੀ ਖ਼ੂਬ ਵਰਤੋਂ ਕੀਤੀ। ਦਰਅਸਲ ਸਿਆਸੀ ਆਜ਼ਾਦੀ ਲਈ ਸੱਭਿਅਕ ਆਜ਼ਾਦੀ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਨਾਵਲ ਇਸਦੀ ਪੂਰੀ ਛੂਟ ਦਿੰਦਾ ਹੈ।

ਸਾਹਿਤ 'ਤੇ ਇੰਟਰਨੈੱਟ ਦੌਰ ਦਾ ਅਸਰ

ਜਿਵੇਂ-ਜਿਵੇਂ ਤਕਨੀਕ ਵਧਦੀ ਗਈ, ਸਾਹਿਤ ਦੀ ਪਹੁੰਚ ਵੀ ਵਧਦੀ ਗਈ। ਸਿੱਖਿਆ ਦੇ ਵਧਦੇ ਪੱਧਰ ਨੇ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਵਧੇਰੇ ਪੜ੍ਹਨ ਵਾਲੇ ਪੈਦਾ ਹੋਣ ਲੱਗੇ ਤਾਂ ਵਧੇਰੇ ਕਹਾਣੀਆਂ ਲਿਖਣ ਵਾਲੇ ਵੀ ਸਾਹਮਣੇ ਆਉਣ ਲੱਗੇ। ਅੱਜ ਹਰ ਤਰ੍ਹਾਂ ਦੀਆਂ ਕਹਾਣੀਆਂ ਲਿਖਣ ਅਤੇ ਪੜ੍ਹਨ ਵਾਲੇ ਮੌਜੂਦ ਹਨ।

ਅੱਜ ਅਸੀਂ ਇੰਟਰਨੈੱਟ ਦੇ ਦੌਰ ਵਿੱਚ ਜੀਅ ਰਹੇ ਹਾਂ। ਇੱਕ ਕਲਿੱਕ 'ਤੇ ਦੁਨੀਆਂ ਭਰ ਦਾ ਸਾਹਿਤ ਸਾਡੇ ਸਾਹਮਣੇ ਆ ਜਾਂਦਾ ਹੈ। ਹਾਲਾਂਕਿ ਹਰ ਚੀਜ਼ ਔਨਲਾਈਨ ਹੋਣ ਕਰਕੇ ਕਿਤਾਬਾਂ ਦੀ ਛਪਾਈ 'ਤੇ ਮਾੜਾ ਅਸਰ ਪਿਆ ਹੈ।ਪਰ ਇਸ ਨਾਲ ਕਹਾਣੀਆਂ ਸੁਣਨ-ਸਣਾਉਣ ਲਈ ਲੋਕਾਂ ਦੇ ਜਨੂਨ ਵਿੱਚ ਕੋਈ ਕਮੀ ਨਹੀਂ ਆਈ ਹੈ।

ਭਾਵੇਂ ਹੀ ਕਿਤਾਬ ਹੱਥ ਵਿੱਚ ਲੈ ਕੇ ਕੋਈ ਨਾ ਪੜ੍ਹੇ, ਪਰ ਹਰੇਕ ਦੇ ਹੱਥ ਵਿੱਚ ਗੈਜ਼ਟ ਮੌਜੂਦ ਹੈ ਜਿਸ 'ਤੇ ਉਹ ਜਦੋਂ ਚਾਹੇ, ਜੋ ਚਾਹੇ ਪੜ੍ਹ ਸਕਦਾ ਹੈ। ਲਿਹਾਜ਼ਾ ਅਸੀਂ ਕਹਿ ਸਕਦੇ ਹਾਂ ਕਿ ਡਿਜਿਟਲ ਵਰਲਡ ਵਿੱਚ ਅਸੀਂ ਸਾਹਿਤ ਲਿਖਣ ਦੀ ਮੁੜ ਤੋਂ ਨਵੀਂ ਸ਼ੁਰੂਆਤ ਕਰ ਰਹੇ ਹਾਂ।

ਤਾਂ, ਦੌਰ ਭਾਵੇਂ ਹੀ ਬਦਲ ਗਏ ਹਨ , ਤਾਜ ਭਾਵੇਂ ਹੀ ਬਦਲ ਗਏ ਹੋਣ, ਕਿੱਸੇ ਸੁਣਨ-ਸਣਾਉਣ ਦਾ ਦੌਰ ਜਾਰੀ ਹੈ। ਕਹਾਣੀ ਦੀ ਹਕੂਮਤ ਸਾਡੇ ਦਿਲਾਂ 'ਤੇ ਕਾਇਮ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ