20 ਸਾਲਾਂ ਬਾਅਦ ਭਾਰਤੀ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਗਏ ਉੱਤਰੀ ਕੋਰੀਆ

ਵੀ ਕੇ ਸਿੰਘ Image copyright AFP

ਭਾਰਤ ਵੱਲੋਂ ਵੀਰਵਾਰ ਨੂੰ ਖੁਲਾਸਾ ਕੀਤਾ ਕਿ ਦੇਸ ਦੇ ਕਿਸੇ ਮੰਤਰੀ ਨੂੰ ਦੋ ਦਹਾਕਿਆਂ ਵਿੱਚ ਪਹਿਲੀ ਵਾਰ ਉੱਤਰੀ ਕੋਰੀਆ ਭੇਜਿਆ ਗਿਆ ਸੀ।

ਪਿਛਲੀ ਵਾਰ ਸਤੰਬਰ 1998 ਵਿੱਚ ਕੋਈ ਭਾਰਤੀ ਮੰਤਰੀ ਉੱਥੇ ਗਿਆ ਸੀ। ਤਤਕਾਲੀ ਭਾਜਪਾ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ, ਮੁਖ਼ਤਾਰ ਅਬਾਸ ਨਕਵੀਂ ਪਿਉਂਗਯਾਂਗ ਦੇ ਦੌਰੇ 'ਤੇ ਇੱਕ ਫਿਲਮ ਮੇਲੇ ਵਿੱਚ ਸ਼ਿਰਕਤ ਕਰਨ ਗਏ ਸਨ।

ਇਸ ਵਾਰ ਇਹ ਹੋਰ ਵੀ ਅਹਿਮ ਹੈ। ਵੀ ਕੇ ਸਿੰਘ ਇੱਕ ਰਾਜ ਮੰਤਰੀ ਹਨ ਅਤੇ ਉਨ੍ਹਾਂ ਨੇ ਉੱਥੇ ਕਈ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ ਹਨ। ਉਹ ਭਾਰਤੀ ਫੌਜ ਦੇ ਸਾਬਕਾ ਮੁਖੀ ਵੀ ਰਹੇ ਹਨ।

ਇਸ ਹਫ਼ਤੇ ਦੇ ਸ਼ੁਰੂ ਵਿੱਚ ਹੋਈਆਂ ਬੈਠਕਾਂ ਵਿੱਚ ਸਿਆਸੀ, ਖੇਤਰੀ, ਆਰਥਿਕ, ਸਿੱਖਿਆ ਨਾਲ ਜੁੜੇ ਅਤੇ ਦੁਵੱਲੇ ਸਹਿਯੋਗ ਦੇ ਮੁੱਦਿਆਂ 'ਤੇ ਗੱਲਬਾਤ ਹੋਈ।

ਇਸ ਕੂਟਨੀਤਿਕ ਪਹਿਲ ਦਾ ਪ੍ਰਸੰਗ ਬੜਾ ਦਿਲਚਸਪ ਹੈ। ਹਾਲ ਹੀ ਵਿੱਚ ਉੱਤਰੀ ਅਤੇ ਦੱਖਣੀ ਕੋਰੀਆ ਦੇ ਆਗੂਆਂ ਨੇ ਇੱਕ ਦਹਾਕੇ ਬਾਅਦ ਪਹਿਲੀ ਵਾਰ ਮੁਲਾਕਾਤ ਕੀਤੀ ਹੈ।

ਉੱਤਰੀ ਕੋਰੀਆ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਅਗਲੇ ਮਹੀਨੇ ਪਲੇਠੀ ਬੈਠਕ ਕਰਨ ਜਾ ਰਹੇ ਹਨ।

ਮਜ਼ਬੂਤ ਕੂਟਨੀਤਿਕ ਸੰਬੰਧ

21 ਜੂਨ ਨੂੰ ਹੋਣ ਵਾਲੀ ਇਸ ਬੈਠਕ ਬਾਰੇ ਫਿਲਹਾਲ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ ਕਿਉਂਕਿ ਉੱਤਰੀ ਕੋਰੀਆ ਦੇ ਆਗੂ ਕਿਮ ਨੇ ਕਹਿ ਦਿੱਤਾ ਹੈ ਕਿ ਜੇ ਅਮਰੀਕਾ ਉਸਦੇ ਪਰਮਾਣੂ ਹਥਿਆਰਾਂ ਦੇ ਇੱਕਪਾਸੜ ਖ਼ਾਤਮੇ ਦੀ ਮੰਗ 'ਤੇ ਅੜਿਆ ਰਿਹਾ ਤਾਂ ਉਹ ਟਰੰਪ ਨਾਲ ਮੁਲਾਕਾਤ ਨਹੀਂ ਕਰਨਗੇ।

ਭਾਰਤ ਨੇ ਇਹ ਮੌਕਾ ਇਸ ਲਈ ਚੁਣਿਆ ਹੈ, ਤਾਂ ਕਿ ਕਿਤੇ ਉਹ ਇਸ ਕੂਟਨੀਤਿਕ ਵਾਵਰੋਲੇ ਵਿੱਚ ਇਕੱਲਾ ਨਾ ਪੈ ਜਾਵੇ ਜਾਂ ਫੇਰ ਉਹ ਆਪਣੇ ਅਮਰੀਕੀ ਸਹਿਯੋਗੀਆਂ ਦਾ ਪੱਖ ਪੂਰ ਰਿਹਾ ਹੈ?

ਕਈਆਂ ਦੇ ਯਾਦ ਨਹੀਂ ਹੋਵੇਗਾ ਭਾਰਤ ਅਤੇ ਉੱਤਰੀ ਕੋਰੀਆ ਦੇ ਪਿਛਲੇ 45 ਸਾਲਾਂ ਤੋਂ ਮਜ਼ਬੂਤ ਕੂਟਨੀਤਿਕ ਸੰਬੰਧ ਹਨ।

ਦੋਹਾਂ ਦੇਸਾਂ ਦੇ ਇੱਕ ਦੂਜੇ ਵੱਲ ਸਫ਼ਾਰਤਖਾਨੇ ਹਨ। ਦੋਵੇਂ ਸੱਭਿਆਚਾਰਕ ਵਟਾਂਦਰੇ ਦੇ ਪ੍ਰੋਗਰਾਮ ਚਲਾਉਂਦੇ ਹਨ ਅਤੇ ਦੋਹਾਂ ਵਿਚਕਾਰ ਵਿਗਿਆਨ ਅਤੇ ਤਕਨੀਕੀ ਨਾਲ ਜੁੜੇ ਸਮਝੌਤੇ ਹੋਂਦ ਵਿੱਚ ਹਨ।

ਭਾਰਤ ਨੇ ਸੰਯੁਕਤ ਰਾਸ਼ਟਰ ਦੇ ਇੱਕ ਪ੍ਰੋਗਰਾਮ ਅਧੀਨ ਉੱਤਰੀ ਕੋਰੀਆ ਨੂੰ ਖੁਰਾਕ ਦੀ ਸਹਾਇਤਾ ਵੀ ਭੇਜੀ ਸੀ। ਜਵਾਬ ਵਿੱਚ ਉੱਤਰੀ ਕੋਰੀਆ ਨੇ ਸਦਭਾਵਨਾ ਵਜੋਂ ਸਾਲ 2004 ਦੀ ਸੁਨਾਮੀ ਸਮੇਂ ਭਾਰਤ ਨੂੰ 30,000 ਡਾਲਰ ਦੀ ਮਦਦ ਭੇਜੀ ਸੀ।

ਹਾਲਾਂਕਿ ਭਾਰਤ ਦਾ ਇੱਕ ਮੰਤਰੀ ਤਾਂ 20 ਸਾਲ ਪਹਿਲਾਂ ਉੱਤਰੀ ਕੋਰੀਆ ਗਿਆ ਸੀ ਪਰ ਉੱਥੋਂ ਦੇ ਸੀਨੀਅਰ ਅਧਿਕਾਰੀ ਇਨ੍ਹਾਂ ਸਾਲਾਂ ਦੌਰਾਨ ਇੱਥੇ ਗਾਹੇ ਬਗਾਹੇ ਆਉਂਦੇ ਰਹੇ ਹਨ।

Image copyright EPA

ਸਾਲ 2015 ਦੀ ਅਪ੍ਰੈਲ ਨੂੰ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਦਿੱਲੀ ਆ ਕੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕੀਤੀ ਸੀ।

ਅਗਲੇ ਸਾਲ ਸਤੰਬਰ ਵਿੱਚ ਭਾਰਤ ਦੇ ਇੱਕ ਰਾਜ ਮੰਤਰੀ ਨੇ ਉੱਤਰੀ ਕੋਰੀਆ ਦੇ ਦਿੱਲੀ ਸਫਾਰਤਖਾਨੇ ਵਿੱਚ ਜਾ ਕੇ ਉਨ੍ਹਾਂ ਦੇ ਆਜ਼ਾਦੀ ਦਿਨ ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਸੀ।

ਇਹ ਸ਼ਾਇਦ ਪਹਿਲਾ ਮੌਕਾ ਸੀ ਜਦੋਂ ਕਿਸੇ ਮੰਤਰੀ ਨੇ ਕਿਸੇ ਅਧਿਕਾਰਿਕ ਮੌਕੇ 'ਤੇ ਭਾਰਤ ਸਰਕਾਰ ਦੀ ਨੁਮਾਂਇਦਗੀ ਕੀਤੀ ਹੈ।

ਭਾਰਤ ਦੇ ਵਿਦੇਸ਼ ਰਾਜ ਮੰਤਰੀ ਕਿਰਨ ਰਿਜਿਜੂ ਨੇ ਉਜਾਗਰ ਕੀਤਾ ਸੀ ਕਿ ਕਿਵੇਂ ਦੋਹਾਂ ਦੇਸਾਂ ਦਰਮਿਆਨ ਸਨਅਤ ਅਤੇ ਵਪਾਰ 'ਤੇ ਆਧਾਰਿਤ ਸੰਬੰਧ ਬਾਰੇ ਅੱਗੇ ਵਧ ਰਹੇ ਹਨ।

ਸਾਲ 2013 ਵਿੱਚ ਭਾਰਤ ਉੱਤਰੀ ਕੋਰੀਆ ਦਾ ਦੱਖਣੀ ਕੋਰੀਆ ਅਤੇ ਚੀਨ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਸੀ। ਭਾਰਤ ਉੱਥੋਂ ਸਨਅਤੀ ਰਸਾਇਣ, ਕੱਚਾ ਤੇਲ ਅਤੇ ਖੇਤੀਬਾੜੀ ਉਤਪਾਦ ਭੇਜਦਾ ਸੀ ਅਤੇ ਸੁੱਕੇ ਮੇਵੇ, ਕੁਦਰਤੀ ਗੂੰਦ ਅਤੇ ਹਿੰਗ ਮੰਗਾਉਂਦਾ ਸੀ।

ਸਾਲ 2014 ਤੋਂ ਬਾਅਦ ਦੁਵੱਲੇ ਵਪਾਰ 200 ਮਿਲੀਅਨ ਡਾਲਰ ਤੋਂ ਡਿੱਗ ਕੇ 130 ਮਿਲੀਅਨ ਡਾਲਰ 'ਤੇ ਆ ਗਿਆ।

ਸਾਲ 2017 ਦੇ ਕੋਰੀਆਈ ਪਰੀਖਣਾਂ ਕਰਕੇ ਅਮਰੀਕੀ ਪਾਬੰਦੀਆਂ ਨੂੰ ਮੰਨਦਿਆਂ ਉੱਤਰੀ ਕੋਰੀਆ ਨਾਲ ਆਪਣਾ ਲਗਪਗ ਸਾਰਾ ਵਪਾਰ ਬੰਦ ਕਰ ਦਿੱਤਾ ਸੀ।

ਪੁਰਾਣਾ ਰਿਸ਼ਤਾ

ਦਿੱਲੀ ਦੇ ਇਨਸਟੀਚਿਊਟ ਆਫ਼ ਡਿਫੈਂਸ ਸਟਡੀਜ਼ ਐਂਡ ਅਨੈਲਿਸਿਸ ਦੇ ਫੈਲੋ ਅਤੇ ਏਸ਼ੀਆ ਵਿੱਚ ਭਾਰਤ ਦੀ ਸ਼ਮੂਲੀਅਤ ਬਾਰੇ ਮਾਹਿਰ ਪ੍ਰਸ਼ਾਂਤ ਕੁਮਾਰ ਸਿੰਘ ਨੇ ਦੱਸਿਆ, "ਭਾਰਤ ਉਨ੍ਹਾਂ ਕੁਝ ਕੁ ਦੇਸਾਂ ਵਿੱਚੋਂ ਹੈ ਜਿਨ੍ਹਾਂ ਨਾਲ ਉੱਤਰੀ ਕੋਰੀਆ ਦੇ ਕੂਟਨੀਤਿਕ ਰਿਸ਼ਤੇ ਹਨ। ਭਾਰਤ ਉਸ ਲਈ ਖਿੜਕੀ ਵਾਂਗ ਹੈ। ਦੋਹਾਂ ਦੇਸਾਂ ਦਰਮਿਆਨ ਲੰਬੇ ਰਿਸ਼ਤੇ ਹਨ।"

ਪਿਛਲੇ ਸਾਲ ਅਮਰੀਕਾ ਦੇ ਸੈਰਕਿਟਰੀ ਆਫ਼ ਸਟੇਟ ਰੈਕਸ ਟਿਲਰਸਨ ਨੇ 'ਤੇ ਭਾਰਤ ਨੂੰ ਪਿਉਂਗਯਾਂਗ ਵਿਚਲਾ ਆਪਣਾ ਸਫਾਰਤਖਾਨਾ ਬੰਦ ਕਰਨ ਨੂੰ ਕਿਹਾ ਸੀ ਪਰ ਭਾਰਤ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ, "ਪਿਉਂਗਯਾਂਗ ਵਿੱਚ ਤੁਹਾਡੇ ਦੋਸਤ ਦੇਸਾਂ ਦੇ ਸਫ਼ਾਰਤਖਾਨੇ ਖੁੱਲ੍ਹੇ ਰਹਿਣੇ ਚਾਹੀਦੇ ਹਨ ਤਾਂ ਕਿ ਗੱਲਬਾਤ ਦੇ ਰਾਹ ਖੁੱਲ੍ਹੇ ਰਹਿਣ।"

Image copyright Reuters

ਦਿੱਲੀ ਨੇ ਦੱਸਿਆ ਹੈ ਕਿ ਉੱਤਰੀ ਕੋਰੀਆ ਨੇ ਸਿੰਘ ਨੂੰ ਕੋਰੀਆਈ ਪ੍ਰਾਈਦੀਪ ਦੇ ਤਾਜ਼ਾ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਮੰਤਰੀ ਨੇ ਕੋਰੀਆ ਵਿੱਚ ਅਮਨ ਲਈ ਭਾਰਤੀ ਸਹਿਯੋਗ ਦੀ ਗੱਲ ਦੁਹਰਾਈ।

ਤਾਂ ਕੀ ਇਹ ਸਮਝਿਆ ਜਾਵੇ ਕਿ, ਕੀ ਇਸ ਸਿੰਘ ਦੀ ਫੇਰੀ ਦਾ ਕਿਮ ਅਤੇ ਟਰੰਪ ਦੀ ਸੰਭਾਵੀ ਬੈਠਕ ਨਾਲ ਕੋਈ ਸੰਬੰਧ ਹੈ ਜਾਂ ਨਹੀਂ।

ਡਾ਼ ਸਿੰਘ ਦਾ ਕਹਿਣਾ ਹੈ, "ਅਸੀਂ ਸਿਰਫ਼ ਅੰਦਾਜ਼ਾ ਲਾ ਸਕਦੇ ਹਾਂ। ਟਰੰਪ ਕਿਮ ਨਾਲ ਹੋਣ ਵਾਲੀ ਬੈਠਕ ਤਬਾਹ ਨਹੀਂ ਕਰਨਾ ਚਾਹੁੰਦੇ ਇਸ ਲਈ ਹੋ ਸਕਦਾ ਹੈ ਅਮਰੀਕਾ ਇਸ ਸੰਭਾਵੀ ਬੈਠਕ ਨੂੰ ਬਚਾਉਣ ਵਿੱਚ ਭਾਰਤ ਦੀ ਕੋਈ ਮਦਦ ਚਾਹੁੰਦਾ ਹੋਵੇ।"

"ਭਾਰਤ ਇੱਥੇ ਇੱਕ ਖਿਡਾਰੀ ਹੈ। ਇਹ ਇੱਕ ਅਜਿਹਾ ਦੇਸ ਵੀ ਹੈ ਜੋ ਸਮੱਸਿਆ ਦਾ ਹਿੱਸਾ ਨਹੀਂ ਹੈ ਅਤੇ ਇਸ ਦੇ ਉੱਤਰੀ ਕੋਰੀਆ ਨਾਲ ਚੰਗੇ ਸੰਬੰਧ ਵੀ ਹਨ।"

ਇਹ ਵੀ ਸਾਫ਼ ਹੈ ਕਿ ਜਦੋਂ ਕਿਸੇ ਅਲੱਗ-ਥਲੱਗ ਦੇਸ ਨਾਲ ਗੱਲਬਾਤ ਕਰਨੀ ਹੋਵੇ ਤਾਂ ਥੋੜ੍ਹਾ ਜਾਣਕਾਰ ਵੀ ਮਦਦਗਾਰ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)