ਇਸਰਾਇਲ-ਫਲਸਤੀਨ ਸੰਘਰਸ਼: ਧਮਾਕੇ ਤੇ ਦਹਿਸ਼ਤ ਦੇ ਸਾਏ ਹੇਠ ਗਾਜ਼ਾ 'ਚ ਕਿਵੇਂ ਦੀ ਹੈ ਜ਼ਿੰਦਗੀ

ਗਾਜ਼ਾ ਪੱਟੀ Image copyright AFP/GETTY
ਫੋਟੋ ਕੈਪਸ਼ਨ ਸਾਲ 2017 ਵਿੱਚ ਹਮਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮਿਸਰ ਨੇ ਆਪਣੀਆਂ ਸਰਹੱਦਾਂ ਲਗਬਗ ਬੰਦ ਕਰ ਦਿੱਤੀਆਂ ਹਨ।

ਫਲਸਤੀਨ ਦੀ ਗਾਜ਼ਾ ਪੱਟੀ ਚਾਰੇ ਪਾਸਿਓਂ ਘਿਰਿਆ ਹੋਇਆ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਹੈ। ਕਰੀਬ 40 ਕਿਲੋਮੀਟਰ ਲੰਬੀ ਅਤੇ 10 ਕਿਲੋਮੀਟਰ ਚੌੜੀ ਗਾਜ਼ਾ ਪੱਟੀ ਵਿੱਚ 19 ਲੱਖ ਲੋਕ ਰਹਿੰਦੇ ਹਨ।

ਜ਼ਮੀਨ ਦਾ ਇਹ ਛੋਟਾ ਜਿਹਾ ਟੁਕੜਾ ਇੱਕ ਪਾਸੇ ਭੂ-ਮੱਧ ਸਾਗਰ ਤੇ ਦੂਜੇ ਪਾਸੇ ਇਸਰਾਇਲ ਨਾਲ ਘਿਰਿਆ ਹੋਇਆ ਹੈ। ਇਸ ਦੀ ਦੱਖਣੀ ਸਰਹੱਦ ਮਿਸਰ ਨਾਲ ਮਿਲਦੀ ਹੈ।

ਕਦੇ ਗਾਜ਼ਾ ਦੇ ਵਜੂਦ 'ਤੇ ਮਿਸਰ ਦਾ ਕਬਜ਼ਾ ਹੋਇਆ ਕਰਦਾ ਸੀ। ਪਰ 1967 ਦੇ ਮੱਧ-ਪੂਰਬ ਦੇ ਯੁੱਧ ਵਿੱਚ ਗਾਜ਼ਾ ਪੱਟੀ 'ਤੇ ਇਸਰਾਇਲ ਨੇ ਕਬਜ਼ਾ ਕਰ ਲਿਆ ਹੈ।

ਸਾਲ 2005 ਵਿੱਚ ਇਸਰਾਇਲ ਦੇ ਗਾਜ਼ਾ ਤੋਂ ਆਪਣੇ ਸੈਨਿਕ ਅਤੇ ਕਰੀਬ 7 ਹਜ਼ਾਰ ਲੋਕ ਜੋ ਇੱਥੇ ਵਸਾਏ ਗਏ ਸਨ, ਉਹ ਹਟਾ ਦਿੱਤੇ।

Image copyright Getty Images

ਅੱਜ ਦੀ ਤਰੀਕ ਵਿੱਚ ਗਾਜ਼ਾ ਪ੍ਰਸ਼ਾਸਨ ਫਲਸਤੀਨ ਦੇ ਕਬਜ਼ੇ ਹੇਠ ਹੈ। 2007 ਤੋਂ 2014 ਵਿਚਾਲੇ ਗਾਜ਼ਾ 'ਤੇ ਫਲਸਤੀਨ ਇਸਲਾਮਿਕ ਕੱਟਰਪੰਥੀ ਸੰਗਠਨ ਹਮਾਸ ਦੀ ਹਕੂਮਤ ਰਹੀ ਸੀ।

ਹਮਾਸ ਨੇ 2006 ਵਿੱਚ ਫਲਸਤੀਨ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਸੀ। ਪਰ ਉਸ ਤੋਂ ਬਾਅਦ ਉਨ੍ਹਾਂ ਦਾ ਵਿਰੋਧੀ ਫਤਹਿ ਗੁੱਟ ਨਾਲ ਟਕਰਾਅ ਹੋ ਗਿਆ ਸੀ।

ਜਦੋਂ ਹਮਾਸ ਨੇ ਗਾਜ਼ਾ 'ਤੇ ਆਪਣਾ ਕੰਟ੍ਰੋਲ ਸਥਾਪਿਤ ਕੀਤਾ ਤਾਂ ਇਸਰਾਇਲ ਨੇ ਇਸ ਇਲਾਕੇ ਦੀ ਨਾਕੇਬੰਦੀ ਸ਼ੁਰੂ ਕਰ ਦਿੱਤੀ। ਇਨਸਾਨ ਹੋਵੇ ਜਾਂ ਸਾਮਾਨ, ਗਾਜ਼ਾ ਆਉਣ ਅਤੇ ਜਾਣ 'ਤੇ ਇਸਰਾਇਲ ਨੇ ਕਈ ਪਾਬੰਦੀਆਂ ਲਗਾ ਦਿੱਤੀਆਂ। ਉੱਥੇ ਮਿਸਰ ਨੇ ਗਾਜ਼ਾ ਦੀ ਦੱਖਣੀ ਸੀਮਾ ਦੀ ਨਾਕੇਬੰਦੀ ਕਰ ਦਿੱਤੀ।

2014 ਵਿੱਚ ਹਮਾਸ ਅਤੇ ਇਸਰਾਇਲ ਵਿੱਚ ਕਾਫੀ ਦਿਨਾਂ ਤੱਕ ਹਿੰਸਕ ਝੜਪਾਂ ਹੁੰਦੀਆਂ ਰਹੀਆਂ। ਇਸਰਾਇਲ ਨੇ ਗਾਜ਼ਾ ਤੋਂ ਰਾਕੇਟ ਹਮਲੇ ਰੋਕਣ ਦੀ ਕੋਸ਼ਿਸ਼ ਕੀਤੀ।

ਉੱਥੇ ਹਮਾਸ ਆਪਣੇ ਆਪ ਨੂੰ ਵੱਖ ਪੈਣ ਦੇ ਹਾਲਾਤ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ।

ਆਵਾਜਾਈ ਦੀ ਆਜ਼ਾਦੀ

ਨਾਕੇਬੰਦੀ ਕਾਰਨ ਗਾਜ਼ਾ ਦੇ ਹਾਲਾਤ ਪਹਿਲਾਂ ਹੀ ਖਰਾਬ ਸਨ ਪਰ 2013 ਵਿੱਚ ਮਿਸਰ ਨੇ ਗਾਜ਼ਾ ਨਾਲ ਲਗਦੀ ਰਫ਼ਾ ਦੀ ਸੀਮਾ 'ਤੇ ਨਾਕੇਬੰਦੀ ਹੋਰ ਵੀ ਸਖ਼ਤ ਕਰ ਦਿੱਤੀ। ਸਿੱਟਾ ਇਹ ਨਿਕਲਿਆ ਕਿ ਗਾਜ਼ਾ ਆਉਣ ਜਾਣ ਲਈ ਹੋਰ ਵੀ ਮੁਸ਼ਕਲਾਂ ਪੇਸ਼ ਆਉਣ ਲੱਗੀਆਂ।

Image copyright Getty Images
ਫੋਟੋ ਕੈਪਸ਼ਨ ਮਿਸਰ ਦੀ ਸਰਹੱਦ ਪਾਰ ਕਰਨ ਲਈ ਕਈ ਸੁੰਰਗਾਂ ਬਣਾਈਆਂ ਗਈਆਂ ਹਨ, ਜਿਨਾਂ ਰਾਹੀਂ ਜਰੂਰੀ ਸਾਮਾ ਤੋਂ ਇਲਾਵਾ ਹਥਿਆਰ ਵੀ ਉਲਸਤੀਨ ਪਹੁੰਚਾਏ ਜਾਂਦੇ ਹਨ।

ਮਿਸਰ ਨੇ ਗਾਜ਼ਾ ਅਤੇ ਮਿਸਰ ਦੀ ਸੀਮਾ 'ਤੇ ਸਾਮਾਨ ਦੀ ਤਸਕਰੀ ਲਈ ਬਣਾਈਆਂ ਗਈਆਂ ਸੁਰੰਗਾਂ ਨਾਲ ਨਿਪਟਣ ਲਈ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ। ਸੀਮਾ 'ਤੇ ਹੋਰ ਵੀ ਬੰਦਿਸ਼ਾਂ ਲਗਾ ਦਿੱਤੀਆਂ।

ਅਕਤੂਬਰ 2014 ਤੋਂ ਮਿਸਰ ਨੇ ਗਾਜ਼ਾ ਨਾਲ ਲੱਗੀ ਸੀਮਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਮਿਸਰ ਇਸ ਸੀਮਾ ਨੂੰ ਬੇਹੱਦ ਅਸਾਧਰਾਣ ਹਾਲਾਤ ਵਿੱਚ ਖੋਲ੍ਹਦਾ ਹੈ।

ਸੰਯੁਕਤ ਰਾਸ਼ਟਰ ਸੰਘ ਦੇ ਮਨੁੱਖੀ ਮਾਮਲਿਆਂ ਦੇ ਕਨਵੀਨਰ ਦੇ ਦਫ਼ਤਰ (ਆਫਿਸ ਫਾਰ ਦਿ ਕੋਆਰਡੀਨੇਸ਼ਨ ਆਫ ਹਿਊਮਨੇਟੇਰੀਅਨ ਅਫੇਅਰਜ਼) ਮੁਤਾਬਕ ਰਫ਼ਾ ਦੀ ਸੀਮਾ ਨੂੰ ਅਪ੍ਰੈਲ 2018 ਵਿੱਚ 17 ਦਿਨਾਂ ਲਈ ਖੋਲ੍ਹਿਆ ਗਿਆ ਸੀ।

ਉਦੋਂ 23 ਹਜ਼ਾਰ ਲੋਕਾਂ ਨੇ ਇਸ ਸੀਮਾ ਤੋਂ ਬਾਹਰ ਨਿਕਲਣ ਲਈ ਆਪਣਾ ਰਜਿਸਟਰੇਸ਼ਨ ਕਰਾਇਆ ਸੀ। ਉਨ੍ਹਾਂ ਨੂੰ ਕੱਢਣ ਲਈ ਹੀ ਮਿਸਰ ਨੇ ਇਹ ਸੀਮਾ ਖੋਲ੍ਹੀ ਸੀ।

ਉੱਤਰ ਵਿੱਚ ਇਸਰਾਇਲ ਨਾਲ ਲੱਗਣ ਵਾਲੇ ਇਰੇਜ਼ ਸਰਹੱਦ ਦੀ ਗੱਲ ਕਰੋ ਤਾਂ ਇਸ ਸਾਲ ਉੱਥੋਂ ਦੀ ਆਵਾਜਾਈ 2017 ਦੇ ਮੁਕਾਬਲੇ ਤੇਜ਼ ਹੋਈ ਹੈ। ਪਰ ਇਹ ਸੰਖਿਆ ਨਾਕੇਬੰਦੀ ਤੋਂ ਪਹਿਲਾਂ ਦੇ ਦੌਰ ਤੋਂ ਅਜੇ ਵੀ ਕਾਫੀ ਘੱਟ ਹੈ।

2017 ਤੋਂ ਪਹਿਲਾਂ 6 ਮਹੀਨਿਆਂ ਵਿੱਚ ਇਸਰਾਇਲ ਦੇ ਰਾਸਤੇ ਗਾਜ਼ਾ ਤੋਂ ਬਾਹਰ ਜਾਣ ਵਾਲੇ ਫਲਸਤੀਨੀਆਂ ਦੀ ਸੰਖਿਆ 240 ਤੋਂ ਵੀ ਘੱਟ ਸੀ, ਜਦਕਿ ਸਤੰਬਰ 2000 ਵਿੱਚ ਇਹ ਸੰਖਿਆ ਰੋਜ਼ਾਨਾ ਕਰੀਬ 26 ਹਜ਼ਾਰ ਦੇ ਕਰੀਬ ਸੀ।

ਗਾਜ਼ਾ ਦੀ ਅਰਥ ਵਿਵਸਥਾ

Image copyright Getty Images

90 ਦੇ ਦਹਾਕੇ ਦੇ ਮੁਕਾਬਲੇ ਅੱਜ ਗਾਜ਼ਾ ਪੱਟੀ ਬੇਹੱਦ ਗਰੀਬੀ ਦੀ ਹਾਲਤ 'ਚੋਂ ਗੁਜਰ ਰਹੀ ਹੈ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ 2017 ਵਿੱਚ ਗਾਜ਼ਾ ਦੀ ਅਰਥ ਵਿਵਸਥਾ ਦੀ ਵਿਕਾਸ ਦਰ ਮਹਿਜ਼ 0.5 ਫੀਸਦ ਰਹੀ ਸੀ।

1994 ਵਿੱਚ ਗਾਜ਼ਾ ਵਿੱਚ ਸਾਲਾਨਾ ਪ੍ਰਤੀ ਵਿਅਕਤੀ ਆਮਦਨੀ ਜਿੱਥੇ 2659 ਡਾਲਰ ਸੀ। 2018 ਵਿੱਚ ਇਹ ਘਟ ਕੇ 1826 ਡਾਲਰ ਸਾਲਾਨਾ ਹੀ ਰਹਿ ਗਈ ਹੈ।

2017 ਵਿੱਚ ਵਿਸ਼ਵ ਬੈਂਕ ਦੇ ਅੰਕੜੇ ਦੱਸਦੇ ਹਨ ਕਿ ਗਾਜ਼ਾ ਪੱਟੀ ਵਿੱਚ ਬੇਰੁਜ਼ਗਾਰੀ ਦੀ ਦਰ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ।

ਗਾਜ਼ਾ ਵਿੱਚ ਇਸ ਵੇਲੇ ਬੇਰੁਜ਼ਗਾਰੀ ਦੀ ਦਰ 44 ਫੀਸਦ ਹੈ, ਜੋ ਫਲਸਤੀਨ ਦੇ ਦੂਜੇ ਹਿੱਸੇ ਵੈਸਟ ਬੈਂਕ ਦੇ ਮੁਕਾਬਲੇ ਦੁੱਗਣੀ ਹੈ।

ਇਸ ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 60 ਫੀਸਦ ਕਰੀਬ ਹੈ, ਜੋ ਹੋਰ ਵੀ ਫਿਕਰ ਵਾਲੀ ਗੱਲ ਹੈ।

ਤਾਜ਼ਾ ਅੰਕੜਿਆਂ ਮੁਤਾਬਕ ਗਾਜ਼ਾ ਵਿੱਚ ਗਰੀਬੀ ਦਰ 60 ਫੀਸਦ ਦੇ ਕਰੀਬ ਹੈ, ਜੋ ਵੈਸਟ ਬੈਂਕ ਦੇ ਇਲਾਕੇ ਤੋਂ ਦੁਗਣੀ ਤੋਂ ਵੱਧ ਹੈ।

ਵਿਸ਼ਵ ਬੈਂਕ ਮੰਨਦਾ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਦੀ ਰਿਲੀਫ਼ ਐਂਡ ਵਰਕ ਏਜੰਸੀ ਵੱਲੋਂ ਗਾਜ਼ਾ ਦੇ ਲੋਕਾਂ ਨੂੰ ਸਮਾਜਿਕ ਰਾਹਤ ਦੇ ਨਾਮ 'ਤੇ ਮਦਦ ਨਾ ਮਿਲੇ ਤਾਂ ਉਥੇ ਗਰੀਬੀ ਦੀ ਦਰ ਹੋਰ ਵੀ ਵੱਧ ਸਕਦੀ ਹੈ।

Image copyright AFP/GETTY
ਫੋਟੋ ਕੈਪਸ਼ਨ ਵਧੇਰੇ ਬੱਚੇ ਸੰਯੁਕਤ ਰਾਸ਼ਟਰ ਵੱਲੋਂ ਚਲਾਏ ਗਏ ਸਕੂਲਾਂ ਵਿੱਚ ਪੜ੍ਹਦੇ ਹਨ।

ਸੰਯੁਕਤ ਰਾਸ਼ਟਰ ਦੀ ਰਾਹਤ ਏਜੰਸੀ ਦਾ ਕਹਿਣਾ ਹੈ ਕਿ ਗਾਜ਼ਾ ਦੀ 80 ਫੀਸਦ ਆਬਾਦੀ ਇਸੇ ਸਮਾਜਿਕ ਸਹਿਯੋਗ ਦੀ ਇਮਦਾਦ ਦੇ ਭਰੋਸੇ ਹੈ।

ਗਾਜ਼ਾ ਵਿੱਚ ਸਿੱਖਿਆ ਦੇ ਹਾਲਾਤ

ਗਾਜ਼ਾ ਦੀ ਸਕੂਲ ਸਿੱਖਿਆ ਵਿਵਸਥਾ ਵੀ ਬੇਹੱਦ ਦਬਾਅ ਹੇਠ ਹਨ। ਸੰਯੁਕਤ ਰਾਸ਼ਟਰ ਸੰਸਥਾ UNRWA ਮੁਤਾਬਕ ਗਾਜ਼ਾ ਦੇ 94 ਫੀਸਦ ਸਕੂਲ 'ਡਬਲ ਸ਼ਿਫਟ' ਵਿੱਚ ਚੱਲਦੇ ਹਨ। ਯਾਨਿ ਕਿ ਕੁਝ ਬੱਚੇ ਸਵੇਰੇ ਤੇ ਕੁਝ ਨੂੰ ਦੁਪਹਿਰ ਬਾਅਦ ਸਕੂਲ ਸੱਦੇ ਜਾਂਦਾ ਹੈ।

ਗਾਜ਼ਾ ਵਿੱਚ ਸੰਯੁਕਤ ਰਾਸ਼ਟਰ ਦੀ ਮਦਦ ਨਾਲ 250 ਸਕੂਲ ਚੱਲਦੇ ਹਨ। ਇਨ੍ਹਾਂ ਕਾਰਨ ਹੀ ਇੱਥੇ ਸਿੱਖਿਆ ਦੀ ਦਰ 97 ਫੀਸਦ ਤੱਕ ਹੈ।

ਪਰ ਜੋ ਸਕੂਲ ਸੰਯੁਕਤ ਰਾਸ਼ਟਰ ਦੀ ਮਦਦ ਦੇ ਬਿਨਾਂ ਚੱਲਦੇ ਹਨ, ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ।

2014 ਵਿੱਚ ਇਸਰਾਇਲ ਨਾਲ ਹਿੰਸਕ ਝੜਪਾਂ ਕਾਰਨ 547 ਸਕੂਲਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਇਨ੍ਹਾਂ ਵਿੱਚ ਕਿੰਡਰ ਗਾਰਟਨ ਸਕੂਲ ਤੋਂ ਲੈ ਕੇ ਕਾਲਜ ਤੱਕ ਸ਼ਾਮਿਲ ਸਨ। ਇਨ੍ਹਾਂ ਦੀ ਮੁਰੰਮਤ ਹੁਣ ਤਕ ਨਹੀਂ ਹੋ ਸਕੀ ਹੈ।

Image copyright Getty Images

ਇਸ ਦਾ ਨਤੀਜਾ ਇਹ ਹੈ ਕਿ ਜੋ ਸਕੂਲ ਚਲ ਰਹੇ ਹਨ, ਉਨ੍ਹਾਂ ਦੀਆਂ ਕਲਾਸਾਂ ਵਿੱਚ ਬੱਚਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਸੰਘ ਦੀ ਰਿਪੋਰਟ ਕਹਿੰਦੀ ਹੈ ਕਿ 2017 ਵਿੱਚ ਗਾਜ਼ਾ ਸਕੂਲਾਂ ਦੀ ਹਰ ਕਲਾਸ ਵਿੱਚ ਔਸਤਨ 40 ਬੱਚੇ ਪੜ੍ਹਦੇ ਸਨ।

ਸੰਯੁਕਤ ਰਾਸ਼ਟਰ ਦੇ ਫੰਡ ਫਾਰ ਪਾਪੂਲੇਸ਼ਨ ਐਕਟੀਵਿਟੀਜ਼ ਦੀ ਰਿਪੋਰਟ ਮੁਤਾਬਕ 2015 ਵਿੱਚ ਗਾਜ਼ਾ ਵਿੱਚ ਸਕੂਲੀ ਵਿਦਿਆਰਥੀਆਂ ਦੀ ਸੰਖਿਆ 6 ਲੱਖ 30 ਹਜ਼ਾਰ ਸੀ।

2030 ਵਿੱਚ ਇਸ ਦੇ ਵੱਧ ਕੇ 12 ਲੱਖ ਹੋਣ ਦਾ ਅੰਦਾਜ਼ਾ ਹੈ। ਇਸ ਦਾ ਮਤਲਬ ਇਹ ਹੈ ਕਿ 2030 ਤੱਕ ਗਾਜ਼ਾ ਪੱਟੀ ਨੂੰ 900 ਨਵੇਂ ਸਕੂਲਾਂ ਅਤੇ 23 ਹਜ਼ਾਰ ਹੋਰ ਅਧਿਆਪਕਾਂ ਦਾ ਲੋੜ ਹੋਵੇਗੀ।

ਗਾਜ਼ਾ ਵਿੱਚ ਆਬਾਦੀ ਦਾ ਹਾਲ

ਗਾਜ਼ਾ ਪੱਟੀ ਆਬਾਦੀ ਦੇ ਲਿਹਾਜ਼ ਨਾਲ ਦੁਨੀਆਂ ਦੇ ਸਭ ਤੋਂ ਸੰਘਣੇ ਵੱਸੇ ਇਲਾਕਿਆਂ ਵਿੱਚ ਇੱਕ ਹੈ। ਇੱਥੇ ਇੱਕ ਵਰਗ ਕਿਲੋਮੀਟਰ ਇਲਾਕੇ ਵਿੱਚ ਔਸਤਨ 5479 ਲੋਕ ਰਹਿੰਦੇ ਹਨ। 2020 ਤੱਕ ਇਹ ਸੰਖਿਆ 6197 ਤੱਕ ਪਹੁੰਚਣ ਦਾ ਅੰਦਾਜ਼ਾ ਹੈ।

Image copyright Getty Images
ਫੋਟੋ ਕੈਪਸ਼ਨ ਮੌਜੂਦਾ ਦਹਾਕੇ ਦੇ ਅਖ਼ੀਰ ਤੱਕ ਇੱਥੋਂ ਦੀ ਆਬਾਦੀ 22 ਲੱਖ ਪਹੁੰਚਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਜੋ ਕਿ 2030 ਤੱਕ 31 ਲੱਖ ਹੋ ਸਕਦੀ ਹੈ

ਮੌਜੂਦਾ ਦਹਾਕੇ ਦੇ ਅਖ਼ੀਰ ਤੱਕ ਇੱਥੋਂ ਦੀ ਆਬਾਦੀ 22 ਲੱਖ ਪਹੁੰਚਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਜੋ ਕਿ 2030 ਤੱਕ 31 ਲੱਖ ਹੋ ਸਕਦੀ ਹੈ।

ਸਾਲ 2014 ਵਿੱਚ ਇਸਰਾਇਲ ਨੇ ਗਾਜ਼ਾ ਅਤੇ ਆਪਣੇ ਵਿਚਕਾਰ ਇੱਕ 'ਬਫ਼ਰ ਜ਼ੋਨ' ਬਣਾ ਦਿੱਤਾ ਸੀ। ਇਸ ਦਾ ਮਕਸਦ ਖ਼ੁਦ ਨੂੰ ਰਾਕੇਟ ਹਮਲਿਆਂ ਅਤੇ ਤਸਕਰੀ ਲਈ ਇਸਤੇਮਾਲ ਹੋਣ ਵਾਲੀਆਂ ਸੁਰੰਗਾਂ ਤੋਂ ਬਚਾਉਣਾ ਸੀ।

ਇਸ 'ਬਫ਼ਰ ਜ਼ੋਨ' ਕਾਰਨ ਗਾਜ਼ਾ ਦੇ ਲੋਕਾਂ ਦੀ ਰਿਹਾਇਸ਼ ਜਾਂ ਖੇਤੀ ਲਈ ਜ਼ਮੀਨ ਹੋਰ ਵੀ ਘੱਟ ਹੋ ਗਈ।

2014 ਦੀ ਹਿੰਸਾ ਅਤੇ ਆਬਾਦੀ ਵਧਣ ਦੀ ਕੁਦਰਤੀ ਰਫ਼ਤਾਰ ਕਾਰਨ ਅੱਜ ਗਾਜ਼ਾ ਵਿੱਚ 1 ਲੱਖ 20 ਹਜ਼ਾਰ ਮਕਾਨਾਂ ਦੀ ਘਾਟ ਦੱਸੀ ਜਾ ਰਹੀ ਹੈ।

ਸੰਯੁਕਤ ਰਾਸ਼ਟਰ ਮੁਤਾਬਕ 2014 ਦੀ ਲੜਾਈ ਤੋਂ ਬਾਅਦ ਹੁਣ ਤੱਕ 29 ਹਜ਼ਾਰ ਲੋਕ ਬੇਘਰ ਹੋਏ ਹਨ।

Image copyright Getty Images
ਫੋਟੋ ਕੈਪਸ਼ਨ ਸੰਯੁਕਤ ਰਾਸ਼ਟਰ ਮੁਤਾਬਕ 2014 ਦੀ ਲੜਾਈ ਤੋਂ ਬਾਅਦ ਤੋਂ ਹੁਣ ਤੱਕ 29 ਹਜ਼ਾਰ ਲੋਕ ਬੇਘਰ ਹਨ

ਗਾਜ਼ਾ ਦੀ ਆਬਾਦੀ ਦੁਨੀਆਂ ਦੀ ਸਭ ਤੋਂ ਯੁਵਾ ਜਨਸੰਖਿਆ ਵਾਲੀ ਹੈ। ਇੱਥੋਂ ਦੀ ਆਬਾਦੀ ਵਿੱਚ 40 ਫੀਸਦ ਦੀ ਉਮਰ 15 ਸਾਲ ਤੋਂ ਘੱਟ ਹੈ।

ਗਾਜ਼ਾ ਵਿੱਚ ਸਿਹਤ ਸੇਵਾਵਾਂ ਦਾ ਹਾਲ

ਸੀਮਾਵਾਂ ਦੀ ਨਾਕੇਬੰਦੀ ਕਾਰਨ ਇੱਥੋਂ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਮਿਲਣ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ।

ਰਫਾ ਸੀਮਾ 'ਤੇ ਮਿਸਰ ਨਾਕੇਬੰਦੀ ਕਾਰਨ ਇਲਾਜ ਲਈ ਮਿਸਰ ਜਾਣ ਵਾਲਿਆਂ ਦੀ ਸੰਖਿਆ ਕਾਫੀ ਘਟ ਗਈ ਹੈ।

ਵਿਸ਼ਵ ਸਿਹਤ ਸੇਵਾਵਾਂ ਸੰਗਠਨ ਮੁਤਾਬਕ 2014 ਤੋਂ ਪਹਿਲਾਂ ਹਰ ਮਹੀਨੇ ਔਸਤਨ ਕਰੀਬ ਚਾਰ ਹਜ਼ਾਰ ਲੋਕ ਸਿਰਫ਼ ਇਲਾਜ ਲਈ ਗਾਜ਼ਾ ਤੋਂ ਮਿਸਰ ਜਾਂਦੇ ਸਨ।

ਇਸਰਾਇਲ ਦੇ ਰਸਤੇ ਵੀ ਬਾਹਰ ਕੱਢਣ ਵਾਲਿਆਂ ਦੀ ਸੰਖਿਆ ਕਾਫੀ ਘਟ ਹੋ ਗਈ ਹੈ। 2012 ਵਿੱਚ ਸਿਹਤ ਕਾਰਨ ਬਾਹਰ ਜਾਣ ਲਈ ਪਾਸ ਲੈਣ ਵਾਲਿਆਂ ਦੀ ਗਿਣਤੀ 93 ਫੀਸਦ ਸੀ। ਇਹ 2017 ਵਿੱਚ ਘਟ ਕੇ 54 ਫੀਸਦ ਹੀ ਰਹਿ ਗਈ ਸੀ।

ਨਾਕੇਬੰਦੀ ਕਾਰਨ ਗਾਜ਼ਾ ਹਸਪਤਾਲਾਂ ਨੂੰ ਦਵਾਈਆਂ ਅਤੇ ਇਲਾਜ ਲਈ ਜ਼ਰੂਰੀ ਉਪਕਰਨ ਵੀ ਨਹੀਂ ਮਿਲ ਰਹੇ ਹਨ।

Image copyright AFP/GETTY
ਫੋਟੋ ਕੈਪਸ਼ਨ ਬਿਜਲੀ ਅਤੇ ਮੈਡੀਕਲ ਸੁਵਿਧਾਵਾਂ ਪ੍ਰਭਾਵਿਤ ਰਹਿੰਦੀਆਂ ਹਨ

ਇਨ੍ਹਾਂ ਵਿੱਚ ਡਾਇਲਿਸਿਸ ਮਸ਼ੀਨਾਂ ਤੋਂ ਲੈ ਕੇ ਦਿਲ ਦੇ ਇਲਾਜ ਵਿੱਚ ਕੰਮ ਆਉਣ ਵਾਲੀਆਂ ਮਸ਼ੀਨਾਂ ਵੀ ਸ਼ਾਮਿਲ ਹਨ।

ਗਾਜ਼ਾ ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਮਦਦ ਨਾਲ 22 ਹਸਪਤਾਲ ਚਲਦੇ ਹਨ। ਪਰ ਇਸਰਾਇਲ ਨਾਲ ਪ੍ਰਾਥਮਿਕ ਸਿਹਤ ਕੇਂਦਰਾਂ ਦੀ ਸੰਖਿਆ 56 ਤੋਂ ਘੱਟ ਕੇ 49 ਹੀ ਰਹਿ ਗਈ ਹੈ। ਜਦਕਿ ਇਸ ਦੌਰਾਨ ਆਬਾਦੀ ਕਰੀਬ ਦੁੱਗਣੀ ਹੋ ਗਈ ਹੈ।

ਹਾਲ ਹੀ ਵਿੱਚ ਜਨਰੇਟਰ ਚਲਾਉਣ ਲਈ ਤੇਲ ਦੀ ਘਾਟ ਕਾਰਨ ਵੀ ਸਿਹਤ ਸੇਵਾਵਾਂ 'ਤੇ ਅਸਰ ਪਿਆ ਹੈ।

ਫਲਸਤੀਨ ਦੇ ਸਿਹਤ ਮੰਤਰਾਲੇ ਮੁਤਾਬਕ ਬਿਜਲੀ ਦੀ ਘਾਟ ਕਾਰਨ ਤਿੰਨ ਹਸਪਤਾਲ ਅਤੇ 10 ਮੈਡੀਕਲ ਸੈਂਟਰ ਬੰਦ ਪਏ ਹਨ।

ਗਾਜ਼ਾ ਵਿੱਚ ਖਾਣ-ਪੀਣ ਦਾ ਸਾਮਾਨ

ਗਾਜ਼ਾ ਵਿੱਚ ਰਹਿਣ ਵਾਲੇ ਦਸ ਲੱਖ ਤੋਂ ਵਧੇਰੇ ਲੋਕ ਖਾਣ-ਪੀਣ ਦੇ ਸਾਮਾਨ ਦੀ ਸੁਰੱਖਿਆ ਕਰਨ ਵਿੱਚ ਪ੍ਰੇਸ਼ਾਨ ਰਹਿੰਦੇ ਹਨ। ਮਤਲਬ ਇਹ ਕਿ ਇਨ੍ਹਾਂ ਨੂੰ ਨਿਯਮਿਤ ਰੂਪ ਨਾਲ ਖਾਣਾ ਮਿਲੇਗਾ ਜਾਂ ਨਹੀਂ ਇਸ ਦੀ ਗਾਰੰਟੀ ਨਹੀਂ ਹੁੰਦੀ ਜਦਕਿ ਇੱਥੋਂ ਦੇ ਵਧੇਰੇ ਲੋਕਾਂ ਨੂੰ ਸੰਯੁਕਤ ਰਾਸ਼ਟਰ ਸੰਘ ਵੱਲੋਂ ਖਾਣ-ਪੀਣ ਦੀ ਮਦਦ ਮਿਲਦੀ ਹੈ।

Image copyright AFP/GETTY

ਖੇਤੀ ਅਤੇ ਮੱਛੀ ਮਾਰਨ ਨੂੰ ਲੈ ਕੇ ਇਸਰਾਇਲ ਨੇ ਗਾਜ਼ਾ ਦੇ ਲੋਕਾਂ 'ਤੇ ਤਮਾਮ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ। ਇਸ ਨਾਲ ਗਾਜ਼ਾ ਦੇ ਲੋਕਾਂ ਦੀਆਂ ਚੁਣੌਤੀਆਂ ਹੋਰ ਵੀ ਵੱਧ ਗਈਆਂ ਹਨ।

ਇਸਰਾਇਲ ਨੇ ਸਰਹੱਦ 'ਤੇ 'ਬਫ਼ਰ ਜ਼ੋਨ' ਬਣਾਇਆ ਹੈ। ਗਾਜ਼ਾ ਦੇ ਬਾਸ਼ਿੰਦੇ ਇਸ ਇਲਾਕੇ ਵਿੱਚ ਖੇਤੀ ਨਹੀਂ ਕਰ ਸਕਦੇ ਹਨ। ਇਹ 'ਬਫ਼ਰ ਜ਼ੋਨ' ਗਾਜ਼ਾ ਦੇ ਹੀ ਨੇੜੇ 1.5 ਕਿਲੋਮੀਟਰ ਚੌੜੇ ਇਲਾਕੇ ਵਿੱਚ ਬਣਾਇਆ ਗਿਆ ਹੈ।

ਇਸ 'ਬਫ਼ਰ ਜ਼ੋਨ' ਕਾਰਨ ਹੀ ਗਾਜ਼ਾ ਵਿੱਚ ਅਨਾਜ ਦਾ ਉਤਪਾਦਨ ਸਾਲਾਨਾ ਕਰੀਬ 75 ਹਜ਼ਾਰ ਟਨ ਤੱਕ ਘਟ ਗਿਆ ਹੈ।

ਇਸਰਾਇਲ ਨੇ ਜਿਸ ਇਲਾਕੇ ਵਿੱਚ ਖੇਤੀ 'ਤੇ ਪਾਬੰਦੀ ਲਾਈ ਹੈ ਉਹ ਗਾਜ਼ਾ ਦਾ ਸਭ ਤੋਂ ਉਪਜਾਊ ਇਲਾਕਾ ਮੰਨਿਆ ਜਾਂਦਾ ਹੈ ਜਿੱਥੇ ਸਿੰਜਾਈ ਦੇ ਸਾਰੇ ਸਰੋਤ ਮੌਜੂਦ ਹਨ।

ਇਸੇ ਕਾਰਨ ਗਾਜ਼ਾ ਦੀ ਅਰਥ ਵਿਵਸਥਾ ਵਿੱਚ 1994 ਵਿੱਚ ਜਿੱਥੇ ਖੇਤੀ ਦਾ ਯੋਗਦਾਨ 11 ਫੀਸਦ ਸੀ ਉੱਥੇ 2018 ਵਿੱਚ ਇਹ ਘਟ ਕੇ ਮਹਿਜ਼ 5 ਫੀਸਦ ਰਹਿ ਗਿਆ ਹੈ।

ਇਸਰਾਇਲ ਨੇ ਗਾਜ਼ਾ ਦੇ ਬਾਸ਼ਿੰਦਿਆਂ 'ਤੇ ਮੱਛੀ ਫੜਨ ਨੂੰ ਲੈ ਕੇ ਪਾਬੰਦੀਆਂ ਲਾਈਆਂ ਹੋਈਆਂ ਹਨ। ਗਾਜ਼ਾ ਦੇ ਲੋਕ ਸਮੁੰਦਰੀ ਕੰਢੇ ਤੋਂ ਕੁਝ ਹੀ ਦੂਰ ਜਾ ਕੇ ਸ਼ਿਕਾਰ ਕਰ ਸਕਦੇ ਹਨ।

Image copyright Getty Images
ਫੋਟੋ ਕੈਪਸ਼ਨ ਪਾਬੰਦੀਆਂ ਹਟਾ ਲਈਆਂ ਜਾਣ ਤਾਂ ਮੱਛੀ ਫੜਨ ਦੇ ਕੰਮ ਨਾਲ ਗਾਜ਼ਾ ਦੇ ਕਾਫੀ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ

ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਜੇ ਇਹ ਪਾਬੰਦੀਆਂ ਹਟਾ ਲਈਆਂ ਜਾਣ ਤਾਂ ਮੱਛੀ ਫੜਨ ਦੇ ਕੰਮ ਨਾਲ ਗਾਜ਼ਾ ਦੇ ਕਾਫੀ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ। ਉਨ੍ਹਾਂ ਨੂੰ ਮੱਛੀਆਂ ਰਾਹੀਂ ਪ੍ਰੋਟੀਨ ਵੀ ਹਾਸਿਲ ਹੋਵੇਗਾ।

ਨਵੰਬਰ 2012 ਵਿੱਚ ਇਸਰਾਇਲ ਅਤੇ ਹਮਾਸ ਦੇ ਵਿਚਾਲੇ ਜੰਗਬੰਦੀ ਤੋਂ ਬਾਅਦ ਮੱਛੀ ਮਾਰਨ ਦਾ ਦਾਇਰਾ ਤਿੰਨ ਸਮੁੰਦਰੀ ਮੀਲ ਤੋਂ ਵਧਾ ਕੇ 6 ਸਮੁੰਦਰੀ ਮੀਲ ਤੱਕ ਕਰ ਦਿੱਤਾ ਗਿਆ ਸੀ ਪਰ ਜਦੋਂ ਵੀ ਗਾਜ਼ਾ ਤੋਂ ਇਸਰਾਇਲ 'ਤੇ ਰਾਕੇਟ ਛੱਡੇ ਗਏ ਤਾਂ ਇਹ ਹੱਦ ਘਟਾ ਕੇ ਮੁੜ 3 ਮੀਲ ਕਰ ਦਿੱਤੀ।

ਜਦੋਂ ਵੀ ਫਲਸਤੀਨ ਮਛੇਰੇ ਤਿੰਨ ਮੀਲ ਦੇ ਦਾਇਰੇ ਤੋਂ ਬਾਹਰ ਜਾਂਦੇ ਹਨ ਤਾਂ ਇਸਰਾਇਲ ਦੇ ਸਮੁੰਦਰੀ ਫੌਜ ਦੇ ਫੌਜੀ ਉਨ੍ਹਾਂ 'ਤੇ ਗੋਲੀਬਾਰੀ ਕਰਦੇ ਹਨ।

ਗਾਜ਼ਾ ਵਿੱਚ ਬਿਜਲੀ ਦਾ ਹਾਲ

ਗਾਜ਼ਾ ਵਿੱਚ ਬਿਜਲੀ ਦੀ ਕਟੌਤੀ ਆਮ ਗੱਲ ਹੈ। ਇੱਥੇ ਲੋਕਾਂ ਨੂੰ ਦਿਨ ਵਿੱਚ ਕਰੀਬ 3 ਤੋਂ 6 ਘੰਟੇ ਬਿਜਲੀ ਮਿਲਦੀ ਹੈ। ਗਾਜ਼ਾ ਨੂੰ ਜ਼ਿਆਦਾਤਰ ਬਿਜਲੀ ਇਸਰਾਇਲ ਤੋਂ ਮਿਲਦੀ ਹੈ। ਖੁਦ ਗਾਜ਼ਾ ਵਿੱਚ ਸਿਰਫ਼ ਇੱਕ ਬਿਜਲੀਘਰ ਹੈ।

ਉਸ ਨੂੰ ਥੋੜ੍ਹੀ ਬਿਜਲੀ ਮਿਸਰ ਤੋਂ ਵੀ ਮਿਲਦੀ ਹੈ ਪਰ ਵਿਸ਼ਵ ਬੈਂਕ ਕਹਿੰਦਾ ਹੈ ਕਿ ਕੁੱਲ ਮਿਲਾ ਕੇ ਗਾਜ਼ਾ ਨੂੰ ਆਪਣੀ ਜ਼ਰੂਰਤ ਦੀ ਇੱਕ ਤਿਹਾਈ ਬਿਜਲੀ ਹੀ ਮਿਲਦੀ ਹੈ।

Image copyright AFP/GETTY
ਫੋਟੋ ਕੈਪਸ਼ਨ ਗਾਜ਼ਾ ਵਿੱਚ ਲੋਕਾਂ ਨੂੰ ਦਿਨ ਵਿੱਚ ਕਰੀਬ 3 ਤੋਂ 6 ਘੰਟੇ ਬਿਜਲੀ ਮਿਲਦੀ ਹੈ

ਗਾਜ਼ਾ ਦਾ ਇੱਕਲੌਤਾ ਬਿਜਲੀਘਰ ਅਤੇ ਲੋਕਾਂ ਨੂੰ ਆਪਣੇ ਜਨਰੇਟਰ ਚਲਾਉਣ ਲਈ ਡੀਜ਼ਲ ਦੀ ਲੋੜ ਪੈਂਦੀ ਹੈ। ਡੀਜ਼ਲ ਬਹੁਤ ਮਹਿੰਗਾ ਹੈ ਅਤੇ ਕਾਫ਼ੀ ਮੁਸ਼ਕਲ ਤੋਂ ਬਾਅਦ ਮਿਲਦਾ ਹੈ।

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਗਾਜ਼ਾ ਦੇ ਨੇੜੇ ਸਮੁੰਦਰ ਵਿੱਚ ਗੈਸ ਦਾ ਇੱਕ ਇਲਾਕਾ ਹੈ ਜਿਸ ਨਾਲ ਗਾਜ਼ਾ ਦੀ ਬਿਜਲੀ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ਪਰ ਇਸ ਦਾ ਵਿਕਾਸ ਕਰਨਾ ਹੋਵੇਗਾ।

ਇਸ ਦੀ ਲੋੜ ਪੂਰੀ ਹੋਣ ਤੋਂ ਬਾਅਦ ਬਚੀ ਬਿਜਲੀ ਨੂੰ ਵਿਕਾਸ ਦੇ ਕੰਮ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਗਾਜ਼ਾ ਪਾਵਰ ਪਲਾਂਟ ਦਾ ਡਿਜ਼ਾਈਨ ਸ਼ੁਰੂਆਤ ਵਿੱਚ ਗੈਸ ਨਾਲ ਚੱਲਣ ਲਈ ਹੀ ਤਿਆਰ ਕੀਤਾ ਗਿਆ ਸੀ।

ਵਿਸ਼ਵ ਬੈਂਕ ਦਾ ਮੰਨਣਾ ਹੈ ਕਿ ਜੇ ਇਸ ਪਾਵਰ ਪਲਾਂਟ ਨੂੰ ਮੁੜ ਤੋਂ ਗੈਸ ਨਾਲ ਚਲਾਇਆ ਜਾਵੇ ਤਾਂ ਇਸ ਨਾਲ ਲੱਖਾਂ ਡਾਲਰਾਂ ਦੀ ਬਚਤ ਵੀ ਹੋਵੇਗੀ ਅਤੇ ਬਿਜਲੀ ਦਾ ਉਤਪਾਦਨ ਵੀ ਪੰਜ ਗੁਣਾ ਤੱਕ ਵੱਧ ਸਕਦਾ ਹੈ।

ਗਾਜ਼ਾ ਵਿੱਚ ਪਾਣੀ ਅਤੇ ਸਾਫ਼-ਸਫ਼ਾਈ ਦੇ ਹਾਲਾਤ

ਗਾਜ਼ਾ ਵਿੱਚ ਮੀਂਹ ਘੱਟ ਪੈਂਦਾ ਹੈ ਇਸ ਲਈ ਇੱਥੇ ਜ਼ਮੀਨ ਦੇ ਹੇਠਲੇ ਪਾਣੀ ਦਾ ਪੱਧਰ ਬਣਾਏ ਰੱਖਣ ਲਈ ਤਾਜ਼ੇ ਪਾਣੀ ਦਾ ਕੋਈ ਹੋਰ ਜ਼ਰੀਆ ਵੀ ਨਹੀਂ ਹੈ। ਉਂਝ ਵੀ ਜ਼ਮੀਨ ਦੇ ਹੇਠਲੇ ਪਾਣੀ ਨਾਲ ਵੀ ਇੱਥੋਂ ਦੇ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਹਨ।

Image copyright AFP/GETTY

ਗਾਜ਼ਾ ਦੇ ਵਧੇਰੇ ਘਰਾਂ ਵਿੱਚ ਪਾਣੀ ਦੀ ਜ਼ਰੂਰਤ ਦੇ ਲਈ ਪਾਈਪਲਾਈਨ ਵਿਛੀ ਹੋਈ ਹੈ ਪਰ ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਟੂਟੀਆਂ ਵਿੱਚ ਕਾਫੀ ਵਾਰ ਪਾਣੀ ਨਹੀਂ ਆਉਂਦਾ ਹੈ, ਜੇ ਪਾਣੀ ਆ ਵੀ ਜਾਏ ਤਾਂ ਉਹ ਸਾਫ਼ ਨਹੀਂ ਹੁੰਦਾ ਹੈ। ਗਾਜ਼ਾ ਦੇ 97 ਫੀਸਦ ਲੋਕ ਟੈਂਕਰ ਦੇ ਪਾਣੀ ਦੇ ਭਰੋਸੇ 'ਤੇ ਹਨ।

ਇੱਥੇ ਸੀਵਰੇਜ ਦੀ ਸਮੱਸਿਆ ਵੀ ਭਿਆਨਕ ਹੈ। 78 ਫੀਸਦ ਘਰ ਸੀਵਰੇਜ ਨੈੱਟਵਰਕ ਨਾਲ ਜੁੜੇ ਹੋਏ ਹਨ ਪਰ ਸੀਵੇਜ ਟ੍ਰੀਟਮੈਂਟ ਪਲਾਂਟ ਵਧਦੀ ਆਬਾਦੀ ਦਾ ਬੋਝ ਨਹੀ ਝੱਲ ਰਹੇ ਹਨ।

ਇੱਥੋ ਰੋਜ਼ਾਨਾ 9 ਕਰੋੜ ਲੀਟਰ ਸੀਵਰੇਜ ਪਾਣੀ ਸਮੁੰਦਰ ਤੇ ਖੁੱਲ੍ਹੇ ਤਲਾਅ ਵਿੱਚ ਸੁੱਟਿਆ ਜਾਂਦਾ ਹੈ। ਇਹ ਪੂਰੇ ਤਰੀਕੇ ਨਾਲ ਸਾਫ ਕੀਤਾ ਗਿਆ ਨਹੀਂ ਹੁੰਦਾ। ਇਸ ਕਾਰਨ ਜ਼ਮੀਨ ਤੋਂ ਨਿਕਲਣ ਵਾਲਾ 95 ਫੀਸਦ ਪਾਣੀ ਵੀ ਸੀਵਰੇਜ ਦੇ ਕਾਰਨ ਗੰਦਾ ਹੋ ਗਿਆ ਹੈ।

ਇੱਕ ਖ਼ਤਰਾ ਇਹ ਵੀ ਹੈ ਕਿ ਇੱਥੇ ਸੀਵਰੇਜ ਵਹਿ ਕੇ ਸੜਕਾਂ ਤੇ ਗਲੀਆਂ ਵਿੱਚ ਆ ਸਕਦਾ ਹੈ। ਇਸ ਨਾਲ ਗਾਜ਼ਾ ਦੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)