ਅਮਰੀਕਾ ਤੇ ਚੀਨ ਇੱਕ ਸਮਝੌਤੇ ਮਗਰੋਂ ਬਰਾਮਦਗੀ ਰੋਕਾਂ ਲਾਉਣ ਤੋਂ ਰੁਕੇ

ਚੀਨੀ ਵਰਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਚੀਨ ਅਮਰੀਕਾ ਨੂੰ ਭੇਜਦਾ ਵੱਧ ਹੈ ਅਤੇ ਮੰਗਾਉਂਦਾ ਘੱਟ।

ਚੀਨ ਅਤੇ ਅਮਰੀਕਾ ਦੇ ਇੱਕ ਵਪਾਰਕ ਸਮਝੌਤੇ ਨੇ ਸੰਭਾਵੀ ਵਪਾਰਕ ਜੰਗ ਨੂੰ ਟਾਲ ਦਿੱਤਾ ਲਗਦਾ ਹੈ।

ਇਸ ਸਮਝੌਤੇ ਅਧੀਨ ਚੀਨ ਅਮਰੀਕਾ ਤੋਂ 2000 ਬਿਲੀਅਨ ਡਾਲਰ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਖ਼ਰੀਦ ਕਰੇਗਾ। ਇਸ ਖਰੀਦ ਨਾਲ ਦੋਹਾਂ ਮੁਲਕਾਂ ਵਿੱਚ ਵਪਾਰਕ ਤਾਲਮੇਲ ਸੁਧਰੇਗਾ।

ਅਮਰੀਕਾ ਦੇ ਖ਼ਜ਼ਾਨਾ ਮੰਤਰੀ ਸਟੀਵਨ ਮਨੂਸ਼ਿਨ ਨੇ ਭਾਵੇਂ ਅੰਕੜੇ ਜਾਰੀ ਨਹੀਂ ਕੀਤੇ ਪਰ ਉਨ੍ਹਾਂ ਕਿਹਾ ਕਿ ਜੇ ਚੀਨ ਨੇ ਸਮਝੌਤਾ ਨਾ ਨਿਭਾਇਆ ਤਾਂ ਅਮਰੀਕਾ ਵੱਲੋਂ 150 ਬਿਲੀਅਨ ਡਾਲਰ ਦੀ ਪਾਬੰਦੀ ਚੀਨ 'ਤੇ ਲਾਈ ਜਾਵੇਗੀ।

ਚੀਨ ਦੇ ਵਾਈਸ ਪ੍ਰੀਮੀਅਰ ਲਿਊ ਹੀ ਨੇ ਦੱਸਿਆ ਕਿ ਇਹ ਦੋਹਾਂ ਦੇਸਾਂ ਲਈ ਲਾਭ ਵਾਲੀ ਸਥਿਤੀ ਸੀ।

ਕਿਵੇਂ ਵਪਾਰਕ ਜੰਗ ਦੇ ਆਸਾਰ ਖ਼ਤਮ ਹੋਏ?

ਵਰਤਮਾਨ ਸਮੇਂ ਅਮਰੀਕਾ ਦਾ ਚੀਨ ਨਾਲ 335 ਬਿਲੀਅਨ ਡਾਲਰ ਦਾ ਸਾਲਾਨਾ ਟਰੇਡ ਡੈਫੀਸ਼ੀਏਟ ਹੈ।

ਰਾਸ਼ਟਰਪਤੀ ਬਣਨ ਤੋਂ ਪਹਿਲਾਂ ਡੌਨਲਡ ਟਰੰਪ ਨੇ ਕਿਹਾ ਸੀ ਕਿ ਚੀਨ ਅਮਰੀਕਾ ਨਾਲ ਧੱਕਾ ਕਰ ਰਿਹਾ ਹੈ। ਇਸ ਨੂੰ ਰੋਕਣ ਦੇ ਲਈ ਟਰੰਪ ਵੱਲੋਂ ਕਰੜੇ ਕਦਮ ਚੁੱਕੇ ਜਾਣ ਦੀ ਗੱਲ ਕੀਤੀ ਗਈ ਸੀ ਪਰ ਅਜਿਹਾ ਨਹੀਂ ਹੋਇਆ।

ਅਗਸਤ ਵਿੱਚ ਟਰੰਪ ਨੇ ਦੋਹਾਂ ਦੇਸਾਂ ਵਿਚਾਲੇ ਹੁੰਦੇ ਵਪਾਰ ਵਿੱਚ ਅਮਰੀਕਾ ਨੂੰ ਪੈਂਦੇ ਘਾਟੇ ਦੀ ਸਮੀਖਿਆ ਕਰਨ ਲਈ ਕਿਹਾ। ਉਸ ਸਮੀਖਿਆ ਵਿੱਚ ਪਤਾ ਲੱਗਿਆ ਕਿ ਚੀਨ ਵੱਲੋਂ ਵਪਾਰ ਦੌਰਾਨ ਕਈ ਗਲਤ ਤਰੀਕੇ ਅਪਣਾਏ ਜਾਂਦੇ ਹਨ ਜਿਸ ਕਾਰਨ ਅਮਰੀਕੀ ਕੰਪਨੀਆਂ ਨੂੰ ਆਪਣੀ ਤਕਨੀਕ ਚੀਨ ਨੂੰ ਦੇਣੀ ਪੈਂਦੀ ਹੈ।

ਤਸਵੀਰ ਸਰੋਤ, EPA

ਇਸਦੇ ਨਾਲ ਹੀ ਕਈ ਤਰੀਕੇ ਦੇ ਹੁੰਦੇ ਸਾਈਬਰ ਅਟੈਕ ਤੋਂ ਵੀ ਅਮਰੀਕਾ ਪ੍ਰੇਸ਼ਾਨ ਸੀ। ਇਸ ਸਾਲ ਟਰੰਪ ਵੱਲੋਂ ਚੀਨ ਤੋਂ ਦਰਾਮਦ ਕੀਤੇ ਜਾਂਦੇ ਸਟੀਲ ਤੇ ਅਲਿਮੀਨੀਅਮ 'ਤੇ ਡਿਊਟੀ ਵਧਾਈ ਸੀ।

ਚੀਨ ਵੱਲੋਂ ਵੀ ਅਮਰੀਕਾ ਦੇ ਇਸ ਕਦਮ ਦੇ ਜਵਾਬ ਵਿੱਚ ਅਮਰੀਕਾ ਤੋਂ ਦਰਾਮਦ ਕੀਤੇ ਜਾਂਦੀਆਂ ਕਈ ਚੀਜ਼ਾਂ 'ਤੇ ਡਿਊਟੀ ਵਧਾਈ ਗਈ ਸੀ।

ਕੀ ਹੁਣ ਕੋਈ ਖ਼ਤਰਾ ਨਹੀਂ?

ਮਨੂਸ਼ਿਨ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਦੋਹਾਂ ਪੱਖਾਂ ਨੇ ਆਪਸੀ ਰਿਸ਼ਤੇ ਸੰਵਾਰਨ ਦੀ ਦਿਸ਼ਾ ਵਿੱਚ ਕਾਫੀ ਪੰਧ ਤੈਅ ਕੀਤਾ ਹੈ। ਇਸੇ ਦਾ ਨਤੀਜਾ ਇਹ ਸਮਝੌਤਾ ਹੈ ਜਿਸ ਤਹਿਤ ਚੀਨ ਅਮਰੀਕਾ ਦਾ ਉਸ ਨਾਲ ਵਪਾਰਕ ਘਾਟਾ ਘਟਾਉਣ ਲਈ ਵਸਤਾਂ ਦੀ ਖਰੀਦ ਕਰੇਗਾ।

ਉਨ੍ਹਾਂ ਇਹ ਵੀ ਕਿਹਾ, "ਫਿਲਹਾਲ ਅਸੀਂ ਵਪਾਰਕ ਜੰਗ ਨੂੰ ਰੋਕ ਰਹੇ ਹਾਂ। ਹੁਣ ਤਾਂ ਅਸੀਂ ਦਰਾਂ ਨੂੰ ਪਾਸੇ ਰੱਖ ਕੇ ਫਰੇਮਵਰਕ ਨੂੰ ਲਾਗੂ ਕਰਨ ਦਾ ਯਤਨ ਕਰ ਰਹੇ ਹਾਂ।''

ਮਨੂਸ਼ਿਨ ਨੇ ਕਿਹਾ ਕਿ ਦੋਹਾਂ ਦੇਸਾਂ ਦੀ ਇੱਕ ਅੰਕੜੇ ਬਾਰੇ ਸਹਿਮਤੀ ਹੋਈ ਹੈ ਜਿਸ ਦਾ ਕਿ ਉਹ ਖੁਲਾਸਾ ਨਹੀਂ ਕਰਨਾ ਚਾਹੁੰਦੇ।

ਅਮਰੀਕਾ ਦੇ ਕਾਮਰਸ ਸਕੱਤਰ ਜਲਦੀ ਹੀ ਚੀਨ ਦਾ ਦੌਰਾ ਕਰਨ ਜਾਣਗੇ, ਤਾਂ ਜੋ ਵੇਰਵੇ ਹੋਰ ਸਪਸ਼ਟ ਕੀਤੇ ਜਾ ਸਕਣ।

ਮਨੂਸ਼ਿਨ ਨੇ ਕਿਹਾ ਕਿ ਨਵੇਂ ਫਰੇਮਵਰਕ ਮੁਤਾਬਕ ਚੀਨੀ ਅਰਥਚਾਰੇ ਵਿੱਚ ਅਮਰੀਕਾ ਨੂੰ ਢੁਕਵੀਂ ਥਾਂ ਦੇਣ ਲਈ ਲੋੜੀਂਦੇ ਬਦਲਾਅ ਕੀਤੇ ਜਾਣਗੇ। ਤਾਂ ਕਿ ਅਮਰੀਕਾ ਵੀ ਚੀਨੀ ਬਾਜ਼ਾਰ ਦਾ ਲਾਭ ਲੈ ਸਕੇ।

ਚੀਨੀ ਵਾਈਸ ਪ੍ਰੀਮੀਅਰ ਨੇ ਕਿਹਾ ਕਿ ਇਸ ਵਿੱਚ ਹਾਲੇ ਸਮਾਂ ਲੱਗੇਗਾ।

ਲਿਊ ਨੇ ਕਿਹਾ ਕਿ ਉਨ੍ਹਾਂ ਦੀ ਅਮਰੀਕਾ ਫੇਰੀ ਦੇ ਉਸਾਰੂ ਨਤੀਜੇ ਨਿਕਲੇ ਹਨ।

"ਚੀਨ-ਅਮਰੀਕਾ ਦੇ ਰਿਸ਼ਤਿਆਂ ਦੇ ਸੁਧਾਰ" ਬਾਰੇ ਉਨ੍ਹਾਂ ਕਿਹਾ ਕਿ "ਦੋਹਾਂ ਦੇਸਾਂ ਨੂੰ ਭਵਿੱਖ ਵਿੱਚ ਆਪਣੇ ਮਸਲੇ ਅਮਨ ਅਤੇ ਗੱਲਬਾਤ ਨਾਲ ਸੁਲਝਾਉਣੇ ਚਾਹੀਦੇ ਹਨ।"

ਚੀਨ ਅਮਰੀਕਾ ਨੂੰ ਕੀ ਕੁਝ ਵੇਚਦਾ ਹੈ

  • ਸਾਲ 2016 ਵਿੱਚ ਅਮਰੀਕਾ ਨੇ ਚੀਨ ਤੋਂ 462 ਬਿਲੀਅਨ ਡਾਲਰ ਦੀ ਖਰੀਦ ਕੀਤੀ।
  • ਚੀਨ ਦੇ ਕੁੱਲ ਬਰਾਮਦ ਦਾ 18.2 ਫੀਸਦੀ ਅਮਰੀਕਾ ਨੂੰ ਜਾਂਦਾ ਹੈ।
  • ਅਮਰੀਕਾ ਨੇ 129 ਬਿਲੀਅਨ ਡਾਲਰ ਦੀ ਚੀਨੀ ਮਸ਼ੀਨਰੀ ਖਰੀਦੀ
  • ਸਾਲ 2006 ਤੋਂ 2016 ਦਰਮਿਆਨ ਹੋਏ ਚੀਨ ਦੇ ਸੇਵਾ ਖੇਤਰ ਦੇ ਕੁੱਲ ਵਿਕਾਸ ਦਾ 59.2 ਫੀਸਦੀ ਅਮਰੀਕਾ ਕਰਕੇ ਹੈ।
  • ਅਮਰੀਕਾ ਨੂੰ ਚੀਨ ਨਾਲ ਵਪਾਰ ਕਰਕੇ 347 ਬਿਲੀਅਨ ਡਾਲਰ ਦਾ ਘਾਟਾ ਪੈਂਦਾ ਹੈ।

(ਸਰੋਤ- ਸੀਆਈਏ ਫੈਕਟਬੁੱਕ,ਯੂਐਸਟੀਆਰ, ਸਾਰਾ ਡਾਟਾ 2016 ਲਈ ਹੈ।)

ਟਰੇਡ ਵਾਰ ਹੈ ਕੀ?

ਡਿਕਸ਼ਨਰੀ ਕਹਿੰਦੀ ਹੈ ਕਿ ਇਹ ਇੱਕ ਤਰ੍ਹਾਂ ਦੀ ਆਰਥਿਕ ਲੜਾਈ ਹੈ, ਜਿਸ 'ਚ ਇੱਕ-ਦੂਜੇ ਦੇ ਵਪਾਰ ਨੂੰ ਨੁਕਸਾਨ ਪਹੁੰਚਾਉਣ ਲਈ ਦਰਾਮਦਗੀ 'ਤੇ ਪਾਬੰਦੀ ਲਗਾਈ ਜਾਂਦੀ ਹੈ।

ਸਿਰਫ਼ ਇਹੀ ਨਹੀਂ ਕਿਸੇ ਮੁਲਕ ਤੋਂ ਹੋਣ ਵਾਲੇ ਨਿਵੇਸ਼ 'ਤੇ ਪਾਬੰਦੀ ਲਗਾਉਣਾ ਵੀ 'ਟਰੇਡ ਵਾਰ' ਹੀ ਹੈ।

ਟਰੇਡ ਵਾਰ ਜਾਂ ਵਪਾਰ ਦੀ ਲੜਾਈ ਆਪਣੇ ਹਿੱਤ ਅੱਗੇ ਰੱਖਣ ਦਾ ਨਤੀਜਾ ਹੈ।

ਸ਼ੁਰੂਆਤ 'ਚ ਪਾਬੰਦੀਆਂ ਅਮਰੀਕੀ ਕਿਸਾਨਾਂ ਨੂੰ ਬਚਾਉਣ ਦੇ ਮਕਸਦ ਨਾਲ ਲਗਾਈਆਂ ਗਈਆਂ ਸਨ, ਪਰ ਬਾਅਦ ਵਿੱਚ ਦੂਜੇ ਉਦਯੋਗਾਂ ਨੇ ਵੀ ਦਰਾਮਦਗੀ 'ਤੇ ਪਾਬੰਦੀਆਂ ਲਗਾਉਣ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)