ਸੋਸ਼ਲ: 'ਅਮਰੀਕਾ ਨੂੰ ਤਾਨਾਸ਼ਾਹ ਨਹੀਂ, ਲੋਕ ਚਲਾਉਂਦੇ ਹਨ'

ਡੌਨਲਡ ਟਰੰਪ

ਤਸਵੀਰ ਸਰੋਤ, Reuters

ਅਮਰੀਕੀ ਨਿਆਂ ਵਿਭਾਗ ਨੇ ਆਪਣੇ ਔਡੀਟਰ ਨੂੰ ਕਿਹਾ ਹੈ ਕਿ ਇਸ ਬਾਰੇ ਜਾਂਚ ਕੀਤੀ ਜਾਵੇ ਕਿ, ਕੀ FBI ਵੱਲੋਂ ਕਿਤੇ ਰਾਸ਼ਟਰਪਤੀ ਟਰੰਪ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਜਾਸੂਸੀ ਕੀਤੀ ਗਈ ਸੀ ਜਾਂ ਨਹੀਂ।

ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਰੋਡ ਰੋਜ਼ਨਟਾਈਨ ਨੇ ਕਿਹਾ ਹੈ ਕਿ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ, "ਜੇ ਕਿਸੇ ਵੱਲੋਂ ਰਾਸ਼ਟਰਪਤੀ ਚੋਣਾਂ ਦੌਰਾਨ ਗਲਤ ਤਰੀਕੇ ਨਾਲ ਜਾਸੂਸੀ ਕੀਤੀ ਗਈ ਤਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਅਤੇ ਅਸੀਂ ਉਸਦੇ ਖਿਲਾਫ਼ ਕਾਰਵਾਈ ਜ਼ਰੂਰ ਕਰਾਂਗੇ।''

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਟਵੀਟ 'ਚ ਇਹ ਲਿਖਿਆ ਸੀ ਕਿ ਉਹ ਇਸ ਗੱਲ ਦੀ ਜਾਂਚ ਦੀ ਮੰਗ ਕਰਨਗੇ ਕਿ ਕਿਤੇ ਸਿਆਸੀ ਕਾਰਨਾਂ ਕਰਕੇ 2016 ਵਿੱਚ FBI ਵੱਲੋਂ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਦੀ ਜਾਸੂਸੀ ਤਾਂ ਨਹੀਂ ਕੀਤੀ ਗਈ ਸੀ ਅਤੇ ਕੀ ਅਜਿਹੀ ਮੰਗ ਓਬਾਮਾ ਪ੍ਰਸ਼ਾਸਨ ਵਿੱਚ ਕਿਸੇ ਵੱਲੋਂ ਕੀਤੀ ਗਈ ਸੀ।''

ਟਰੰਪ ਦੇ ਇਲਜ਼ਾਮ

2016 ਦੀਆਂ ਚੋਣਾਂ ਦੌਰਾਨ ਕਥਿਤ ਰੂਸੀ ਦਖਲਅੰਦਾਜ਼ੀ ਬਾਰੇ ਪਹਿਲਾਂ ਹੀ ਜਾਂਚ ਚੱਲ ਰਹੀ ਹੈ।

ਟਰੰਪ ਦੀ ਇਸ ਮੰਗ ਤੋਂ ਪਹਿਲਾਂ ਉਨ੍ਹਾਂ ਨੇ ਐਤਵਾਰ ਨੂੰ ਕਈ ਟਵੀਟ ਕੀਤੇ ਅਤੇ ਇਲਜ਼ਾਮ ਲਗਾਏ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਅਜੇ ਤੱਕ ਰੂਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੰਢ-ਤੁਪ ਦੇ ਸਬੂਤ ਨਹੀਂ ਮਿਲੇ ਹਨ।

ਉਨ੍ਹਾਂ ਦਾ ਇਸ਼ਾਰਾ ਸਪੈਸ਼ਲ ਕਾਊਂਸਲ ਰਾਬਰਟ ਮੂਲਰ ਦੀ ਅਗਵਾਈ 'ਚ ਕੀਤੀ ਜਾ ਰਹੀ ਜਾਂਚ ਵੱਲ ਸੀ।

ਇਸ ਜਾਂਚ 'ਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰੂਸ ਨੇ 2016 ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਨਹੀਂ।

ਟਰੰਪ ਵੱਲੋਂ ਕੀਤੇ ਗਏ ਟਵੀਟ ਉੱਤੇ ਕਈ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਵੀ ਆਈਆਂ ਹਨ। ਜਿਨ੍ਹਾਂ ਵਿੱਚ ਕਈ ਲੋਕ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ ਅਤੇ ਕਈ ਉਨ੍ਹਾਂ ਖ਼ਿਲਾਫ਼ ਟਵੀਟ ਕਰ ਰਹੇ ਹਨ।

ਰਾਜ ਨੇ ਟਵਿੱਟਰ ਤੇ ਲਿਖਿਆ ਹੈ ਕਿ ਇਹ ਦੇਸ ਤਾਨਾਸ਼ਾਹ ਨਹੀਂ ਲੋਕ ਚਲਾਉਂਦੇ ਹਨ ਇਸ ਲਈ ਪਹਿਲਾਂ ਕਾਨੂੰਨ ਦੀ ਜਾਣਕਾਰੀ ਲਓ।

ਤਸਵੀਰ ਸਰੋਤ, TWITTER/RAJ

ਬਰਾਡ ਨੇ ਟਵੀਟ ਕੀਤਾ, ''ਤੁਸੀਂ ਜਾਂਚ ਦੀ ਮੰਗ ਦੀ ਥਾਂ ਆਈਸ ਕ੍ਰੀਮ ਤੇ ਕੋਲਡ ਡਰਿੰਕ ਅਤੇ ਗੋਲਫ਼ ਖੇਡ ਦੇ ਗੇੜ ਦੀ ਮੰਗ ਕਰੋ।''

ਟਵਿੱਟਰ ਯੂਜ਼ਰ ਜੈਮ ਨੇ ਟਰੰਪ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਅਸੀਂ ਤੁਹਾਡੇ ਨਾਲ ਹਾਂ, ਜਿਨ੍ਹਾਂ ਲੋਕਾਂ ਨੇ ਗ਼ਲਤ ਕੀਤਾ ਹੈ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ।''

ਕਿੰਬਰਲੀ ਲਿਖਦੇ ਹਨ, ''ਨਿਰਦੋਸ਼ ਲੋਕ ਜਾਂਚ ਦੀ ਮੰਗ ਨਹੀਂ ਕਰਦੇ।''

ਅਲੈਕਸਿਸ ਲਿਖਦੇ ਹਨ, ''ਜੋ ਕੋਈ ਵੀ ਕਾਨੂੰਨ ਤੋੜੇ, ਉਸਨੂੰ ਜੇਲ੍ਹ ਹੋਣੀ ਚਾਹੀਦੀ ਹੈ।''

ਟੇਰੇਸਾ ਨੇ ਆਪਣੇ ਟਵੀਟ ਵਿੱਚ ਲਿਖਿਆ, ''ਇਸ ਵਿਅਕਤੀ ਦੀ ਉਹੀ ਮੰਦੀ ਭਾਸ਼ਾ !! ਪਲਟਨਾ, ਤੱਥਾਂ ਨੂੰ ਲੁਕੋਣਾ, ਸੱਚ ਅਤੇ ਜਾਇਜ਼ ਮਾਮਲਿਆਂ ਤੋਂ ਧਿਆਨ ਭੰਗ ਕਰਨਾ ਅਤੇ ਹੋਰ ਨਿਰਾਸ਼ਾ !!''

ਸ਼ਾਇਨ ਨਾਂ ਦੇ ਟਵਿੱਟਰ ਯੂਜ਼ਰ ਲਿਖਦੇ ਹਨ, ''ਰਾਹ ਕਿੰਨਾ ਵੀ ਔਖਾ ਤੇ ਲੰਮਾ ਹੋਵੇ, ਜਿੱਤ ਹੋਵੇਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)